ਅਤੇ ਉਸ ਨੂੰ ਉਸੇ ਢੰਗ ਨਾਲ ਘਰ ਵਾਪਸ ਪਹੁੰਚਾ ਦਿੱਤਾ ॥੬॥
ਦੋਹਰਾ:
ਇਕ ਦਿਨ ਰਾਜ ਕੁਮਾਰੀ ਦਾ ਪਿਤਾ ਪੁੱਤਰੀ ਦੇ ਘਰ ਗਿਆ।
ਸੇਜ ਨੂੰ ਮਧੋਲਿਆ ਹੋਇਆ ਵੇਖ ਕੇ ਮਨ ਵਿਚ ਸ਼ਕ ਪੈਦਾ ਹੋਇਆ ॥੭॥
ਚੌਪਈ:
ਚਿੰਤਾਵਾਨ ਹੋ ਕੇ ਘਰ ਨੂੰ ਪਰਤ ਆਇਆ
ਅਤੇ ਸ਼ਹਿਰ ਵਿਚ ਇਸ ਤਰ੍ਹਾਂ ਦਾ ਢੰਢੋਰਾ ਪਿਟਵਾ ਦਿੱਤਾ
ਕਿ ਜੇ ਕੋਈ ਫੁਲ ਖਰੀਦਣ ਲਈ ਆਵੇ
ਤਾਂ ਮੇਰੇ ਵੇਖੇ ਬਿਨਾ ਲੈ ਨਾ ਸਕੇ ॥੮॥
ਜਦ ਫੁਲਾਂ ਦੇ ਵਿਕਣ ਦਾ ਸਮਾਂ ਹੋਇਆ,
ਤਾਂ ਰਾਜਾ ਉਥੇ ਵੇਖਣ ਲਈ ਆਇਆ।
ਤਦ ਉਥੇ ਇਕ ਜੋਗੀ ਆਇਆ
(ਅਤੇ ਉਸ ਨੇ) ਪੰਜ ਮਣ ਫੁਲਾਂ ਦਾ ਮੁਲ ਤਾਰਿਆ ॥੯॥
(ਉਹ ਜੋਗੀ) ਆ ਕੇ ਫੁਲ ਮੁੱਲ ਲੈ ਗਿਆ।
ਰਾਜੇ ਨੇ ਉਸ ਦਾ ਪਿਛਾ ਕਰਨਾ ਸ਼ੁਰੂ ਕਰ ਦਿੱਤਾ।
ਚਲਦੇ ਚਲਦੇ ਦੋਵੇਂ ਸੰਘਣੇ ਬਨ ਵਿਚ ਪਹੁੰਚ ਗਏ,
ਜਿਥੇ ਕੋਈ ਤੀਜਾ ਮਨੁੱਖ ਦਿਖਾਈ ਨਹੀਂ ਦਿੰਦਾ ਸੀ ॥੧੦॥
ਤਦ ਜੋਗੀ ਨੇ ਸਿਰ ਦੀਆਂ ਜਟਾਵਾਂ ਖੋਲ੍ਹ ਦਿੱਤੀਆ।
ਉਨ੍ਹਾਂ ਵਿਚੋਂ ਇਕ ਇਸਤਰੀ ਕਢੀ।
ਉਸ ਨਾਲ ਭਾਂਤ ਭਾਂਤ ਦੀ ਰਤੀ-ਕ੍ਰੀੜਾ ਕੀਤੀ
ਕਾਮ ਦੇ ਤਾਪ ਨੂੰ ਦੂਰ ਕਰ ਕੇ ਸੌਂ ਗਿਆ ॥੧੧॥
ਜਦੋਂ ਹੀ ਸੰਨਿਆਸੀ ਸੌਂ ਗਿਆ
ਤਾਂ ਉਸ ਇਸਤਰੀ ਨੇ ਜਟਾਵਾਂ ਦਾ ਜੂੜਾ ਖੋਲ੍ਹਿਆ।
ਉਸ ਵਿਚੋਂ ਉਸ ਨੇ ਇਕ ਪੁਰਸ਼ ਨੂੰ ਕਢਿਆ
