ਸ਼੍ਰੀ ਦਸਮ ਗ੍ਰੰਥ

ਅੰਗ - 1139


ਲਪਟਿ ਤਿਹਾਰੀ ਨਾਰਿ ਏਕ ਨਰ ਸੋ ਰਹੀ ॥

ਕਿ ਤੁਹਾਡੀ ਇਸਤਰੀ ਇਕ ਬੰਦੇ ਨਾਲ ਲਿਪਟ ਰਹੀ ਹੈ।

ਕਰਮ ਸਿੰਘ ਕਰਿ ਕੋਪ ਤਹਾ ਚਲਿ ਆਇਯੋ ॥

ਕਰਮ ਸਿੰਘ ਕ੍ਰੋਧਿਤ ਹੋ ਕੇ ਉਥੇ ਚਲ ਕੇ ਆ ਗਿਆ।

ਹੋ ਅਛਲ ਮਤੀ ਯਹ ਭੇਦ ਸਕਲ ਸੁਨਿ ਪਾਇਯੋ ॥੧੩॥

ਅਛਲ ਮਤੀ ਨੂੰ ਇਸ ਸਾਰੀ ਗੱਲ ਦਾ ਪਤਾ ਚਲ ਗਿਆ ॥੧੩॥

ਪਕਰਿ ਨ੍ਰਿਪਤਿ ਕੀ ਪਗਿਯਾ ਦਈ ਚਲਾਇ ਕੈ ॥

(ਕੁਮਾਰੀ ਨੇ ਪਹਿਲਾਂ ਹੀ ਅਗੋਂ ਇਕ ਸਖੀ ਭੇਜ ਦਿੱਤੀ। ਉਸ ਨੇ ਪਾਗਲ ਹੋਣ ਦਾ ਵਿਖਾਵਾ ਕਰ ਕੇ) ਰਾਜੇ ਦੀ ਪਗੜੀ ਪਕੜ ਕੇ ਵਗਾ ਦਿੱਤੀ।

