ਸ਼੍ਰੀ ਦਸਮ ਗ੍ਰੰਥ

ਅੰਗ - 1156


ਗਹਿਰੀ ਨਦੀ ਬਿਖੈ ਲੈ ਡਾਰਿਸਿ ॥

ਅਤੇ ਡੂੰਘੀ ਨਦੀ ਵਿਚ ਸੁਟ ਲਿਆ।

ਜਿਯ ਅਪਨੇ ਕਾ ਲੋਭ ਨ ਕਰਾ ॥

ਆਪਣੀ ਜਾਨ ਦੀ ਪਰਵਾਹ ਨਾ ਕੀਤੀ।

ਇਹ ਛਲ ਰਾਹੁ ਅਸ੍ਵ ਕਹ ਹਰਾ ॥੧੩॥

ਇਸ ਛਲ ਨਾਲ ਰਾਹੁ ਘੋੜਾ ਚੁਰਾ ਲਿਆ ॥੧੩॥

ਜਬ ਬਾਜੀ ਹਜਰਤਿ ਕੋ ਗਯੋ ॥

ਜਦ ਬਾਦਸ਼ਾਹ ਦਾ ਘੋੜਾ ਚੋਰੀ ਹੋ ਗਿਆ,

ਸਭਹਿਨ ਕੋ ਬਿਸਮੈ ਜਿਯ ਭਯੋ ॥

(ਤਾਂ) ਸਭ ਦੇ ਮਨ ਵਿਚ ਬਹੁਤ ਹੈਰਾਨੀ ਹੋਈ।

ਜਹਾ ਨ ਸਕਤ ਪ੍ਰਵੇਸ ਪਵਨ ਕਰਿ ॥

ਜਿਥੇ ਪੌਣ ਵੀ ਪ੍ਰਵੇਸ਼ ਨਹੀਂ ਕਰ ਸਕਦੀ ਸੀ,

ਤਹ ਤੇ ਲਯੋ ਤੁਰੰਗਮ ਕਿਨ ਹਰਿ ॥੧੪॥

ਉਥੋਂ ਘੋੜਾ ਕਿਸ ਨੇ ਹਰ ਲਿਆ ॥੧੪॥

ਪ੍ਰਾਤ ਬਚਨ ਹਜਰਤਿ ਇਮ ਕਿਯੋ ॥

ਸਵੇਰ ਹੋਣ ਤੇ ਬਾਦਸ਼ਾਹ ਨੇ ਇਸ ਤਰ੍ਹਾਂ ਬਚਨ ਕੀਤਾ

ਅਭੈ ਦਾਨ ਚੋਰਹਿ ਮੈ ਦਿਯੋ ॥

ਕਿ ਮੈਂ ਚੋਰ ਦੀ ਜਾਨ ਬਖ਼ਸ਼ੀ ਕਰ ਦਿੱਤੀ।

ਜੋ ਵਹ ਮੋ ਕਹ ਬਦਨ ਦਿਖਾਵੈ ॥

ਜੇ ਉਹ ਮੈਨੂੰ ਮੂੰਹ ਵਿਖਾਵੇ ਤਾਂ (ਮੇਰੇ ਪਾਸੋਂ)

ਬੀਸ ਸਹਸ੍ਰ ਅਸਰਫੀ ਪਾਵੈ ॥੧੫॥

ਵੀਹ ਹਜ਼ਾਰ ਅਸ਼ਰਫ਼ੀਆਂ (ਦਾ ਇਨਾਮ) ਪ੍ਰਾਪਤ ਕਰੇ ॥੧੫॥

ਅਭੈ ਦਾਨ ਤਾ ਕੌ ਮੈ ਦ੍ਰਯਾਯੋ ॥

ਬਾਦਸ਼ਾਹ ਨੇ ਕੁਰਾਨ ਚੁਕ ਕੇ ਕਸਮ ਖਾਈ

ਖਾਈ ਸਪਤ ਕੁਰਾਨ ਉਚਾਯੋ ॥

ਅਤੇ ਉਸ ਦੀ ਜਾਨ ਬਖ਼ਸ਼ੀ ਦੀ ਘੋਸ਼ਣਾ ਕੀਤੀ।

ਤਬ ਤ੍ਰਿਯ ਭੇਸ ਪੁਰਖ ਕੋ ਧਰਾ ॥

ਤਦ (ਉਸ) ਇਸਤਰੀ ਨੇ ਪੁਰਸ਼ ਦਾ ਰੂਪ ਧਾਰਨ ਕੀਤਾ

ਸੇਰ ਸਾਹ ਕਹ ਸਿਜਦਾ ਕਰਾ ॥੧੬॥

ਅਤੇ ਸ਼ੇਰਸ਼ਾਹ ਨੂੰ ਪ੍ਰਨਾਮ ਕੀਤਾ ॥੧੬॥

ਦੋਹਰਾ ॥

ਦੋਹਰਾ:

ਪੁਰਖ ਭੇਖ ਕਹ ਪਹਿਰ ਤ੍ਰਿਯ ਭੂਖਨ ਸਜੇ ਸੁਰੰਗ ॥

(ਉਸ) ਇਸਤਰੀ ਨੇ ਪੁਰਸ਼ ਦਾ ਭੇਸ ਬਣਾ ਕੇ ਅਤੇ ਸੁੰਦਰ ਗਹਿਣੇ ਸਜਾ ਕੇ

ਸੇਰ ਸਾਹ ਸੌ ਇਮਿ ਕਹਾ ਮੈ ਤਵ ਹਰਾ ਤੁਰੰਗ ॥੧੭॥

ਸ਼ੇਰਸ਼ਾਹ ਨੂੰ ਇਸ ਤਰ੍ਹਾਂ ਕਿਹਾ ਕਿ ਮੈਂ ਤੁਹਾਡਾ ਘੋੜਾ ਚੁਰਾਇਆ ਹੈ ॥੧੭॥

ਚੌਪਈ ॥

ਚੌਪਈ:

ਜਬ ਹਜਰਤਿ ਤਾ ਕੌ ਲਖਿ ਲਯੋ ॥

ਜਦ ਬਾਦਸ਼ਾਹ ਨੇ ਉਸ ਨੂੰ ਵੇਖ ਲਿਆ,

ਹਰਖਤ ਭਯੋ ਕੋਪ ਮਿਟਿ ਗਯੋ ॥

(ਤਾਂ ਉਹ) ਖ਼ੁਸ਼ ਹੋਇਆ ਅਤੇ ਗੁੱਸਾ ਦੂਰ ਹੋ ਗਿਆ।

ਨਿਰਖਿ ਪ੍ਰਭਾ ਉਪਮਾ ਬਹੁ ਕੀਨੀ ॥

ਉਸ ਦੀ ਸੁੰਦਰਤਾ ਨੂੰ ਵੇਖ ਕੇ ਬਹੁਤ ਸਿਫ਼ਤ ਕੀਤੀ

ਬੀਸ ਸਹਸ੍ਰ ਅਸਰਫੀ ਦੀਨੀ ॥੧੮॥

ਅਤੇ ਵੀਹ ਹਜ਼ਾਰ ਅਸ਼ਰਫ਼ੀਆਂ (ਇਨਾਮ ਵਜੋਂ) ਦਿੱਤੀਆਂ ॥੧੮॥

ਦੋਹਰਾ ॥

ਦੋਹਰਾ:

ਹਸਿ ਹਜਰਤਿ ਐਸੇ ਕਹਾ ਸੁਨੁ ਤਸਕਰ ਸੁੰਦ੍ਰੰਗ ॥

ਬਾਦਸ਼ਾਹ ਨੇ ਹੱਸ ਕੇ ਕਿਹਾ, ਹੇ ਸੁੰਦਰ ਅੰਗਾਂ ਵਾਲੇ ਚੋਰ! ਸੁਣ,

ਸੋ ਬਿਧਿ ਕਹੋ ਬਨਾਇ ਮੁਹਿ ਕਿਹ ਬਿਧਿ ਹਰਾ ਤੁਰੰਗ ॥੧੯॥

ਮੈਨੂੰ ਉਹ ਢੰਗ ਦਸ ਜਿਸ ਢੰਗ ਨਾਲ ਤੂੰ ਘੋੜਾ ਚੁਰਾਇਆ ਹੈ ॥੧੯॥

ਚੌਪਈ ॥

ਚੌਪਈ:

ਜਬ ਅਬਲਾ ਆਇਸੁ ਇਮਿ ਪਾਵਾ ॥

ਜਦ ਇਸਤਰੀ ਨੇ ਇਹ ਆਗਿਆ ਪ੍ਰਾਪਤ ਕੀਤੀ

ਮੁਹਰ ਰਾਖਿ ਮੇਖਨ ਲੈ ਆਵਾ ॥

(ਤਾਂ ਉਹ) ਮੋਹਰਾਂ ਰਖ ਕੇ ਕਿਲਾਂ ਲੈ ਆਈ।

ਸਰਿਤਾ ਮੋ ਤ੍ਰਿਣ ਗੂਲ ਬਹਾਇਸਿ ॥

(ਫਿਰ) ਨਦੀ ਵਿਚ ਕੱਖ-ਕਾਨ ਦੇ ਪੂਲੇ ਰੋੜ੍ਹ ਦਿੱਤੇ

ਰਛਪਾਲ ਤਾ ਪਰ ਡਹਕਾਇਸਿ ॥੨੦॥

ਅਤੇ ਉਨ੍ਹਾਂ ਨਾਲ ਰਾਖਿਆਂ ਨੂੰ ਭੁਲੇਖਾ ਪਾਇਆ ॥੨੦॥

ਦੋਹਰਾ ॥

ਦੋਹਰਾ:

