ਸ਼੍ਰੀ ਦਸਮ ਗ੍ਰੰਥ

ਅੰਗ - 147


ਦੋਊ ਸਸਤ੍ਰ ਵਰਤੀ ਦੋਊ ਛਤ੍ਰ ਧਾਰੀ ॥

ਦੋਵੇਂ ਸ਼ਸਤ੍ਰਾਂ ਨੂੰ ਵਰਤਣ ਵਾਲੇ ਅਤੇ ਛਤਰਧਾਰੀ ਸਨ।

ਦੋਊ ਪਰਮ ਜੋਧਾ ਮਹਾ ਜੁਧਕਾਰੀ ॥੮॥੨੨੬॥

ਦੋਵੇਂ ਤਕੜੇ ਯੋਧੇ ਅਤੇ ਵੱਡਾ ਯੁੱਧ ਕਰਨ ਵਾਲੇ ਸਨ ॥੮॥੨੨੬॥

ਦੋਊ ਖੰਡ ਖੰਡੀ ਦੋਊ ਮੰਡ ਮੰਡੰ ॥

ਦੋਵੇਂ (ਵੈਰੀਆਂ ਦੇ) ਖੰਡਾਂ (ਇਲਾਕਿਆਂ) ਨੂੰ ਖੰਡਣ ਵਾਲੇ ਅਤੇ ਦੋਵੇਂ (ਉਨ੍ਹਾਂ ਨੂੰ) ਸਥਾਪਿਤ ਕਰਨ ਵਾਲੇ ਸਨ।

