ਸ਼੍ਰੀ ਦਸਮ ਗ੍ਰੰਥ

ਅੰਗ - 199


ਲਾਗੀ ਕਰਨ ਪਤਿ ਸੇਵ ॥

(ਉਹ) ਪਤੀ ਦੀ ਸੇਵਾ ਕਰਨ ਲੱਗੀਆਂ,

ਯਾ ਤੇ ਪ੍ਰਸੰਨਿ ਭਏ ਦੇਵ ॥੧੦॥

ਜਿਸ ਕਰਕੇ ਦੇਵ (ਕਾਲ ਪੁਰਖ) ਪ੍ਰਸੰਨ ਹੋਏ ॥੧੦॥

ਬਹੁ ਕ੍ਰਿਸਾ ਲਾਗੀ ਹੋਨ ॥

ਚੰਦਰਮਾ ਦੀ ਚਾਨਣੀ ਨੂੰ

ਲਖ ਚੰਦ੍ਰਮਾ ਕੀ ਜੌਨ ॥

ਵੇਖ ਕੇ ਬਹੁਤ ਖੇਤੀ ਹੋਣ ਲੱਗੀ।

ਸਭ ਭਏ ਸਿਧ ਬਿਚਾਰ ॥

ਸਾਰੇ ਵਿਚਾਰ ਪੂਰੇ ਹੋ ਗਏ।

ਇਮ ਭਯੋ ਚੰਦ੍ਰ ਅਵਤਾਰ ॥੧੧॥

ਇਸ ਤਰ੍ਹਾਂ ਚੰਦਰਮਾ ਦਾ ਅਵਤਾਰ ਹੋਇਆ ॥੧੧॥

ਚੌਪਈ ॥

ਚੌਪਈ

ਇਮ ਹਰਿ ਧਰਾ ਚੰਦ੍ਰ ਅਵਤਾਰਾ ॥

ਵਿਸ਼ਣੂ ਨੇ ਇਸ ਤਰ੍ਹਾਂ ਨਾਲ ਚੰਦਰਮਾ ਅਵਤਾਰ ਧਾਰਨ ਕੀਤਾ।

ਬਢਿਯੋ ਗਰਬ ਲਹਿ ਰੂਪ ਅਪਾਰਾ ॥

(ਪਰ ਉਸ ਦਾ ਆਪਣਾ) ਅਪਾਰ ਰੂਪ ਵੇਖ ਕੇ ਹੰਕਾਰ ਵਧ ਗਿਆ।

ਆਨ ਕਿਸੂ ਕਹੁ ਚਿਤ ਨ ਲਿਆਯੋ ॥

ਉਹ ਹੋਰ ਕਿਸੇ ਨੂੰ ਚਿੱਤ ਵਿੱਚ ਨਾ ਲਿਆਉਂਦਾ।

ਤਾ ਤੇ ਤਾਹਿ ਕਲੰਕ ਲਗਾਯੋ ॥੧੨॥

ਇਸੇ ਕਰਕੇ ਉਸ ਨੂੰ ਕਲੰਕ ਲੱਗ ਗਿਆ ॥੧੨॥

ਭਜਤ ਭਯੋ ਅੰਬਰ ਕੀ ਦਾਰਾ ॥

ਬ੍ਰਹਸਪਤੀ (ਅੰਬਰ) ਦੀ ਇਸਤਰੀ ਨਾਲ (ਚੰਦ੍ਰਮਾ ਨੇ) ਭੋਗ ਕੀਤਾ ਸੀ।

ਤਾ ਤੇ ਕੀਯ ਮੁਨ ਰੋਸ ਅਪਾਰਾ ॥

ਇਸ ਕਰਕੇ ਮੁਨੀ ਨੇ ਬਹੁਤ ਗੁੱਸਾ ਕੀਤਾ ਅਤੇ

ਕਿਸਨਾਰਜੁਨ ਮ੍ਰਿਗ ਚਰਮ ਚਲਾਯੋ ॥

