ਸ਼੍ਰੀ ਦਸਮ ਗ੍ਰੰਥ

ਅੰਗ - 1327


ਬੇਗਮ ਕੀ ਤਾ ਸੌ ਰੁਚਿ ਲਾਗੀ ॥

ਉਸ ਵਲ ਬੇਗਮ ਦੀ ਰੁਚੀ ਲਗ ਗਈ

ਜਾ ਤੇ ਨੀਂਦ ਭੂਖ ਸਭ ਭਾਗੀ ॥

ਜਿਸ ਕਰ ਕੇ (ਉਸ ਦੀ) ਨੀਂਦਰ ਅਤੇ ਭੁਖ ਚਲੀ ਗਈ।

ਦੇਖਿ ਗਈ ਜਬ ਤੇ ਤਿਹ ਧਾਮਾ ॥

ਜਦ ਤੋਂ (ਉਹ) ਉਸ ਨੂੰ ਵੇਖ ਕੇ ਘਰ ਗਈ ਸੀ,

ਤਬ ਤੇ ਔਰ ਸੁਹਾਤ ਨ ਬਾਮਾ ॥੪॥

ਉਦੋਂ ਤੋਂ ਉਸ ਇਸਤਰੀ ਨੂੰ ਹੋਰ ਕੁਝ ਵੀ ਚੰਗਾ ਨਹੀਂ ਲਗ ਰਿਹਾ ਸੀ ॥੪॥

ਹਿਤੂ ਜਾਨ ਸਹਚਰੀ ਬੁਲਾਈ ॥

ਉਸ ਨੇ ਵਿਸ਼ਵਸਤ ਜਾਣ ਕੇ ਦਾਸੀ ਨੂੰ ਬੁਲਾਇਆ

ਭੇਦ ਭਾਖਿ ਸਭ ਤਹਾ ਪਠਾਈ ॥

(ਅਤੇ ਉਸ ਨੂੰ) ਭੇਦ ਦੀ ਸਾਰੀ ਗੱਲ ਦਸ ਕੇ ਉਥੇ ਭੇਜਿਆ।

ਹਮੈ ਸਾਹ ਸੁਤ ਜੁ ਤੈ ਮਿਲੈ ਹੈ ॥

(ਅਤੇ ਇਹ ਵੀ ਕਿਹਾ) ਜੇ ਤੂੰ ਮੈਨੂੰ ਸ਼ਾਹ ਦਾ ਪੁੱਤਰ ਮਿਲਾ ਦੇਵੇਂਗੀ,

ਜੋ ਧਨ ਮੁਖ ਮੰਗਿ ਹੈਂ ਸੋ ਪੈ ਹੈਂ ॥੫॥

ਤਾਂ ਜੋ ਧਨ ਮੁਖੋਂ ਮੰਗੇਂਗੀ, ਉਹੀ ਪ੍ਰਾਪਤ ਕਰੇਂਗੀ ॥੫॥

ਸਖੀ ਪਵਨ ਕੇ ਭੇਸ ਸਿਧਾਈ ॥

ਸਖੀ ਪੌਣ ਦੀ ਗਤੀ ਨਾਲ ਚਲੀ ਗਈ

ਪਲਕ ਨ ਬਿਤੀ ਸਾਹ ਕੇ ਆਈ ॥

ਅਤੇ ਪਲ ਭਰ ਵੀ ਨਾ ਬੀਤਿਆ ਕਿ ਸ਼ਾਹ ਕੋਲ ਆ ਗਈ।

ਸਾਹ ਪੂਤ ਕਹ ਕਿਯਾ ਪ੍ਰਨਾਮਾ ॥

(ਉਸ ਨੇ) ਸ਼ਾਹ ਦੇ ਪੁੱਤਰ ਨੂੰ ਪ੍ਰਨਾਮ ਕੀਤਾ

ਬੈਠੀ ਜਾਇ ਸੁਘਰਿ ਤਿਹ ਧਾਮਾ ॥੬॥

