ਕਈ ਇਕੱਠੇ ਹੋ ਕੇ ਸਾਂਗ ਵਾਹ ਦਿੰਦੇ ਸਨ ਅਤੇ ਕਈ ਤ੍ਰਿਸ਼ੂਲ ਅਤੇ ਨੇਜ਼ੇ ਮਾਰਦੇ ਸਨ।
ਸੂਰਮੇ ਤਲਵਾਰ ਦੀ ਨਾ ਝੱਲੇ ਜਾ ਸਕਣ ਵਾਲੀ ਝਾਲ ਨੂੰ ਝਲਦੇ ਸਨ ਅਤੇ ਰੁੰਡ-ਮੁੰਡ ਹੋ ਕੇ ਰਣ-ਭੂਮੀ ਵਿਚ ਰੁਲਦੇ ਸਨ ॥੩੧੫॥
ਵਿਚਿਤ੍ਰ ਚਿਤ੍ਰਕਾਰੀ ਵਾਲੇ ਤੀਰ ਉਸ ਭਿਆਨਕ ਯੁੱਧ ਵਿੱਚ ਚਲਦੇ ਸਨ।
ਕਈ ਢਾਲ ਦੇ ਸਹਾਰੇ (ਉਨ੍ਹਾਂ ਤੀਰਾਂ ਨੂੰ ਉਪਰੋਂ) ਲੰਘਣ ਦਿੰਦੇ ਹਨ। (ਜੋ ਇਉਂ ਪ੍ਰਤੀਤ ਹੁੰਦੇ ਸਨ) ਮਾਨੋ ਸੁੰਦਰ ਚੌਰ ਝੁੱਲ ਰਿਹਾ ਹੋਵੇ।
(ਸੂਰਮੇ) ਨਾ ਦਲੇ ਜਾਣ ਵਾਲਿਆਂ ਨੂੰ ਦਲ ਰਹੇ ਸਨ ਅਤੇ ਯੋਧੇ ਧਰਤੀ ਉਪਰ ਡਿਗਦੇ ਸਨ।
(ਸੂਰਮਿਆਂ ਦੀਆਂ) ਗਦਾਵਾਂ ਤੋਂ ਜੋ ਸ਼ਬਦ ਉਠਦਾ ਸੀ ਉਸ ਨਾਲ ਭਿਆਨਕ ਆਵਾਜ਼ ਪੈਦਾ ਹੋ ਰਹੀ ਸੀ ॥੩੧੬॥
ਚੌਂਸਠ ਜੋਗਣੀਆਂ ਖੱਪਰ ਭਰਦੀਆਂ ਸਨ, ਭੂਤਨੀਆਂ ਕਿਲਕਾਰੀਆਂ ਮਾਰਦੀਆਂ ਸਨ।
ਆਕਾਸ਼ ਵਿਚ ਹੂਰਾਂ ਫਿਰਦੀਆਂ ਸਨ, ਜੋ ਸੂਰਵੀਰ ਪੁਰਸ਼ਾਂ ਨੂੰ ਵਰਦੀਆਂ ਸਨ।
ਸ਼ਸਤ੍ਰਧਾਰੀ ਸੂਰਮਿਆਂ ਦੇ (ਹੱਥਾਂ ਉਤੇ) ਗੋਹ ਦੇ ਚੰਮ ਦੇ ਦਸਤਾਨੇ ਸ਼ੋਭ ਰਹੇ ਸਨ।
ਡਾਕਣੀਆਂ ਡਕਾਰਦੀਆਂ ਫਿਰਦੀਆਂ ਸਨ ਅਤੇ ਰਣ-ਭੂਮੀ ਵਿਚੋਂ (ਮੁਰਦਿਆਂ ਦਾ) ਮਾਸ ਖਾਂਦੀਆਂ ਸਨ ॥੩੧੭॥
ਰਣ-ਭੂਮੀ ਵਿੱਚ ਕਾਲੀ ਦੇਵੀ ਕਿਲਕਾਰੀਆਂ ਮਾਰਦੀ ਸੀ ਅਤੇ ਡੌਰੂ ਦੀ ਆਵਾਜ਼ ਹੁੰਦੀ ਸੀ,
ਤਲਵਾਰਾਂ ਦੇ ਕੜਾਕੇ ਉਠਦੇ ਸਨ ਅਤੇ ਪਾਖਰਾਂ ਉਤੇ ਧੂੜ ਪੈ ਰਹੀ ਸੀ।
