ਉਨ੍ਹਾਂ ਨੂੰ ਕੋਈ ਗਿਆਨ ਹਾਸਲ ਨਹੀਂ ਹੁੰਦਾ
ਅਤੇ ਮੂਰਖ (ਤੁਹਾਡੇ ਤੋਂ) ਆਪਣਾ ਸਿਰ ਮੁੰਨਵਾ ਲੈਂਦੇ ਹਨ ॥੨੯॥
ਤੁਸੀਂ ਉਨ੍ਹਾਂ ਨੂੰ ਕਹਿੰਦੇ ਹੋ (ਕਿ ਜਦੋਂ ਤੁਹਾਡਾ) ਮੰਤ੍ਰ ਸਿੱਧ ਹੋਵੇਗਾ
ਤਾਂ ਮਹਾਦੇਵ ਤੁਹਾਨੂੰ ਵਰ ਦੇਵੇਗਾ।
ਜਦੋਂ ਉਨ੍ਹਾਂ ਤੋਂ ਮੰਤ੍ਰ ਸਿੱਧ ਨਹੀਂ ਹੁੰਦਾ,
ਤਾਂ ਤੁਸੀਂ (ਉਨ੍ਹਾਂ ਨੂੰ) ਇਸ ਤਰ੍ਹਾਂ ਬਚਨ ਕਹਿੰਦੇ ਹੋ ॥੩੦॥
ਤੁਹਾਡੇ ਤੋਂ ਕੁਝ ਚੂਕ ਹੋ ਗਈ ਹੈ,
ਇਸ ਲਈ ਸ਼ਿਵ ਜੀ ਨੇ ਦੀਦਾਰ ਨਹੀਂ ਦਿੱਤਾ।
ਓਏ! ਹੁਣ ਤੂੰ ਬ੍ਰਾਹਮਣਾਂ ਨੂੰ ਪੁੰਨ ਦਾਨ ਕਰ
ਅਤੇ ਫਿਰ ਸ਼ਿਵ ਦੇ ਮੰਤ੍ਰਾਂ ਨੂੰ ਜਪ ॥੩੧॥
(ਤੁਸੀਂ) ਉਲਟਾ ਉਸੇ ਤੋਂ ਹੀ ਦੰਡ ਲੈਂਦੇ ਹੋ
ਅਤੇ ਉਨ੍ਹਾਂ ਨੂੰ ਫਿਰ ਰੁਦ੍ਰ ਦਾ ਮੰਤ੍ਰ ਦਿੰਦੇ ਹੋ।
ਉਸ ਨੂੰ ਕਈਆਂ ਤਰ੍ਹਾਂ ਨਾਲ ਭਟਕਾਉਂਦੇ ਹੋ
ਅਤੇ ਅੰਤ ਵਿਚ ਇਸ ਤਰ੍ਹਾਂ ਕਹਿ ਦਿੰਦੇ ਹੋ ॥੩੨॥
ਤੇਰੇ ਕੋਲੋਂ (ਜਾਪ ਕਰਦਿਆਂ) ਕੋਈ ਅੱਖਰ ਰਹਿ ਗਿਆ ਹੋਵੇਗਾ।
ਤੇਰੇ ਤੋਂ (ਜਾਪ) ਕ੍ਰਿਆ ਭੰਗ ਹੋ ਗਈ ਹੋਵੇਗੀ।
ਇਸ ਲਈ ਤੈਨੂੰ ਰੁਦ੍ਰ ਨੇ ਵਰ ਨਹੀਂ ਦਿੱਤਾ।
(ਇਸ ਲਈ) ਫਿਰ ਪੁੰਨ ਦਾਨ ਕਰਨਾ ਚਾਹੀਦਾ ਹੈ ॥੩੩॥
ਹੇ ਬ੍ਰਾਹਮਣ! ਇਸ ਤਰ੍ਹਾਂ (ਤੁਸੀਂ) ਉਸ ਨੂੰ ਮੰਤ੍ਰ ਸਿਖਾਉਂਦੇ ਹੋ
ਜਿਸ ਦਾ ਘਰ ਲੁਟਣਾ ਚਾਹੁੰਦੇ ਹੋ।
ਜਦ ਉਹ ਧਨ-ਰਹਿਤ ਹੋ ਜਾਂਦਾ ਹੈ,
ਤਦ ਤੁਸੀਂ ਹੋਰ ਘਰ ਤਕਣ ਲਗ ਜਾਂਦੇ ਹੋ ॥੩੪॥
ਦੋਹਰਾ:
ਜੇ ਇਨ੍ਹਾਂ ਮੰਤ੍ਰਾਂ, ਜੰਤ੍ਰਾਂ ਅਤੇ ਤੰਤ੍ਰਾਂ ਵਿਚ ਕੁਝ ਸਿੱਧੀ ਹੁੰਦੀ,