ਦੋਊ ਜੋਧ ਜੈਤਵਾਰੁ ਜੋਧਾ ਪ੍ਰਚੰਡੰ ॥

ਦੋਵੇਂ ਯੋਧਿਆਂ ਨੂੰ ਜਿਤਣ ਵਾਲੇ ਅਤੇ ਖ਼ੁਦ ਪ੍ਰਚੰਡ ਯੋਧੇ ਸਨ।

ਦੋਊ ਬੀਰ ਬਾਨੀ ਦੋਊ ਬਾਹ ਸਾਹੰ ॥

ਦੋਵੇਂ ਸ਼ੂਰਵੀਰਾਂ ਦੇ ਮੋਢੀ ਅਤੇ ਦੋਵੇਂ ਭੁਜਾਵਾਂ ਦੇ ਬਲੀ ਸਨ।

ਦੋਊ ਸੂਰ ਸੈਨੰ ਦੋਊ ਸੂਰ ਮਾਹੰ ॥੯॥੨੨੭॥

ਦੋਵੇਂ ਸੈਨਾਵਾਂ ਦੇ ਸੂਰਜ ਸਨ ਅਤੇ ਦੋਵੇਂ ਸੈਨਾਵਾਂ ਦੇ ਚੰਦ੍ਰਮਾ ਸਨ ॥੯॥੨੨੭॥

ਦੋਊ ਚਕ੍ਰਵਰਤੀ ਦੋਊ ਸਸਤ੍ਰ ਬੇਤਾ ॥

ਦੋਵੇਂ ਚਕਰਵਰਤੀ ਸਨ, ਦੋਵੇਂ ਸ਼ਸਤ੍ਰ ਚਲਾਉਣ ਵਿਚ ਪ੍ਰਬੀਨ ਸਨ।

ਦੋਊ ਜੰਗ ਜੋਧੀ ਦੋਊ ਜੰਗ ਜੇਤਾ ॥

ਦੋਵੇਂ ਜੰਗ ਦੇ ਯੋਧੇ ਸਨ ਅਤੇ ਦੋਵੇਂ ਯੁੱਧ ਵਿਚ ਵਿਜਈ ਹੋਣ ਵਾਲੇ ਸਨ।

ਦੋਊ ਚਿਤ੍ਰ ਜੋਤੀ ਦੋਊ ਚਿਤ੍ਰ ਚਾਪੰ ॥

ਦੋਵੇਂ ਜੋਤਿ ਦੇ ਚਿਤਰ ਸਨ ਅਤੇ ਦੋਵੇਂ ਧਨੁਸ਼ ਦੀ ਮੂਰਤ ਸਨ।

ਦੋਊ ਚਿਤ੍ਰ ਵਰਮਾ ਦੋਊ ਦੁਸਟ ਤਾਪੰ ॥੧੦॥੨੨੮॥

ਦੋਵੇਂ ਢਾਲ ਦੀ ਮੂਰਤ ਸਨ ਅਤੇ ਦੋਵੇਂ ਦੁਸ਼ਟਾਂ ਨੂੰ ਦੁਖ ਦੇਣ ਵਾਲੇ ਸਨ ॥੧੦॥੨੨੮॥

ਦੋਊ ਖੰਡ ਖੰਡੀ ਦੋਊ ਮੰਡ ਮੰਡੰ ॥

ਦੋਵੇਂ (ਵੈਰੀਆਂ ਦੇ) ਖੰਡਾਂ (ਖੇਤਰਾਂ) ਨੂੰ ਖੰਡਣ ਵਾਲੇ ਸਨ ਅਤੇ ਦੋਵੇਂ (ਉਨ੍ਹਾਂ ਨੂੰ) ਸਥਾਪਿਤ ਕਰਨ ਵਾਲੇ ਸਨ।

ਦੋਊ ਚਿਤ੍ਰ ਜੋਤੀ ਸੁ ਜੋਧਾ ਪ੍ਰਚੰਡੰ ॥

ਦੋਵੇਂ ਜੋਤਿ ਦਾ ਚਿਤਰ ਸਨ ਅਤੇ ਪ੍ਰਚੰਡ ਯੋਧੇ ਸਨ।

ਦੋਊ ਮਤ ਬਾਰੁੰਨ ਬਿਕ੍ਰਮ ਸਮਾਨੰ ॥

ਦੋਵੇਂ ਹਾਥੀ ('ਬਾਰੁੰਨ') ਵਾਂਗ ਮਸਤ ਅਤੇ (ਰਾਜਾ) ਬਿਕ੍ਰਮ ਦੇ ਸਮਾਨ ਸਨ।

ਦੋਊ ਸਸਤ੍ਰ ਬੇਤਾ ਦੋਊ ਸਸਤ੍ਰ ਪਾਨੰ ॥੧੧॥੨੨੯॥

ਦੋਵੇਂ ਸ਼ਸਤ੍ਰ (ਚਲਾਉਣ ਵਿਚ) ਪ੍ਰਬੀਨ ਸਨ ਅਤੇ ਦੋਹਾਂ ਨੇ ਹੱਥ ਵਿਚ ਸ਼ਸਤ੍ਰ (ਧਾਰਨ ਕੀਤੇ ਹੋਏ ਸ ਨ) ॥੧੧॥੨੨੯॥

