ਹੋਮ ਦੀ ਵਾਸਨਾ ਲੈਂਦੇ ਹੀ ਦੈਂਤ ਆ ਕੇ ਆ ਪੈਂਦੇ ਸਨ
ਅਤੇ ਸਾਰੀ ਸਾਮਗ੍ਰੀ ਲੁੱਟ ਕੇ ਲੈ ਜਾਂਦੇ ਸਨ ਅਤੇ ਮਹੰਤ ਨੂੰ ਮਾਰ ਕੁੱਟ ਜਾਂਦੇ ਸਨ ॥੬੨॥
ਯੱਗ ਦੀ ਸਾਮਗ੍ਰੀ ਨੂੰ ਜਿਹੜੇ ਲੁੱਟ ਖਾਂਦੇ ਸਨ ਉਨ੍ਹਾਂ ਉੱਤੇ ਮੁਨੀ ਦਾ ਕੋਈ ਵਸ ਨਹੀਂ ਚੱਲਦਾ ਸੀ।
ਤਦੋਂ ਸ੍ਰੇਸ਼ਠ ਮੁਨੀ ਕ੍ਰੋਧਵਾਨ ਹੋ ਕੇ ਅਯੁੱਧਿਆ ਵਿੱਚ ਮਦਦ ਦੀ ਆਸ ਨਾਲ ਆਇਆ।
(ਵਿਸ਼ਵਾਮਿੱਤਰ ਨੇ) ਰਾਜੇ ਨੂੰ ਆ ਕੇ ਕਿਹਾ- ਮੈਨੂੰ ਆਪਣਾ ਪੁੱਤਰ ਰਾਮ ਦੇ ਦਿਉ,
ਨਹੀਂ ਤਾਂ ਤੈਨੂੰ ਇਸੇ ਜਗ੍ਹਾ 'ਤੇ (ਸਰਾਪ ਦੇ ਕੇ) ਭਸਮ ਕਰ ਦਿਆਂਗਾ ॥੬੩॥
ਮੁਨੀਸ਼ਵਰ ਦਾ ਕ੍ਰੋਧ ਵੇਖ ਕੇ ਰਾਜੇ ਦਸ਼ਰਥ ਨੇ ਪੁੱਤਰ ਨੂੰ ਉਸ ਨਾਲ ਤੋਰ ਦਿੱਤਾ।
ਵੱਡਾ ਚਤੁਰ ਮੁਨੀ ਉਸ ਨੂੰ ਲੈ ਕੇ ਮੰਡਲ ਵਲ ਤੁਰ ਚਲਿਆ। (ਰਸਤੇ ਵਿੱਚ ਜਾ ਕੇ ਮੁਨੀ ਨੇ ਕਿਹਾ-)
ਹੇ ਰਾਮ! ਸੁਣੋ, ਇਕ ਦੂਰ ਦਾ ਰਸਤਾ ਹੈ ਅਤੇ ਇਕ ਨੇੜੇ ਦਾ,
(ਪਰ ਨੇੜੇ ਦੇ) ਰਾਹ ਵਿੱਚ (ਇਕ) ਰਾਖਸ਼ਣੀ ਮਾਰਦੀ ਹੈ ਜਿਸ ਦਾ ਨਾਮ 'ਤਾੜਕਾ' ਹੈ ॥੬੪॥
(ਰਾਮ ਨੇ ਕਿਹਾ-) ਜਿਹੜਾ ਰਸਤਾ ਨੇੜੇ ('ਤੀਰ') ਦਾ ਹੈ, ਅਜ ਉਸੇ ਰਸਤੇ ਚਲੋ।
ਚਿੱਤ ਵਿੱਚ ਰਤਾ ਭਰ ਵੀ ਚਿੰਤਾ ਨਾ ਕਰੋ। ਇਹ ਦੇਵਤਾ ਸਰੂਪ ਬ੍ਰਾਹਮਣ ਦਾ ਕੰਮ ਹੈ।