ਅਤੇ ਉਹ ਸੁਘੜ ਉਸ (ਸ਼ਾਹ) ਦੇ ਘਰ ਵਿਚ ਜਾ ਬੈਠੀ ॥੬॥

ਤੁਮਰੋ ਨਾਮ ਕਹਾ ਪਹਿਚਨਿਯਤ ॥

(ਪੁੱਛਣ ਲਗੀ) ਤੁਹਾਡਾ ਕੀ ਨਾਂ ਪਛਾਣਾ

ਕਵਨ ਦੇਸ ਕੇ ਬਾਸੀ ਜਨਿਯਤ ॥

ਅਤੇ (ਤੁਹਾਨੂੰ) ਕਿਹੜੇ ਦੇਸ ਦੇ ਰਹਿਣ ਵਾਲਾ ਸਮਝਾਂ।

ਸਕਲ ਬ੍ਰਿਥਾ ਨਿਜ ਪ੍ਰਥਮ ਸੁਨਾਵਹੁ ॥

ਪਹਿਲਾਂ ਆਪਣੀ ਸਾਰੀ ਬਿਰਥਾ ਦਸੋ

ਬਹੁਰਿ ਕੁਅਰਿ ਕੀ ਸੇਜ ਸੁਹਾਵਹੁ ॥੭॥

ਅਤੇ ਫਿਰ ਕੁਮਾਰੀ ਦੀ ਸੇਜ ਦੀ ਸ਼ੋਭਾ ਨੂੰ ਵਧਾਓ ॥੭॥

ਸੁਨੀ ਸਖੀ ਮਦ੍ਰ ਦੇਸ ਹਮ ਰਹਹੀ ॥

(ਉਹ ਕਹਿਣ ਲਗਾ) ਹੇ ਸਖੀ! ਸੁਣੋ, ਮੈਂ ਮਦ੍ਰ ਦੇਸ ਵਿਚ ਰਹਿੰਦਾ ਹਾਂ

ਧੂਮ੍ਰ ਕੇਤੁ ਹਮ ਕੌ ਜਨ ਕਹਹੀ ॥

ਅਤੇ ਲੋਕੀਂ ਮੈਨੂੰ ਧੂਮ੍ਰ ਕੇਤੁ ਕਹਿੰਦੇ ਹਨ।

ਸੌਦਾ ਹਿਤ ਆਏ ਇਹ ਦੇਸਾ ॥

ਸੌਦਾਗਰੀ ਕਰਨ ਲਈ (ਮੈਂ) ਇਸ ਦੇਸ ਵਿਚ ਆਇਆ ਹਾਂ

ਦੇਸ ਦੇਸ ਕੋ ਨਿਰਖਿ ਨਰੇਸਾ ॥੮॥

ਦੇਸ ਦੇਸ ਦੇ ਰਾਜਿਆਂ ਨੂੰ ਵੇਖ ਕੇ ॥੮॥

ਬਤਿਯਨ ਪ੍ਰਥਮ ਤਾਹਿ ਬਿਰਮਾਇ ॥

ਪਹਿਲਾਂ ਉਸ ਨੂੰ ਗੱਲਾਂ ਨਾਲ ਰਿਝਾਇਆ

ਭਾਤਿ ਭਾਤਿ ਤਿਨ ਲੋਭ ਦਿਖਾਇ ॥

ਅਤੇ ਫਿਰ ਭਾਂਤ ਭਾਂਤ ਦੇ ਲੋਭ ਦਿਖਾਏ।

ਜ੍ਯੋਂ ਤ੍ਯੋਂ ਲੈ ਆਈ ਤਿਹ ਤਹਾ ॥

ਜਿਵੇਂ ਕਿਵੇਂ ਉਸ ਨੂੰ ਉਥੇ ਲੈ ਆਈ,

ਮਾਰਗ ਕੁਅਰਿ ਬਿਲੋਕਤ ਜਹਾ ॥੯॥

