ਸ਼੍ਰੀ ਦਸਮ ਗ੍ਰੰਥ

ਅੰਗ - 722


ਸਭ ਜਲ ਜੀਵਨਿ ਨਾਮ ਲੈ ਆਸ੍ਰੈ ਬਹੁਰਿ ਬਖਾਨ ॥

ਸਾਰੇ ਜਲ-ਜੀਵਾਂ ਦੇ ਨਾਮ ਲੈ ਕੇ ਫਿਰ 'ਆਸ੍ਰੈ' (ਓਟ) ਪਦ ਕਹੋ।

ਸੁਤ ਧਰ ਬਹੁਰਿ ਬਖਾਨੀਐ ਨਾਮ ਬਾਨ ਸਭ ਜਾਨ ॥੯੯॥

ਫਿਰ 'ਸੁਤ' ਅਤੇ 'ਧਰ' ਦਾ ਕਥਨ ਕਰੀਏ (ਤਾਂ) ਸਭ ਬਾਣ ਦੇ ਨਾਮ ਸਮਝ ਲਵੋ ॥੯੯॥

ਧਰੀ ਨਗਨ ਕੇ ਨਾਮ ਕਹਿ ਧਰ ਸੁਤ ਪੁਨਿ ਪਦ ਦੇਹੁ ॥

'ਧਰੀ' (ਧਾਰਾਂ ਵਾਲਾ ਪਰਬਤ) ਅਤੇ 'ਨਗ' ਨਾਮ ਕਹਿ ਕੇ 'ਧਰ' ਅਤੇ 'ਸੁਤ' ਪਦ ਕਹਿ ਦਿਓ।

ਪੁਨਿ ਧਰ ਸਬਦ ਬਖਾਨੀਐ ਨਾਮ ਬਾਨ ਲਖਿ ਲੇਹੁ ॥੧੦੦॥

ਫਿਰ 'ਧਰ' ਪਦ ਆਖੋ। (ਇਨ੍ਹਾਂ ਸਾਰਿਆਂ ਨੂੰ) ਬਾਣ ਦਾ ਨਾਮ ਜਾਣ ਲਵੋ ॥੧੦੦॥

ਬਾਸਵ ਕਹਿ ਅਰਿ ਉਚਰੀਐ ਧਰ ਸੁਤ ਧਰ ਪੁਨਿ ਭਾਖੁ ॥

'ਬਾਸਵ' (ਇੰਦਰ) ਦਾ ਵੈਰੀ ਕਹਿ ਕੇ ਫਿਰ 'ਧਰ ਸੁਤ ਧਰ' ਦਾ ਕਥਨ ਕਰੋ

ਨਾਮ ਸਕਲ ਸ੍ਰੀ ਬਾਨ ਕੇ ਜਾਨ ਜੀਅ ਮੈ ਰਾਖੁ ॥੧੦੧॥

(ਤਾਂ ਇਹ ਸਾਰੇ) ਬਾਣ ਦੇ ਨਾਮ ਹੋ ਜਾਣਗੇ। ਇਹ ਗੱਲ ਦਿਲ ਵਿਚ ਸਮਝ ਲਵੋ ॥੧੦੧॥

ਪੁਹਪ ਧਨੁਖ ਕੇ ਨਾਮ ਕਹਿ ਆਯੁਧ ਬਹੁਰਿ ਉਚਾਰ ॥

'ਪੁਹਪ ਧਨੁਖ' (ਫੁਲਾਂ ਦੀ ਧਨੁਸ਼ ਵਾਲਾ ਕਾਮਦੇਵ) ਦੇ ਨਾਮ ਕਹਿ ਕੇ ਫਿਰ 'ਆਯੁਧ' (ਸ਼ਸਤ੍ਰ) ਪਦ ਦਾ ਉਚਾਰਨ ਕਰੋ।