ਰਣਸਿੰਘੇ ਸੁਰ ਨਾਲ ਵੱਜ ਰਹੇ ਸਨ। ਤ੍ਰਿਸ਼ੂਲਾਂ ਅਤੇ ਸੈਹੱਥੀਆਂ ਨਾਲ ਯੋਧੇ ਜ਼ਖ਼ਮੀ ਹੋ ਰਹੇ ਹਨ।
ਨਿਰਲਜ ਕਾਇਰ ਰਣ ਵਿੱਚੋਂ ਭੱਜ ਕੇ ਭੂਮੀ ਉਤੇ ਭਾਰ ਬਣ ਰਹੇ ਸਨ ॥੩੧੮॥
ਸ਼ਸਤ੍ਰਾਂ (ਅਸਤ੍ਰਾਂ) ਨਾਲ ਸਜੇ ਹੋਏ ਯੋਧੇ ਯੁੱਧ ਵਿੱਚ ਜੂਝਦੇ ਸਨ
(ਜੋ) ਲੱਜਾ ਰੂਪ ਚਿਕੜ ਵਿੱਚ ਫਸ ਹੋਏ ਸਨ, (ਉਹ) ਕੇਵਲ ਦ੍ਰੋਹ ਕਰਦੇ ਸਨ।
ਅੰਗ ਕੱਟ ਕੇ ਡਿੱਗਦੇ ਸਨ ਤਾਂ ਮਾਸ ਦੇ ਚਿੱਕੜ ਵਿੱਚੋਂ ਛਿੱਟੇ ਉਠਦੇ ਹਨ।
(ਇਉਂ ਪ੍ਰਤੀਤ ਹੁੰਦਾ ਹੈ) ਮਾਨੋ ਗੋਪੀਆਂ ਵਿੱਚ ਕਾਨ੍ਹ ਖਿਦੋ ਖੇਡਦੇ ਹੋਣ ॥੩੧੯॥
ਡੌਰੂ ਤੇ ਡਾਕਣੀਆਂ ਬੋਲਦੀਆਂ ਸਨ, ਤੀਰਾਂ ਦੀ ਚਮਕ (ਝਾਲ) ਲਿਸ਼ਕਦੀ ਸੀ।
ਨਫ਼ੀਰੀਆਂ ਦਾ ਲਗਾਤਾਰ ਨਾਦ ਹੋ ਰਿਹਾ ਸੀ ਅਤੇ ਭੇਰੀ ਦੀ ਭੀਸ਼ਣ ਧੁਨੀ ਹੋ ਰਹੀ ਸੀ।
ਧੌਂਸਾ ਭਿਆਨਕ ਸੁਰ ਵਿੱਚ ਗੂੰਜ ਰਿਹਾ ਸੀ।
ਝਾਂਝ ਦੀ ਆਵਾਜ਼ ਹੋ ਰਹੀ ਸੀ ਅਤੇ ਚੰਗੀ ਸੁਰ ਨਾਲ ਬੰਸਰੀ ਵੱਜ ਰਹੀ ਸੀ ॥੩੨੦॥
ਤੇਜ਼ੀ ਨਾਲ ਘੋੜੇ ਨੱਚਦੇ ਸਨ ਅਤੇ ਚੰਚਲਤਾ ਨਾਲ ਚਲਦੇ ਸਨ।
(ਧਰਤੀ ਉਤੇ ਸੁੰਮ ਦੇ ਨਿਸ਼ਾਨ ਦੀ ਥਾਂ ਤੇ) ਲੀਕ ਜਿਹੀ ਉਭਰ ਰਹੀ ਸੀ (ਜੋ) ਗੋਲਾਕਾਰ ਰੂਪ ਵਿੱਚ ਸ਼ੋਭ ਰਹੀ ਸੀ।
ਖੁਰਾਂ ਨਾਲ ਉਠੀ ਹੋਈ ਬਹੁਤ ਧੂੜ ਅਕਾਸ਼ ਵਿੱਚ ਪੱਸਰ ਰਹੀ ਸੀ।
ਰਣ ਵਿੱਚੋਂ ਬਹੁਤ ਭੈ ਮਹਿਸੂਸ ਹੁੰਦਾ ਸੀ (ਜਿਵੇਂ) ਪਾਣੀ ਵਿੱਚ ਘੁੰਮਣਘੇਰੀ ਵਾਲੀ ਥਾਂ ਤੋਂ (ਤਾਰੂ ਵਿਅਕਤੀ ਨੂੰ ਡਰ ਲੱਗਦਾ ਹੈ) ॥੩੨੧॥
