ਖੜਗ ਸਿੰਘ ਇਸ ਤਰ੍ਹਾਂ ਡਟਿਆ ਹੋਇਆ ਹੈ ਜਿਵੇਂ ਪੌਣ ਦੇ ਲਗਣ ਨਾਲ ਸੁਮੇਰ ਪਰਬਤ ਨਹੀਂ ਹਿਲਦਾ ਹੈ।
ਉਸ ਉਤੇ ਕਿਸੇ ਦਾ ਕੁਝ ਵਸ ਨਹੀਂ ਚਲਦਾ ਹੈ ਅਤੇ ਸਾਰੇ ਹੀ ਯਾਦਵਾਂ ਦਾ ਬਲ ਘਟ ਗਿਆ ਹੈ ॥੧੪੨੨॥
ਹੱਥ ਵਿਚ ਧਨੁਸ਼ ਲੈ ਕੇ ਅਤੇ ਕ੍ਰੋਧ ਕਰ ਕੇ ਦੋਹਾਂ ਰਾਜਿਆਂ ਦੀ ਬਹੁਤ ਸਾਰੀ ਸੈਨਾ ਨੂੰ (ਖੜਗ ਸਿੰਘ ਨੇ) ਮਾਰ ਸੁਟਿਆ ਹੈ।
ਬਹੁਤ ਸਾਰੇ ਘੋੜੇ, ਰਥਾਂ ਵਾਲੇ ਅਤੇ ਹਾਥੀਆਂ ਵਾਲੀ ਸੈਨਾ ('ਅਨੀ') ਮਾਰੀ ਗਈ ਹੈ ਜੋ (ਕਿਤਨੀ ਹੈ) ਬ੍ਰਹਮਾ ਤੋਂ ਵੀ ਗਿਣੀ ਨਹੀਂ ਜਾਂਦੀ।
ਕਵੀ ਸ਼ਿਆਮ ਨੇ ਉਸ ਛਬੀ ਦੀ ਉਪਮਾ ਮਨ ਵਿਚ ਵਿਚਾਰ ਕੇ ਮੁਖ ਤੋਂ (ਇਸ ਤਰ੍ਹਾਂ) ਕਹੀ ਹੈ।
ਮਾਨੋ ਇਹ ਯੁਧ-ਭੂਮੀ ਨਾ ਰਹਿ ਕੇ ਰੌਦਰ ਰਸ ਖੇਡਣ ਦਾ ਅਖਾੜਾ ਬਣ ਗਈ ਹੋਵੇ ॥੧੪੨੩॥
(ਖੜਗ ਸਿੰਘ) ਧਨੁਸ਼ ਅਤੇ ਬਾਣ ਲੈ ਕੇ ਰਣ ਵਿਚ ਧਸ ਗਿਆ ਹੈ ਅਤੇ ਉਸ ਦੇ ਮਨ ਵਿਚ ਕ੍ਰੋਧ ਬਹੁਤ ਵਧ ਗਿਆ ਹੈ।
ਵੈਰੀਆਂ ਦਾ ਜੋ ਦਲ ਸੀ, (ਉਸ) ਸਾਰੇ ਨੂੰ ਹੀ ਕ੍ਰੋਧ ਦੀ ਅੱਗ ਨਾਲ ਪ੍ਰਤੱਖ ਤੌਰ ਤੇ ਸਾੜ ਦਿੱਤਾ ਹੈ।
(ਉਸ ਨੇ) ਵੈਰੀ ਦੀ ਸੈਨਾ ਨੂੰ ਛਿਣ ਵਿਚ ਨਸ਼ਟ ਕਰ ਦਿੱਤਾ ਹੈ। ਉਸ ਛਬੀ ਦਾ ਯਸ਼ ਕਵੀ ਸ਼ਿਆਮ ਨੇ (ਇੰਜ) ਪੜ੍ਹਿਆ ਹੈ,
ਜਿਵੇਂ ਸੂਰਜ ਦੇ ਚੜ੍ਹਨ ਨਾਲ ਡਰ ਕੇ ਵੈਰੀ ਰੂਪ ਹਨੇਰਾ ਭਜ ਜਾਂਦਾ ਹੈ, ਮਾਨੋ ਇਹ ਸੂਰਮਾ ਨਹੀਂ, (ਸੂਰਜ ਚੜ੍ਹਿਆ ਹੋਵੇ) ॥੧੪੨੪॥
ਤਦੋਂ ਝੜਾਝੜ ਸਿੰਘ ਨੇ ਕ੍ਰੋਧਵਾਨ ਹੋ ਕੇ ਅਤੇ ਹੱਥ ਵਿਚ ਤਿਖੀ ਤਲਵਾਰ ਲੈ ਕੇ ਉਸ (ਖੜਗ ਸਿੰਘ) ਉਤੇ ਵਾਰ ਕੀਤਾ।
