ਸ਼੍ਰੀ ਦਸਮ ਗ੍ਰੰਥ

ਅੰਗ - 65


ਭਾਤਿ ਅਨੇਕਨ ਕੇ ਕਰੇ ਪੁਰਿ ਅਨੰਦ ਸੁਖ ਆਨਿ ॥੨੪॥

ਅਤੇ ਆਨੰਦਪੁਰ ਆ ਕੇ ਅਨੇਕ ਤਰ੍ਹਾਂ ਦੇ ਸੁਖ ਮਾਣੇ ॥੨੪॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਨਦੌਨ ਜੁਧ ਬਰਨਨੰ ਨਾਮ ਨੌਮੋ ਧਿਆਇ ਸਮਾਪਤਮ ਸਤੁ ਸੁਭਮ ਸਤੁ ॥੯॥੩੪੪॥

ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ 'ਨਦੌਨ ਜੁਧ ਬਰਨਨੰ' ਨਾਂ ਵਾਲੇ ਨੌਵੇਂ ਅਧਿਆਇ ਦੀ ਸਮਾਪਤੀ ਹੁੰਦੀ ਹੈ, ਸਭ ਸ਼ੁਭ ਹੈ ॥੯॥੩੪੪॥

ਚੌਪਈ ॥

ਚੌਪਈ:

ਬਹੁਤ ਬਰਖ ਇਹ ਭਾਤਿ ਬਿਤਾਏ ॥

ਬਹੁਤ ਵਰ੍ਹੇ ਇਸ ਤਰ੍ਹਾਂ (ਸੁਖ ਨਾਲ) ਬਤੀਤ ਕੀਤੇ।

ਚੁਨਿ ਚੁਨਿ ਚੋਰ ਸਬੈ ਗਹਿ ਘਾਏ ॥

(ਅਤੇ ਇਲਾਕੇ ਵਿਚੋਂ) ਲਭ ਲਭ ਕੇ ਸਾਰੇ ਚੋਰ ਪਕੜ ਕੇ ਮਾਰ ਦਿੱਤੇ।

ਕੇਤਕਿ ਭਾਜਿ ਸਹਿਰ ਤੇ ਗਏ ॥

ਕਈ ਆਨੰਦਪੁਰ ਨਗਰ ਤੋਂ ਭਜ ਗਏ।

ਭੂਖਿ ਮਰਤ ਫਿਰਿ ਆਵਤ ਭਏ ॥੧॥

ਕਈ ਭੁਖੇ ਮਰਦਿਆਂ ਪਰਤ ਆਏ ॥੧॥

ਤਬ ਲੌ ਖਾਨ ਦਿਲਾਵਰ ਆਏ ॥

ਤਦ (ਲਾਹੌਰ ਦੇ ਸੂਬੇਦਾਰ) ਦਲਾਵਰ ਖ਼ਾਨ ਪਾਸ (ਅਲਫ਼ ਖ਼ਾਨ) ਆਇਆ।

ਪੂਤ ਆਪਨ ਹਮ ਓਰਿ ਪਠਾਏ ॥

(ਉਸ ਨੇ ਸਾਰਾ ਬ੍ਰਿੱਤਾਂਤ ਸੁਣ ਕੇ) ਆਪਣੇ ਪੁੱਤਰ ਨੂੰ ਸਾਡੇ ਕੋਲ ਭੇਜਿਆ।

ਦ੍ਵੈਕ ਘਰੀ ਬੀਤੀ ਨਿਸਿ ਜਬੈ ॥

ਜਦੋਂ ਦੋ ਕੁ ਘੜੀਆਂ ਰਾਤ ਬੀਤ ਗਈ

ਚੜਤ ਕਰੀ ਖਾਨਨ ਮਿਲਿ ਤਬੈ ॥੨॥

ਤਾਂ ਪਠਾਣਾਂ ਨੇ ਮਿਲ ਕੇ (ਸਾਡੇ ਉਤੇ) ਚੜ੍ਹਾਈ ਕਰ ਦਿੱਤੀ ॥੨॥

ਜਬ ਦਲ ਪਾਰ ਨਦੀ ਕੇ ਆਯੋ ॥

ਜਦੋਂ ਵੈਰੀ-ਦਲ ਨਦੀ ਤੋਂ ਪਾਰ ਆ ਗਿਆ

ਆਨਿ ਆਲਮੈ ਹਮੈ ਜਗਾਯੋ ॥

ਤਾਂ ਡਿਉਡੀ ਦੇ ਸਰਦਾਰ ਆਲਮ (ਸ਼ਾਹ ਸਿੰਘ) ਨੇ ਸਾਨੂੰ ਜਗਾਇਆ।

ਸੋਰੁ ਪਰਾ ਸਭ ਹੀ ਨਰ ਜਾਗੇ ॥

ਸ਼ੋਰ ਪੈਣ ਤੇ ਸਭ ਸੈਨਿਕ ਜਾਗ ਗਏ

ਗਹਿ ਗਹਿ ਸਸਤ੍ਰ ਬੀਰ ਰਿਸ ਪਾਗੇ ॥੩॥

ਅਤੇ ਵੀਰਰਸ ਨਾਲ ਮਤੇ ਹੋਏ ਸ਼ਸਤ੍ਰ ਫੜ ਫੜ ਕੇ (ਅਗੇ ਵਧੇ) ॥੩॥

ਛੂਟਨ ਲਗੀ ਤੁਫੰਗੈ ਤਬਹੀ ॥

ਤਦੋਂ ਬੰਦੂਕਾਂ ਚਲਣ ਲਗੀਆਂ

ਗਹਿ ਗਹਿ ਸਸਤ੍ਰ ਰਿਸਾਨੇ ਸਬਹੀ ॥

ਅਤੇ ਸ਼ਸਤ੍ਰ ਫੜ ਫੜ ਕੇ ਸਾਰੇ (ਸੈਨਿਕ) ਕ੍ਰੋਧਵਾਨ ਹੋਣ ਲਗੇ।

ਕ੍ਰੂਰ ਭਾਤਿ ਤਿਨ ਕਰੀ ਪੁਕਾਰਾ ॥

ਉਨ੍ਹਾਂ (ਪਠਾਣਾਂ) ਨੇ ਭਿਆਨਕ ਰੌਲਾ ਪਾ ਦਿੱਤਾ।

ਸੋਰੁ ਸੁਨਾ ਸਰਤਾ ਕੈ ਪਾਰਾ ॥੪॥

ਨਦੀ ਦੇ ਪਰਲੇ ਪਾਸਿਓਂ (ਅਸੀਂ) ਸ਼ੋਰ ਸੁਣਿਆ ॥੪॥

ਭੁਜੰਗ ਪ੍ਰਯਾਤ ਛੰਦ ॥

ਭੁਜੰਗ ਪ੍ਰਯਾਤ ਛੰਦ:

ਬਜੀ ਭੈਰ ਭੁੰਕਾਰ ਧੁੰਕੈ ਨਗਾਰੇ ॥

ਭੇਰੀਆਂ ਭੂੰ ਭੂੰ ਕਰ ਕੇ ਵਜੀਆਂ ਅਤੇ ਨਗਾਰੇ ਗੂੰਜਣ ਲਗੇ।

ਮਹਾ ਬੀਰ ਬਾਨੈਤ ਬੰਕੇ ਬਕਾਰੇ ॥

ਬਾਂਕੇ ਤੀਰ-ਅੰਦਾਜ਼ ਅਤੇ ਬਲਵਾਨ ਯੋਧੇ ਲਲਕਾਰੇ ਮਾਰਦੇ (ਯੁੱਧ-ਭੂਮੀ ਵਿਚ ਨਿਤਰੇ)।

ਭਏ ਬਾਹੁ ਆਘਾਤ ਨਚੇ ਮਰਾਲੰ ॥

(ਉਲਰੀਆਂ ਹੋਈਆਂ) ਬਾਂਹਵਾਂ ਦੀਆਂ ਸੱਟਾ (ਇਕ ਦੂਜੀ ਤੇ) ਵਜੀਆਂ (ਭਾਵ ਸ਼ਸਤ੍ਰ ਚਲਣ ਲਗੇ) ਅਤੇ ਘੋੜੇ ਨਚਣ ਲਗੇ।

