ਸ਼੍ਰੀ ਦਸਮ ਗ੍ਰੰਥ

ਅੰਗ - 450


ਜਿਹ ਕੁਦ੍ਰਿਸਟਿ ਨ੍ਰਿਪ ਓਰਿ ਨਿਹਾਰਿਓ ॥

ਤਦ ਹੀ (ਰਾਜੇ ਨੇ ਉਸ ਨੂੰ) ਵੈਰੀ ਸਮਝ ਕੇ ਤੀਰਾਂ ਨਾਲ ਮਾਰ ਦਿੱਤਾ।

ਪੁਨਿ ਗਨੇਸ ਕੋ ਨ੍ਰਿਪ ਲਲਕਾਰਿਓ ॥

ਫਿਰ ਰਾਜੇ ਨੇ ਗਣੇਸ਼ ਨੂੰ ਲਲਕਾਰਿਆ,

ਤ੍ਰਸਤ ਭਯੋ ਤਜਿ ਜੁਧ ਪਧਾਰਿਓ ॥੧੫੨੭॥

(ਉਹ) ਡਰ ਕੇ ਯੁੱਧ-ਖੇਤਰ ਵਿਚੋਂ ਭਜ ਗਿਆ ॥੧੫੨੭॥

ਜਬ ਸਿਵ ਜੂ ਕਛੁ ਸੰਗਿਆ ਪਾਈ ॥

ਜਦੋਂ ਸ਼ਿਵ ਨੂੰ ਕੁਝ ਸੁਰਤ ਪਰਤੀ

ਭਾਜਿ ਗਯੋ ਤਜ ਦਈ ਲਰਾਈ ॥

(ਤਾਂ ਉਹ) ਲੜਾਈ ਛਡ ਕੇ ਭਜ ਗਿਆ।

ਅਉਰ ਸਗਲ ਛਡ ਕੈ ਗਨ ਭਾਗੇ ॥

ਹੋਰ ਸਾਰੇ ਗਣ ਵੀ ਡਰ ਕੇ ਭਜ ਗਏ।

ਐਸੋ ਕੋ ਭਟ ਆਵੈ ਆਗੇ ॥੧੫੨੮॥

ਅਜਿਹਾ ਕੌਣ ਸੂਰਮਾ ਹੈ, (ਜੋ ਰਾਜੇ ਦੇ) ਅਗੇ ਆਵੇ ॥੧੫੨੮॥

ਜਬਹਿ ਕ੍ਰਿਸਨ ਸਿਵ ਭਜਤ ਨਿਹਾਰਿਓ ॥

ਜਦੋਂ ਸ੍ਰੀ ਕ੍ਰਿਸ਼ਨ ਨੇ ਸ਼ਿਵ ਨੂੰ ਭਜਦਿਆਂ ਵੇਖਿਆ

ਇਹੈ ਆਪਨੇ ਹ੍ਰਿਦੇ ਬਿਚਾਰਿਓ ॥

(ਤਾਂ) ਆਪਣੇ ਹਿਰਦੇ ਵਿਚ ਇਸ ਤਰ੍ਹਾਂ ਵਿਚਾਰ ਕੀਤਾ,

ਅਬ ਹਉ ਆਪਨ ਇਹ ਸੰਗ ਲਰੋ ॥

ਹੁਣ ਮੈਂ ਆਪ ਹੀ ਇਸ ਨਾਲ ਯੁੱਧ ਕਰਾਂ;