ਕਹਿਯੋ ਸਖੀ ਬਵਰੀ ਭਈ ਗਈ ਵਹ ਧਾਇ ਕੈ ॥

(ਰਾਣੀ) ਭਜ ਕੇ ਗਈ ਅਤੇ ਕਹਿਣ ਲਗੀ। ਹੇ ਸਖੀ! ਤੂੰ ਪਾਗਲ ਹੋ ਗਈ ਹੈਂ।

ਲਰਿਕਨ ਕੀ ਸੀ ਖੇਲ ਕਰਤ ਤਿਹ ਠਾ ਭਈ ॥

ਉਹ ਬਚਿਆਂ ਵਾਂਗ ਉਥੇ ਖੇਡਣ ਲਗੀ

ਹੋ ਦੁਤਿਯ ਸਖੀ ਲੈ ਪਾਗ ਚਲਾਇ ਬਹੁਰਿ ਦਈ ॥੧੪॥

ਅਤੇ ਦੂਜੀ ਸਖੀ ਨੇ ਪਗੜੀ ਚੁਕ ਕੇ ਫਿਰ ਸੁਟ ਦਿੱਤੀ ॥੧੪॥

ਜਬ ਵੁਹਿ ਦਿਸਿ ਨ੍ਰਿਪ ਜਾਇ ਤੌ ਵੁਹਿ ਦਿਸਿ ਡਾਰਹੀ ॥

ਜਦ ਰਾਜਾ ਉਸ ਪਾਸੇ ਜਾਂਦਾ ਤਾਂ ਉਸ ਪਾਸੇ ਵਲ (ਪਗੜੀ) ਸੁਟ ਦਿੰਦੀਆਂ।

ਲਰਿਕਨ ਕੇ ਗਿੰਦੂਆ ਜਿਮਿ ਪਾਗ ਉਛਾਰਹੀ ॥

ਬੱਚਿਆਂ ਦੀ ਖਿਦੋ ਵਾਂਗ ਉਹ ਪਗੜੀ ਨੂੰ ਉਛਾਲ ਰਹੀਆਂ ਸਨ।

ਧੂਰਿ ਆਪਨੇ ਸੀਸ ਨਾਥ ਕੇ ਡਾਰਿ ਕੈ ॥

ਆਪਣੇ ਤੇ ਰਾਜੇ ਦੇ ਸਿਰ ਵਿਚ ਮਿੱਟੀ-ਘੱਟਾ ਪਾ ਰਹੀਆਂ ਸਨ।

ਹੋ ਲਹਿ ਹਾਇਲ ਤਿਨ ਮਿਤ੍ਰਹਿ ਦਯੋ ਨਿਕਾਰਿ ਕੈ ॥੧੫॥

ਉਨ੍ਹਾਂ (ਸਖੀਆਂ) ਨੂੰ ਵਿਚਾਲੇ ਆਇਆ ('ਹਾਇਲ') ਵੇਖ ਕੇ (ਰਾਣੀ ਨੇ) ਮਿਤਰ ਨੂੰ ਉਥੋਂ ਭਜਾ ਦਿੱਤਾ ॥੧੫॥

ਜਬ ਲਗਿ ਪਗਿਯਾ ਲੇਨ ਰਾਇ ਚਲਿ ਆਇਯੋ ॥

ਜਦੋਂ ਤਕ ਰਾਜਾ ਪਗੜੀ ਲੈਣ ਲਈ ਚਲ ਕੇ ਆਇਆ,

ਤਬ ਲਗਿ ਰਾਨੀ ਮਿਤ੍ਰ ਸਦਨ ਪਹੁਚਾਇਯੋ ॥

ਤਦੋਂ ਤਕ ਰਾਣੀ ਨੇ ਮਿਤਰ ਨੂੰ (ਆਪਣੇ) ਘਰ ਪਹੁੰਚਾ ਦਿੱਤਾ।

ਮਤਵਾਰੀ ਉਨ ਭਾਖਿ ਅਧਿਕ ਮਾਰਤ ਭਈ ॥

ਉਨ੍ਹਾਂ ਨੂੰ ਪਾਗਲ ਕਹਿ ਕੇ (ਰਾਣੀ) ਬਹੁਤ ਮਾਰਨ ਲਗੀ

ਨ੍ਰਿਪ ਕੀ ਚਿੰਤਾ ਟਾਰਿ ਸਕਲ ਚਿਤ ਕੀ ਦਈ ॥੧੬॥

(ਅਤੇ ਇਸ ਤਰ੍ਹਾਂ) ਰਾਜੇ ਦੇ ਮਨ ਦੀ ਸਾਰੀ ਚਿੰਤਾ ਦੂਰ ਕਰ ਦਿੱਤੀ ॥੧੬॥

ਤਬ ਰਾਜੈ ਗਹਿ ਕੈ ਤ੍ਰਿਯ ਕੋ ਕਰ ਰਾਖਿਯੋ ॥

ਤਦ ਰਾਜੇ ਨੇ ਰਾਣੀ ਨੂੰ ਹੱਥ ਨਾਲ ਪਕੜ ਲਿਆ

ਆਪੁ ਬਚਨ ਤਾ ਕੋ ਐਸੀ ਬਿਧਿ ਭਾਖਿਯੋ ॥

ਅਤੇ ਆਪ ਉਸ ਨੂੰ ਇਸ ਤਰ੍ਹਾਂ ਕਿਹਾ

ਮਤਵਾਰੇ ਮੂਰਖ ਸਿਸਿ ਕੋ ਨਹਿ ਮਾਰਿਯੈ ॥

ਕਿ ਮੂਰਖ ਬੱਚੇ (ਭਾਵ ਨੌਕਰ) ਨੂੰ ਮਾਰਨਾ ਨਹੀਂ ਚਾਹੀਦਾ।

ਹੋ ਹੋਨਹਾਰ ਮੁਹਿ ਭੀ ਇਨ ਕਛੁ ਨ ਉਚਾਰਿਯੈ ॥੧੭॥

ਜੋ ਮੇਰੇ ਨਾਲ ਹੋਣੀ ਸੀ, ਹੋ ਗਈ, ਹੁਣ ਇਨ੍ਹਾਂ ਨੂੰ ਕੁਝ ਨਾ ਕਹੋ ॥੧੭॥

ਦੋਹਰਾ ॥

ਦੋਹਰਾ:

ਨ੍ਰਿਪ ਕੀ ਪਾਗ ਉਤਾਰਿ ਕੈ ਦੀਨੀ ਪ੍ਰਥਮ ਚਲਾਇ ॥

ਪਹਿਲਾਂ ਰਾਜੇ ਦੀ ਪਗੜੀ ਨੂੰ ਉਤਾਰ ਕੇ ਅਤੇ ਉਸ ਨੂੰ ਵਗਾ ਦਿੱਤਾ।

ਜਾਰ ਉਬਾਰਿਯੋ ਜੜ ਛਲਿਯੋ ਚੇਰੀ ਲਈ ਬਚਾਇ ॥੧੮॥

ਯਾਰ ਨੂੰ ਬਚਾ ਲਿਆ, ਮੂਰਖ (ਰਾਜੇ) ਨੂੰ ਛਲ ਲਿਆ ਅਤੇ ਦਾਸੀ ਨੂੰ ਬਚਾ ਲਿਆ ॥੧੮॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਪੈਤੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੩੫॥੪੪੧੭॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੩੫ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੩੫॥੪੪੧੭॥ ਚਲਦਾ॥

ਚੌਪਈ ॥

ਚੌਪਈ:

ਤਿਬਤ ਕੋ ਇਕ ਰਾਇ ਸੁਲਛਨ ॥

ਤਿੱਬਤ ਦਾ ਇਕ ਸੁਲੱਛਣ ਨਾਂ ਦਾ ਰਾਜਾ ਸੀ

ਕਬਿਤ ਕਾਬਿ ਕੇ ਬਿਖੇ ਬਿਚਛਨ ॥

ਜੋ ਕਬਿੱਤ ਅਤੇ ਕਾਵਿ ਵਿਚ ਸੂਝਵਾਨ ਸੀ।

ਸ੍ਰੀ ਨ੍ਰਿਪਰਾਜ ਕਲਾ ਤਿਹ ਨਾਰੀ ॥

ਨ੍ਰਿਪਰਾਜ ਕਲਾ ਉਸ ਦੀ ਰਾਣੀ ਸੀ,

ਜਾਨੁਕ ਸ੍ਰੀ ਬਿਸਨ ਕੀ ਪ੍ਯਾਰੀ ॥੧॥

ਮਾਨੋ ਲੱਛਮੀ ਦਾ ਰੂਪ ਹੋਵੇ ॥੧॥

ਦੋਹਰਾ ॥

ਦੋਹਰਾ:

ਮਤੀ ਬਿਚਛਨ ਪਾਤ੍ਰ ਤਹ ਤਵਨ ਸਹਿਰ ਕੇ ਮਾਹਿ ॥

ਉਸ ਦੇ ਨਗਰ ਵਿਚ ਬਿਚੱਛਨ ਮਤੀ ਨਾਂ ਦੀ (ਇਕ) ਵੇਸਵਾ ਸੀ।

ਰੂਪ ਬਿਖੈ ਤਾ ਸੀ ਤਰੁਨਿ ਤੀਨਿ ਲੋਕ ਮੈ ਨਾਹਿ ॥੨॥

ਉਸ ਵਰਗੀ ਸੁੰਦਰ ਇਸਤਰੀ ਤਿੰਨ ਲੋਕਾਂ ਵਿਚ ਨਹੀਂ ਸੀ ॥੨॥

ਚੌਪਈ ॥

ਚੌਪਈ:

ਮੁਜਰਾ ਕੌ ਬੇਸ੍ਵਾ ਜਬ ਆਵੈ ॥

ਜਦ ਉਹ ਵੇਸਵਾ ਮੁਜਰੇ ਲਈ ਆਉਂਦੀ

ਹੇਰਿ ਰੂਪ ਨ੍ਰਿਪ ਕੋ ਲਲਚਾਵੈ ॥

ਤਾਂ ਰਾਜੇ ਦਾ ਰੂਪ ਵੇਖ ਕੇ ਲਲਚਾ ਜਾਂਦੀ।

ਮਨ ਮੈ ਅਧਿਕ ਮਸਤ ਹ੍ਵੈ ਝੂਲੈ ॥

ਉਹ ਮਨ ਵਿਚ ਬਹੁਤ ਮਸਤ ਹੋ ਕੇ ਝੂਲਦੀ ਸੀ (ਭਾਵ ਨਚਦੀ ਸੀ)