ਰਾਜੇ ਨੇ ਜ਼ੋਰ ਨਾਲ (ਉਸ ਦੇ) ਹੱਥ ਵਿਚੋਂ ਤਲਵਾਰ ਖੋਹ ਲਈ ਅਤੇ ਵੈਰੀ ਦੇ ਸ਼ਰੀਰ ਉਤੇ ਹੀ ਝਾੜ ਸੁਟੀ।
(ਉਸ ਦੇ) ਲਗਦਿਆਂ ਹੀ (ਉਸ ਦਾ) ਸਿਰ ਕਟਿਆ ਹੋਇਆ ਧਰਤੀ ਉਤੇ ਜਾ ਪਿਆ। ਉਸ ਛਬੀ ਨੂੰ ਕਵੀ ਨੇ ਇਸ ਤਰ੍ਹਾਂ ਵੇਖਿਆ ਹੈ
ਮਾਨੋ ਸ਼ਿਵ ਨੇ ਕ੍ਰੋਧਿਤ ਹੋ ਕੇ ਪੁੱਤਰ (ਗਣੇਸ਼) ਦਾ ਸਿਰ ਕਟ ਕੇ ਵਖਰਾ ਕਰ ਦਿੱਤਾ ਹੋਵੇ ॥੧੪੨੫॥
ਜਦੋਂ ਵੀਰ ਯੋਧਾ (ਝੜਾਝੜ ਸਿੰਘ) ਯੁੱਧ ਵਿਚ ਮਾਰਿਆ ਗਿਆ ਤਾਂ ਦੂਜੇ (ਝੂਝਨ ਸਿੰਘ) ਦੇ ਮਨ ਵਿਚ ਕ੍ਰੋਧ ਪਸਰ ਗਿਆ।
ਉਹ ਰਥ ਨੂੰ ਭਜਾ ਕੇ ਅਤੇ ਹੱਥ ਵਿਚ ਤਿਖੀ ਤਲਵਾਰ ਲੈ ਕੇ ਉਸ ਵਲ ਗਿਆ।
ਤਦ ਰਾਜਾ (ਖੜਗ ਸਿੰਘ) ਨੇ (ਹੱਥ ਵਿਚ) ਧਨੁਸ਼ ਬਾਣ ਲੈ ਕੇ, ਵੈਰੀ ਦੀ ਤਲਵਾਰ ਨੂੰ ਮੁਠ ਤੋਂ ਹੀ ਕਟ ਦਿੱਤਾ,
ਮਾਨੋ ਯਮ (ਜੋ) ਜੀਭ ਕਢ ਕੇ ਭਜਿਆ ਫਿਰਦਾ ਸੀ, ਜੀਭ ਕਟਾ ਕੇ (ਖੜਗ ਸਿੰਘ ਨੂੰ ਮਾਰਨ ਦੀ) ਆਸ ਤੋਂ ਵਿਹੂਣਾ ਹੋ ਗਿਆ ਹੋਵੇ ॥੧੪੨੬॥
ਕਵੀ ਕਹਿੰਦਾ ਹੈ:
ਸਵੈਯਾ:
ਜਦੋਂ ਹੱਥ ਵਾਲੀ ਤਲਵਾਰ ਨੂੰ ਕਟ ਦਿੱਤਾ ਤਦੋਂ ਜਿਹੜੇ ਸੂਰਮੇ ਭਜੇ ਹੋਏ ਸਨ, ਉਹ ਸਾਰੇ ਮੁੜ ਆਏ।
(ਉਨ੍ਹਾਂ ਨੇ) ਆਪਣੇ ਆਪਣੇ ਹੱਥਾਂ ਵਿਚ ਸ਼ਸਤ੍ਰਾਂ ਨੂੰ ਲੈ ਕੇ ਚਿੱਤ ਵਿਚ ਬਹੁਤ ਕ੍ਰੋਧ ਵਧਾਇਆ ਹੋਇਆ ਹੈ।
(ਸ਼ਸਤ੍ਰਾਂ ਨਾਲ) ਸੱਜੇ ਹੋਏ ਫਬ ਰਹੇ ਉਨ੍ਹਾਂ ਸਾਰੇ ਸੈਨਿਕਾਂ ਦੇ ਗੁਣ ਕਵੀ ਸ਼ਿਆਮ ਇਸ ਤਰ੍ਹਾਂ ਗਾਉਂਦੇ ਹਨ,
ਮਾਨੋ ਰਾਜਾ (ਖੜਗ ਸਿੰਘ) ਨੇ ਯੁੱਧ ਰੂਪ ਸੁਅੰਬਰ ਰਚਿਆ ਹੋਵੇ ਅਤੇ ਇਤਨੇ ਵਡੇ ਸੂਰਮੇ ਰਾਜੇ (ਉਸ ਵਿਚ ਸ਼ਾਮਲ ਹੋਣ ਲਈ) ਆਏ ਹੋਣ ॥੧੪੨੭॥