ਜੋ (ਕੋਈ) ਵੈਰੀ ਰਸਤੇ ਵਿਚ ਜਾ ਰਿਹਾ ਹੋਵੇ, (ਉਹ ਵੀ) ਉਪਮਾ ਸੁਣ ਕੇ ਉਸ ਨੂੰ ਵੇਖਣ ਲਈ ਚਲ ਕੇ ਜਾਂਦਾ ਹੈ।
ਕਵੀ ਸ਼ਿਆਮ (ਕਹਿੰਦੇ ਹਨ) ਹੋਰਾਂ ਦੀ ਗੱਲ ਤਾਂ ਕੀ ਕਰੀਏ, ਦੇਵਤੇ ਆਦਿ ਵੀ ਉਸ ਨੂੰ ਵੇਖ ਕੇ ਰੀਝ ਰਹੇ ਹਨ ॥੫੧੯॥
ਉਥੇ ਗੋਪੀਆਂ ਨਾਲ ਰਲ ਕੇ ਅਤੇ ਮਨ ਵਿਚ ਬਹੁਤ ਪ੍ਰੇਮ ਕਰ ਕੇ ਸ੍ਰੀ ਕ੍ਰਿਸ਼ਨ ਗਾਉਂਦੇ ਹਨ।
ਪੰਛੀਆਂ ਸਮੇਤ ਉਸ ਜਗ੍ਹਾ ਦੇ ਰਹਿਣ ਵਾਲੇ ਖੁਸ਼ ਹੋ ਰਹੇ ਹਨ, ਇਸ ਤਰ੍ਹਾਂ ਸ੍ਰੀ ਕ੍ਰਿਸ਼ਨ ਗੋਪੀਆਂ ਨੂੰ ਰਿਝਾ ਰਹੇ ਹਨ।
ਜਿਸ ਨੂੰ ਕਿਤਨੇ ਹੀ ਗਣ, ਗੰਧਰਬ ਅਤੇ ਕਿੰਨਰ ਖੋਜ ਰਹੇ ਹਨ, ਪਰ (ਉਸ ਦਾ) ਬਿਲਕੁਲ ਭੇਦ ਨਹੀਂ ਪਾ ਰਹੇ।
ਉਹ ਕ੍ਰਿਸ਼ਨ ਜੀ ਉਥੇ ਗਾਉਂਦੇ ਹਨ, (ਉਸ ਮਨਮੋਹਕ ਸੁਰ ਨੂੰ ਸੁਣ ਕੇ) ਹਿਰਨੀਆਂ ਨੂੰ ਛਡ ਕੇ ਹਿਰਨ ਚਲੇ ਆ ਰਹੇ ਹਨ ॥੫੨੦॥
(ਸ੍ਰੀ ਕ੍ਰਿਸ਼ਨ) ਸਾਰੰਗ, ਸ਼ੁੱਧ ਮਲ੍ਹਾਰ, ਬਿਭਾਸ, ਬਿਲਾਵਲ ਅਤੇ ਫਿਰ ਗਉੜੀ (ਆਦਿ ਰਾਗਾਂ ਨੂੰ) ਗਾਉਂਦੇ ਹਨ।
ਉਸ ਦੀ ਸੁਰ ਨੂੰ ਕੰਨਾਂ ਨਾਲ ਸੁਣ ਕੇ ਦੇਵਤਿਆਂ ਦੀਆਂ ਇਸਤਰੀਆਂ (ਸਿਰਾਂ ਦੀਆਂ) ਚੁੰਨੀਆਂ ਨੂੰ ਸੁਟ ਕੇ ਭਜੀਆਂ ਆ ਰਹੀਆਂ ਹਨ।
ਉਸ (ਸੁਰ) ਨੂੰ ਸੁਣ ਕੇ (ਪ੍ਰੇਮ) ਰਸ ਨਾਲ ਸਾਰੀਆਂ ਗੋਪੀਆਂ ਬੌਰੀਆਂ ਹੋ ਗਈਆਂ ਹਨ।
ਉਸ (ਸੁਰ) ਨੂੰ ਸੁਣ ਕੇ ਹਿਰਨ ਵੀ ਹਿਰਨੀਆਂ ਨੂੰ ਲੈ ਕੇ, ਜੰਗਲ ਛਡ ਕੇ ਭਜੀ ਆ ਰਹੇ ਹਨ ॥੫੨੧॥