ਕੈ ਅਰਿ ਮਾਰੋ ਕੈ ਲਰਿ ਮਰੋ ॥੧੫੨੯॥

ਜਾਂ (ਤਾਂ) ਵੈਰੀ ਨੂੰ ਮਾਰ ਸੁਟਾਂ ਜਾਂ (ਆਪ) ਲੜ ਮਰਾਂ ॥੧੫੨੯॥

ਤਬ ਤਿਹ ਸਉਹੇ ਹਰਿ ਜੂ ਗਯੋ ॥

ਤਦ ਸ੍ਰੀ ਕ੍ਰਿਸ਼ਨ ਉਸ (ਰਾਜੇ) ਦੇ ਸਾਹਮਣੇ ਗਏ।

ਰਾਮ ਭਨੈ ਅਤਿ ਜੁਧ ਮਚਯੋ ॥

(ਕਵੀ) ਰਾਮ ਕਹਿੰਦੇ ਹਨ, (ਦੋਹਾਂ ਨੇ) ਖੂਬ ਯੁੱਧ ਮਚਾਇਆ।

ਤਬ ਤਿਨੈ ਤਕਿ ਤਿਹ ਬਾਨ ਲਗਾਯੋ ॥

ਤਦ ਰਾਜੇ ਨੇ ਤਕ ਕੇ ਸ੍ਰੀ ਕ੍ਰਿਸ਼ਨ ਨੂੰ ਬਾਣ ਮਾਰਿਆ

ਸ੍ਯੰਦਨ ਤੇ ਹਰਿ ਭੂਮਿ ਗਿਰਾਯੋ ॥੧੫੩੦॥

ਅਤੇ ਸ੍ਰੀ ਕ੍ਰਿਸ਼ਨ ਨੂੰ ਰਥ ਉਤੋਂ ਧਰਤੀ ਤੇ ਸੁਟ ਦਿੱਤਾ ॥੧੫੩੦॥

ਕਬਿਯੋ ਬਾਚ ॥

ਕਵੀ ਨੇ ਕਿਹਾ:

ਸਵੈਯਾ ॥

ਸਵੈਯਾ:

ਜਾ ਪ੍ਰਭ ਕਉ ਨਿਤ ਬ੍ਰਹਮ ਸਚੀਪਤਿ ਸ੍ਰੀ ਸਨਕਾਦਿਕ ਹੂੰ ਜਪੁ ਕੀਨੋ ॥

ਜਿਸ ਪ੍ਰਭੂ ਨੂੰ ਬ੍ਰਹਮਾ, ਇੰਦਰ, ਸਨਕਾਦਿਕ ਵਰਗੇ ਨਿੱਤ ਜਪਦੇ ਹਨ,

ਸੂਰ ਸਸੀ ਸੁਰ ਨਾਰਦ ਸਾਰਦ ਤਾਹੀ ਕੇ ਧਿਆਨ ਬਿਖੈ ਮਨੁ ਦੀਨੋ ॥

ਜਿਸ ਦੇ ਧਿਆਨ ਵਿਚ ਸੂਰਜ, ਚੰਦ੍ਰਮਾ, ਦੇਵਤੇ, ਨਾਰਦ ਅਤੇ ਸ਼ਾਰਦਾ ਨੇ ਮਨ ਨੂੰ ਜੋੜਿਆ ਹੋਇਆ ਹੈ;

ਖੋਜਤ ਹੈ ਜਿਹ ਸਿਧ ਮਹਾ ਮੁਨਿ ਬਿਆਸ ਪਰਾਸੁਰ ਭੇਦ ਨ ਚੀਨੋ ॥

ਜਿਸ ਨੂੰ ਸਿੱਧ ਅਤੇ ਮਹਾਮੁਨੀ ਵਿਆਸ ਅਤੇ ਪਰਾਸ਼ਰ ਖੋਜਦੇ ਹਨ, ਪਰ (ਉਸ ਦਾ) ਭੇਦ ਨਹੀਂ ਪਾ ਸਕੇ ਹਨ;

ਸੋ ਖੜਗੇਸ ਅਯੋਧਨ ਮੈ ਕਰਿ ਮੋਹਿਤ ਕੇਸਨ ਤੇ ਗਹਿ ਲੀਨੋ ॥੧੫੩੧॥

ਉਸ (ਕ੍ਰਿਸ਼ਨ) ਨੂੰ ਖੜਗ ਸਿੰਘ ਨੇ ਯੁੱਧ-ਭੂਮੀ ਵਿਚ ਬੇਸੁਧ ਕਰ ਕੇ ਵਾਲਾਂ ਤੋਂ ਪਕੜ ਲਿਆ ਹੈ ॥੧੫੩੧॥

ਮਾਰਿ ਬਕੀ ਬਕ ਅਉਰ ਅਘਾਸੁਰ ਧੇਨਕ ਕੋ ਪਲ ਮੈ ਬਧ ਕੀਨੋ ॥

(ਜਿਸ ਨੇ) ਪੂਤਨਾ (ਬਕੀ) ਬਕਾਸੁਰ, ਅਘਾਸੁਰ ਅਤੇ ਧੇਨਕ ਦੈਂਤ ਨੂੰ ਪਲ ਵਿਚ ਮਾਰ ਦਿੱਤਾ ਸੀ;