ਕ੍ਰਿਪਾ ਸਿੰਧੁ ਕਾਲੀ ਗਰਜੀ ਕਰਾਲੰ ॥੫॥

ਰਣ-ਭੂਮੀ (ਕ੍ਰਿਪਾ ਸਿੰਧੁ-ਖੋਪੜੀਆਂ ਦਾ ਸਮੁੰਦਰ) ਵਿਚ ਭਿਆਨਕ ਕਾਲੀ ਗੱਜੀ ॥੫॥

ਨਦੀਯੰ ਲਖ੍ਯੋ ਕਾਲਰਾਤ੍ਰ ਸਮਾਨੰ ॥

(ਉਨ੍ਹਾਂ ਪਠਾਣਾਂ ਨੇ) ਨਦੀ ਨੂੰ ਕਾਲ-ਰਾਤ੍ਰੀ ਵਾਂਗ ਸਮਝਿਆ,

ਕਰੇ ਸੂਰਮਾ ਸੀਤਿ ਪਿੰਗੰ ਪ੍ਰਮਾਨੰ ॥

(ਨਾਲੇ ਨਦੀ ਦੇ) ਠੰਡੇ (ਜਲ ਨੇ) ਸੂਰਮਿਆਂ ਨੂੰ ਪਿੰਗਲਿਆਂ ਵਰਗਾ ਬਣਾ ਦਿੱਤਾ।

ਇਤੇ ਬੀਰ ਗਜੇ ਭਏ ਨਾਦ ਭਾਰੇ ॥

ਇਧਰੋਂ ਸੂਰਮੇ ਗਜੇ ਅਤੇ ਭਿਆਨਕ ਨਾਦ ਹੋਣ ਲਗੇ।

ਭਜੇ ਖਾਨ ਖੂਨੀ ਬਿਨਾ ਸਸਤ੍ਰ ਝਾਰੇ ॥੬॥

(ਉਧਰ) ਖ਼ੂਨਖ਼ਾਰ ਖ਼ਾਨ ਬਿਨਾ ਸ਼ਸਤ੍ਰ ਚਲਾਏ ਭਜ ਗਏ ॥੬॥

ਨਰਾਜ ਛੰਦ ॥

ਨਰਾਜ ਛੰਦ:

ਨਿਲਜ ਖਾਨ ਭਜਿਯੋ ॥

ਨਿਰਲਜ ਖ਼ਾਨ ਭਜ ਗਿਆ।

ਕਿਨੀ ਨ ਸਸਤ੍ਰ ਸਜਿਯੋ ॥

(ਉਸ ਦੀ ਸੈਨਾ ਵਿਚੋਂ) ਕਿਸੇ ਨੇ ਵੀ ਸ਼ਸਤ੍ਰ ਧਾਰਨ ਨਾ ਕੀਤੇ।

ਸੁ ਤਿਆਗ ਖੇਤ ਕੋ ਚਲੇ ॥

ਉਹ ਰਣੁ-ਭੂਮੀ ਨੂੰ ਤਿਆਗ ਕੇ ਚਲੇ ਗਏ

ਸੁ ਬੀਰ ਬੀਰਹਾ ਭਲੇ ॥੭॥

ਜੋ (ਆਪਣੇ ਆਪ ਨੂੰ) ਤਕੜੇ ਗ਼ਾਜ਼ੀ ਅਖਵਾਉਂਦੇ ਸਨ ॥੭॥

ਚਲੇ ਤੁਰੇ ਤੁਰਾਇ ਕੈ ॥

(ਉਹ) ਘੋੜੇ ਭਜਾ ਕੇ ਚਲੇ ਗਏ।

ਸਕੈ ਨ ਸਸਤ੍ਰ ਉਠਾਇ ਕੈ ॥

(ਉਨ੍ਹਾਂ ਵਿਚੋਂ ਕੋਈ ਵੀ) ਸ਼ਸਤ੍ਰ ਨਾ ਉਠਾ ਸਕਿਆ।

ਨ ਲੈ ਹਥਿਆਰ ਗਜਹੀ ॥

ਨਾ ਹੀ (ਉਹ) ਹਥਿਆਰ ਲੈ ਕੇ ਗੱਜੇ।

ਨਿਹਾਰਿ ਨਾਰਿ ਲਜਹੀ ॥੮॥

(ਉਨ੍ਹਾਂ ਨੂੰ) ਵੇਖ ਕੇ ਨਾਰੀਆਂ ਵੀ ਸ਼ਰਮਾਉਣ ਲਗੀਆਂ ॥੮॥

ਦੋਹਰਾ ॥

ਦੋਹਰਾ:

ਬਰਵਾ ਗਾਉ ਉਜਾਰ ਕੈ ਕਰੇ ਮੁਕਾਮ ਭਲਾਨ ॥

(ਉਨ੍ਹਾਂ ਨੇ ਰਸਤੇ ਵਿਚ ਪੈਂਦੇ) ਬਰਵਾ ਨਾਂ ਦੇ ਪਿੰਡ ਨੂੰ ਉਜਾੜਿਆ ਅਤੇ ਭਲਾਨ ਨਾਂ ਦੇ ਪਿੰਡ ਵਿਚ ਠਿਕਾਣਾ ਕੀਤਾ।

