ਸ਼੍ਰੀ ਦਸਮ ਗ੍ਰੰਥ

ਅੰਗ - 1243


ਕਹੂੰ ਭੂਤ ਔ ਪ੍ਰੇਤ ਨਾਚੈ ਬਿਤਾਲਾ ॥੬੧॥

ਕਿਤੇ ਭੂਤ, ਪ੍ਰੇਤ ਅਤੇ ਬੈਤਾਲ ਨਚ ਰਹੇ ਸਨ ॥੬੧॥

ਕਹੂੰ ਦੈਤ ਕਾਢੋ ਫਿਰੈ ਦਾਤ ਭਾਰੇ ॥

ਕਿਤੇ ਦੈਂਤ ਵੱਡੇ ਵੱਡੇ ਦੰਦ ਕਢੀ ਫਿਰਦੇ ਸਨ।

ਬਮੈ ਸ੍ਰੌਨ ਕੇਤੇ ਪਰੇ ਖੇਤ ਮਾਰੇ ॥

ਕਿਤਨੇ ਹੀ ਯੁੱਧ-ਖੇਤਰ ਵਿਚ ਮਾਰੇ ਹੋਏ ਪਏ ਸਨ (ਅਤੇ ਉਨ੍ਹਾਂ ਦੇ ਜ਼ਖਮਾਂ ਵਿਚੋਂ) ਲਹੂ ਵਗ ਰਿਹਾ ਸੀ।

ਕਹੂੰ ਤਾਜਿ ਡਾਰੇ ਜਿਰਹ ਖੋਲ ਐਸੇ ॥

ਕਿਤੇ ਤਾਜ ਪਏ ਸਨ ਅਤੇ ਕਿਤੇ ਕਵਚ ਅਤੇ ਖੋਲ ਇਸ ਤਰ੍ਹਾਂ ਡਿਗੇ ਪਏ ਸਨ,

ਬਗੇ ਬ੍ਯੋਤ ਭਾਰੇ ਸਮੈ ਸੀਤ ਜੈਸੇ ॥੬੨॥

ਜਿਵੇਂ ਸਰਦੀ ਦੇ ਮੌਸਮ ਵਿਚ (ਦਰਜ਼ੀ ਨੇ) ਬਹੁਤ ਸਾਰੇ ਕਪੜੇ ਵਿਉਂਤ ਕੇ ਸੁਟੇ ਹਨ ॥੬੨॥

ਤਹਾ ਬਾਜ ਹਾਥੀਨ ਕੀ ਸ੍ਰੋਨ ਧਾਰੈ ॥

ਉਥੇ ਘੋੜਿਆਂ ਅਤੇ ਹਾਥੀਆਂ ਦੇ ਲਹੂ ਦੀਆਂ ਧਾਰਾਂ (ਇਸ ਤਰ੍ਹਾਂ ਵਗ ਰਹੀਆਂ ਸਨ)

