ਸਵੈਯਾ:
(ਤੇਰਾ) ਵਾਹਨ ਸ਼ੇਰ ਹੈ, (ਤੇਰੀਆਂ) ਅੱਠ ਭੁਜਾਵਾਂ ਹਨ ਜਿਨ੍ਹਾਂ ਵਿਚ ਚੱਕਰ, ਗਦਾ, ਤ੍ਰਿਸ਼ੂਲ,
ਬਰਛੀ, ਤੀਰ, ਢਾਲ, ਕਮਾਨ ਆਦਿ (ਸ਼ਸਤ੍ਰ-ਅਸਤ੍ਰ ਧਾਰਨ ਕੀਤੇ ਹੋਏ ਹਨ) ਅਤੇ ਲਕ ਨਾਲ ਭੱਥਾ ਬੰਨ੍ਹਿਆ ਹੋਇਆ ਹੈ ਅਤੇ (ਸ਼ਰੀਰ ਉਤੇ) ਸੁੰਦਰ ਕਵਚ (ਧਾਰਿਆ ਹੋਇਆ) ਹੈ।
ਉਸ ਦੇਵੀ ਦੀ ਸਾਰੀਆਂ ਗੋਪੀਆਂ ਮਨ ਨਾਲ ਸੇਵਾ ਕਰਦੀਆਂ ਹਨ ਅਤੇ ਕ੍ਰਿਸ਼ਨ ਨਾਲ ਹਿਤ ਕਰਦੀਆਂ ਹਨ।
ਫਿਰ (ਦੇਵੀ ਨੂੰ) ਚਾਵਲ, ਧੂਪ, ਕੜਾਹ ਚੜ੍ਹਾਉਂਦੀਆਂ ਹਨ। ਦੀਪ ਜਗਾ ਕੇ ਉਨ੍ਹਾਂ ਦੇ ਗਲਾਂ ਵਿਚ ਹਾਰ ਪਾਂਦੇ ਹਨ ॥੨੮੬॥
ਕਬਿੱਤ:
ਤੇਰੇ (ਯਸ਼ ਨੂੰ) ਸੁਣਦੀਆਂ ਹਾਂ, ਤੇਰੇ ਜਾਪ ਨੂੰ ਜਪਦੀਆਂ ਹਾਂ, ਤੇਰਾ ਹੀ ਧਿਆਨ ਧਰਦੀਆਂ ਹਾਂ ਅਤੇ ਕਿਸੇ ਹੋਰ ਨੂੰ ਨਹੀਂ ਜਪਦੀਆਂ।
ਤੇਰੇ ਗੁਣ ਗਾਉਂਦੀਆਂ ਹਾਂ, ਤੇਰੀਆਂ ਹੀ ਅਖਵਾਉਂਦੀਆਂ ਹਾਂ, ਤੇਰੇ ਉਤੇ ਹੀ ਫੁਲ ਚੜ੍ਹਾਉਂਦੀਆਂ ਹਾਂ ਅਤੇ ਸਭ ਤਰ੍ਹਾਂ ਨਾਲ ਤੇਰੇ ਮਾਣ ਨੂੰ ਰਖਦੀਆਂ ਹਾਂ।
ਜਿਸ ਤਰ੍ਹਾਂ ਦਾ ਤੁਸੀਂ ਪ੍ਰਸੰਨ ਹੋ ਕੇ ਪਹਿਲਾਂ ਸਾਨੂੰ ਵਰ ਦਿੱਤਾ ਸੀ, ਉਸ ਤਰ੍ਹਾਂ ਦਾ ਹੁਣ ਸ੍ਰੇਸ਼ਠ ਗਿਆਨ ਵਾਲੇ ਸ੍ਰੀ ਕ੍ਰਿਸ਼ਨ ਦਾ ਵਰ ਦਿਓ।
ਸਾਨੂੰ ਬਿਭੂਤੀ (ਲਗਾਉਣ ਲਈ) ਦਿਓ ਅਤੇ (ਖਾਣ ਪੀਣ ਲਈ) ਬਨਸਪਤੀ ਦਿਓ, ਮੋਤੀਆਂ ਦੀ ਮਾਲਾ ਦਿਓ ਅਤੇ ਕੰਨਾਂ ਵਿਚ ਪਾਣ ਵਾਲੀਆਂ ਮੁੰਦਰਾਂ ਦਿਓ (ਭਾਵ ਜੋਗਣਾਂ ਬਣਨ ਦੀ ਸਾਮਗ੍ਰੀ ਦਿਓ) ॥੨੮੭॥
ਦੇਵੀ ਨੇ ਕਿਹਾ:
ਸਵੈਯਾ:
ਤਦ ਹਸ ਕੇ ਦੇਵੀ ਨੇ (ਇਹ) ਗੱਲ ਕਹੀ ਕਿ ਮੈਂ ਤਾਂ ਤੁਹਾਨੂੰ ਕ੍ਰਿਸ਼ਨ ਦਾ ਤੁਹਾਡਾ ਪਤੀ ਹੋਣ ਦਾ ਵਰ ਦਿੱਤਾ ਹੈ।
ਸਾਰੀਆਂ ਮਨ ਵਿਚ ਪ੍ਰਸੰਨ ਹੋਵੋ; ਮੈਂ ਸੱਚ ਕਿਹਾ ਹੈ, ਝੂਠ ਨਹੀਂ ਕਹਿੰਦੀ।
(ਇਸ ਪ੍ਰਕਾਰ) ਕਾਨ੍ਹ ਨੂੰ ਸੁਖ ਹੋਵੇਗਾ, ਤੁਹਾਨੂੰ ਸੁਖ ਹੋਵੇਗਾ, ਮੈਨੂੰ ਵੀ ਸੁਖ ਹੋਵੇਗਾ ਅਤੇ (ਅਸੀਂ ਸਭ) ਸੁਖ ਨਾਲ ਅੱਖਾਂ ਭਰ ਲਵਾਂਗੀਆਂ (ਭਾਵ ਸਭ ਆਨੰਦਿਤ ਹੋ ਜਾਵਾਂਗੀਆਂ)।
(ਦੇਵੀ ਨੇ) ਕਿਹਾ ਤੁਸੀਂ ਸਾਰੀਆਂ ਹੁਣ ਘਰਾਂ ਨੂੰ ਜਾਓ, ਕਲ ਤੁਸੀਂ ਉਸੇ ਵਰ ਨੂੰ ਪ੍ਰਾਪਤ ਕਰ ਲਵੋਗੀਆਂ ॥੨੮੮॥
ਕਵੀ ਨੇ ਕਿਹਾ ਦੋਹਰਾ:
(ਇਹ ਸੁਣ ਕੇ) ਬ੍ਰਜ-ਭੂਮੀ ਦੀਆਂ ਸਾਰੀਆਂ ਇਸਤਰੀਆਂ ਨੇ ਪ੍ਰਸੰਨ ਹੋ ਕੇ (ਦੇਵੀ ਨੂੰ) ਮੱਥਾ ਟੇਕਿਆ
ਅਤੇ ਚਰਨੀ ਪੈ ਕੇ ਤੇ ਬੇਨਤੀ ਕਰ ਕੇ ਘਰਾਂ ਨੂੰ ਚਲੀਆਂ ਗਈਆਂ ॥੨੮੯॥
ਸਵੈਯਾ:
ਆਪਸ ਵਿਚ ਹੱਥ ਜੋੜ ਕੇ ਸਾਰੀਆਂ ਗੋਪੀਆਂ ਪ੍ਰਸੰਨ ਹੋਈਆਂ ਘਰਾਂ ਨੂੰ ਚਲੀਆਂ ਗਈਆਂ
ਅਤੇ ਆਪਸ ਵਿਚ ਗੱਲਾਂ ਕਰਦੀਆਂ ਗਈਆਂ ਕਿ ਦੇਵੀ ਦੁਰਗਾ ਨੇ ਪ੍ਰਸੰਨ ਹੋ ਕੇ ਕ੍ਰਿਸ਼ਨ ਰੂਪੀ ਪਤੀ ਦਾ ਵਰ ਦਿੱਤਾ ਹੈ।
ਆਨੰਦ ਨਾਲ ਮਸਤ ਹੋਈਆਂ ਸਾਰੀਆਂ (ਗੋਪੀਆਂ) ਆਪਣੇ ਸੁੰਦਰ ਘਰਾਂ ਦੇ ਨੇੜੇ ਪਹੁੰਚ ਗਈਆਂ ਹਨ।
(ਉਨ੍ਹਾਂ ਨੇ) ਬਹੁਤਿਆਂ ਬ੍ਰਾਹਮਣਾਂ ਨੂੰ ਦਾਨ ਦਿੱਤਾ ਹੈ (ਕਿਉਂਕਿ) ਉਨ੍ਹਾਂ ਦੇ ਮਨ ਇਛਿਤ ਮਿਤਰ ਵਜੋਂ ਕ੍ਰਿਸ਼ਨ ਨੂੰ ਪ੍ਰਾਪਤ ਕੀਤਾ ਹੈ ॥੨੯੦॥