ਕਾਲੇ (ਕ੍ਰਿਸ਼ਨਾਰਜੁਨ) ਹਿਰਨ ਦੀ ਖਲ (ਚੰਦਰਮਾ ਨੂੰ) ਮਾਰੀ,

ਤਿਹ ਕਰਿ ਤਾਹਿ ਕਲੰਕ ਲਗਾਯੋ ॥੧੩॥

ਜਿਸ ਕਰਕੇ ਚੰਦਰਮਾ ਨੂੰ ਕਲੰਕ ਲੱਗ ਗਿਆ ॥੧੩॥

ਸ੍ਰਾਪ ਲਗਯੋ ਤਾ ਕੋ ਮੁਨਿ ਸੰਦਾ ॥

ਦੂਜਾ ਗੌਤਮ ਮੁਨੀ ਦਾ ਵੀ ਉਸ ਨੂੰ ਸਰਾਪ ਲੱਗਾ ਸੀ।

ਘਟਤ ਬਢਤ ਤਾ ਦਿਨ ਤੇ ਚੰਦਾ ॥

ਉਸ ਦਿਨ ਤੋਂ ਚੰਦਰਮਾ ਵਧਦਾ ਘਟਦਾ ਹੈ।

ਲਜਿਤ ਅਧਿਕ ਹਿਰਦੇ ਮੋ ਭਯੋ ॥

(ਉਸ ਦਿਨ ਤੋਂ) ਹਿਰਦੇ ਵਿੱਚ (ਚੰਦਰਮਾ) ਬਹੁਤ ਸ਼ਰਮਿੰਦਾ ਹੋਇਆ

ਗਰਬ ਅਖਰਬ ਦੂਰ ਹੁਐ ਗਯੋ ॥੧੪॥

ਅਤੇ (ਉਸ ਦੇ ਮਨ ਵਿਚੋਂ) ਵੱਡਾ ਹੰਕਾਰ ਦੁਰ ਹੋ ਗਿਆ ॥੧੪॥

ਤਪਸਾ ਕਰੀ ਬਹੁਰੁ ਤਿਹ ਕਾਲਾ ॥

ਫਿਰ (ਚੰਦਰਮਾ ਨੇ) ਬਹੁਤ ਚਿਰ ਤਪਸਿਆ ਕੀਤੀ।

ਕਾਲ ਪੁਰਖ ਪੁਨ ਭਯੋ ਦਿਆਲਾ ॥

ਫਿਰ 'ਕਾਲ-ਪੁਰਖ' (ਉਸ ਉੱਤੇ) ਕ੍ਰਿਪਾਲੂ ਹੋਏ।

ਛਈ ਰੋਗ ਤਿਹ ਸਕਲ ਬਿਨਾਸਾ ॥

ਉਸ ਦਾ ਖਈ ਰੋਗ (ਤਪੇਦਿਕ) ਨਸ਼ਟ ਕਰ ਦਿੱਤਾ

ਭਯੋ ਸੂਰ ਤੇ ਊਚ ਨਿਵਾਸਾ ॥੧੫॥

ਅਤੇ ਚੰਦਰਮਾ ਨੂੰ ਸੂਰਜ ਨਾਲੋਂ ਵੀ ਉੱਚਾ ਸਥਾਨ ਪ੍ਰਾਪਤ ਹੋਇਆ ॥੧੫॥

ਇਤਿ ਚੰਦ੍ਰ ਅਵਤਾਰ ਉਨੀਸਵੋਂ ॥੧੯॥ ਸੁਭਮ ਸਤੁ ॥

ਇਥੇ ਬਚਿਤ੍ਰ ਨਾਟਕ ਗ੍ਰੰਥ ਦੇ ਸ੍ਰੀ ਚੰਦ੍ਰ ਅਵਤਾਰ ਉਨ੍ਹੀਵੇਂ ਦੀ ਸਮਾਪਤੀ, ਸਭ ਸ਼ੁਭ ਹੈ ॥੧੯॥


Flag Counter