ਨਾਮ ਸਕਲ ਸ੍ਰੀ ਬਾਨ ਕੇ ਨਿਕਸਤ ਚਲੈ ਅਪਾਰ ॥੧੦੨॥

(ਇਸ ਤਰ੍ਹਾਂ) ਬਾਣ ਦੇ ਬਹੁਤ ਸਾਰੇ ਨਾਮ ਬਣਦੇ ਜਾਣਗੇ ॥੧੦੨॥

ਸਕਲ ਮੀਨ ਕੇ ਨਾਮ ਕਹਿ ਕੇਤੁਵਾਯੁਧ ਕਹਿ ਅੰਤ ॥

'ਮੀਨ' (ਮੱਛੀ) ਦੇ ਸਾਰੇ ਨਾਮ ਕਹਿ ਕੇ (ਫਿਰ) ਅੰਤ ਵਿਚ 'ਕੇਤੁਵਾਯੁਧ' ਪਦ ਕਹਿਣ ਨਾਲ,

ਨਾਮ ਸਕਲ ਸ੍ਰੀ ਬਾਨ ਕੇ ਨਿਕਸਤ ਜਾਹਿ ਅਨੰਤ ॥੧੦੩॥

ਬਾਣ ਦੇ ਅਨੰਤ ਨਾਮ ਬਣ ਜਾਣਗੇ ॥੧੦੩॥

ਪੁਹਪ ਆਦਿ ਕਹਿ ਧਨੁਖ ਕਹਿ ਧਰ ਆਯੁਧਹਿ ਬਖਾਨ ॥

ਪਹਿਲਾਂ 'ਪੁਹਪ' (ਫੁਲ) ਫਿਰ 'ਧਨੁਖ' ਕਹਿ ਕੇ ਮਗਰੋਂ 'ਧਰ' ਅਤੇ 'ਆਯੁਧ' (ਸ਼ਸਤ੍ਰ) ਸ਼ਬਦ ਕਥਨ ਕਰੋ।

ਨਾਮ ਸਕਲ ਸ੍ਰੀ ਬਾਨ ਕੇ ਨਿਕਸਤ ਜਾਤ ਅਪ੍ਰਮਾਨ ॥੧੦੪॥

(ਇਹ) ਸਾਰੇ ਬਾਣ ਦੇ ਨਾਮ ਬਣਦੇ ਜਾਣਗੇ ॥੧੦੪॥

ਆਦਿ ਭ੍ਰਮਰ ਕਹਿ ਪਨਚ ਕਹਿ ਧਰ ਧਰ ਸਬਦ ਬਖਾਨ ॥

ਪਹਿਲਾਂ 'ਭ੍ਰਮਰ' (ਭੌਰਾ) ਫਿਰ 'ਪਨਚ' (ਚਿਲਾ) ਕਹਿ ਕੇ, ਮਗਰੋਂ ਦੋ ਵਾਰ 'ਧਰ' ਪਦ ਦਾ ਬਖਾਨ ਕਰੋ।

ਨਾਮ ਸਕਲ ਸ੍ਰੀ ਬਾਨ ਕੇ ਜਾਨਹੁ ਗੁਨਨ ਨਿਧਾਨ ॥੧੦੫॥

(ਇਹ) ਸਾਰੇ ਨਾਮ ਬਾਣ ਦੇ ਹਨ, ਗੁਣਵਾਨ ਪੁਰਸ਼ੋ ਜਾਣ ਲਵੋ ॥੧੦੫॥

ਸਭ ਭਲਕਨ ਕੇ ਨਾਮ ਕਹਿ ਆਦਿ ਅੰਤਿ ਧਰ ਦੇਹੁ ॥

ਪਹਿਲਾਂ 'ਭਲਕ' (ਤੀਰ ਦੀ ਮੁਖੀ) ਦੇ ਸਾਰੇ ਨਾਮ ਕਹਿ ਕੇ (ਫਿਰ) ਅੰਤ ਉਤੇ 'ਧਰ' (ਪਦ) ਰਖ ਦਿਓ।

ਨਾਮ ਸਕਲ ਸ੍ਰੀ ਬਾਨ ਕੇ ਚੀਨ ਚਤੁਰ ਚਿਤ ਲੇਹੁ ॥੧੦੬॥

(ਇਸ ਤਰ੍ਹਾਂ ਇਹ) ਸਾਰੇ ਬਾਣ ਦੇ ਨਾਮ (ਬਣ ਜਾਂਦੇ ਹਨ)। ਹੇ ਚਤੁਰ ਵਿਅਕਤੀਓ! (ਇਹ ਤੱਥ) ਹਿਰਦੇ ਵਿਚ ਜਾਣ ਲਵੋ ॥੧੦੬॥