ਧੀਰਜ ਵਾਲੇ ਕਈ ਸੂਰਮੇ ਆਪਣੇ ਮਾਣ ਅਤੇ ਪ੍ਰਾਣ ਬਚਾ ਕੇ ਭੱਜ ਗਏ ਸਨ।
ਹਾਥੀਆਂ ਦੀ ਪੰਕਤੀ ਦੀ ਪੰਕਤੀ ਦਲੀ ਜਾ ਚੁੱਕਣ ਤੋਂ ਬਾਅਦ (ਸੂਰਮੇ) ਹਾਰ ਮੰਨ ਕੇ ਭੱਜੇ ਜਾ ਰਹੇ ਸਨ।
ਕਈ ਦੰਦਾਂ ਵਿੱਚ ਘਾਹ ਲੈ ਕੇ (ਰਾਮ ਜੀ ਨੂੰ ਆ) ਮਿਲੇ ਸਨ ਅਤੇ 'ਰਛਿਆ ਕਰੋ, ਰਛਿਆ ਕਰੋ' ਸ਼ਬਦ ਮੂੰਹੋਂ ਉਚਾਰ ਰਹੇ ਸਨ।
(ਇਸ ਤਰ੍ਹਾਂ) ਸ੍ਰੀ ਰਾਮ ਦੇ ਪਵਿੱਤਰ ਹੱਥਾਂ ਨਾਲ ਬਿਰਧ ਦੈਂਤ ਮਾਰਿਆ ਗਿਆ ॥੩੨੨॥
ਇਥੇ ਸ੍ਰੀ ਬਚਿਤ੍ਰ ਨਾਟਕ ਦੀ ਰਾਮਾਵਤਾਰ ਕਥਾ ਵਿਚ ਬਿਰਾਧ ਦਾਨਵ ਬਧ।
ਹੁਣ 'ਬਨ ਮੋ ਪ੍ਰਵੇਸ਼' ਦਾ ਕਥਨ
ਦੋਹਰਾ
ਇਸ ਤਰ੍ਹਾਂ 'ਬਿਰਾਧ' ਦੈਂਤ ਨੂੰ ਮਾਰ ਕੇ (ਰਾਮ ਚੰਦਰ) ਨਿਸੰਗ ਹੋ ਕੇ ਬਣ ਵਿੱਚ ਘੁਸ ਗਏ।
'ਸਿਆਮ' ਕਵੀ ਨੇ ਇਸ ਤਰ੍ਹਾਂ ਰਾਮ ਚੰਦਰ ਦੇ ਯੁੱਧ ਦਾ ਪ੍ਰਸੰਗ ਕਹਿ ਸੁਣਾਇਆ ॥੩੨੩॥
ਸੁਖਦਾ ਛੰਦ
ਅਗਸਤ ਰਿਸ਼ੀ ਦੇ ਸਥਾਨ ਉਤੇ
ਰਾਜਾ ਰਾਮ ਚੰਦਰ
ਜੋ ਧਰਮ ਸਥਾਨ ਦਾ ਝੰਡਾ ਰੂਪ ਹਨ,
ਉਹ ਆਪਣੀ ਇਸਤਰੀ ਸੀਤਾ ਸਮੇਤ (ਚਲੇ ਗਏ) ॥੩੨੪॥
ਰਾਮ ਚੰਦਰ ਨੂੰ ਸੂਰਮਾ ਜਾਣ ਕੇ
(ਅਗਸਤ) ਰਿਸ਼ੀ ਨੇ (ਉਨ੍ਹਾਂ ਨੂੰ ਤੀਰ ਦਿੱਤਾ,
ਜਿਹੜਾ ਸਾਰੇ ਵੈਰੀਆਂ ਨੂੰ ਚੀਰ ਕੇ,
ਸਾਰੇ ਦੁਖ ਦੂਰ ਕਰਕੇ (ਮੁੜ ਵਾਪਸ ਆ ਜਾਂਦਾ ਸੀ) ॥੩੨੫॥
ਅਗਸਤ ਰਿਸ਼ੀ ਨੇ ਰਾਮ ਨੂੰ ਵਿਦਾ ਕੀਤਾ
ਅਤੇ ਅਸੀਸ ਦਿੱਤੀ।
ਰਾਮ ਦੀ ਛਬੀ ਨੂੰ ਵੇਖ ਕੇ
ਪ੍ਰਬੀਨ ਮੁਨੀ ਦਾ ਮਨ (ਆਨੰਦਿਤ ਹੋ ਰਿਹਾ ਸੀ) ॥੩੨੬॥