ਦੋਊ ਪਰਮ ਜੋਧੇ ਦੋਊ ਕ੍ਰੁਧਵਾਨੰ ॥

ਦੋਵੇਂ ਵੱਡੇ ਯੋਧੇ ਸਨ ਅਤੇ ਦੋਵੇਂ ਕ੍ਰੋਧ ਵਾਲੇ ਸਨ।

ਦੋਊ ਸਸਤ੍ਰ ਬੇਤਾ ਦੋਊ ਰੂਪ ਖਾਨੰ ॥

ਦੋਵੇਂ ਸ਼ਸਤ੍ਰ-ਵਿਦਿਆ ਜਾਣਨ ਵਾਲੇ ਅਤੇ ਦੋਵੇਂ ਰੂਪ ਦੀ ਖਾਣ ਸਨ।

ਦੋਊ ਛਤ੍ਰਪਾਲੰ ਦੋਊ ਛਤ੍ਰ ਧਰਮੰ ॥

ਦੋਵੇਂ ਛਤਰਪਾਲ ਅਤੇ ਦੋਵੇਂ ਛਾਤਰ ਧਰਮ (ਦੀ ਰਖਿਆ ਕਰਨ ਵਾਲੇ) ਸਨ।

ਦੋਊ ਜੁਧ ਜੋਧਾ ਦੋਊ ਕ੍ਰੂਰ ਕਰਮੰ ॥੧੨॥੨੩੦॥

ਦੋਵੇਂ ਯੁੱਧ ਕਰਨ ਵਾਲੇ ਯੋਧੇ ਸਨ ਅਤੇ ਦੋਵੇਂ ਕਠੋਰ ਕਰਮ ਕਰਨ ਵਾਲੇ ਸਨ ॥੧੨॥੨੩੦॥

ਦੋਊ ਮੰਡਲਾਕਾਰ ਜੂਝੇ ਬਿਰਾਜੈ ॥

ਦੋਵੇਂ ਮੰਡਲਾਕਾਰ ਵਿਚ ਖੜੋ ਕੇ ਜੂਝ ਰਹੇ ਸਨ।

ਹਥੈ ਹਰ ਦੁ ਠੋਕੈ ਭੁਜਾ ਪਾਇ ਗਾਜੈ ॥

ਦੋਵੇਂ ਡੌਲਿਆਂ (ਭੁਜਾਵਾਂ) ਨੂੰ ਹੱਥਾਂ ਨਾਲ ਠੋਕਦੇ ਸਨ ਅਤੇ (ਧਰਤੀ ਉਤੇ) ਪੈਰ (ਮਾਰ ਕੇ) ਗਜਦੇ ਸਨ।

ਦੋਊ ਖਤ੍ਰਹਾਣੰ ਦੋਊ ਖਤ੍ਰ ਖੰਡੰ ॥

ਦੋਵੇਂ ਛਤਰੀਆਂ ਦੀ ਹਾਨੀ ਕਰਨ ਵਾਲੇ ਅਤੇ ਛਤਰੀਆਂ ਨੂੰ ਨਸ਼ਟ ਕਰਨ ਵਾਲੇ ਸਨ।

ਦੋਊ ਖਗ ਪਾਣੰ ਦੋਊ ਛੇਤ੍ਰ ਮੰਡੰ ॥੧੩॥੨੩੧॥

ਦੋਹਾਂ ਦੇ ਹੱਥਾਂ ਵਿਚ ਤਲਵਾਰਾਂ ਸਨ ਅਤੇ ਦੋਵੇਂ ਯੁੱਧ-ਭੂਮੀ ਨੂੰ ਸੁਸ਼ੋਭਿਤ ਕਰਨ ਵਾਲੇ ਸਨ ॥੧੩॥੨੩੧॥

ਦੋਊ ਚਿਤ੍ਰਜੋਤੀ ਦੋਊ ਚਾਰ ਬਿਚਾਰੰ ॥

ਦੋਵੇਂ ਸੁੰਦਰ ਜੋਤਿ ਵਾਲੇ ਸਨ ਅਤੇ ਦੋਹਾਂ ਦੇ ਵਿਚਾਰ ਸੁੰਦਰ ਸਨ।

ਦੋਊ ਮੰਡਲਾਕਾਰ ਖੰਡਾ ਅਬਾਰੰ ॥

ਦੋਵੇਂ ਮੰਡਲਾਕਾਰ ਵਿਚ ਲਗਾਤਾਰ ਖੰਡਾ ਚਲਾ ਰਹੇ ਸਨ।

ਦੋਊ ਖਗ ਖੂਨੀ ਦੋਊ ਖਤ੍ਰਹਾਣੰ ॥

ਦੋਹਾਂ ਦੀਆਂ ਤਲਵਾਰਾਂ ਲਹੂ ਨਾਲ ਲਿਬੜੀਆਂ ਸਨ ਅਤੇ ਦੋਵੇਂ ਛਤਰੀਆਂ ਦਾ ਨੁਕਸਾਨ ਕਰਨ ਵਾਲੇ ਸਨ।

ਦੋਊ ਖਤ੍ਰਖੇਤਾ ਦੋਊ ਛਤ੍ਰਪਾਣੰ ॥੧੪॥੨੩੨॥

ਦੋਵੇਂ ਛਤਰਾਣੀਆਂ (ਖੇਤਾ) (ਤੋਂ ਪੈਦਾ ਹੋਏ ਸਨ) ਅਤੇ ਦੋਵੇਂ ਛਾਤਰ-ਪਣੇ ਵਾਲੇ ਸਨ ॥੧੪॥੨੩੨॥

ਦੋਊ ਬੀਰ ਬਿਬ ਆਸਤ ਧਾਰੇ ਨਿਹਾਰੇ ॥

ਦੋਹਾਂ ਸ਼ੂਰਵੀਰਾਂ ਨੇ ਦੋਹਰੇ ਅਸਤ੍ਰ ('ਬਿਬ ਆਸਤ') ਧਾਰਨ ਕੀਤੇ ਹੋਏ ਸਨ (ਅਤੇ ਇਧਰ ਉਧਰ) ਵੇਖ ਰਹੇ ਸਨ।

