ਸ਼੍ਰੀ ਦਸਮ ਗ੍ਰੰਥ

ਅੰਗ - 102


ਘਨ ਬੂੰਦਨ ਜਿਯੋ ਬਿਸਖੰ ਬਰਖੇ ॥੧੬॥

ਅਤੇ ਬਦਲ ਦੀਆਂ ਕਣੀਆਂ ਵਾਂਗ ਤੀਰ ਚਲਾਉਣ ਲਗੇ ॥੧੬॥

ਜਨੁ ਘੋਰ ਕੈ ਸਿਆਮ ਘਟਾ ਘੁਮਡੀ ॥

ਜਿਵੇਂ ਘਨਘੋਰ ਕਾਲੀਆਂ ਘਟਨਾਵਾਂ ਚੜ੍ਹਦੀਆਂ ਹੋਣ

ਅਸੁਰੇਸ ਅਨੀਕਨਿ ਤ੍ਰਯੋ ਉਮਿਡੀ ॥

ਤਿਵੇਂ ਰਾਖਸ਼ਾਂ ਦੀਆਂ ਸੈਨਾਵਾਂ ('ਅਨੀਕਨਿ') ਉਮਡ ਪਈਆਂ।

ਜਗ ਮਾਤ ਬਿਰੂਥਨਿ ਮੋ ਧਸਿ ਕੈ ॥

ਦੇਵੀ ਨੇ ਵੈਰੀਆ ਦੀਆਂ ਫ਼ੌਜਾਂ ('ਬਿਰੂਥਨਿ') ਵਿਚ ਧਸ ਕੇ

ਧਨੁ ਸਾਇਕ ਹਾਥ ਗਹਿਯੋ ਹਸਿ ਕੈ ॥੧੭॥

ਅਤੇ ਹਸ ਕੇ ਹੱਥ ਵਿਚ ਧਨੁਸ਼-ਬਾਣ ਫੜ ਲਿਆ ॥੧੭॥

ਰਣ ਕੁੰਜਰ ਪੁੰਜ ਗਿਰਾਇ ਦੀਏ ॥

ਰਣ-ਭੂਮੀ ਵਿਚ (ਦੇਵੀ ਨੇ) ਹਾਥੀਆਂ ਦੇ ਝੁੰਡ ('ਪੁੰਜ') ਡਿਗਾ ਦਿੱਤੇ

ਇਕ ਖੰਡ ਅਖੰਡ ਦੁਖੰਡ ਕੀਏ ॥

ਅਤੇ ਨਾ ਖੰਡੇ ਜਾ ਸਕਣ ਵਾਲਿਆਂ ਨੂੰ ਦੋ-ਖੰਡ ਕਰ ਦਿੱਤਾ।

ਸਿਰ ਏਕਨਿ ਚੋਟ ਨਿਫੋਟ ਬਹੀ ॥

ਇਕਨਾਂ ਦੇ ਸਿਰਾਂ ਉਤੇ (ਅਜਿਹੀ) ਪ੍ਰਤੱਖ ਸਟ ਵਜੀ

ਤਰਵਾਰ ਹੁਐ ਤਰਵਾਰ ਰਹੀ ॥੧੮॥

ਕਿ ਤਲਵਾਰ (ਲਹੂ ਨਾਲ) ਪੂਰੀ ਤਰ੍ਹਾਂ ਗੜੁਚ ਹੋ ਗਈ ॥੧੮॥

ਤਨ ਝਝਰ ਹੁਐ ਰਣ ਭੂਮਿ ਗਿਰੇ ॥

(ਕਈਆਂ ਦੇ) ਸ਼ਰੀਰ ਛਾਨਣੀ ਵਾਂਗ ਛੇਕ ਛੇਕ ਹੋ ਕੇ ਰਣ-ਭੂਮੀ ਵਿਚ ਡਿਗ ਪਏ।