ਨਿਜੁ ਤਨ ਕੀ ਤਾ ਕੌ ਸੁਧਿ ਭੂਲੈ ॥੩॥

ਅਤੇ ਉਸ ਨੂੰ ਆਪਣੇ ਤਨ ਦੀ ਸੁਰਤ ਭੁਲ ਜਾਂਦੀ ਸੀ ॥੩॥

ਚਿਤ ਮੈ ਚਿੰਤ ਰੈਨਿ ਦਿਨ ਕਰੈ ॥

ਰਾਤ ਦਿਨ ਮਨ ਵਿਚ (ਰਾਜੇ ਬਾਰੇ) ਸੋਚਦੀ ਰਹਿੰਦੀ

ਨ੍ਰਿਪ ਕੀ ਆਸ ਸਦਾ ਮਨ ਧਰੈ ॥

ਅਤੇ ਮਨ ਵਿਚ ਸਦਾ ਰਾਜੇ ਦੀ ਆਸ ਬਣਾਈ ਰਖਦੀ।

ਕਿਹ ਬਿਧਿ ਮੋ ਸੰਗ ਭੋਗ ਕਮਾਵੈ ॥

(ਸੋਚਦੀ ਰਹਿੰਦੀ ਕਿ) ਕਿਸ ਤਰ੍ਹਾਂ (ਰਾਜਾ) ਮੇਰੇ ਨਾਲ ਭੋਗ ਕਰੇਗਾ।

ਸੋ ਦਿਨ ਮੋਹਿ ਕਹੋ ਕਬ ਆਵੈ ॥੪॥

ਮੈਨੂੰ ਦਸੋ, ਉਹ ਦਿਨ ਕਦ ਪ੍ਰਾਪਤ ਹੋਵੇਗਾ ॥੪॥

ਦੋਹਰਾ ॥

ਦੋਹਰਾ:

ਰਾਵ ਨ ਤਾ ਕੋ ਹੇਰਈ ਤ੍ਰਿਯ ਮਨ ਮੈ ਲਲਚਾਇ ॥

ਰਾਜਾ ਉਸ ਵਲ ਵੇਖਦਾ ਨਹੀਂ ਸੀ ਅਤੇ ਇਸਤਰੀ (ਉਸ ਲਈ) ਮਨ ਵਿਚ ਲਲਚਾਂਦੀ ਸੀ।

ਜਤਨ ਕਾ ਕਰੌ ਜੋ ਮੁਝੈ ਨ੍ਰਿਪ ਮਨ ਭਜੈ ਬਨਾਇ ॥੫॥

(ਉਹ ਸੋਚਦੀ ਕਿ) ਕਿਹੜਾ ਯਤਨ ਕਰਾਂ ਜਿਸ ਕਰ ਕੇ ਰਾਜਾ ਮਨੋ ਮੇਰੇ ਨਾਲ ਰਮਣ ਕਰੇ ॥੫॥

ਚੌਪਈ ॥

ਚੌਪਈ:

ਜਬ ਰਾਜਾ ਦੀਵਾਨ ਲਗਾਵੈ ॥

ਜਦ (ਕਦੇ) ਰਾਜਾ ਦਰਬਾਰ ਲਗਾਉਂਦਾ ਸੀ,

ਤਵਨ ਸਮੈ ਤਰੁਨੀ ਸੁਨਿ ਪਾਵੈ ॥

(ਤਦ) ਉਸ ਸਮੇਂ ਬਾਰੇ ਇਸਤਰੀ (ਵੇਸਵਾ) ਨੂੰ ਪਤਾ ਲਗ ਜਾਂਦਾ ਸੀ।

ਹਾਥ ਜੋਰਿ ਠਾਢੀ ਹ੍ਵੈ ਰਹਈ ॥

ਉਹ ਹੱਥ ਜੋੜ ਕੇ ਖੜੋਤੀ ਰਹਿੰਦੀ

ਪ੍ਰੇਮ ਆਸਕੀ ਜ੍ਯੋਂ ਨਿਰਬਹਈ ॥੬॥

ਅਤੇ ਪ੍ਰੇਮ ਨੂੰ ਆਸ਼ਕੀ ਵਾਂਗ ਨਿਭਾਉਂਦੀ ॥੬॥