ਰਹੇ ਬ੍ਯੋਮ ਮੈ ਭੂਪ ਗਉਨੈ ਹਕਾਰੇ ॥

ਜਿਹੜੇ ਰਾਜੇ (ਮਾਰੇ ਜਾਣ ਤੋਂ ਬਾਦ) ਆਕਾਸ਼ ਵਿਚ ਫਿਰ ਰਹੇ ਸਨ, (ਉਹ ਇਨ੍ਹਾਂ ਨੂੰ) ਬੁਲਾ ਰਹੇ ਸਨ।

ਹਕਾ ਹਕ ਲਾਗੀ ਧਨੰ ਧੰਨ ਜੰਪ੍ਰਯੋ ॥

ਹਾਕ ਤੇ ਹਾਕ ਪੈ ਰਹੀ ਸੀ ਅਤੇ ਧੰਨ ਧੰਨ ਕਰ ਕੇ (ਇਨ੍ਹਾਂ ਦਾ ਯਸ਼) ਗਾਇਆ ਜਾ ਰਿਹਾ ਸੀ।

ਚਕ੍ਰਯੋ ਜਛ ਰਾਜੰ ਪ੍ਰਿਥੀ ਲੋਕ ਕੰਪ੍ਯੋ ॥੧੫॥੨੩੩॥

ਯਕਸ਼ਾਂ ਦਾ ਰਾਜਾ ਹੈਰਾਨ ਸੀ ਅਤੇ ਮਾਤ-ਲੋਕ ਕੰਬ ਰਿਹਾ ਸੀ ॥੧੫॥੨੩੩॥

ਹਨਿਓ ਰਾਜ ਦੁਰਜੋਧਨੰ ਜੁਧ ਭੂਮੰ ॥

(ਆਖੀਰ ਵਿਚ) ਰਾਜਾ ਦੁਰਯੋਧਨ ਯੁੱਧ-ਭੂਮੀ ਵਿਚ ਮਾਰਿਆ ਗਿਆ।

ਭਜੇ ਸਭੈ ਜੋਧਾ ਚਲੀ ਧਾਮ ਧੂਮੰ ॥

(ਇਸ ਗੱਲ ਦੀ) ਧੁੰਮ ਪੈ ਜਾਣ ਨਾਲ ਸਾਰੇ ਯੋਧੇ ਭਜ ਗਏ।

ਕਰਿਯੋ ਰਾਜ ਨਿਹਕੰਟਕੰ ਕਉਰਪਾਲੰ ॥

(ਇਸ ਪਿਛੋਂ) ਰਾਜਾ ਯੁਧਿਸ਼ਠਰ ਨੇ ਕੌਰਵਾਂ ਉਤੇ ਨਿਸ਼ਕੰਟਕ ਰਾਜ ਕੀਤਾ।

ਪੁਨਰ ਜਾਇ ਕੈ ਮਝਿ ਸਿਝੈ ਹਿਵਾਲੰ ॥੧੬॥੨੩੪॥

(ਫਿਰ) ਹਿਮਾਲਾ ਪਰਬਤ ਵਿਚ ਜਾ ਕੇ ਗਲ ਗਏ ॥੧੬॥੨੩੪॥

ਤਹਾ ਏਕ ਗੰਧ੍ਰਬ ਸਿਉ ਜੁਧ ਮਚ੍ਯੋ ॥

ਉਥੇ ਇਕ ਗੰਧਰਬ ਨਾਲ ਯੁੱਧ ਹੋਇਆ।

ਤਹਾ ਭੂਰਪਾਲੰ ਧੂਰਾ ਰੰਗੁ ਰਚ੍ਯੋ ॥

ਉਥੇ ਭੂਰਪਾਲ ਨੇ ਵਿਚਿਤ੍ਰ ਧੁੰਧਲਾ ਰੰਗ ਫੈਲਾ ਦਿੱਤਾ।

ਤਹਾ ਸਤ੍ਰੁ ਕੇ ਭੀਮ ਹਸਤੀ ਚਲਾਏ ॥