ਇਕ ਭਾਜ ਚਲੇ ਫਿਰ ਕੈ ਨ ਫਿਰੇ ॥

ਕਈ (ਯੋਧੇ ਰਣ-ਭੂਮੀ ਵਿਚੋਂ) ਭਜ ਨਿਕਲੇ ਅਤੇ ਮੋੜਨ ਤੇ ਵੀ ਨਾ ਮੁੜੇ।

ਇਕਿ ਹਾਥ ਹਥਿਆਰ ਲੈ ਆਨਿ ਬਹੇ ॥

ਕਈ ਹੱਥਾਂ ਵਿਚ ਸ਼ਸਤ੍ਰ ਲੈ ਕੇ (ਯੁੱਧ-ਭੂਮੀ ਵਿਚ) ਆ ਵੜੇ

ਲਰਿ ਕੈ ਮਰਿ ਕੈ ਗਿਰਿ ਖੇਤਿ ਰਹੇ ॥੧੯॥

ਅਤੇ ਲੜਦੇ ਹੋਏ ਮਰ ਕੇ ਯੁੱਧਖੇਤਰ ਵਿਚ ਡਿਗ ਪਏ ॥੧੯॥

ਨਰਾਜ ਛੰਦ ॥

ਨਰਾਜ ਛੰਦ:

ਤਹਾ ਸੁ ਦੈਤ ਰਾਜਯੰ ॥

ਤਦੋਂ ਦੈਂਤ ਰਾਜੇ ਨੇ (ਯੁੱਧ ਦਾ)

ਸਜੇ ਸੋ ਸਰਬ ਸਾਜਯੰ ॥

ਸਾਰਾ ਸਾਜ ਸਜਾਇਆ

ਤੁਰੰਗ ਆਪ ਬਾਹੀਯੰ ॥

ਅਤੇ ਘੋੜੇ ਨੂੰ ਆਪ ਅਗੇ ਵਧਾਉਂਦੇ ਹੋਏ

ਬਧੰ ਸੁ ਮਾਤ ਚਾਹੀਯੰ ॥੨੦॥

ਦੇਵੀ (ਦੇ ਸਾਹਮਿਣੇ ਪਹੁੰਚ ਕੇ) ਉਸ ਨੂੰ ਮਾਰਨਾ ਚਾਹਿਆ ॥੨੦॥

ਤਬੈ ਦ੍ਰੁਗਾ ਬਕਾਰਿ ਕੈ ॥

ਤਦੋਂ ਦੁਰਗਾ ਨੇ ਲਲਕਾਰਾ ਮਾਰ ਕੇ

ਕਮਾਣ ਬਾਣ ਧਾਰਿ ਕੈ ॥

ਧਨੁਸ਼-ਬਾਣ (ਹੱਥ ਵਿਚ) ਲੈ ਲਿਆ

ਸੁ ਘਾਵ ਚਾਮਰੰ ਕੀਯੋ ॥

ਅਤੇ ਚਾਮਰ (ਨਾਂ ਦੇ ਸੈਨਾਪਤੀ ਨੂੰ) ਘਾਇਲ ਕਰ ਦਿੱਤਾ

ਉਤਾਰ ਹਸਤਿ ਤੇ ਦੀਯੋ ॥੨੧॥

ਤੇ ਹਾਥੀ ਤੋਂ ਹੇਠਾਂ ਸੁਟ ਦਿੱਤਾ ॥੨੧॥

ਭੁਜੰਗ ਪ੍ਰਯਾਤ ਛੰਦ ॥

ਭੁਜੰਗ ਪ੍ਰਯਾਤ ਛੰਦ:

ਤਬੈ ਬੀਰ ਕੋਪੰ ਬਿੜਾਲਾਛ ਨਾਮੰ ॥

ਤਦੋਂ ਬਿੜਾਲਾਛ ਨਾਂ ਵਾਲਾ ਸੂਰਵੀਰ ਕ੍ਰੋਧਿਤ ਹੋਇਆ

ਸਜੇ ਸਸਤ੍ਰ ਦੇਹੰ ਚਲੋ ਜੁਧ ਧਾਮੰ ॥

ਅਤੇ ਸ਼ਰੀਰ ਉਤੇ ਸ਼ਸਤ੍ਰ ਸਜਾ ਕੇ ਯੁੱਧ-ਭੂਮੀ ਨੂੰ ਚਲ ਪਿਆ।

ਸਿਰੰ ਸਿੰਘ ਕੇ ਆਨਿ ਘਾਯੰ ਪ੍ਰਹਾਰੰ ॥

(ਦੈਂਤ ਨੇ) ਸ਼ੇਰ ਦੇ ਸਿਰ ਉਤੇ ਸਟ ਮਾਰ ਕੇ (ਉਸ ਨੂੰ) ਘਾਇਲ ਕਰ ਦਿੱਤਾ,

ਬਲੀ ਸਿੰਘ ਸੋ ਹਾਥ ਸੋ ਮਾਰਿ ਡਾਰੰ ॥੨੨॥

ਪਰ ਬਲਵਾਨ ਸ਼ੇਰ ਨੇ ਉਸ ਨੂੰ ਪੰਜੇ (ਹੱਥ) ਨਾਲ ਹੀ ਮਾਰ ਦਿੱਤਾ ॥੨੨॥

ਬਿੜਾਲਾਛ ਮਾਰੇ ਸੁ ਪਿੰਗਾਛ ਧਾਏ ॥

ਬਿੜਾਲਾਛ ਦੇ ਮਾਰੇ ਜਾਣ ਤੇ ਪਿੰਗਾਛ (ਨਾਂ ਦਾ ਦੈਂਤ) ਭਜ ਕੇ ਆਇਆ।

ਦ੍ਰੁਗਾ ਸਾਮੁਹੇ ਬੋਲ ਬਾਕੇ ਸੁਨਾਏ ॥

(ਉਸ ਨੇ) ਦੁਰਗਾ ਦੇ ਸਾਹਮਣੇ ਪਹੁੰਚ ਕੇ ਵਿਅੰਗ ਭਰੇ ਬੋਲ ਸੁਣਾਏ

ਕਰੀ ਅਭ੍ਰਿ ਜ੍ਯੋ ਗਰਜ ਕੈ ਬਾਣ ਬਰਖੰ ॥

ਅਤੇ ਬਦਲ (ਅਭ੍ਰ) ਵਾਂਗ ਗਰਜ ਕੇ ਬਾਣਾਂ ਦੀ ਬਰਖਾ ਕੀਤੀ।

ਮਹਾ ਸੂਰ ਬੀਰੰ ਭਰੇ ਜੁਧ ਹਰਖੰ ॥੨੩॥

(ਉਹ) ਮਹਾਨ ਸੂਰਬੀਰ ਯੁੱਧ ਵਿਚ ਆਨੰਦਿਤ ਹੋ ਗਿਆ ॥੨੩॥

ਤਬੈ ਦੇਵੀਅੰ ਪਾਣਿ ਬਾਣੰ ਸੰਭਾਰੰ ॥

ਤਦੋਂ ਦੇਵੀ ਨੇ ਹੱਥ ਵਿਚ ਬਾਣ ਸੰਭਾਲ ਲਏ

ਹਨਿਯੋ ਦੁਸਟ ਕੇ ਘਾਇ ਸੀਸੰ ਮਝਾਰੰ ॥

ਅਤੇ ਦੁਸ਼ਟ ਦੇ ਸਿਰ ਵਿਚ ਮਾਰ ਕੇ ਘਾਇਲ ਕਰ ਦਿੱਤਾ।

ਗਿਰਿਯੋ ਝੂਮਿ ਭੂਮੰ ਗਏ ਪ੍ਰਾਣ ਛੁਟੰ ॥

ਉਹ ਭੁਆਟਣੀ ਖਾ ਕੇ ਧਰਤੀ ਉਤੇ ਡਿਗ ਪਿਆ ਅਤੇ (ਉਸ ਦੇ) ਪ੍ਰਾਣ ਨਿਕਲ ਗਏ।

ਮਨੋ ਮੇਰ ਕੋ ਸਾਤਵੌ ਸ੍ਰਿੰਗ ਟੁਟੰ ॥੨੪॥