(ਕੋਈ) ਇਕ ਗੋਪੀ ਨਚਦੀ ਹੈ, ਇਕ ਗੀਤ ਗਾਉਂਦੀ ਹੈ ਅਤੇ ਇਕ ਤਾੜੀ ਮਾਰ ਕੇ ਹਾਵ-ਭਾਵ ਵਿਖਾਉਂਦੀ ਹੈ।
ਰਾਸ ਵਿਚ ਅਤਿ ਅਧਿਕ (ਪ੍ਰੇਮ) ਰਸ ਨਾਲ ਸਾਰੀਆਂ ਕ੍ਰਿਸ਼ਨ ('ਮਨ ਭਾਵਨ') ਨੂੰ ਖ਼ੁਸ਼ ਕਰਨ (ਵਿਚ ਲਗੀਆਂ ਹਨ)।
ਕਵੀ ਸ਼ਿਆਮ ਕਹਿੰਦੇ ਹਨ, ਸਾਵਨ ਦੀ ਰੁਤ ਦੀ ਸੁੰਦਰ ਚਾਂਦਨੀ ਰਾਤ ਵਿਚ ਗੋਪੀਆਂ ਨਗਰ ਨੂੰ ਛਡ ਕੇ
ਅਤੇ (ਆਪਸ ਵਿਚ) ਮਿਲ ਕੇ ਉਸ ਸੁੰਦਰ ਸਥਾਨ ਉਤੇ (ਪ੍ਰੇਮ) ਰਸ ਦੀ ਖੇਡ ਖੇਡਦੀਆਂ ਹਨ ॥੫੨੨॥
ਕਵੀ ਸ਼ਿਆਮ ਕਹਿੰਦੇ ਹਨ, (ਉਸ) ਸੁੰਦਰ ਸਥਾਨ ਵਿਚ ਸਾਰੀਆਂ ਗੋਪੀਆਂ ਨੇ ਮਿਲ ਕੇ ਖੇਡ ਖੇਡੀ ਹੈ।
(ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ) ਮਾਨੋ ਬ੍ਰਹਮਾ ਨੇ ਖ਼ੁਦ ਦੇਵ-ਮੰਡਲ ਚੰਗੀ ਤਰ੍ਹਾਂ ਬਣਾ ਕੇ ਧਰਿਆ ਹੈ।
ਜਿਸ ਨੂੰ ਵੇਖ ਕੇ ਪੰਛੀ ਪ੍ਰਸੰਨ ਹੋ ਰਹੇ ਹਨ ਅਤੇ ਹਿਰਨਾਂ ਨੇ ਚਾਰੇ ਨੂੰ ਤਿਆਗ ਕੇ ਫਿਰ ਉਸ ਨੂੰ ਨਹੀਂ ਚਰਿਆ ਹੈ।
ਹੋਰਾਂ ਦੀ ਗੱਲ ਕੀ ਕਰੀਏ, ਜਿਸ (ਰਾਸ) ਨੂੰ ਵੇਖ ਕੇ (ਖੁਦ) ਕ੍ਰਿਸ਼ਨ ਵੀ ਛਲਿਆ ਗਿਆ ਹੈ ॥੫੨੩॥
ਇਧਰੋਂ ਕ੍ਰਿਸ਼ਨ ਆਪਣੇ ਮਿਤਰਾਂ ਨੂੰ (ਆਪਣੇ) ਨਾਲ (ਲੈ ਕੇ ਆ ਗਏ) ਅਤੇ ਉਧਰੋਂ ਸਾਰੀਆਂ ਗੋਪੀਆਂ ਦੀ ਟੋਲੀ (ਬਾਹਰ ਨੂੰ ਨਿਕਲ ਆਈ)।
