ਚੌਪਈ:
ਡਮ ਡਮ ਕਰ ਕੇ ਡਮਰੂ ਵਜ ਰਿਹਾ ਹੈ
ਅਤੇ ਅਨੇਕ ਹੱਥਾਂ ਵਿਚ ਤਲਵਾਰਾਂ ਚਮਕ ਰਹੀਆਂ ਹਨ।
ਬਹੁਤ ਤਕੜੇ ਸੂਰਮੇ ਯੁੱਧ ਵਿਚ ਕਟ ਕਟ ਕੇ ਮਰ ਰਹੇ ਹਨ।
ਉਨ੍ਹਾਂ ਨੂੰ ਅਪੱਛਰਾਵਾਂ ਰੀਝ ਰੀਝ ਕੇ ਵਰ ਰਹੀਆਂ ਹਨ ॥੧੮॥
ਲਹਿ ਲਹਿ ਕਰਦੀਆਂ ਕਰੋੜਾਂ ਧੁਜਾਵਾਂ ਫਹਿਰਾ ਰਹੀਆਂ ਹਨ।
(ਉਹ ਇਤਨੀਆਂ ਅਧਿਕ ਹਨ ਕਿ) ਸੂਰਜ ਅਤੇ ਚੰਦ੍ਰਮਾ ਵੀ ਦਿਸ ਨਹੀਂ ਪੈਂਦੇ।
ਉਥੇ ਮਸਾਣ (ਪ੍ਰੇਤ) ਕਹਿ ਕਹਿ ਕਰ ਰਹੇ ਹਨ
ਅਤੇ ਵਾਜਿਆਂ ਦੀ ਸੁਰ ਨਾਲ ਨਚਦੇ ਹੋਏ ਸੂਰਮੇ ਜੂਝ ਰਹੇ ਹਨ ॥੧੯॥
ਦੋਹਰਾ:
ਪਰਸਿਆਂ, ਪਾਸਾਂ, ਤਲਵਾਰਾਂ, ਬਜ੍ਰ ਬਾਣਾਂ ਦੀ ਵਿਸ਼ੇਸ਼ ਬਰਖਾ ਹੋਈ ਹੈ।
ਸਾਰੇ ਸੂਰਮੇ ਘਾਇਲ ਹੋ ਗਏ ਹਨ ਅਤੇ ਬੇਹਿਸਾਬੇ ਸ਼ਹੀਦ ਹੋ ਗਏ ਹਨ ॥੨੦॥
ਭੁਜੰਗ ਛੰਦ:
ਮਹਾਨ ਯੁੱਧ ਕਰ ਕੇ ਸਾਰੇ ਦੇਵਤੇ ਹਾਰ ਗਏ
ਅਤੇ ਪਤਿਬ੍ਰਤਾ ਇਸਤਰੀ (ਵਾਲਾ ਹੋਣ ਕਰ ਕੇ ਜਲੰਧਰ) ਮਾਰਿਆ ਨਹੀਂ ਜਾ ਰਿਹਾ ਹੈ।
ਬਹੁਤ ਹੈਂਕੜ ਵਾਲੇ ਯੋਧੇ ਜੂਝ ਮਰੇ ਹਨ।
ਜੋ ਰਹਿ ਗਏ ਹਨ, ਉਹ ਚੌਹਾਂ ਪਾਸਿਆਂ ਤੋਂ ਆ ਕੇ ਲਲਕਾਰੇ ਮਾਰ ਰਹੇ ਹਨ ॥੨੧॥
(ਦੈਂਤ ਕਹਿਣ ਲਗੇ) ਹੇ ਇੰਦਰ! ਕਿਥੇ ਜਾਂਦਾ ਹੈਂ, (ਅਸੀਂ) ਜਾਣ ਨਹੀਂ ਦੇਣਾ।
ਇਸੇ ਰਣਖੇਤਰ ਵਿਚ ਤੈਨੂੰ ਮਾਰ ਲੈਣਾ ਹੈ।
ਸੂਰਮੇ ਘੋੜਿਆਂ ਅਤੇ ਬਾਣਾਂ ਨੂੰ ਲੈ ਕੇ ਡਟੇ ਹੋਏ ਹਨ।
ਮਨ ਵਿਚ ਬਹੁਤ ਗੁੱਸਾ ਕਰ ਕੇ ਸ਼ੋਭਾ ਵਧਾਈ ਹੋਈ ਹੈ ॥੨੨॥
ਤਦੋਂ ਵਿਸ਼ਣੂ ਨੇ (ਮਨ ਵਿਚ) ਇਹ ਵਿਚਾਰ ਕੀਤਾ
ਅਤੇ ਜਲੰਧਰ ਦੈਂਤ ਦਾ ਸਾਰਾ ਰੂਪ ਧਾਰਨ ਕਰ ਲਿਆ।
ਜਿਸ ਬਾਗ਼ ਵਿਚ ਬ੍ਰਿੰਦਾ ਇਸਤਰੀ ਬੈਠੀ ਹੋਈ ਸੀ