ਸੋਰਠਾ ॥

ਸੋਰਠਾ:

ਜਿਹ ਧਰ ਪ੍ਰਿਥਮ ਬਖਾਨ ਤਿਹ ਸੁਤ ਬਹੁਰਿ ਬਖਾਨੀਐ ॥

ਪਹਿਲਾਂ 'ਜਿਹ ਧਰ' (ਚਿਲੇ ਨੂੰ ਧਾਰਨ ਕਰਨ ਵਾਲਾ ਧਨੁਸ਼) ਪਦ ਕਹੋ, ਫਿਰ ਉਸ ਦਾ 'ਸੁਤ' ਸ਼ਬਦ ਕਥਨ ਕਰੋ।

ਸਰ ਕੇ ਨਾਮ ਅਪਾਰ ਚਤੁਰ ਚਿਤ ਮੈ ਜਾਨੀਐ ॥੧੦੭॥

(ਇਹ) ਸਾਰੇ ਅਪਾਰ ਨਾਮ ਬਾਣ ਦੇ ਹਨ। ਹੇ ਚਤੁਰੋ! ਮਨ ਵਿਚ ਜਾਣ ਲਵੋ ॥੧੦੭॥

ਦੋਹਰਾ ॥

ਦੋਹਰਾ:

ਬਿਸ ਕੇ ਨਾਮ ਉਚਰਿ ਕੈ ਬਿਖ ਪਦ ਬਹੁਰਿ ਬਖਾਨ ॥

'ਬਿਸ' (ਵਿਸ਼, ਜ਼ਹਿਰ) ਦੇ (ਸਾਰੇ) ਨਾਮ ਉਚਾਰ ਕੇ, ਮਗਰੋਂ 'ਖ' ਅੱਖਰ ਕਥਨ ਕਰੋ।

ਨਾਮ ਸਕਲ ਹੀ ਬਾਣ ਕੇ ਲੀਜੋ ਚਤੁਰ ਪਛਾਨ ॥੧੦੮॥

(ਇਹ) ਸਾਰੇ ਨਾਮ ਬਾਣ ਦੇ ਹਨ। ਵਿਦਵਾਨੋ! ਵਿਚਾਰ ਲਵੋ ॥੧੦੮॥

ਬਾ ਪਦ ਪ੍ਰਿਥਮ ਬਖਾਨਿ ਕੈ ਪੁਨਿ ਨਕਾਰ ਪਦ ਦੇਹੁ ॥

ਪਹਿਲਾਂ 'ਬ' ਪਦ ਉਚਾਰੋ, ਫਿਰ 'ਨ' ਪਦ ਜੋੜ ਦਿਓ।

ਨਾਮ ਸਕਲ ਸ੍ਰੀ ਬਾਨ ਕੇ ਜਾਨ ਚਤੁਰ ਚਿਤਿ ਲੇਹੁ ॥੧੦੯॥

(ਇਹ) ਸਾਰੇ ਬਾਣ ਦੇ ਨਾਮ ਹਨ। ਚਤੁਰੋ! ਚਿਤ ਵਿਚ ਜਾਣ ਲਵੋ ॥੧੦੯॥

ਕਾਨੀ ਨਾਮ ਬਖਾਨਿ ਕੈ ਧਰ ਪਦ ਬਹੁਰਿ ਬਖਾਨ ॥

(ਪਹਿਲਾਂ) 'ਕਾਨੀ' ਨਾਮ ਕਥਨ ਕਰੋ, ਫਿਰ 'ਧਰ' ਪਦ ਦਾ ਬਖਾਨ ਕਰ ਦਿਓ।

ਹਿਰਦੈ ਸਮਝੋ ਚਤੁਰ ਤੁਮ ਸਕਲ ਨਾਮ ਏ ਬਾਨ ॥੧੧੦॥

ਹੇ ਚਤੁਰ (ਵਿਅਕਤੀਓ!) (ਇਸ ਨੂੰ) ਬਾਣ ਦਾ ਨਾਮ ਹਿਰਦੇ ਵਿਚ ਸਮਝ ਲਵੋ ॥੧੧੦॥