ਕਵੀ ਸ਼ਿਆਮ (ਕਹਿੰਦੇ ਹਨ) ਤਦ ਉਥੇ (ਪ੍ਰੇਮ) ਰਸ ਦੀਆਂ (ਆਪਸੀ) ਗੱਲਾਂ ਹੋਣ ਲਗੀਆਂ।
ਜਿਸ ਦਾ ਅੰਤ ਬ੍ਰਹਮਾ ਨਹੀਂ ਜਾਣ ਸਕਿਆ ਅਤੇ ਜਿਸ ਦੀ ਛਬੀ ਨਾਰਦ ਨਹੀਂ ਪਾ ਸਕਿਆ,
(ਉਹ) ਸ੍ਰੀ ਕ੍ਰਿਸ਼ਨ ਗੋਪੀਆਂ ਦੀ ਟੋਲੀ ਵਿਚ ਉਸ ਤਰ੍ਹਾਂ ਫਬ ਰਿਹਾ ਹੈ ਜਿਵੇਂ ਹਿਰਨੀਆਂ ਵਿਚ ਹਿਰਨ ਸ਼ੋਭਦਾ ਹੈ ॥੫੨੪॥
ਇਧਰੋਂ ਸ੍ਰੀ ਕ੍ਰਿਸ਼ਨ (ਸਾਥੀਆਂ ਨਾਲ ਮਿਲ ਕੇ) ਗਾਉਂਦੇ ਹਨ ਅਤੇ ਉਧਰੋਂ ਸਾਰੀਆਂ ਗੋਪੀਆਂ ਮਿਲ ਕੇ ਗਾਉਂਦੀਆਂ ਹਨ।
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਫਗਣ ਦੀ ਰੁਤ ਵਿਚ ਅੰਬਾਂ ਦੇ ਬ੍ਰਿਛਾਂ ਉਤੇ ਕੋਇਲ ਕੂਕ ਰਹੀ ਹੋਵੇ।
ਨਦੀ ਦੇ ਕੰਢੇ ਉਹੀ ਗੀਤ ਗਾਉਂਦੇ ਹਨ, ਜੋ ਉਨ੍ਹਾਂ ਦੇ ਮਨ ਨੂੰ ਚੰਗੇ ਲਗਦੇ ਹਨ।
ਤਾਰੇ ਅਤੇ ਦੇਵਤੇ ਅੱਖਾਂ ਪਸਾਰ ਕੇ ਵੇਖਦੇ ਹਨ ਅਤੇ ਦੇਵਤਿਆਂ ਦੀਆਂ ਨਾਰੀਆਂ ਵੀ ਇਕੱਠੀਆਂ ਹੋ ਕੇ ਵੇਖਣ ਲਈ ਆਉਂਦੀਆਂ ਹਨ ॥੫੨੫॥
ਵਿਸ਼ਣੂ ਦੇ ਸਮਾਨ ਸ੍ਰੀ ਕ੍ਰਿਸ਼ਨ ਨੇ ਬਹੁਤ ਹੀ ਵੱਡਾ 'ਰਾਸ-ਮੰਡਲ' ਰਚਿਆ ਹੈ। ਕਵੀ (ਕਹਿੰਦੇ ਹਨ)
ਉਸ (ਮੰਡਲ) ਵਿਚ ਸੋਨੇ ਦੇ ਤੁਲ (ਪ੍ਰੇਮ) ਰਸ ਮਚਿਆ ਹੋਇਆ ਹੈ।
ਉਸ ਵਰਗੀ ਬਨਾਵਟ ਬ੍ਰਹਮਾ ਤੋਂ ਨਾ ਬਣ ਸਕੀ, (ਭਾਵੇਂ) ਉਹ ਕਰੋੜਾਂ ਵਰ੍ਹੇ (ਯਤਨ ਕਰ ਕੇ) ਥਕ ਗਿਆ ਹੈ।