ਕੇਸੀ ਬਛਾਸੁਰ ਮੁਸਟ ਚੰਡੂਰ ਕੀਏ ਚਕਚੂਰ ਸੁਨਿਯੋ ਪੁਰ ਤੀਨੋ ॥

(ਜਿਸ ਨੇ) ਕੇਸੀ, ਬਛਾਸੁਰ, ਮੁਸ਼ਟ, ਚੰਡੂਰ ਵਰਗਿਆ ਨੂੰ ਚਕਨਾਚੂਰ ਕਰ ਦਿੱਤਾ ਸੀ ਅਤੇ ਤਿੰਨਾਂ ਲੋਕਾਂ ਵਿਚ (ਜਿਸ ਦੇ ਬਲ ਦੀ ਗੱਲ) ਸੁਣੀ ਗਈ ਸੀ;

ਸ੍ਰੀ ਹਰਿ ਸਤ੍ਰ ਅਨੇਕ ਹਨੇ ਤਿਹ ਕਉਨ ਗਨੇ ਕਬਿ ਸ੍ਯਾਮ ਪ੍ਰਬੀਨੋ ॥

(ਜਿਸ) ਸ੍ਰੀ ਕ੍ਰਿਸ਼ਨ ਨੇ ਅਨੇਕਾਂ ਵੈਰੀ ਮਾਰ ਦਿੱਤੇ ਸਨ, ਕਵੀ ਸ਼ਿਆਮ ਕਹਿੰਦੇ ਹਨ, ਉਨ੍ਹਾਂ ਦੀ ਗਿਣਤੀ ਕਰਨ ਵਿਚ ਕੌਣ ਪ੍ਰਬੀਨ ਹੈ?

ਕੰਸ ਕਉ ਕੇਸਨ ਤੇ ਗਹਿ ਕੇਸਵ ਭੂਪ ਮਨੋ ਬਦਲੋ ਵਹੁ ਲੀਨੋ ॥੧੫੩੨॥

(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਕ੍ਰਿਸ਼ਨ ਦੁਆਰਾ ਕੰਸ ਨੂੰ ਕੇਸਾਂ ਤੋਂ ਪਕੜਨ ਦਾ ਬਦਲਾ ਰਾਜਾ (ਖੜਗ ਸਿੰਘ) ਨੇ ਲਿਆ ਹੋਵੇ ॥੧੫੩੨॥