ਫੋਕ ਸਬਦ ਪ੍ਰਿਥਮੈ ਉਚਰਿ ਧਰ ਪਦ ਬਹੁਰੌ ਦੇਹੁ ॥

ਪਹਿਲਾਂ 'ਫੋਕ' ਸ਼ਬਦ ਦਾ ਉਚਾਰ ਕਰੋ, ਫਿਰ 'ਧਰ' ਪਦ ਜੋੜ ਦਿਓ।

ਨਾਮ ਸਕਲ ਸ੍ਰੀ ਬਾਨ ਕੇ ਚਤੁਰ ਹ੍ਰਿਦੈ ਲਖਿ ਲੇਹੁ ॥੧੧੧॥

(ਇਹ) ਸਾਰੇ ਬਾਣ ਦੇ ਨਾਮ ਹਨ। ਸਮਝਦਾਰ (ਵਿਅਕਤੀਓ!) ਹਿਰਦੇ ਵਿਚ ਧਾਰਨ ਕਰ ਲਵੋ ॥੧੧੧॥

ਪਸੁਪਤਿ ਪ੍ਰਥਮ ਬਖਾਨਿ ਕੈ ਅਸ੍ਰ ਸਬਦ ਪੁਨਿ ਦੇਹੁ ॥

ਪਹਿਲਾਂ 'ਪਸੁਪਤਿ' (ਸ਼ਿਵ ਜੀ) (ਸ਼ਬਦ) ਦਾ ਬਖਾਨ ਕਰ ਕੇ, ਫਿਰ 'ਅਸ੍ਰ' (ਵਗਾਇਆ ਹੋਇਆ) ਸ਼ਬਦ ਜੋੜ ਦਿਓ।

ਨਾਮ ਸਕਲ ਸ੍ਰੀ ਬਾਨ ਕੇ ਚਿਤਿ ਚਤੁਰ ਲਖਿ ਲੇਹੁ ॥੧੧੨॥

(ਇਹ) ਨਾਮ ਬਾਣ ਦਾ ਹੈ। ਵਿਦਵਾਨੋ! ਮਨ ਵਿਚ ਸਮਝ ਲਵੋ ॥੧੧੨॥

ਸਹਸ ਨਾਮ ਸਿਵ ਕੇ ਉਚਰਿ ਅਸ੍ਰ ਸਬਦ ਪੁਨਿ ਦੇਹੁ ॥

ਸ਼ਿਵ ਦੇ ਹਜ਼ਾਰਾਂ ਨਾਂਵਾਂ, ਨੂੰ ਉਚਾਰ ਕੇ ਫਿਰ 'ਅਸ੍ਰ' ਸ਼ਬਦ ਜੋੜ ਦਿਓ।

ਨਾਮ ਸਕਲ ਸ੍ਰੀ ਬਾਨ ਕੇ ਚਤੁਰ ਚੀਨ ਚਿਤਿ ਲੇਹੁ ॥੧੧੩॥

(ਇਹ) ਸਾਰੇ ਨਾਮ ਬਾਣ ਦੇ ਹਨ। ਚਤੁਰੋ! ਮਨ ਵਿਚ ਵਿਚਾਰ ਲਵੋ ॥੧੧੩॥

ਪ੍ਰਿਥਮ ਕਰਨ ਕੇ ਨਾਮ ਕਹਿ ਪੁਨਿ ਅਰਿ ਸਬਦ ਬਖਾਨ ॥

ਪਹਿਲਾਂ 'ਕਰਨ' (ਸੂਰਜ ਦੁਆਰਾ ਕੁੰਤੀ ਦੀ ਕੁੱਖੋਂ ਪੈਦਾ ਹੋਇਆ ਮਹਾਭਾਰਤ ਦਾ ਪ੍ਰਸਿੱਧ ਸੂਰਮਾ) ਦੇ ਨਾਮ ਕਹਿ ਕੇ, ਫਿਰ 'ਅਰਿ' (ਵੈਰੀ) ਸ਼ਬਦ ਕਥਨ ਕਰੋ।