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਗੋਪੀਆਂ ਦੇ ਸੋਨੇ ਵਰਗੇ ਸ਼ਰੀਰਾਂ ਵਿਚਲੇ ਮਨਾਂ ਵਿਚ (ਸ੍ਰੀ ਕ੍ਰਿਸ਼ਨ) ਮਣੀ ਵਾਂਗ ਜੜ੍ਹਿਆ ਹੋਇਆ ਹੈ ॥੫੨੬॥
ਜਿਸ ਤਰ੍ਹਾਂ ਮੱਛੀ ਜਲ ਵਿਚ ਕੇਲ ਕਰਦੀ ਹੈ, ਉਸੇ ਤਰ੍ਹਾਂ ਗੋਪੀਆਂ ਸ੍ਰੀ ਕ੍ਰਿਸ਼ਨ ਨਾਲ ਡੋਲਦੀਆਂ ਫਿਰਦੀਆਂ ਹਨ।
ਜਿਵੇਂ ਲੋਕੀਂ ਹੋਲੀ ਖੇਡਦੇ ਹਨ, ਉਸੇ ਤਰ੍ਹਾਂ (ਗੋਪੀਆਂ) ਕ੍ਰਿਸ਼ਨ ਨਾਲ ਕਲੋਲ ਕਰਦੀਆਂ ਹਨ।
ਜਿਵੇਂ ਕੋਇਲਾਂ ਬੋਲਦੀਆਂ ਹਨ, ਉਸੇ ਤਰ੍ਹਾਂ ਬੋਲਦੀਆਂ ਹੋਈਆਂ (ਗੋਪੀਆਂ) ਗੀਤ ਗਾਉਂਦੀਆਂ ਹਨ।
(ਕਵੀ) ਸ਼ਿਆਮ ਕਹਿੰਦੇ ਹਨ, ਇਸ ਤਰ੍ਹਾਂ ਸਾਰੀਆਂ ਗੋਪੀਆਂ ਸ੍ਰੀ ਕ੍ਰਿਸ਼ਨ ਦਾ (ਪ੍ਰੇਮ) ਰਸ ਨਿਚੋੜਦੀਆਂ ਹਨ (ਅਰਥਾਤ ਮਾਣਦੀਆਂ ਹਨ) ॥੫੨੭॥
ਸ੍ਰੀ ਕ੍ਰਿਸ਼ਨ ਨੇ ਉਨ੍ਹਾਂ ਨਾਲ (ਪ੍ਰੇਮ) ਰਸ ਦੀ ਚਰਚਾ ਕੀਤੀ ਹੈ, ਉਹ ਪ੍ਰੇਮ ਕੁਝ ਘਟ ਨਹੀਂ ਹੈ।
ਕਵੀ ਸ਼ਿਆਮ ਕਹਿੰਦੇ ਹਨ, (ਕ੍ਰਿਸ਼ਨ ਨੇ ਗੋਪੀਆਂ ਨੂੰ ਕਿਹਾ) ਤੁਹਾਡੇ ਨਾਲ ਮੇਰੀ ਖੇਡ ਖ਼ੂਬ ਫਬੀ ਹੈ (ਅਰਥਾਤ ਜਮੀ ਹੈ)।
ਇਹ ਗੱਲ ਕਹਿ ਕੇ (ਸ੍ਰੀ ਕ੍ਰਿਸ਼ਨ) ਹਸਣ ਲਗ ਪਏ (ਤਾਂ) ਦੰਦਾਂ ਦੀ ਸੁੰਦਰ ਸ਼ੋਭਾ ਇੰਜ ਚਮਕਣ ਲਗੀ,
ਮਾਨੋ ਸਾਵਨ ਦੀ ਰੁਤ ਦੇ ਚੰਗੇ ਦਿਨਾਂ ਵਿਚ ਕਾਲੇ ਬਦਲਾਂ ਵਿਚ ਬਿਜਲੀ ਚਮਕ ਰਹੀ ਹੋਵੇ ॥੫੨੮॥
ਕਾਮ (ਦੀ ਭਾਵਨਾ) ਨਾਲ ਬਹੁਤ ਭਰੀਆਂ ਹੋਈਆਂ ਗੋਪੀਆਂ ਕਹਿਣ ਲਗੀਆਂ ਓਇ ਨੰਦ ਲਾਲ! ਆਓ