ਤਾਂ ਤੁਸੀਂ ਆਪ ਬਾਦਸ਼ਾਹ ਬਣ ਜਾਂਦੇ ਅਤੇ ਕੋਈ ਵੀ ਮੰਗਦਾ ਨਾ ਫਿਰਦਾ ॥੩੫॥
ਬ੍ਰਾਹਮਣ ਨੇ ਕਿਹਾ:
ਚੌਪਈ:
ਇਹ ਬੋਲ ਸੁਣ ਕੇ ਬ੍ਰਾਹਮਣ ਰੋਹ ਨਾਲ ਭਰ ਗਿਆ
ਅਤੇ ਉਸ ਨੂੰ 'ਧਿਕਾਰ, ਧਿਕਾਰ' ਦੇ ਬਚਨ ਕਹਿਣ ਲਗਾ।
ਤੂੰ ਮੇਰੀਆਂ ਗੱਲਾਂ ਨੂੰ ਕੀ ਸਮਝੇਂਗੀ
ਜੋ ਭੰਗ ਖਾ ਕੇ ਬੋਲ ਉਚਾਰ ਰਹੀ ਹੈਂ ॥੩੬॥
ਰਾਜ ਕੁਮਾਰੀ ਨੇ ਕਿਹਾ:
ਹੇ ਬ੍ਰਾਹਮਣ! ਸੁਣੋ, ਤੁਸੀਂ ਗੱਲ ਨੂੰ ਨਹੀਂ ਸਮਝਦੇ
ਅਤੇ ਹੰਕਾਰ ਭਰੇ ਬੋਲ ਬੋਲਦੇ ਹੋ।
ਭੰਗ ਪੀਣ ਨਾਲ ਬੁੱਧੀ ਹਰੀ ਨਹੀਂ ਜਾਂਦੀ।
ਬਿਨਾ ਪੀਤਿਆਂ ਤੁਹਾਨੂੰ ਕਿਹੜੀ ਬੁੱਧੀ ਪ੍ਰਾਪਤ ਹੋ ਗਈ ਹੈ ॥੩੭॥
ਤੁਸੀਂ ਆਪਣੇ ਆਪ ਨੂੰ ਸਿਆਣਾ ਅਖਵਾਉਂਦੇ ਹੋ
ਅਤੇ ਕਦੇ ਭੁਲ ਕੇ ਵੀ ਭੰਗ ਨਹੀਂ ਚੜ੍ਹਾਉਂਦੇ।
ਫਿਰ ਜਦ (ਤੁਸੀਂ) ਭਿਖਿਆ ਲਈ ਜਾਓਗੇ
ਤਾਂ ਜਿਸ ਦੇ ਘਰ ਵੀ ਰਹੋਗੇ, (ਉਸ ਨੂੰ) ਖੁਆਰ ਕਰੋਗੇ ॥੩੮॥
ਜਿਸ ਧਨ ਨੂੰ ਤੁਸੀਂ ਤਿਆਗ ਕੇ ਵਿਖਾਉਂਦੇ ਹੋ,
(ਫਿਰ) ਉਸ ਨੂੰ ਮੰਗਣ ਲਈ ਦੁਆਰ ਦੁਆਰ ਉਤੇ ਕਿਉਂ ਜਾਂਦੇ ਹੋ।
(ਤੁਸੀਂ) ਮਹਾ ਮੂਰਖ ਰਾਜਿਆਂ ਪਾਸੋਂ
ਹੇ ਮਿਸ਼ਰ ਜੀ! ਕਣ ਕਣ ਲੈਣ ਲਈ ਘੁੰਮਦੇ ਫਿਰਦੇ ਹੋ ॥੩੯॥
ਤੁਸੀਂ ਜਗਤ ਵਿਚ ਤਿਆਗੀ ਅਖਵਾਉਂਦੇ ਹੋ
ਅਤੇ ਸਾਰਿਆਂ ਲੋਕਾਂ ਨੂੰ ਤਿਆਗ (ਕਰਨ ਦੀ ਗੱਲ) ਦ੍ਰਿੜ੍ਹ ਕਰਾਉਂਦੇ ਹੋ।
ਜਿਸ ਨੂੰ (ਤੁਸੀਂ) ਮਨ, ਬਚ ਅਤੇ ਕਰਮ ਕਰ ਕੇ ਛਡ ਦਿੱਤਾ ਹੈ,
(ਫਿਰ) ਉਸ ਨੂੰ ਹੱਥ ਉਠਾ ਕੇ ਕਿਉਂ ਗ੍ਰਹਿਣ ਕਰਦੇ ਹੋ ॥੪੦॥