ਨਾਮ ਸਕਲ ਸ੍ਰੀ ਬਾਨ ਕੇ ਲੀਜੋ ਚਤੁਰ ਪਛਾਨ ॥੧੧੪॥

(ਇਹ) ਸਾਰੇ ਨਾਮ ਬਾਣ ਦੇ ਹਨ। ਸਿਆਣਿਓ! ਵਿਚਾਰ ਲਵੋ ॥੧੧੪॥

ਭਾਨਜਾਤ ਕਰਨਾਤ ਕਰਿ ਐਸੀ ਭਾਤਿ ਬਖਾਨ ॥

(ਪਹਿਲਾਂ) 'ਭਾਨਜਾਂਤ' (ਸੂਰਜ ਦੇ ਪੁੱਤਰ ਦਾ ਅੰਤ) 'ਕਰਨਾਂਤ' (ਕਰਨ ਦਾ ਅੰਤ) (ਪਦ ਕਹੋ ਅਤੇ ਫਿਰ) 'ਕਰਿ' (ਸ਼ਬਦ) ਇਸ ਢੰਗ ਨਾਲ ਕਥਨ ਕਰੋ।

ਨਾਮ ਸਕਲ ਸ੍ਰੀ ਬਾਨ ਕੇ ਚਤੁਰ ਲੀਜੀਅਹ ਜਾਨ ॥੧੧੫॥

(ਇਸ ਤਰ੍ਹਾਂ) ਸਾਰੇ ਨਾਮ ਬਾਣ ਦੇ ਬਣ ਜਾਣਗੇ। ਚਤੁਰੋ! ਮਨ ਵਿਚ ਇਹ ਗੱਲ ਜਾਣ ਲਵੋ ॥੧੧੫॥

ਸਭ ਅਰਜੁਨ ਕੇ ਨਾਮ ਕਹਿ ਆਯੁਧ ਸਬਦ ਬਖਾਨ ॥

ਅਰਜਨ ਦੇ ਸਾਰੇ ਨਾਮ ਕਹਿ ਕੇ ਫਿਰ 'ਆਯੁਧ' (ਸ਼ਸਤ੍ਰ) ਸ਼ਬਦ ਕਹਿ ਦਿਓ।

ਨਾਮ ਸਕਲ ਸ੍ਰੀ ਬਾਨ ਕੇ ਲੀਜਹੁ ਚਤੁਰ ਪਛਾਨ ॥੧੧੬॥

(ਇਹ) ਸਾਰੇ ਨਾਮ ਬਾਣ ਦੇ ਹੋ ਜਾਣਗੇ। (ਸਾਰੇ) ਚਤੁਰ (ਵਿਅਕਤੀਓ!) ਪਛਾਣ ਲਵੋ ॥੧੧੬॥

ਜਿਸਨ ਧਨੰਜੈ ਕ੍ਰਿਸਨ ਭਨਿ ਸ੍ਵੇਤਵਾਹ ਲੈ ਨਾਇ ॥

'ਜਿਸਨ' (ਅਰਜਨ) 'ਧਨਜੈ' (ਅਰਜਨ) 'ਕ੍ਰਿਸ਼ਨ' (ਅਰਜਨ) ਅਤੇ 'ਸ੍ਵੇਤਵਾਹ' (ਅਰਜਨ) ਨਾਮ ਲੈ ਕੇ

ਆਯੁਧ ਬਹੁਰਿ ਬਖਾਨੀਅਹੁ ਸਬੈ ਬਾਨ ਹੁਇ ਜਾਇ ॥੧੧੭॥

ਫਿਰ 'ਆਯੁਧ' (ਸ਼ਸਤ੍ਰ) ਕਥਨ ਕਰਨ ਨਾਲ ਸਾਰੇ ਬਾਣ ਦੇ ਨਾਮ ਹੋ ਜਾਣਗੇ ॥੧੧੭॥

ਅਰਜੁਨ ਪਾਰਥ ਕੇਸਗੁੜ ਸਾਚੀ ਸਬਯ ਬਖਾਨ ॥

ਅਰਜਨ, ਪਾਰਥ, ਕੇਸਗੁੜ (ਗੁੜਾਕੇਸ-ਨੀਂਦਰ ਨੂੰ ਜਿਤਣ ਵਾਲਾ) 'ਸਾਚੀ ਸਬਯ' (ਸਬਯ ਸਾਚੀ, ਖੱਬੇ ਹੱਥ ਨਾਲ ਬਾਣ ਚਲਾਉਣ ਵਾਲਾ, ਅਰਜਨ) ਕਹਿ ਕੇ