ਅਤੇ ਉਸ ਨਾਲ ਖ਼ੂਬ ਕਾਮ-ਕ੍ਰੀੜਾ ਕੀਤੀ ॥੧੨॥
ਰਾਜੇ ਨੇ ਖੜੋ ਕੇ ਇਹ ਸਾਰਾ ਚਰਿਤ੍ਰ ਵੇਖਿਆ
ਅਤੇ ਹੱਥ ਜੋੜ ਕੇ ਜੋਗੀ ਨੂੰ ਕਹਿਣ ਲਗਾ,
ਮੇਰੇ ਘਰ ਕਲ ਕ੍ਰਿਪਾ ਕਰ ਕੇ ਆਓ।
ਯਥਾਸ਼ਕਤੀ ਭੋਜਨ ਜੇਵਨ ਕਰੋ ॥੧੩॥
(ਅਗਲੇ ਦਿਨ) ਸਵੇਰੇ ਸ਼ਰੀਰ ਉਤੇ ਭਗਵਾ ਭੇਸ ਧਾਰਨ ਕਰ ਕੇ
ਸੰਨਿਆਸੀ ਉਸ (ਰਾਜੇ) ਦੇ ਘਰ ਗਿਆ।
ਉਸ ਨੇ ਭਾਂਤ ਭਾਂਤ ਨਾਲ ਆਪਣੇ ਸ਼ਰੀਰ ਦੀ ਪ੍ਰਭੁਤਾ ਨੂੰ ਬਣਾਇਆ ਹੋਇਆ ਸੀ
ਤਾਂ ਜੋ ਮਹਾਨ ਧਰਮੀ ਵਜੋਂ ਜਾਣਿਆ ਜਾ ਸਕੇ ॥੧੪॥
ਸੰਨਿਆਸੀ ਨੂੰ ਅਗੇ ਕਰ ਕੇ
ਰਾਜਾ ਪੁੱਤਰੀ ਦੇ ਘਰ ਆਇਆ।
ਭੋਜਨ ਦੇ ਤਿੰਨ ਥਾਲ ਭਰ ਕੇ
(ਉਸ ਸੰਨਿਆਸੀ ਦੇ) ਅਗੇ ਰਖੇ ਅਤੇ (ਖਾਣ ਲਈ) ਕਿਹਾ ॥੧੫॥
ਸੰਨਿਆਸੀ ਨੇ (ਅਗੋਂ) ਇਸ ਤਰ੍ਹਾਂ ਕਿਹਾ,
ਤੁਸੀਂ ਮੇਰੇ ਨਾਲ ਹਾਸੀ ਕਿਉਂ ਕਰ ਰਹੇ ਹੋ।
(ਮੈਂ) ਇਕ ਮਨੁੱਖ ਹਾਂ ਅਤੇ ਇਤਨਾ ਭੋਜਨ
ਮੈਂ ਕਿਸ ਤਰ੍ਹਾਂ ਖਾ ਸਕਾਂਗਾ ॥੧੬॥
(ਰਾਜੇ ਨੇ ਉੱਤਰ ਦਿੱਤਾ) ਇਕ ਥਾਲ ਦਾ ਭੋਜਨ ਤੁਸੀਂ ਕਰੋ।
ਦੂਜਾ ਥਾਲ ਜਟਾਵਾਂ (ਵਿਚਲੇ) ਬੰਦੇ ਵਾਸਤੇ ਵਰਤੋ।
ਜਿਵੇਂ ਕਿਵੇਂ ਜਟਾਵਾਂ ਨੂੰ ਖੋਲ੍ਹ ਕੇ
ਉਨ੍ਹਾਂ ਵਿਚੋਂ ਰਾਜੇ ਨੇ ਇਸਤਰੀ ਨੂੰ ਕਢਿਆ ॥੧੭॥
ਰਾਜੇ ਨੇ ਤੀਜਾ ਥਾਲ ਉਸ ਦੇ ਅਗੇ ਰਖਿਆ
ਅਤੇ ਹਸ ਕੇ ਉਸ ਨੂੰ ਕਿਹਾ
ਕਿ ਕੇਸਾਂ ਦੇ ਜੂੜੇ ਤੋਂ ਪੁਰਸ਼ ਨੂੰ ਕਢੋ