(ਉਹ) ਰਸਤੇ ਉੱਤੇ ਖ਼ੁਸ਼ੀ-ਖ਼ੁਸ਼ੀ ਚਲੇ ਜਾ ਰਹੇ ਸਨ, ਤਦੋਂ ਰਾਖਸ਼ਣੀ ਆ ਗਈ।
ਕਹਿਣ ਲੱਗੀ- ਹੇ ਰਾਮ! (ਬਚ ਕੇ) ਕਿੱਥੇ ਜਾਓਗੇ? ਉਸ ਨੇ ਕਿਸੇ ਦੀ ਪ੍ਰਵਾਹ ਛੱਡ ਕੇ ਰਸਤਾ ਰੋਕ ਲਿਆ ॥੬੫॥
ਰਾਖਸ਼ਣੀ ਨੂੰ ਵੇਖਦਿਆਂ ਹੀ ਰਾਮ ਨੇ ਧਨੁਸ਼ ਬਾਣ ਫੜ ਲਿਆ
ਅਤੇ ਕੰਨ ਤੱਕ ਖਿੱਚ ਕੇ ਤੀਰ ਉਸ ਦੇ ਮੱਥੇ ਵਿੱਚ ਮਾਰ ਦਿੱਤਾ।
ਬਾਣ ਵੱਜਦਿਆਂ ਹੀ ਵਿਸ਼ਾਲ ਦੇਹ ਵਾਲੀ (ਰਾਖਸ਼ਣੀ) ਬੇਸੁੱਧ ਹੋ ਕੇ ਡਿੱਗ ਪਈ।
ਇਸ ਤਰ੍ਹਾਂ ਉਸ ਪਾਪਣੀ ਦਾ ਸ੍ਰੀ ਰਾਮ ਚੰਦਰ ਦੇ ਹੱਥੋਂ ਅੰਤ ਹੋ ਗਿਆ ॥੬੬॥
ਇਸ ਤਰ੍ਹਾਂ ਉਸ ਨੂੰ ਮਾਰ ਕੇ ਯੱਗ ਸਥਾਨ ਵਿੱਚ ਬੈਠ ਕੇ (ਰਾਖੀ ਕਰਨ) ਲੱਗੇ।
ਇਹ ਤਕ ਕੇ ਤਦੋਂ ਵੱਡੇ ਤੇਜ ਵਾਲੇ ਦੋ ਦੈਂਤ ਆ ਗਏ।
(ਜਿਨ੍ਹਾਂ ਨੂੰ ਦੇਖ ਕੇ) ਸਾਰਿਆਂ ਰਿਸ਼ੀਆਂ ਨੂੰ ਭਾਜੜ ਪੈ ਗਈ, ਪਰ ਹੱਠ ਵਾਲੇ ਰਾਮ ਉਥੇ ਹੀ ਖੜੋਤੇ ਰਹੇ।
(ਉਨ੍ਹਾਂ ਨੇ) ਕ੍ਰੋਧ ਕਰਕੇ ਉਸ ਜਗ੍ਹਾ ਉੱਤੇ ਸੋਲ੍ਹਾਂ ਪਹਿਰ ਤੱਕ ਯੁੱਧ ਕੀਤਾ ॥੬੭॥
(ਆਪੋ ਆਪਣੇ) ਸਸ਼ਤ੍ਰ ਅਸਤ੍ਰ ਸੰਭਾਲ ਕੇ ਦੈਂਤ ਮਾਰੋ-ਮਾਰੋ ਪੁਕਾਰਦੇ ਸਨ।
ਉਨ੍ਹਾਂ ਦੇ ਹੱਥਾਂ ਵਿੱਚ ਧਨੁਸ਼ ਬਾਣ, ਤਿੱਖੇ ਗੰਡਾਸੇ ਅਤੇ ਕੁਹਾੜੇ ਫੜੇ ਹੋਏ ਸਨ।