ਆਯੁਧ ਬਹੁਰਿ ਬਖਾਨੀਐ ਨਾਮ ਬਾਨ ਕੇ ਜਾਨ ॥੧੧੮॥

ਫਿਰ 'ਆਯੁਧ' (ਸ਼ਸਤ੍ਰ) ਸ਼ਬਦ ਕਹਿ ਦਿਓ। (ਇਨ੍ਹਾਂ ਸਭ ਨੂੰ) ਬਾਣ ਦਾ ਨਾਮ ਜਾਣੋ ॥੧੧੮॥

ਬਿਜੈ ਕਪੀਧੁਜ ਜੈਦ੍ਰਥਰਿ ਸੂਰਜ ਜਾਰਿ ਫੁਨਿ ਭਾਖੁ ॥

ਬਿਜੈ, ਕਪਿਧੁਜ, ਜੈਦ੍ਰਥਰਿ (ਜੈਦਰਥ ਦਾ ਵੈਰੀ ਅਰਜਨ) ਸੂਰਜ ਜਾਰਿ (ਸੂਰਜ ਦੇ ਪੁੱਤਰ ਕਰਨ ਦਾ ਵੈਰੀ) (ਆਦਿ ਸ਼ਬਦ) ਕਹਿ ਕੇ

ਆਯੁਧ ਬਹੁਰਿ ਬਖਾਨੀਐ ਨਾਮ ਬਾਨ ਲਖਿ ਰਾਖੁ ॥੧੧੯॥

ਫਿਰ 'ਆਯੁਧ' (ਪਦ) ਦਾ ਕਥਨ ਕਰੋ। (ਇਹ ਸਾਰੇ) ਬਾਣ ਦੇ ਨਾਮ ਸਮਝ ਲਵੋ ॥੧੧੯॥

ਤਿਮਰਰਿ ਬਲ ਬ੍ਰਤ ਨਿਸਚ ਹਾ ਕਹਿ ਸੁਤ ਬਹੁਰਿ ਉਚਾਰ ॥

'ਤਿਮਰਰਿ' (ਇੰਦਰ) ਕਹਿ ਕੇ ਫਿਰ ਬਲ, ਬ੍ਰਤ, ਨਿਸਚ (ਨਿਸਚਰ) (ਆਦਿ ਦੈਂਤਾਂ ਦੇ ਨਾਂ ਲੈ ਕੇ) ਮਗਰੋਂ 'ਹਾ' ਪਦ ਜੋੜ ਕੇ ਫਿਰ 'ਸੁਤ' ਸ਼ਬਦ ਲਗਾ ਦਿਓ।

ਆਯੁਧ ਉਚਰਿ ਸ੍ਰੀ ਬਾਨ ਕੇ ਨਿਕਸਹਿ ਨਾਮ ਅਪਾਰ ॥੧੨੦॥

ਫਿਰ 'ਆਯੁਧ' ਸ਼ਬਦ ਲਗਾਉਣ ਨਾਲ ਬਾਣ ਦੇ ਅਨੇਕਾਂ ਨਾਮ ਬਣ ਜਾਣਗੇ ॥੧੨੦॥

ਸਹਸ੍ਰ ਬਿਸਨ ਕੇ ਨਾਮ ਲੈ ਅਨੁਜ ਸਬਦ ਕੌ ਦੇਹੁ ॥

(ਪਹਿਲਾਂ) ਵਿਸ਼ਣੂ ਦੇ ਹਜ਼ਾਰਾਂ ਨਾਮ ਲੈ ਕੇ ਫਿਰ 'ਅਨੁਜ' (ਛੋਟਾ ਭਾਈ ਇੰਦਰ)

ਤਨੁਜ ਉਚਰਿ ਪੁਨਿ ਸਸਤ੍ਰ ਕਹਿ ਨਾਮੁ ਬਾਨੁ ਲਖਿ ਲੇਹੁ ॥੧੨੧॥

'ਤਨੁਜ' (ਪੁੱਤਰ, ਅਰਜਨ) ਅਤੇ 'ਸਸਤ੍ਰ' ਕਹਿ ਦਿਓ। (ਇਹ ਸਾਰੇ) ਬਾਣ ਦੇ ਨਾਮ ਸਮਝ ਲਵੋ ॥੧੨੧॥


Flag Counter