ਉਥੇ ਭੀਮਸੈਨ ਨੇ ਵੈਰੀ ਦੇ ਹਾਥੀ ਚੁਕ ਚੁਕ ਕੇ ਸੁਟੇ।

ਫਿਰੇ ਮਧਿ ਗੈਣੰ ਅਜਉ ਲਉ ਨ ਆਏ ॥੧੭॥੨੩੫॥

(ਉਹ) ਆਕਾਸ਼ ਵਿਚ ਫਿਰ ਰਹੇ ਹਨ, (ਧਰਤੀ ਤੇ) ਹੁਣ ਤਕ ਨਹੀਂ ਪਰਤੇ ॥੧੭॥੨੩੫॥

ਸੁਨੈ ਬੈਨ ਕਉ ਭੂਪ ਇਉ ਐਠ ਨਾਕੰ ॥

(ਇਹ) ਬੋਲ ਸੁਣ ਕੇ ਰਾਜਾ (ਜਨਮੇਜਾ) ਨਕ ਚੜ੍ਹਾ ਕੇ ਥੋੜਾ ਮੁਸਕਰਾਇਆ

ਕਰਿਯੋ ਹਾਸ ਮੰਦੈ ਬੁਲ੍ਯੋ ਏਮ ਬਾਕੰ ॥

ਅਤੇ ਕਹਿਣ ਲਗਾ (ਹਾਥੀਆਂ ਨੂੰ ਸੁਟਣ ਵਾਲੀ) ਐਵੇਂ ਗੱਪ ਹੈ।

ਰਹਿਯੋ ਨਾਕ ਮੈ ਕੁਸਟ ਛਤ੍ਰੀ ਸਵਾਨੰ ॥

(ਇੰਨਾ ਕਹਿਣ ਤੇ) ਛਤਰੀਆਂ ਦੇ ਹੰਸ (ਰਾਜਾ ਜਨਮੇਜਾ) ਦੇ ਨਕ ਵਿਚ ਕੋਹੜ ਰਹਿ ਗਿਆ।

ਭਈ ਤਉਨ ਹੀ ਰੋਗ ਤੇ ਭੂਪ ਹਾਨੰ ॥੧੮॥੨੩੬॥

ਉਸੇ ਰੋਗ ਨਾਲ ਰਾਜੇ ਦਾ ਨਾਸ ਹੋਇਆ ॥੧੮॥੨੩੬॥

ਚੌਪਈ ॥

ਚੌਪਈ:

ਇਮ ਚਉਰਾਸੀ ਬਰਖ ਪ੍ਰਮਾਨੰ ॥

ਇਸ ਤਰ੍ਹਾਂ ਚੌਰਾਸੀ ਸਾਲ,

ਸਪਤ ਮਾਹ ਚਉਬੀਸ ਦਿਨਾਨੰ ॥

ਸੱਤ ਮਹੀਨੇ ਅਤੇ ਚੌਵੀ ਦਿਨਾਂ ਤਕ

ਰਾਜ ਕੀਓ ਜਨਮੇਜਾ ਰਾਜਾ ॥

ਰਾਜਾ ਜਨਮੇਜਾ ਨੇ ਰਾਜ ਕੀਤਾ।

ਕਾਲ ਨੀਸਾਨੁ ਬਹੁਰਿ ਸਿਰਿ ਗਾਜਾ ॥੧੯॥੨੩੭॥

ਫਿਰ (ਉਸ ਦੇ) ਸਿਰ ਉਤੇ ਕਾਲ ਦਾ ਨਗਾਰਾ ਵਜਿਆ (ਅਰਥਾਤ ਮਰ ਗਿਆ) ॥੧੯॥੨੩੭॥

ਇਤਿ ਜਨਮੇਜਾ ਸਮਾਪਤ ਭਇਆ ॥

ਇਥੇ ਜਨਮੇਜਾ ਸਮਾਪਤ ਹੋਇਆ


Flag Counter