ਕਿਸੇ ਨੂੰ ਧਨ ਤਿਆਗਣ ਲਈ ਪਕਿਆਈ ਕਰਦੇ ਹੋ
ਅਤੇ ਕਿਸੇ ਨੂੰ ਕੋਈ ਗ੍ਰਹਿ ਲਗਾ ਦਿੰਦੇ ਹੋ।
(ਤੁਹਾਡੇ) ਮਨ ਵਿਚ ਧਨ ਠਗਣ ਦੀ ਲਾਲਸਾ ਹੈ
ਅਤੇ ਇਸੇ ਪਿਆਸ (ਨੂੰ ਤ੍ਰਿਪਤਾਉਣ ਲਈ) ਘਰ ਘਰ ਡੋਲਦੇ ਫਿਰਦੇ ਹੋ ॥੪੧॥
ਅੜਿਲ:
ਵੇਦ, ਵਿਆਕਰਣ, ਸ਼ਾਸਤ੍ਰ ਅਤੇ ਸਮ੍ਰਿਤੀਆਂ ਇਸ ਤਰ੍ਹਾਂ ਉਚਾਰਦੇ ਹੋ
ਤਾਂ ਜੋ ਕਿਸੇ ਤੋਂ ਮੈਨੂੰ ਇਕ ਟਕਾ ਝੜ ਪਏ।
ਜੋ ਉਨ੍ਹਾਂ ਨੂੰ (ਭਾਵ ਤੁਹਾਨੂੰ) ਕੁਝ ਦਿੰਦਾ ਹੈ, ਉਸ ਦੀ ਉਸਤਤ ਕਰਦੇ ਹੋ
ਅਤੇ ਜੋ ਉਨ੍ਹਾਂ ਨੂੰ ਧਨ ਨਹੀਂ ਦਿੰਦਾ, ਉਸ ਦੀ ਨਿੰਦਿਆ ਕਰਦੇ ਹੋ ॥੪੨॥
ਦੋਹਰਾ:
ਨਿੰਦਿਆ ਅਤੇ ਉਸਤਤ ਦੋਵੇਂ ਜਗਤ ਵਿਚ ਜੀਉਂਦੇ ਤਕ ਹੀ ਹਨ।
ਜਦ ਮਿੱਟੀ ਨਾਲ ਮਿੱਟੀ ਮਿਲ ਗਈ, ਤਾਂ ਨਿੰਦਿਆ ਜਾਂ ਉਸਤਤ ਕੁਝ ਵੀ ਨਹੀਂ (ਰਹਿ ਜਾਂਦੀ) ॥੪੩॥
ਅੜਿਲ:
ਮੁਕਤੀ ਪ੍ਰਦਾਨ ਕਰਨ ਵਾਲੇ ਪਰਮਾਤਮਾ ਨੇ (ਮੁਕਤੀ) ਕਿਸ ਹੋਰ ਦੇ ਹੱਥ ਨਹੀਂ ਦਿੱਤੀ ਹੋਈ।
ਨਾ ਦੇਣ ਵਾਲਾ ਪਿਤਾ ਪੁੱਤਰ ਦਾ ਬਧ ਨਾ ਕਰ ਦਿੰਦਾ।
ਜਿਸ ਤੋਂ (ਤੁਹਾਡੇ) ਹੱਥ ਧਨ ਲਗਦਾ ਹੈ, (ਤੁਸੀਂ) ਉਸ ਦਾ ਜਸ ਕਰਦੇ ਹੋ।
ਜਿਸ ਤੋਂ ਕੁਝ ਨਹੀਂ ਲੈਂਦੇ, ਉਸ ਦੀ ਨਿੰਦਿਆ ਕਰਦੇ ਹੋ ॥੪੪॥
ਚੌਪਈ:
ਉਸਤਤ ਅਤੇ ਨਿੰਦਿਆ ਦੋਹਾਂ ਨੂੰ
ਜੋ ਇਕ ਸਮਾਨ ਸਮਝ ਕੇ ਮੰਨਦਾ ਹੈ,
ਅਸੀਂ ਉਸੇ ਨੂੰ ਬ੍ਰਹਮ ਸਮਝਦੇ ਹਾਂ
ਅਤੇ ਉਸੇ ਨੂੰ ਸੱਚੇ ਬ੍ਰਾਹਮਣ ਵਜੋਂ ਅਨੁਮਾਨ ਕਰਦੇ ਹਾਂ ॥੪੫॥
ਅੜਿਲ:
ਇਹ ਬ੍ਰਾਹਮਣ ਜਿਸ ਤੋਂ ਯਤਨ ਕਰ ਕੇ ਧਨ ਪ੍ਰਾਪਤ ਕਰ ਲੈਂਦੇ ਹਨ,