ਜਿਥੇ ਕੁਮਾਰੀ (ਉਸ ਦਾ) ਰਾਹ ਵੇਖ ਰਹੀ ਸੀ ॥੯॥

ਜੋ ਧਨ ਕਹਾ ਸੁੰਦ੍ਰ ਤਿਹ ਦੀਨਾ ॥

ਸੁੰਦਰੀ ਨੇ ਜੋ ਧਨ ਕਿਹਾ ਸੀ, ਦਾਸੀ ਨੂੰ ਦੇ ਦਿੱਤਾ

ਕੰਠ ਲਗਾਇ ਮਿਤ੍ਰ ਸੋ ਲੀਨਾ ॥

ਅਤੇ ਉਸ ਮਿਤਰ ਨੂੰ ਗਲੇ ਨਾਲ ਲਗਾ ਲਿਆ।

ਭਾਤਿ ਭਾਤਿ ਕੀ ਕੈਫ ਮੰਗਾਈ ॥

(ਉਸ ਨੇ) ਕਈ ਤਰ੍ਹਾਂ ਦੀ ਸ਼ਰਾਬ ਮੰਗਵਾਈ

ਏਕ ਖਾਟ ਚੜਿ ਦੁਹੂੰ ਚੜਾਈ ॥੧੦॥

ਅਤੇ ਇਕ ਮੰਜੇ ਉਤੇ ਚੜ੍ਹ ਕੇ ਦੋਹਾਂ ਨੇ ਪੀਤੀ ॥੧੦॥

ਭਾਤਿ ਭਾਤਿ ਤਨ ਕੈਫ ਚੜਾਵਹਿ ॥

ਭਾਂਤ ਭਾਂਤ ਦੀ ਸ਼ਰਾਬ ਪੀਣ ਲਗੇ

ਮਿਲਿ ਮਿਲਿ ਗੀਤ ਮਧੁਰ ਧੁਨਿ ਗਾਵਹਿ ॥

ਅਤੇ ਮਿਲ ਕੇ ਮਠੀ ਮਠੀ ਧੁੰਨ ਵਿਚ ਗੀਤ ਗਾਣ ਲਗੇ।

ਬਿਬਿਧ ਬਿਧਿਨ ਤਨ ਕਰਤ ਬਿਲਾਸਾ ॥

(ਉਹ) ਕਈ ਤਰ੍ਹਾਂ ਦੀ ਕਾਮ-ਕ੍ਰੀੜਾ ਕਰਨ ਲਗ ਗਏ ਸਨ।

ਨੈਕੁ ਨ ਕਰੈ ਨ੍ਰਿਪਤਿ ਕੋ ਤ੍ਰਾਸਾ ॥੧੧॥

(ਉਹ) ਰਾਜੇ ਦਾ ਡਰ ਬਿਲਕੁਲ ਨਹੀਂ ਮੰਨ ਰਹੇ ਸਨ ॥੧੧॥

ਛੈਲਿਹਿ ਛੈਲ ਨ ਛੋਰਾ ਜਾਈ ॥

ਨੌਜਵਾਨ (ਕੁਮਾਰੀ) ਤੋਂ ਛਬੀਲਾ (ਸ਼ਾਹ) ਛਡਿਆ ਨਹੀਂ ਜਾਂਦਾ ਸੀ

ਨਿਸੁ ਦਿਨ ਰਾਖਤ ਕੰਠ ਲਗਾਈ ॥

ਅਤੇ ਰਾਤ ਦਿਨ ਉਸ ਨੂੰ ਗਲੇ ਨਾਲ ਲਗਾਈ ਰਖਦੀ ਸੀ।

ਜਬ ਕਬਹੂੰ ਆਖੇਟ ਸਿਧਾਵੈ ॥

ਜੇ ਕਦੇ ਸ਼ਿਕਾਰ ਨੂੰ ਜਾਂਦੀ,

ਏਕ ਅੰਬਾਰੀ ਤਾਹਿ ਚੜਾਵੈ ॥੧੨॥

