ਸ਼੍ਰੀ ਦਸਮ ਗ੍ਰੰਥ

ਅੰਗ - 866


ਸਿੰਘ ਪ੍ਰਾਨ ਤਬ ਹੀ ਤਜੇ ਲਗੇ ਤੁਪਕ ਕੇ ਘਾਇ ॥

ਬੰਦੂਕ ਦੀ ਗੋਲੀ ਲਗਦਿਆਂ ਹੀ ਸ਼ੇਰ ਨੇ ਪ੍ਰਾਣ ਤਿਆਗ ਦਿੱਤੇ

ਤੀਨ ਸਲਾਮੈ ਤਿਨ ਕਰੀ ਜਹਾਗੀਰ ਕੋ ਆਇ ॥੧੯॥

ਅਤੇ ਬੇਗਮ ਨੇ ਆ ਕੇ ਜਹਾਂਗੀਰ ਨੂੰ ਤਿੰਨ ਵਾਰ ਸਲਾਮ ਕੀਤਾ ॥੧੯॥

ਚੌਪਈ ॥

ਚੌਪਈ:

ਅਧਿਕ ਖੁਸੀ ਹਜਰਤਿ ਜੂ ਭਏ ॥

(ਇਸ ਘਟਨਾ ਕਰ ਕੇ) ਬਾਦਸ਼ਾਹ ਬਹੁਤ ਖ਼ੁਸ਼ ਹੋਇਆ,

ਜਨੁ ਮੁਹਿ ਪ੍ਰਾਨ ਆਜੁ ਇਹ ਦਏ ॥

ਮਾਨੋ ਇਸ ਨੇ ਅਜ ਮੈਨੂੰ ਪ੍ਰਾਣ-ਦਾਨ ਦਿੱਤਾ ਹੋਵੇ।

ਧੰਨ੍ਯ ਧੰਨ੍ਯ ਨਿਜੁ ਤ੍ਰਿਯ ਕਹ ਕੀਨੋ ॥

(ਉਸ ਨੇ) ਆਪਣੀ ਇਸਤਰੀ ਨੂੰ ਧੰਨ ਧੰਨ ਕਹਿ ਕੇ ਆਖਿਆ

ਪ੍ਰਾਨ ਦਾਨ ਹਮ ਕੋ ਇਨ ਦੀਨੋ ॥੨੦॥

ਕਿ ਇਸ ਨੇ ਮੈਨੂੰ ਪ੍ਰਾਣ-ਦਾਨ ਦਿੱਤਾ ਹੈ ॥੨੦॥

ਦੋਹਰਾ ॥

ਦੋਹਰਾ:

ਨੂਰ ਜਹਾ ਕੀ ਸਹਚਰੀ ਕੌਤਕ ਸਕਲ ਨਿਹਾਰ ॥

ਨੂਰ ਜਹਾਂ ਦੀ ਇਕ ਸਹੇਲੀ ਨੇ ਇਹ ਸਾਰਾ ਕੌਤਕ ਵੇਖ ਕੇ

ਜਹਾਗੀਰ ਸ੍ਰਵਨਨ ਸੁਨਤ ਭਾਖ੍ਯੋ ਬਚਨ ਸੁਧਾਰਿ ॥੨੧॥

ਜਹਾਂਗੀਰ ਨੂੰ ਸੁਣਾਉਂਦੇ ਹੋਇਆਂ ਇਹ ਗੱਲ ਚੰਗੀ ਤਰ੍ਹਾਂ ਕਹੀ ॥੨੧॥

ਚੌਪਈ ॥

ਚੌਪਈ:

ਜਿਨ ਕੇਹਰਿ ਤ੍ਰਿਯ ਬਲੀ ਸੰਘਾਰੋ ॥

ਜਿਸ ਨੇ ਬਲਵਾਨ ਸ਼ੇਰ ਨੂੰ ਮਾਰ ਦਿੱਤਾ ਹੈ,

ਤਿਹ ਆਗੇ ਕ੍ਯਾ ਮਨੁਖ ਬਿਚਾਰੋ ॥

ਉਸ ਅਗੇ ਵਿਚਾਰਾ ਮਨੁੱਖ ਕੀ ਹੈ।

ਹਾਹਾ ਦੈਯਾ ਕਹ ਕ੍ਯਾ ਕਰਿਯੈ ॥

ਹੇ ਪਰਮਾਤਮਾ ('ਦੈਯਾ')! (ਅਸੀਂ) ਹੁਣ ਕੀ ਕਰੀਏ।

ਐਸੀ ਢੀਠ ਨਾਰਿ ਤੇ ਡਰਿਯੈ ॥੨੨॥

ਅਜਿਹੀ ਢੀਠ ਨਾਰ ਤੋਂ ਡਰਨਾ ਹੀ ਭਲਾ ॥੨੨॥

ਅੜਿਲ ॥

ਅੜਿਲ:

ਜਹਾਗੀਰ ਏ ਬਚਨ ਜਬੈ ਸ੍ਰਵਨਨ ਸੁਨ੍ਯੋ ॥

ਜਦ ਜਹਾਂਗੀਰ ਨੇ ਇਹ ਬੋਲ ਕੰਨਾਂ ਨਾਲ ਸੁਣੇ,

ਚਿਤ ਮੈ ਅਧਿਕ ਰਿਸਾਇ ਸੀਸ ਅਪੁਨੋ ਧੁਨ੍ਰਯੋ ॥

ਤਾਂ ਮਨ ਵਿਚ ਗੁੱਸੇ ਹੋ ਕੇ ਆਪਣੇ ਸਿਰ ਨੂੰ ਹਿਲਾਇਆ।

ਐਸੀ ਤ੍ਰਿਯ ਕੇ ਨਿਕਟ ਨ ਬਹੁਰੇ ਜਾਇਯੈ ॥

ਅਜਿਹੀ ਇਸਤਰੀ ਦੇ ਨੇੜੇ ਫਿਰ ਨਹੀਂ ਜਾਣਾ ਚਾਹੀਦਾ

ਹੋ ਕਰੈ ਦੇਹ ਕੋ ਘਾਤ ਬਹੁਰਿ ਕ੍ਯਾ ਪਾਇਯੈ ॥੨੩॥

(ਕਿਉਂਕਿ) ਦੇਹ ਦਾ ਨਾਸ਼ ਕਰਾ ਕੇ ਫਿਰ ਕੀ ਪ੍ਰਾਪਤ ਕਰਾਂਗੇ ॥੨੩॥

ਚੌਪਈ ॥

ਚੌਪਈ:

ਜਹਾਗੀਰ ਸੁਨਿ ਬਚਨ ਡਰਾਨ੍ਰਯੋ ॥

ਜਹਾਂਗੀਰ ਇਹ ਬਚਨ ਸੁਣ ਕੇ ਡਰ ਗਿਆ

ਤ੍ਰਿਯ ਕੋ ਤ੍ਰਾਸ ਅਧਿਕ ਜਿਯ ਮਾਨ੍ਯੋ ॥

ਅਤੇ (ਉਸ) ਇਸਤਰੀ ਦਾ ਬਹੁਤ ਡਰ ਮਨ ਵਿਚ ਅਨੁਭਵ ਕੀਤਾ।

ਸਿੰਘ ਹਨਤ ਜਿਹ ਲਗੀ ਨ ਬਾਰਾ ॥

ਜਿਸ ਨੂੰ ਸ਼ੇਰ ਮਾਰਨ ਵੇਲੇ ਦੇਰ ਨਹੀਂ ਲਗੀ,

ਤਿਹ ਆਗੇ ਕ੍ਯਾ ਮਨੁਖ ਬਿਚਾਰਾ ॥੨੪॥

ਉਸ ਅਗੇ ਮਨੁੱਖ ਵਿਚਾਰਾ ਕੀ ਹੈ ॥੨੪॥

ਦੋਹਰਾ ॥

ਦੋਹਰਾ:

ਅਤਿ ਬਚਿਤ੍ਰ ਗਤਿ ਤ੍ਰਿਯਨ ਕੀ ਜਿਨੈ ਨ ਜਾਨੈ ਕੋਇ ॥

ਇਸਤਰੀਆਂ (ਦੇ ਚਰਿਤ੍ਰ) ਦੀ ਅਜੀਬ ਗਤੀ ਹੈ ਜਿਸ ਨੂੰ ਕਿਸੇ ਨੇ ਨਹੀਂ ਸਮਝਿਆ।

ਜੋ ਬਾਛੈ ਸੋਈ ਕਰੈ ਜੋ ਚਾਹੈ ਸੋ ਹੋਇ ॥੨੫॥

(ਇਹ) ਜੋ ਚਾਹੁੰਦੀ ਹੈ ਉਹੀ ਕਰਦੀ ਹੈ ਅਤੇ ਜੋ ਚਾਹੁੰਦੀ ਹੈ ਉਹੀ ਹੁੰਦਾ ਹੈ ॥੨੫॥

ਪਿਯਹਿ ਉਬਾਰਾ ਹਰਿ ਹਨਾ ਏਕ ਤੁਪਕ ਕੇ ਠੌਰ ॥

ਪ੍ਰੀਤਮ ਨੂੰ ਬਚਾਇਆ ਅਤੇ ਬੰਦੂਕ ਦੇ ਇਕ ਵਾਰ ਨਾਲ ਸ਼ੇਰ ਨੂੰ ਮਾਰ ਦਿੱਤਾ।

ਤਾ ਕੌ ਛਲਿ ਪਲ ਮੈ ਗਈ ਭਈ ਔਰ ਕੀ ਔਰ ॥੨੬॥

ਉਸ ਨੂੰ ਪਲ ਵਿਚ ਛਲ ਕੇ ਚਲੀ ਗਈ ਅਤੇ (ਸਥਿਤੀ) ਹੋਰ ਦੀ ਹੋਰ ਹੋ ਗਈ ॥੨੬॥

ਜਹਾਗੀਰ ਪਤਿਸਾਹ ਤਬ ਮਨ ਮੈ ਭਯਾ ਉਦਾਸ ॥

ਜਹਾਂਗੀਰ ਬਾਦਸ਼ਾਹ ਤਦ ਤੋਂ ਮਨ ਵਿਚ ਉਦਾਸ ਹੋ ਗਿਆ

ਤਾ ਸੰਗ ਸੋ ਬਾਤੈਂ ਸਦਾ ਡਰ ਤੇ ਭਯਾ ਨਿਰਾਸ ॥੨੭॥

ਅਤੇ ਉਸ (ਇਸਤਰੀ) ਨਾਲ ਗੱਲਾਂ ਕਰਨੋ ਸਦਾ ਡਰਦਾ ਹੋਇਆ ਨਿਰਾਸ ਹੋ ਗਿਆ ॥੨੭॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਅਠਤਾਲੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੪੮॥੮੪੫॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੪੮ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੪੮॥੮੪੫॥ ਚਲਦਾ॥

ਚੌਪਈ ॥

ਚੌਪਈ:

ਆਨੰਦ ਪੁਰ ਨਾਇਨ ਇਕ ਰਹਈ ॥

ਆਨੰਦਪੁਰ ਵਿਚ ਇਕ ਨੈਣ ਰਹਿੰਦੀ ਸੀ।

ਨੰਦ ਮਤੀ ਤਾ ਕੋ ਜਗ ਕਹਈ ॥

ਉਸ ਨੂੰ ਨੰਦ ਮਤੀ (ਨਾਂ ਨਾਲ) ਸਾਰੇ ਯਾਦ ਕਰਦੇ ਸਨ।

ਮੂਰਖ ਨਾਥ ਤਵਨ ਕੋ ਰਹੈ ॥

ਉਸ ਦਾ ਪਤੀ ਮੂਰਖ ਸੀ

ਤ੍ਰਿਯ ਕਹ ਕਛੂ ਨ ਮੁਖ ਤੇ ਕਹੈ ॥੧॥

ਅਤੇ (ਆਪਣੀ) ਇਸਤਰੀ ਨੂੰ ਮੂੰਹੋਂ ਕੁਝ ਵੀ ਨਹੀਂ ਕਹਿੰਦਾ ਸੀ ॥੧॥

ਤਾ ਕੇ ਧਾਮ ਬਹੁਤ ਜਨ ਆਵੈ ॥

ਉਸ ਦੇ ਘਰ ਬਹੁਤ ਲੋਕ ਆਉਂਦੇ ਸਨ

ਨਿਸ ਦਿਨ ਤਾ ਸੋ ਭੋਗ ਕਮਾਵੈ ॥

ਅਤੇ ਰਾਤ ਦਿਨ ਉਸ ਨਾਲ ਭੋਗ ਕਰਦੇ ਸਨ।

ਸੋ ਜੜ ਪਰਾ ਹਮਾਰੇ ਰਹਈ ॥

ਉਹ ਮੂਰਖ ਸਾਡੇ ਪਿਆ ਰਹਿੰਦਾ ਸੀ

ਤਾ ਕੋ ਕਛੂ ਨ ਮੁਖ ਤੇ ਕਹਈ ॥੨॥

ਅਤੇ ਉਸ (ਇਸਤਰੀ) ਨੂੰ (ਆਪਣੇ) ਮੁਖ ਤੋਂ ਕੁਝ ਵੀ ਨਹੀਂ ਕਹਿੰਦਾ ਸੀ ॥੨॥

ਜਬ ਕਬਹੂੰ ਵਹੁ ਧਾਮ ਸਿਧਾਵੈ ॥

ਜਦੋਂ ਕਦੇ ਵੀ ਉਹ ਘਰ ਨੂੰ ਜਾਂਦਾ,

ਯੌ ਤਾ ਸੋ ਤ੍ਰਿਯ ਬਚਨ ਸੁਨਾਵੈ ॥

ਤਾਂ ਇਸਤਰੀ ਉਸ ਨੂੰ ਇਸ ਤਰ੍ਹਾਂ ਕਹਿ ਕੇ ਸੁਣਾਉਂਦੀ

ਯਾ ਕਹ ਕਲਿ ਕੀ ਬਾਤ ਨ ਲਾਗੀ ॥

ਕਿ ਇਸ ਨੂੰ ਕਲਿਯੁਗ ਦੀ ਹਵਾ ('ਬਾਤ') ਤਕ ਨਹੀਂ ਲਗੀ।

ਮੇਰੋ ਪਿਯਾ ਬਡੋ ਬਡਭਾਗੀ ॥੩॥

ਮੇਰਾ ਪਤੀ ਵੱਡੇ ਭਾਗਾਂ ਵਾਲਾ ਹੈ ॥੩॥

ਦੋਹਰਾ ॥

ਦੋਹਰਾ:

ਨਿਸੁ ਦਿਨ ਸਬਦਨ ਗਾਵਹੀ ਸਭ ਸਾਧਨ ਕੋ ਰਾਉ ॥

(ਇਸਤਰੀ ਕਹਿੰਦੀ ਕਿ ਮੇਰਾ ਪਤੀ) ਰਾਤ ਦਿਨ ਸ਼ਬਦ ਗਾਉਂਦਾ ਰਹਿੰਦਾ ਹੈ ਅਤੇ ਸਾਰਿਆਂ ਸਾਧਾਂ ਦਾ ਸ਼ਿਰੋਮਣੀ ਹੈ।


Flag Counter