(ਇੰਜ ਪ੍ਰਤੀਤ ਹੋ ਰਿਹਾ ਸੀ) ਮਾਨੋ ਸੁਮੇਰ ਪਰਬਤ ਦੀ ਸੱਤਵੀਂ ਚੋਟੀ ਟੁਟ ਗਈ ਹੋਵੇ ॥੨੪॥

ਗਿਰੈ ਬੀਰ ਪਿੰਗਾਛ ਦੇਬੀ ਸੰਘਾਰੇ ॥

(ਜਦੋਂ) ਦੇਵੀ ਦੇ ਮਾਰੇ ਪਿੰਗਾਛ (ਜਿਹੇ) ਯੋਧੇ ਡਿਗੇ,

ਚਲੇ ਅਉਰੁ ਬੀਰੰ ਹਥਿਆਰੰ ਉਘਾਰੇ ॥

ਤਦੋਂ ਹੋਰ ਯੋਧੇ ਸ਼ਸਤ੍ਰ ਉਲ੍ਹਾਰ ਕੇ (ਯੁੱਧ-ਭੂਮੀ ਵਲ) ਚਲ ਪਏ।

ਤਬੈ ਰੋਸਿ ਦੇਬਿਯੰ ਸਰੋਘੰ ਚਲਾਏ ॥

ਤਦੋਂ ਦੇਵੀ ਨੇ ਕ੍ਰੋਧਵਾਨ ਹੋ ਕੇ ਬਹੁਤ ਸਾਰੇ ਤੀਰ (ਸਰ-ਓਘ) ਚਲਾਏ (ਅਤੇ ਸੂਰਬੀਰਾਂ ਨੂੰ)

ਬਿਨਾ ਪ੍ਰਾਨ ਕੇ ਜੁਧ ਮਧੰ ਗਿਰਾਏ ॥੨੫॥

ਪ੍ਰਾਣਾਂ ਤੋਂ ਸਖਣਾ ਕਰ ਕੇ ਯੁੱਧ-ਭੂਮੀ ਵਿਚ ਡਿਗਾ ਦਿੱਤਾ ॥੨੫॥

ਚੌਪਈ ॥

ਚੌਪਈ:

ਜੇ ਜੇ ਸਤ੍ਰੁ ਸਾਮੁਹੇ ਆਏ ॥

ਜਿਹੜੇ ਜਿਹੜੇ ਵੈਰੀ (ਦੈਂਤ) ਸਾਹਮਣੇ ਆਏ,

ਸਬੈ ਦੇਵਤਾ ਮਾਰਿ ਗਿਰਾਏ ॥

(ਉਨ੍ਹਾਂ) ਸਾਰਿਆਂ ਨੂੰ ਦੇਵੀ ਨੇ ਮਾਰ ਸੁਟਿਆ।

ਸੈਨਾ ਸਕਲ ਜਬੈ ਹਨਿ ਡਾਰੀ ॥

ਜਦੋਂ ਸਾਰੀ (ਵੈਰੀ) ਸੈਨਾ ਮਾਰ ਦਿੱਤੀ ਗਈ,

ਆਸੁਰੇਸ ਕੋਪਾ ਅਹੰਕਾਰੀ ॥੨੬॥

(ਤਦੋਂ) ਹੰਕਾਰੀ ਦੈਂਤ-ਰਾਜ ('ਆਸੁਰੇਸ') ਕ੍ਰੋਧਿਤ ਹੋ ਗਿਆ ॥੨੬॥

ਆਪ ਜੁਧ ਤਬ ਕੀਆ ਭਵਾਨੀ ॥

ਤਦ ਭਵਾਨੀ ਨੇ ਆਪ ਯੁੱਧ ਕੀਤਾ

ਚੁਨਿ ਚੁਨਿ ਹਨੈ ਪਖਰੀਆ ਬਾਨੀ ॥

ਅਤੇ ਚੁਣ ਚੁਣ ਕੇ ਕਵਚ-ਧਾਰੀਆਂ ('ਪਖਰੀਆ') ਨੂੰ ਬਾਣਾਂ ਨਾਲ ਮਾਰ ਦਿੱਤਾ।

ਕ੍ਰੋਧ ਜੁਆਲ ਮਸਤਕ ਤੇ ਬਿਗਸੀ ॥

(ਦੇਵੀ ਦੇ) ਮਸਤਕ ਤੋਂ ਕ੍ਰੋਧ ਦੀ ਅਗਨੀ ਪ੍ਰਗਟ ਹੋਈ,

ਤਾ ਤੇ ਆਪ ਕਾਲਿਕਾ ਨਿਕਸੀ ॥੨੭॥

ਜਿਸ ਵਿਚੋਂ ਆਪ ਕਾਲਕਾ ਦੇਵੀ ਨਿਕਲੀ ॥੨੭॥


Flag Counter