ਚਿੰਤ ਕਰੀ ਚਿਤ ਮੈ ਤਿਹ ਭੂਪਤਿ ਜੋ ਇਹ ਕਉ ਅਬ ਹਉ ਬਧ ਕੈ ਹਉ ॥

ਉਸ ਰਾਜਾ (ਖੜਗ ਸਿੰਘ) ਨੇ ਚਿਤ ਵਿਚ ਇਹ ਸੋਚ ਕੀਤੀ ਕਿ ਜੇ ਮੈਂ ਇਸ ਦਾ ਹੁਣ ਵੱਧ ਕਰ ਦਿਆਂ,

ਸੈਨ ਸਭੈ ਭਜ ਹੈ ਜਬ ਹੀ ਤਬ ਕਾ ਸੰਗ ਜਾਇ ਕੈ ਜੁਧੁ ਮਚੈ ਹਉ ॥

(ਤਾਂ) ਜਦੋਂ (ਇਸ ਦੀ) ਸਾਰੀ ਸੈਨਾ ਭਜ ਜਾਏਗੀ, ਤਦੋਂ ਮੈਂ ਕਿਸ ਨਾਲ ਯੁੱਧ ਕਰਾਂਗਾ।

ਹਉ ਕਿਹ ਪੈ ਕਰਿ ਹੋ ਬਹੁ ਘਾਇਨ ਕਾ ਕੇ ਹਉ ਘਾਇਨ ਸਨਮੁਖ ਖੈ ਹਉ ॥

ਮੈਂ ਕਿਸ ਉਤੇ ਬਹੁਤ ਘਾਓ ਲਗਾਵਾਂਗਾ ਅਤੇ ਕਿਸ ਦੇ ਘਾਓ ਮੈਂ ਸਨਮੁਖ ਹੋ ਕੇ ਸਹਾਂਗਾ।

ਛਾਡਿ ਦਯੋ ਕਹਿਓ ਜਾਹੁ ਚਲੇ ਹਰਿ ਤੋ ਸਮ ਸੂਰ ਕਹੂੰ ਨਹੀ ਪੈ ਹਉ ॥੧੫੩੩॥

(ਇਹ ਵਿਚਾਰ ਕਰ ਕੇ ਰਾਜੇ ਨੇ ਕ੍ਰਿਸ਼ਨ ਨੂੰ) ਛੱਡ ਦਿੱਤਾ ਅਤੇ ਕਿਹਾ, ਹੇ ਕ੍ਰਿਸ਼ਨ! ਚਲਾ ਜਾ, ਤੇਰੇ ਵਰਗਾ ਸੂਰਮਾ ਹੋਰ ਕਿਤੋਂ ਵੀ ਨਹੀਂ ਮਿਲ ਸਕੇਗਾ ॥੧੫੩੩॥

ਪਉਰਖ ਜੈਸੋ ਬਡੋ ਕੀਯੋ ਭੂਪ ਨ ਆਗੈ ਕਿਸੀ ਨ੍ਰਿਪ ਐਸੋ ਕੀਯੋ ॥

ਜਿਸ ਤਰ੍ਹਾਂ ਦੀ ਵੱਡੀ ਬਹਾਦਰੀ ਰਾਜੇ ਨੇ ਕੀਤੀ ਹੈ, ਇਸ ਤਰ੍ਹਾਂ ਦੀ ਅਗੇ ਕਿਸੇ ਰਾਜੇ ਨੇ ਨਹੀਂ ਕੀਤੀ।

ਭਟ ਪੇਖਿ ਕੈ ਭਾਜਿ ਗਏ ਸਿਗਰੇ ਕਿਨਹੂੰ ਧਨੁ ਬਾਨ ਨ ਪਾਨਿ ਲੀਓ ॥

ਸਾਰੇ ਸੂਰਮੇ (ਇਸ ਦੀ ਬਹਾਦਰੀ ਨੂੰ) ਵੇਖ ਕੇ ਭਜ ਗਏ ਹਨ ਅਤੇ ਕਿਸੇ ਨੇ ਹੱਥ ਵਿਚ ਧਨੁਸ਼ ਬਾਣ ਧਾਰਨ ਨਹੀਂ ਕੀਤਾ ਹੈ।

ਹਥਿਯਾਰ ਉਤਾਰ ਚਲੇ ਬਿਸੰਭਾਰਿ ਰਥੀ ਰਥ ਟਾਰਿ ਡਰਾਤ ਹੀਓ ॥

ਹਥਿਆਰਾਂ ਨੂੰ ਉਤਾਰ ਕੇ ਬਿਨਾ ਸੋਚ ਵਿਚਾਰ ਕੀਤੇ ਰਥਵਾਨ ਰਥਾਂ ਨੂੰ ਛਡ ਕੇ ਹਿਰਦੇ ਵਿਚ ਡਰਦੇ ਹੋਏ (ਭਜ ਚਲੇ ਹਨ)।

ਰਨ ਮੈ ਖੜਗੇਸ ਬਲੀ ਬਲੁ ਕੈ ਅਪੁਨੋ ਕਰ ਕੈ ਹਰਿ ਛਾਡਿ ਦੀਯੋ ॥੧੫੩੪॥

ਖੜਗ ਸਿੰਘ ਯੋਧੇ ਨੇ ਯੁੱਧ-ਭੂਮੀ ਵਿਚ ਬਲ ਪੂਰਵਕ (ਫੜ ਕੇ) ਅਤੇ ਆਪਣਾ ਬਣਾ ਕੇ (ਅਰਥਾਤ ਅਧੀਨ ਕਰ ਕੇ) ਸ੍ਰੀ ਕ੍ਰਿਸ਼ਨ ਨੂੰ ਛਡ ਦਿੱਤਾ ਹੈ ॥੧੫੩੪॥

ਚੌਪਈ ॥

ਚੌਪਈ:

ਛਾਡਿ ਕੇਸ ਤੇ ਜਬ ਹਰਿ ਦਯੋ ॥

ਜਦੋਂ (ਰਾਜੇ ਨੇ) ਕ੍ਰਿਸ਼ਨ ਨੂੰ ਕੇਸਾਂ ਤੋਂ ਛਡ ਦਿੱਤਾ

ਲਜਤ ਭਯੋ ਬਿਸਰਿ ਬਲੁ ਗਯੋ ॥

(ਤਾਂ ਕ੍ਰਿਸ਼ਨ ਨੂੰ) ਲਜਿਤ ਹੋਣ ਕਾਰਨ (ਆਪਣਾ) ਸਾਰਾ ਬਲ ਭੁਲ ਗਿਆ।

ਤਬ ਬ੍ਰਹਮਾ ਪ੍ਰਤਛ ਹੁਇ ਆਯੋ ॥

ਤਦ ਬ੍ਰਹਮਾ ਪ੍ਰਤੱਖ ਹੋ ਕੇ ਆਇਆ

ਕ੍ਰਿਸਨ ਤਾਪ ਤਿਨਿ ਸਕਲ ਮਿਟਾਯੋ ॥੧੫੩੫॥

ਅਤੇ ਉਸ ਨੇ ਕ੍ਰਿਸ਼ਨ ਦਾ ਸਾਰਾ ਦੁਖ ਦੂਰ ਕਰ ਦਿੱਤਾ ॥੧੫੩੫॥

ਕਹੇ ਕ੍ਰਿਸਨ ਸਿਉ ਇਹ ਬਿਧਿ ਬੈਨਾ ॥

(ਉਸ ਨੇ) ਕ੍ਰਿਸ਼ਨ ਨੂੰ ਇਸ ਤਰ੍ਹਾਂ ਦੇ ਬੋਲ ਕਹੇ,

ਲਾਜ ਕਰੋ ਨਹਿ ਪੰਕਜ ਨੈਨਾ ॥

ਹੇ ਕਮਲ ਨੈਨ! ਲਜਾ ਨਾ ਕਰੋ।

ਇਹ ਪਉਰਖ ਹਉ ਤੋਹਿ ਸੁਨਾਊ ॥

ਇਸ ਦੀ ਬਹਾਦਰੀ (ਦੀ ਗੱਲ) ਮੈਂ ਤੁਹਾਨੂੰ ਸੁਣਾਉਂਦਾ ਹਾਂ,

ਤਿਹ ਤੇ ਤੋ ਕਹੁ ਅਬਹਿ ਰਿਝਾਊ ॥੧੫੩੬॥

ਜਿਸ ਕਰ ਕੇ ਤੁਹਾਨੂੰ ਹੁਣੇ ਪ੍ਰਸੰਨ ਕਰਦਾ ਹਾਂ ॥੧੫੩੬॥

ਬ੍ਰਹਮਾ ਬਾਚ ॥

ਬ੍ਰਹਮਾ ਨੇ ਕਿਹਾ:

ਤੋਟਕ ਛੰਦ ॥

ਤੋਟਕ ਛੰਦ:

ਜਬ ਹੀ ਇਹ ਭੂਪਤਿ ਜਨਮ ਲੀਓ ॥

ਜਦੋਂ ਹੀ ਇਸ ਰਾਜੇ ਨੇ ਜਨਮ ਲਿਆ ਸੀ,

ਤਜਿ ਧਾਮ ਤਬੈ ਬਨਿਬਾਸੁ ਕੀਓ ॥

ਤਦੋਂ ਹੀ ਘਰ ਛਡ ਕੇ (ਇਸ ਨੇ) ਬਨ ਵਿਚ ਵਾਸਾ ਕਰ ਲਿਆ ਸੀ।

ਤਪਸਾ ਕਰਿ ਕੈ ਜਗ ਮਾਤ ਰਿਝਾਯੋ ॥

ਤਪਸਿਆ ਕਰ ਕੇ (ਇਸ ਨੇ) ਜਗਤ ਮਾਤਾ (ਦੇਵੀ) ਨੂੰ ਪ੍ਰਸੰਨ ਕਰ ਲਿਆ

ਤਹ ਤੇ ਅਰਿ ਜੀਤਨ ਕੋ ਬਰੁ ਪਾਯੋ ॥੧੫੩੭॥

ਅਤੇ ਉਸ ਤੋਂ ਵੈਰੀ ਨੂੰ ਜਿਤਣ ਦਾ ਵਰ ਪ੍ਰਾਪਤ ਕਰ ਲਿਆ ॥੧੫੩੭॥


Flag Counter