ਅਤੇ ਜਿਸ (ਦੇ ਸਰੂਪ) ਨੂੰ ਵੇਖ ਕੇ ਕਾਮ ਦੇਵ ਦਾ ਘਮੰਡ ਵੀ ਨਸ਼ਟ ਹੋ ਰਿਹਾ ਸੀ ॥੨੩॥
ਦੋਹਰਾ:
(ਵਿਸ਼ਣੂ) ਜਲੰਧਰ ਦਾ ਭੇਸ ਧਾਰ ਕੇ ਉਥੇ ਜਾ ਪਹੁੰਚਿਆ।
(ਬ੍ਰਿੰਦਾ) ਪਤੀ ਦਾ ਰੂਪ ਵੇਖ ਕੇ ਪ੍ਰੇਮ ਪੂਰਵਕ ਉਸ ਉਤੇ ਪ੍ਰਸੰਨ ਹੋ ਗਈ ॥੨੪॥
ਚੌਪਈ:
(ਵਿਸ਼ਣੂ ਨੇ ਜਲੰਧਰ ਰੂਪ ਵਿਚ) ਉਸ ਨਾਲ ਭਾਂਤ ਭਾਂਤ ਦਾ ਵਿਹਾਰ ਕੀਤਾ
ਅਤੇ ਕਾਮ ਦੇਵ ਦਾ ਸਾਰਾ ਹੰਕਾਰ ਦੂਰ ਕਰ ਦਿੱਤਾ।
ਉਥੇ ਜੋ ਯੁੱਧ ਹੋਇਆ, ਉਸ ਨੂੰ ਸੁਣਾਉਂਦਾ ਹਾਂ,
ਜਿਸ ਕਰ ਕੇ ਤੁਹਾਡੇ ਹਿਰਦੇ ਨੂੰ ਪ੍ਰਸੰਨ ਕਰਦਾ ਹਾਂ ॥੨੫॥
ਭੁਜੰਗ ਛੰਦ:
ਉਧਰ ਬਾਂਕੇ ਦੈਂਤ ਹਨ ਅਤੇ ਇਧਰ ਚੰਗੇ ਦੇਵਤੇ ਹਨ।
ਸਾਰਿਆਂ ਨੇ ਤ੍ਰਿਸ਼ੂਲ ਅਤੇ ਬਰਛੇ ਧਾਰਨ ਕੀਤੇ ਹੋਏ ਹਨ।
ਉਸ ਯੁੱਧ-ਭੂਮੀ ਵਿਚ ਮਾਰੂ ਨਾਦ ਵਜ ਰਿਹਾ ਹੈ।
ਦਿਤੀ ਅਤੇ ਅਦਿਤੀ ਦੇ ਪੁੱਤਰ ਦੋਹਾਂ ਪਾਸੇ ਬਹੁਤ ਗੱਜ ਰਹੇ ਹਨ ॥੨੬॥
ਕਿਤੇ ਬਹੁਤ ਕ੍ਰੋਧ ਕਰ ਕੇ ਸੂਰਮੇ ਜੂਝ ਰਹੇ ਸਨ।
ਇਸ ਤਰ੍ਹਾਂ ਡਿਗ ਰਹੇ ਹਨ ਕਿ ਪਛਾਣੇ ਨਹੀਂ ਜਾਂਦੇ।
ਕਿਤੇ ਰਾਜੇ, ਘੋੜੇ, ਸੂਰਮੇ ਅਤੇ ਵੱਡੇ ਕਵਚ (ਡਿਗੇ ਪਏ ਹਨ)
ਅਤੇ ਕਿਤੇ ਤੇਗ, ਤੀਰ ਅਤੇ ਕਾਤੀ-ਕਟਾਰੀ (ਪਈਆਂ ਹਨ) ॥੨੭॥
ਕਿਤੇ ਟੋਪ ਟੁੱਟੇ ਪਏ ਹਨ, ਕਿਤੇ ਭਾਰੀ ਵਾਜੇ ਵਜ ਰਹੇ ਹਨ,
ਕਿਤੇ ਜਵਾਨ ਸੂਰਮੇ ਕਾਤੀਆਂ ਕਟਾਰੀਆਂ ਨਾਲ ਸ਼ੁਭਾਇਮਾਨ ਹਨ।
ਕਿਤੇ ਸ਼ੂਲ ਅਤੇ ਸੈਹਥੀਆਂ ਇਸ ਤਰ੍ਹਾਂ ਭੂਮੀ ਉਤੇ ਡਿਗੀਆਂ ਪਈਆਂ ਹਨ
ਕਿ ਉਨ੍ਹਾਂ ਦੀ ਸੁੰਦਰ ਸ਼ੋਭਾ ਮਹਾਨ ਜਵਾਲਾ ਵਰਗੀ ਹੈ ॥੨੮॥
ਚੌਪਈ:
(ਵਿਸ਼ਣੂ ਨੇ) ਪਹਿਲਾਂ ਬ੍ਰਿੰਦਾ ਦਾ ਸੱਤ ਭੰਗ ਕੀਤਾ।