ਅਤੇ ਸਾਡੇ ਨਾਲ ਕੇਲ ਕਰੋ ਅਤੇ ਮਨ ਵਿਚ ਕਿਸੇ ਪ੍ਰਕਾਰ ਦਾ ਕੁਝ ਸ਼ੰਕਾ ਨਾ ਕਰੋ।
ਨੈਣਾਂ ਨੂੰ ਮਟਕਾ ਕੇ ਅਤੇ ਕੁਝ ਮੁਸਕਰਾ ਕੇ ਅਤੇ ਦੋਹਾਂ ਭੌਆਂ ਨੂੰ ਟੇਢਾ ਕਰ ਕੇ (ਕ੍ਰਿਸ਼ਨ ਵਲ ਇੰਜ ਵੇਖਿਆ
ਜਿਸ ਦੀ ਉਪਮਾ ਕਵੀ ਦੇ) ਮਨ ਵਿਚ ਇਸ ਤਰ੍ਹਾਂ ਦੀ ਪੈਦਾ ਹੋਈ ਮਾਨੋ (ਗੋਪੀਆਂ ਨੇ) ਕ੍ਰਿਸ਼ਨ ਦੇ ਗਲੇ ਵਿਚ (ਪ੍ਰੇਮ) ਰਸ ਦੀ ਫਾਹੀ ਪਾ ਦਿੱਤੀ ਹੋਵੇ ॥੫੨੯॥
ਕਵੀ ਸ਼ਿਆਮ ਕਹਿੰਦੇ ਹਨ, ਉਨ੍ਹਾਂ ਗੋਪੀਆਂ ਵਿਚ ਸੁੰਦਰ ਕ੍ਰਿਸ਼ਨ ਖੇਡਦਾ ਹੈ, (ਜਿਸ ਦੀ) ਛਬੀ ਤੋਂ ਵਾਰਨੇ ਜਾਈਏ।
ਉਹ ਵੀ ਕਾਮ ਦੀਆਂ ਭਰੀਆਂ ਹੋਈਆਂ ਖੇਡਦੀਆਂ ਹਨ ਮਾਨੋ ਇਸ ਨੇ ਉਨ੍ਹਾਂ ਨੂੰ ਕਾਮ ਦੀ ਚੇਟਕ ਲਗਾ ਦਿੱਤੀ ਹੋਵੇ (ਅਰਥਾਤ ਜਾਦੂ ਕਰ ਦਿੱਤਾ ਹੋਵੇ)।
ਬ੍ਰਜ-ਭੂਮੀ ਵਿਚ (ਜਮਨਾ) ਨਦੀ ਦੇ ਕੰਢੇ ਬਹੁਤ ਸੁੰਦਰ ਅਖਾੜਾ ਹੋ ਰਿਹਾ ਹੈ।
(ਜਿਸ ਨੂੰ ਵੇਖ ਵੇਖ ਕੇ) ਪ੍ਰਿਥਵੀ ਦੇ ਸਾਰੇ ਲੋਕ ਪ੍ਰਸੰਨ ਹੋ ਰਹੇ ਹਨ ਅਤੇ ਸਾਰਾ ਦੇਵਮੰਡਲ ਵੀ ਰੀਝ ਰਿਹਾ ਹੈ ॥੫੩੦॥
(ਕੋਈ) ਇਕ ਗੋਪੀ ਗਾਉਂਦੀ ਹੈ, ਇਕ ਨਚਦੀ ਹੈ ਅਤੇ ਗੋਪੀਆਂ ਦੀਆਂ ਤਾੜੀਆਂ ਨਾਲ ਘੁੰਗਰੀਆਂ ਦੀ ਧੁਨ ਹੋ ਰਹੀ ਹੈ।
ਜਿਉਂ ਹਿਰਨ ਹਿਰਨੀਆਂ ਵਿਚ ਖੜੋਤਾ ਸ਼ੋਭਦਾ ਹੈ, ਉਸੇ ਤਰ੍ਹਾਂ ਗੋਪੀਆਂ ਦੀ ਟੋਲੀ ਵਿਚ ਸ੍ਰੀ ਕ੍ਰਿਸ਼ਨ ਫਬ ਰਹੇ ਹਨ।