ਪ੍ਰਭ ਬਲ ਹਮੈ ਨ ਛੁਇ ਸਕੈ ਭਾਜਤ ਭਏ ਨਿਦਾਨ ॥੯॥

ਪਰਮਾਤਮਾ ਦੀ ਕ੍ਰਿਪਾ ਨਾਲ (ਉਹ) ਮੂਰਖ ਸਾਨੂੰ ਛੋਹ ਤਕ ਨਾ ਸਕੇ ਅਤੇ ਭਜ ਗਏ ॥੯॥

ਤਵ ਬਲਿ ਈਹਾ ਨ ਪਰ ਸਕੈ ਬਰਵਾ ਹਨਾ ਰਿਸਾਇ ॥

ਤੇਰੀ ਕ੍ਰਿਪਾ ਕਰਕੇ (ਉਹ) ਆਨੰਦਪੁਰ ਉਤੇ ਤਾਂ ਹਮਲਾ ਨਾ ਕਰ ਸਕੇ, (ਪਰ) ਗੁੱਸੇ ਵਿਚ ਆ ਕੇ ਬਰਵਾ ਨੂੰ ਉਜਾੜ ਦਿੱਤਾ,

ਸਾਲਿਨ ਰਸ ਜਿਮ ਬਾਨੀਯ ਰੋਰਨ ਖਾਤ ਬਨਾਇ ॥੧੦॥

ਜਿਵੇਂ ਮਾਸ ਦੇ ਰਸ ਦੀ (ਇੱਛਾ ਕਰਨ ਵਾਲਾ) ਬਾਣੀਆ (ਮਾਸ ਤਾਂ ਖਾ ਨਹੀਂ ਸਕਦਾ) ਪਰ ਰੋੜਿਆਂ (ਦਾ ਸਾਲਨ) ਬਣਾ ਕੇ ਖਾਂਦਾ ਹੈ ॥੧੦॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਖਾਨਜਾਦੇ ਕੋ ਆਗਮਨ ਤ੍ਰਾਸਿਤ ਉਠ ਜੈਬੋ ਬਰਨਨੰ ਨਾਮ ਦਸਮੋ ਧਯਾਇ ਸਮਾਪਤਮ ਸਤੁ ਸੁਭਮ ਸਤੁ ॥੧੦॥੩੫੪॥

ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ 'ਖਾਨਜਾਦੇ ਕੋ ਤ੍ਰਾਸਿਤ ਉਠ ਜੈਬੋ ਬਰਨਨੰ' ਨਾਂ ਵਾਲਾ ਦਸਵਾਂ ਅਧਿਆਇ ਸਮਾਪਤ ਹੁੰਦਾ ਹੈ, ਸਭ ਸ਼ੁਭ ਹੈ ॥੧੦॥੩੫੪॥

ਹੁਸੈਨੀ ਜੁਧ ਕਥਨੰ ॥

ਹੁਸੈਨੀ ਜੁਧ ਦੇ ਹਾਲ ਦਾ ਕਥਨ

ਭੁਜੰਗ ਪ੍ਰਯਾਤ ਛੰਦ ॥

ਭੁਜੰਗ ਪ੍ਰਯਾਤ ਛੰਦ:

ਗਯੋ ਖਾਨਜਾਦਾ ਪਿਤਾ ਪਾਸ ਭਜੰ ॥

ਖ਼ਾਨਜ਼ਾਦਾ ਭਜ ਕੇ ਪਿਤਾ ਕੋਲ ਗਿਆ।

ਸਕੈ ਜ੍ਵਾਬੁ ਦੈ ਨ ਹਨੇ ਸੂਰ ਲਜੰ ॥

ਸੂਰਮਿਆਂ ਦੇ ਮਾਰੇ ਜਾਣ ਦੀ ਸ਼ਰਮਿੰਦਗੀ ਕਰਕੇ (ਪਿਉ ਨੂੰ ਕੋਈ) ਉੱਤਰ ਨਾ ਦੇ ਸਕਿਆ।

ਤਹਾ ਠੋਕਿ ਬਾਹਾ ਹੁਸੈਨੀ ਗਰਜਿਯੰ ॥

(ਤਦੋਂ) ਉਥੇ ਬਾਂਹਵਾਂ ਨੂੰ ਠੋਕਦਾ ਹੋਇਆ ਹੁਸੈਨੀ ਗਜਿਆ


Flag Counter