ਬਹੁਰਿ ਨਦੀ ਭੀਤਰ ਪਰੀ ਜਾਤ ਭਈ ਤਰਿ ਪਾਰਿ ॥

ਫਿਰ ਨਦੀ ਵਿਚ ਪੈ ਕੇ ਅਤੇ ਤਰ ਕੇ ਪਾਰ ਜਾ ਪਹੁੰਚੀ

ਸਾਹਿ ਝਰੋਖਾ ਕੇ ਤਰੇ ਲਾਗਤ ਭਈ ਸੁਧਾਰਿ ॥੨੧॥

ਅਤੇ ਬਾਦਸ਼ਾਹ ਦੇ ਝਰੋਖੇ ਹੇਠਾਂ ਜਾ ਲਗੀ ॥੨੧॥

ਚੌਪਈ ॥

ਚੌਪਈ:

ਜਬ ਘਰਿਯਾਰੀ ਘਰੀ ਬਜਾਵੈ ॥

ਜਦ ਘੜਿਆਲੀ ਘੜੀ ਵਜਾਉਂਦਾ,

ਤਬ ਵਹ ਮੇਖਿਕ ਤਹਾ ਲਗਾਵੈ ॥

ਤਾਂ ਉਹ ਉਥੇ ਇਕ ਕਿਲ ਲਗਾ ਦਿੰਦੀ।

ਬੀਤਾ ਦਿਵਸ ਰਜਨਿ ਬਡਿ ਗਈ ॥

ਦਿਨ ਗੁਜ਼ਰ ਗਿਆ ਅਤੇ ਰਾਤ ਵੱਧ ਗਈ,

ਤਬ ਤ੍ਰਿਯ ਤਹਾ ਪਹੂਚਤ ਭਈ ॥੨੨॥

ਤਦ ਇਸਤਰੀ ਉਥੇ ਜਾ ਪਹੁੰਚੀ ॥੨੨॥

ਅੜਿਲ ॥

ਅੜਿਲ:

ਤੈਸਹਿ ਛੋਰਿ ਤੁਰੰਗ ਝਰੋਖਾ ਬੀਚ ਕਰਿ ॥

ਉਸੇ ਤਰ੍ਹਾਂ ਘੋੜੇ ਨੂੰ ਖੋਲ੍ਹ ਕੇ ਅਤੇ ਝਰੋਖੇ ਵਿਚੋਂ ਕਢ ਕੇ ਕੁਦਾਇਆ

ਜਲ ਮੋ ਪਰੀ ਕੁਦਾਇ ਜਾਤ ਭੀ ਪਾਰ ਤਰਿ ॥

ਅਤੇ ਜਲ ਵਿਚ ਆ ਪਈ ਅਤੇ ਤਰ ਕੇ ਪਾਰ ਚਲੀ ਗਈ।

ਸਭ ਲੋਕਨ ਕੌ ਕੌਤਕ ਅਧਿਕ ਦਿਖਾਇ ਕੈ ॥

ਸਾਰਿਆਂ ਲੋਕਾਂ ਨੂੰ ਬਹੁਤ (ਵਧੀਆ) ਕੌਤਕ ਵਿਖਾ ਕੇ

ਹੋ ਸੇਰ ਸਾਹ ਸੌ ਬਚਨ ਕਹੇ ਮੁਸਕਾਇ ਕੈ ॥੨੩॥

ਅਤੇ ਹੱਸ ਕੇ ਸ਼ੇਰ ਸ਼ਾਹ ਨੂੰ ਕਿਹਾ ॥੨੩॥

ਇਹੀ ਭਾਤਿ ਸੋ ਪ੍ਰਥਮ ਬਾਜ ਮੁਰਿ ਕਰ ਪਰਿਯੋ ॥

ਇਸੇ ਤਰ੍ਹਾਂ ਪਹਿਲਾ ਘੋੜਾ ਮੇਰੇ ਹੱਥ ਲਗਾ ਸੀ

ਦੁਤਿਯ ਅਸ੍ਵ ਤਵ ਨਿਰਖਿਤ ਇਹ ਛਲ ਸੌ ਹਰਿਯੋ ॥

ਅਤੇ ਦੂਜਾ ਘੋੜਾ ਤੁਹਾਡੇ ਵੇਖਦਿਆਂ ਇਸ ਛਲ ਨਾਲ ਚੁਰਾ ਲਿਆ ਹੈ।

ਸੇਰ ਸਾਹਿ ਤਬ ਕਹਿਯੋ ਕਹਾ ਬੁਧਿ ਕੋ ਭਯੋ ॥

ਸ਼ੇਰ ਸ਼ਾਹ ਨੇ ਕਿਹਾ ਕਿ (ਮੇਰੀ) ਬੁੱਧੀ ਨੂੰ ਕੀ ਹੋ ਗਿਆ

ਹੋ ਰਾਹਾ ਥੋ ਜਹਾ ਤਹੀ ਸੁਰਾਹਾ ਹੂੰ ਗਯੋ ॥੨੪॥

ਕਿ ਜਿਥੇ ਰਾਹੁ ਸੀ, ਉਥੇ ਹੀ ਸੁਰਾਹੁ ਵੀ ਚਲਾ ਗਿਆ ॥੨੪॥


Flag Counter