ਸ਼੍ਰੀ ਦਸਮ ਗ੍ਰੰਥ

ਅੰਗ - 1081


ਗਹਿ ਗਹਿ ਸਸਤ੍ਰ ਸੂਰਮਾ ਧਾਏ ॥

ਸ਼ਸਤ੍ਰ ਪਕੜ ਪਕੜ ਕੇ ਸੂਰਮੇ (ਯੁੱਧ ਲਈ) ਦੌੜੇ।

ਦੇਵ ਅਦੇਵ ਬਿਲੋਕਨ ਆਏ ॥

ਦੇਵਤੇ ਅਤੇ ਦੈਂਤ (ਜੰਗ ਨੂੰ) ਵੇਖਣ ਲਈ ਆਏ।

ਜਾ ਪਰ ਦੋਇ ਕਰੰਧਰ ਧਰੈ ॥

ਜਿਸ ਉਤੇ ਦੋਹਾਂ ਹੱਥਾਂ ਵਿਚ ਧਾਰਨ ਕਰ ਕੇ (ਤਲਵਾਰ) ਮਾਰਦੇ,

ਏਕ ਸੁਭਟ ਤੇ ਦੋ ਦੋ ਕਰੈ ॥੨੪॥

ਤਾਂ ਇਕ ਸੂਰਮੇ ਦੇ ਦੋ ਦੋ ਕਰ ਦਿੰਦੇ ॥੨੪॥

ਜਾ ਕੈ ਅੰਗ ਸਰੋਹੀ ਬਹੀ ॥

ਜਿਸ ਦੇ ਸ਼ਰੀਰ ਉਤੇ ਤਲਵਾਰ ਚਲ ਗਈ,

ਤਾ ਕੀ ਗ੍ਰੀਵ ਸੰਗ ਨਹਿ ਰਹੀ ॥

ਉਸ ਦੀ ਗਰਦਨ ਨਾਲ ਨਹੀਂ ਰਹੀ।

ਜਾ ਕੈ ਲਗਿਯੋ ਕੁਹਕਤੋ ਬਾਨਾ ॥

ਜਿਸ ਨੂੰ ਸ਼ੂਕਦਾ ਹੋਇਆ ਬਾਣ ਲਗਦਾ,

ਪਲਕ ਏਕ ਮੈ ਤਜੈ ਪਰਾਨਾ ॥੨੫॥

ਉਹ ਇਕ ਪਲਕ ਵਿਚ ਪ੍ਰਾਣ ਛਡ ਜਾਂਦਾ ॥੨੫॥

ਜਾ ਕੈ ਘਾਇ ਗੁਰਜ ਕੋ ਲਾਗਿਯੋ ॥

ਜਿਸ ਨੂੰ ਗੁਰਜ ਦਾ ਵਾਰ ਵਜਦਾ,

ਤਾ ਕੋ ਪ੍ਰਾਨ ਦੇਹ ਤਜਿ ਭਾਗਿਯੋ ॥

ਉਸ ਦੀ ਦੇਹ ਨੂੰ ਪ੍ਰਾਣ ਛਡ ਕੇ ਭਜ ਜਾਂਦੇ।

ਹਾਹਾਕਾਰ ਪਖਰਿਯਾ ਕਰਹੀ ॥

ਘੋੜ ਸਵਾਰ ਹਾਹਾ-ਕਾਰ ਮਚਾ ਰਹੇ ਸਨ।

ਰਾਠੌਰਨ ਕੇ ਪਾਲੇ ਪਰਹੀ ॥੨੬॥

(ਉਨ੍ਹਾਂ ਦਾ) ਰਾਠੌਰ ਰਾਜਪੂਤਾਂ ਨਾਲ ਪਾਲਾ ਪੈ ਗਿਆ ਸੀ ॥੨੬॥

ਸਵੈਯਾ ॥

ਸਵੈਯਾ:

ਆਨਿ ਪਰੇ ਰਿਸਿ ਠਾਨਿ ਰਠੌਰ ਚਹੂੰ ਦਿਸ ਤੇ ਕਰ ਆਯੁਧ ਲੀਨੇ ॥

ਰਾਠੌਰ ਹੱਥਾਂ ਵਿਚ ਹਥਿਆਰ ਲੈ ਕੇ ਅਤੇ ਰੋਹ ਨਾਲ ਭਰ ਕੇ ਚੌਹਾਂ ਪਾਸਿਆਂ ਤੋਂ ਆ ਪਏ।

ਬੀਰ ਕਰੋਰਿਨ ਕੇ ਸਿਰ ਤੋਰਿ ਸੁ ਹਾਥਨ ਕੋ ਹਲਕਾਹਿਨ ਦੀਨੇ ॥

ਕਰੋੜਾਂ ਸੂਰਮਿਆਂ ਦੇ ਸਿਰ ਤੋੜ ਕੇ ਹਾਥੀਆਂ ਨੂੰ ਘੇਰ ('ਹਲਕਾਹਿਨ') ਲਿਆ।

ਰੁੰਡ ਪਰੇ ਕਹੂੰ ਤੁੰਡ ਨ੍ਰਿਪਾਨ ਕੇ ਝੁੰਡ ਹਯਾਨ ਕੇ ਜਾਤ ਨ ਚੀਨੇ ॥

ਕਿਤੇ ਰਾਜਿਆਂ ਦੇ ਸਿਰ ਪਏ ਹਨ ਅਤੇ ਕਿਤੇ ਧੜ ਅਤੇ ਘੋੜਿਆਂ ਦੇ ਕਿਤੇ ਝੁੰਡ ਪਏ ਸਨ ਜਿਨ੍ਹਾਂ ਨੂੰ ਪਛਾਣਿਆ ਤਕ ਨਹੀਂ ਜਾ ਸਕਦਾ।

ਕੰਬਰ ਕੇ ਬਹੁ ਟੰਬਰ ਅੰਬਰ ਅੰਬਰ ਛੀਨਿ ਦਿਗੰਬਰ ਕੀਨੈ ॥੨੭॥

ਦੁਸ਼ਾਲਿਆਂ ('ਕੰਬਰ') ਦੇ ਬਣੇ ਸੈਨਿਕ ਬਸਤ੍ਰਾਂ ('ਟੰਬਰ ਅੰਬਰ') ਨੂੰ ਖੋਹ ਕੇ ਅੰਬਰ ਹੀਨ ('ਦਿਗੰਬਰ') ਕੀਤਾ ਜਾ ਰਿਹਾ ਸੀ ॥੨੭॥

ਚੌਪਈ ॥

ਚੌਪਈ:

ਐਸੀ ਭਾਤਿ ਸੁ ਭਟ ਬਹੁ ਮਾਰੇ ॥

ਇਸ ਤਰ੍ਹਾਂ ਬਹੁਤ ਸਾਰੇ ਸੂਰਮੇ ਮਾਰ ਕੇ

ਰਘੁਨਾਥੋ ਸੁਰ ਲੋਕ ਸਿਧਾਰੇ ॥

ਰਘੂਨਾਥ ਸਿੰਘ ਸਵਰਗ ਨੂੰ ਚਲੇ ਗਏ।

ਸ੍ਵਾਮਿ ਕਾਜ ਕੇ ਪ੍ਰਨਹਿ ਨਿਬਾਹਿਯੋ ॥

ਸੁਆਮੀ ਦੇ ਕੰਮ ਦੇ ਪ੍ਰਣ ਨੂੰ ਨਿਭਾਇਆ

ਹਡਿਯਹਿ ਪੁਰੇ ਜੋਧ ਪਹੁਚਾਯੋ ॥੨੮॥

ਅਤੇ ਰਾਜਪੂਤਣੀਆਂ ('ਹਡਿਯਹਿ') ਨੂੰ ਜੋਧਪੁਰ ਪਹੁੰਚਾ ਦਿੱਤਾ ॥੨੮॥

ਦੋਹਰਾ ॥

ਦੋਹਰਾ:

ਅਤਿ ਬਰਿ ਕੈ ਭਾਰੀ ਜੁਝ੍ਰਯੋ ਤਨਕ ਨ ਮੋਰਿਯੋ ਅੰਗ ॥

ਬਹੁਤ ਬਲ ਪੂਰਵਕ ਵੱਡਾ (ਸੂਰਮਾ) ਜੂਝ ਮਰਿਆ ਅਤੇ ਜ਼ਰਾ ਵੀ (ਯੁੱਧ-ਭੂਮੀ ਵਿਚੋਂ) ਅੰਗ ਨਹੀਂ ਮੋੜਿਆ।

ਸੁ ਕਬਿ ਕਾਲ ਪੂਰਨ ਭਯੋ ਤਬ ਹੀ ਕਥਾ ਪ੍ਰਸੰਗ ॥੨੯॥

ਕਵੀ ਕਾਲ (ਕਹਿੰਦਾ ਹੈ) (ਅਰਥਾਂਤਰ- ਕਵੀ ਅਨੁਸਾਰ) ਉਦੋਂ ਹੀ ਕਥਾ ਪ੍ਰਸੰਗ ਪੂਰਾ ਹੋ ਗਿਆ ॥੨੯॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਪਚਾਨਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤ ॥੧੯੫॥੩੬੬੯॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੯੫ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੯੫॥੩੬੬੯॥ ਚਲਦਾ॥

ਚੌਪਈ ॥

ਚੌਪਈ:

ਚੰਦ੍ਰਪੁਰੀ ਨਗਰੀ ਇਕ ਸੁਨੀ ॥

ਚੰਦ੍ਰਪੁਰੀ ਨਾਂ ਦੀ ਇਕ ਨਗਰੀ ਸੁਣੀਂਦੀ ਸੀ।

ਅਪ੍ਰਤਿਮ ਕਲਾ ਰਾਨੀ ਬਹੁ ਗੁਨੀ ॥

(ਉਥੋਂ ਦੀ) ਅਪ੍ਰਤਿਮ ਕਲਾ ਨਾਂ ਦੀ ਰਾਣੀ ਬਹੁਤ ਗੁਣਵਾਨ ਸੀ।

ਅੰਜਨ ਰਾਇ ਬਿਲੋਕ੍ਯੋ ਜਬ ਹੀ ॥

(ਉਸ ਨੇ) ਜਦੋਂ ਹੀ ਅੰਜਨ ਰਾਇ ਨੂੰ ਵੇਖਿਆ

ਹਰਅਰਿ ਸਰ ਮਾਰਿਯੋ ਤਿਹ ਤਬ ਹੀ ॥੧॥

ਤਦੋਂ ਹੀ ਉਸ ਨੂੰ ਸ਼ਿਵ ਦੇ ਵੈਰੀ (ਕਾਮ ਦੇਵ) ਨੇ ਤੀਰ ਮਾਰਿਆ ॥੧॥

ਤਾ ਕੌ ਧਾਮ ਬੋਲਿ ਕਰਿ ਲਿਯੋ ॥

ਉਸ ਨੂੰ ਘਰ ਬੁਲਾ ਲਿਆ

ਕਾਮ ਕੇਲ ਤਾ ਸੌ ਦ੍ਰਿੜ ਕਿਯੋ ॥

ਅਤੇ ਉਸ ਨਾਲ ਚੰਗੀ ਤਰ੍ਹਾਂ ਕਾਮ-ਕ੍ਰੀੜਾ ਕੀਤੀ।

ਬਹੁਰਿ ਜਾਰ ਇਹ ਭਾਤਿ ਉਚਾਰੋ ॥

ਫਿਰ ਯਾਰ ਨੇ ਇਸ ਤਰ੍ਹਾਂ ਕਿਹਾ

ਜਿਨਿ ਮਤਿ ਲਖਿ ਪਤਿ ਹਨੈ ਤੁਮਾਰੇ ॥੨॥

ਕਿ ਕਿਤੇ ਤੇਰਾ ਪਤੀ ਮੈਨੂੰ ਵੇਖ ਕੇ ਮਾਰ ਨਾ ਦੇਵੇ ॥੨॥

ਤ੍ਰਿਯੋ ਵਾਚ ॥

ਇਸਤਰੀ ਨੇ ਕਿਹਾ:

ਤੁਮ ਚਿਤ ਮੈ ਨਹਿ ਤ੍ਰਾਸ ਬਢਾਵੋ ॥

ਤੁਸੀਂ ਚਿਤ ਵਿਚ ਡਰ ਨਾ ਮੰਨੋ

ਹਮ ਸੌ ਦ੍ਰਿੜ ਕਰਿ ਕੇਲ ਕਮਾਵੋ ॥

ਅਤੇ ਮੇਰੇ ਨਾਲ ਚੰਗੀ ਤਰ੍ਹਾਂ ਰਤੀ-ਕ੍ਰੀੜਾ ਕਰੋ।

ਮੈ ਤੁਹਿ ਏਕ ਚਰਿਤ੍ਰ ਦਿਖੈਹੌ ॥

ਮੈਂ ਤੈਨੂੰ ਇਕ ਚਰਿਤ੍ਰ ਦਸਾਂਗੀ

ਤਾ ਤੇ ਤੁਮਰੋ ਸੋਕ ਮਿਟੈਹੌ ॥੩॥

ਜਿਸ ਨਾਲ ਤੁਹਾਡਾ ਦੁਖ ਦੂਰ ਕਰ ਦਿਆਂਗੀ ॥੩॥

ਦੋਹਰਾ ॥

ਦੋਹਰਾ:

ਪਤਿ ਦੇਖਤ ਤੋ ਸੌ ਰਮੌ ਗ੍ਰਿਹ ਕੋ ਦਰਬੁ ਲੁਟਾਇ ॥

ਪਤੀ ਦੇ ਵੇਖਦੇ ਹੋਇਆਂ ਤੇਰੇ ਨਾਲ ਰਮਣ ਕਰਾਂਗੀ ਅਤੇ ਘਰ ਦਾ ਧਨ ਲੁਟਾ ਦਿਆਂਗੀ।

ਨ੍ਰਿਪ ਕੋ ਸੀਸ ਝੁਕਾਇ ਹੌ ਪਗਨ ਤਿਹਾਰੇ ਲਾਇ ॥੪॥

ਮੈਂ ਰਾਜੇ ਦਾ ਸਿਰ ਤੇਰੇ ਪੈਰਾਂ ਉਤੇ ਝੁਕਾਵਾਂਗੀ ॥੪॥

ਚੌਪਈ ॥

ਚੌਪਈ:

ਤੁਮ ਸਭ ਜੋਗ ਭੇਸ ਕੌ ਕਰੋ ॥

ਤੁਸੀਂ ਮੇਰੀ ਗੱਲ ਕੰਨ ਵਿਚ ਪਾਓ

ਮੋਰੀ ਕਹੀ ਕਾਨ ਮੈ ਧਰੋ ॥

ਅਤੇ ਜੋਗ ਦਾ ਸਾਰਾ ਭੇਸ ਧਾਰ ਲਵੋ।

ਮੂਕ ਮੰਤ੍ਰ ਕਛੁ ਯਾਹਿ ਸਿਖਾਵਹੁ ॥

ਕੁਝ ਕੁ ਗੁਪਤ ('ਮੂਕ') ਮੰਤਰ ਰਾਜੇ ਨੂੰ ਸਿਖਾ ਦਿਓ।

ਜਾ ਤੇ ਯਾ ਕੋ ਗੁਰੂ ਕਹਾਵਹੁ ॥੫॥

ਜਿਸ ਕਰ ਕੇ (ਤੁਸੀਂ) ਉਸ ਦੇ ਗੁਰੂ ਅਖਵਾ ਸਕੋ ॥੫॥


Flag Counter