ਤਾਂ ਇਕੋ ਅੰਬਾਰੀ ਵਿਚ ਉਸ ਨੂੰ ਵੀ ਚੜ੍ਹਾ ਲੈਂਦੀ ॥੧੨॥

ਤਹੀ ਕਾਮ ਕ੍ਰੀੜਾ ਕਹ ਕਰੈ ॥

ਉਥੇ (ਬੈਠੇ ਹੋਏ) ਕਾਮ-ਕ੍ਰੀੜਾ ਕਰਦੇ ਸਨ

ਮਾਤ ਪਿਤਾ ਤੇ ਨੈਕੁ ਨ ਡਰੈ ॥

ਅਤੇ ਮਾਤਾ ਪਿਤਾ ਤੋਂ ਜ਼ਰਾ ਜਿੰਨੇ ਵੀ ਨਹੀਂ ਡਰਦੇ ਸਨ।

ਇਕ ਦਿਨ ਰਾਜਾ ਚੜਾ ਸਿਕਾਰਾ ॥

ਇਕ ਦਿਨ ਰਾਜਾ ਸ਼ਿਕਾਰ ਚੜ੍ਹਿਆ

ਸੰਗ ਲਏ ਮਿਹਰਿਯੈ ਅਪਾਰਾ ॥੧੩॥

ਅਤੇ ਨਾਲ ਬਹੁਤ ਸਾਰੀਆਂ ਦਾਸੀਆਂ ਨੂੰ ਲੈ ਲਿਆ ॥੧੩॥

ਬੇਗਮ ਸੋਊ ਸਿਕਾਰ ਸਿਧਾਈ ॥

ਉਹ ਬੇਗਮ ਵੀ ਸ਼ਿਕਾਰ ਖੇਡਣ ਲਈ ਚਲ ਪਈ

ਏਕ ਅੰਬਾਰੀ ਤਾਹਿ ਚੜਾਈ ॥

ਅਤੇ ਇਕੋ ਅੰਬਾਰੀ ਵਿਚ ਉਸ (ਪ੍ਰੇਮੀ) ਨੂੰ ਵੀ ਚੜ੍ਹਾ ਲਿਆ।

ਏਕ ਸਖੀ ਤਿਹ ਚੜਤ ਨਿਹਾਰਾ ॥

ਇਕ ਸਖੀ ਨੇ ਉਸ ਨੂੰ ਚੜ੍ਹਦੇ ਹੋਇਆਂ ਵੇਖਿਆ

ਜਾਇ ਭੂਪ ਸੋ ਭੇਦ ਉਚਾਰਾ ॥੧੪॥

ਅਤੇ ਜਾ ਕੇ ਰਾਜੇ ਨੂੰ ਸਾਰਾ ਭੇਦ ਦਸਿਆ ॥੧੪॥

ਸੁਨਿ ਨ੍ਰਿਪ ਬਾਤ ਚਿਤ ਮੋ ਰਾਖੀ ॥

ਰਾਜੇ ਨੇ ਗੱਲ ਸੁਣ ਕੇ ਮਨ ਵਿਚ ਰਖੀ

ਔਰਿ ਨਾਰਿ ਸੋ ਪ੍ਰਗਟ ਨ ਭਾਖੀ ॥

ਅਤੇ ਹੋਰ ਕਿਸੇ ਇਸਤਰੀ ਨੂੰ ਨਾ ਦਸੀ।

ਦੁਹਿਤਾ ਕੋ ਜਬ ਗਜ ਨਿਕਟਾਯੋ ॥

ਜਦ ਪੁੱਤਰੀ ਦਾ ਹਾਥੀ ਨੇੜੇ ਆਇਆ,

ਤਬ ਤਾ ਕੋ ਪਿਤੁ ਨਿਕਟ ਬੁਲਾਯੌ ॥੧੫॥

ਤਦ ਪਿਤਾ ਨੇ ਉਸ ਨੂੰ ਨੇੜੇ ਬੁਲਾਇਆ ॥੧੫॥