ਪਰੈ ਜ੍ਯੋਂ ਫੁਹਾਰਾਨਹੂੰ ਕੀ ਫੁਹਾਰੈ ॥

ਜਿਵੇਂ ਫੁਹਾਰਿਆਂ ਵਿਚੋਂ ਫੁਹਾਰ ਪੈਂਦੀ ਹੈ।

ਪ੍ਰਲੈ ਕਾਲ ਸੋ ਜਾਨ ਦੂਜੋ ਭਯੋ ਹੈ ॥

(ਇੰਜ ਲਗਦਾ ਸੀ) ਮਾਨੋ ਦੂਜੀ ਪਰਲੋ ਆ ਗਈ ਹੋਵੇ

ਜਹਾ ਕੋਟਿ ਸੂਰਾਨ ਸੂਰਾ ਖਯੋ ਹੈ ॥੬੩॥

ਅਤੇ ਜਿਸ ਵਿਚ ਕਰੋੜਾਂ ਸੂਰਮਿਆਂ ਦੇ ਸੂਰਮੇ ਮਾਰੇ ਗਏ ਹੋਣ ॥੬੩॥

ਤਹਾ ਕੋਟਿ ਸੌਡੀਨ ਕੇ ਸੁੰਡ ਕਾਟੇ ॥

ਉਥੇ ਕਰੋੜਾਂ ਹਾਥੀਆਂ ਦੀਆਂ ਸੁੰਢਾਂ ਕਟੀਆਂ ਪਈਆਂ ਸਨ।

ਕਹੂੰ ਬੀਰ ਮਾਰੇ ਗਿਰੇ ਕੇਤੁ ਫਾਟੇ ॥

ਕਿਤੇ ਮਾਰੇ ਹੋਏ ਸੂਰਮੇ ਪਏ ਸਨ (ਅਤੇ ਕਿਤੇ) ਫਟੇ ਹੋਏ ਝੰਡੇ ਡਿਗੇ ਪਏ ਸਨ।

ਕਹੂੰ ਖੇਤ ਨਾਚੈ ਪਠੇ ਪਖਰਿਯਾਰੇ ॥

ਕਿਤੇ ਜਵਾਨ ਘੋੜ ਸਵਾਰ ਯੁੱਧ ਵਿਚ (ਘੋੜੇ) ਨਚਾ ਰਹੇ ਸਨ।

ਕਹੂੰ ਮਾਰੂ ਬਾਜੈ ਉਠੈ ਨਾਦ ਭਾਰੇ ॥੬੪॥

ਕਿਤੇ ਮਾਰੂ ਨਗਾਰੇ ਵਜ ਰਹੇ ਸਨ ਅਤੇ ਭਾਰੀ ਨਾਦ ਉਠ ਰਿਹਾ ਸੀ ॥੬੪॥

ਕਹੂੰ ਸੰਖ ਭੇਰੀ ਤਹਾ ਨਾਦ ਬਾਜੈ ॥

ਉਥੇ ਕਿਤੇ ਸੰਖਾਂ ਅਤੇ ਭੇਰੀਆਂ ਦਾ ਨਾਦ ਹੋ ਰਿਹਾ ਸੀ

ਹਸੈ ਗਰਜਿ ਠੋਕੈ ਭੁਜਾ ਭੂਪ ਗਾਜੈ ॥

ਅਤੇ ਕਿਤੇ ਰਾਜੇ (ਸੂਰਮੇ) ਭੁਜਾਵਾਂ ਠੋਕ ਕੇ ਗਜ ਅਤੇ ਹਸ ਰਹੇ ਸਨ।

ਨਗਾਰੇ ਨਫੀਰੀ ਬਜੈ ਝਾਝ ਭਾਰੀ ॥

(ਕਿਤੇ) ਵੱਡੇ ਨਗਾਰੇ, ਨਫ਼ੀਰੀਆਂ, ਝਾਂਝਾਂ ਵਜ ਰਹੀਆਂ ਸਨ।

ਹਠੇ ਰੋਸ ਕੈ ਕੈ ਤਹਾ ਛਤ੍ਰਧਾਰੀ ॥੬੫॥

ਕਿਤੇ ਛਤ੍ਰਧਾਰੀ ਰੋਹ ਵਿਚ ਭਰੇ ਹੋਏ ਡਟੇ ਪਏ ਸਨ ॥੬੫॥

ਕਹੂੰ ਭੀਮ ਭੇਰੀ ਬਜੈ ਰਾਗ ਮਾਰੂ ॥

ਕਿਤੇ ਵੱਡੀਆਂ ਭੇਰੀਆਂ ਤੋਂ ਮਾਰੂ ਰਾਗ ਵਜ ਰਿਹਾ ਸੀ।

ਨਫੀਰੀ ਕਹੂੰ ਨਾਇ ਨਾਦੈ ਨਗਾਰੂ ॥

ਕਿਤੇ ਨਫ਼ੀਰੀਆਂ, ਸ਼ਹਿਨਾਈਆਂ ਅਤੇ ਨਗਾਰੇ ਵਜ ਰਹੇ ਸਨ।

ਕਹੂੰ ਬੇਨੁ ਔ ਬੀਨ ਬਾਜੈ ਸੁਰੰਗਾ ॥

ਕਿਤੇ ਬੇਨਾਂ ਅਤੇ ਬੀਨਾਂ ਸੁੰਦਰ ਢੰਗ ਨਾਲ ਵਜ ਰਹੀਆਂ ਸਨ।

ਰੁਚੰਗਾ ਮ੍ਰਿਦੰਗਾ ਉਪੰਗਾ ਮੁਚੰਗਾ ॥੬੬॥

ਕਿਤੇ ਰੁਚੰਗ, ਮ੍ਰਿਦੰਗ, ਉਪੰਗ, ਅਤੇ ਮੁਚੰਗ ਵਜ ਰਹੇ ਸਨ ॥੬੬॥

ਝਰੋਖਾ ਤਰੇ ਜੋ ਮਚੀ ਮਾਰਿ ਐਸੀ ॥

ਝਰੋਖੇ ਹੇਠਾਂ ਤਾਂ ਅਜਿਹੀ ਲੜਾਈ ਹੋਈ ਸੀ,

ਭਈ ਦੇਵ ਦਾਨਵਾਨ ਕੀ ਹੈ ਨ ਤੈਸੀ ॥

ਜਿਸ ਵਰਗੀ ਦੇਵਤਿਆਂ ਅਤੇ ਦੈਂਤਾਂ ਵਿਚ ਵੀ ਨਹੀਂ ਹੋਈ ਸੀ।

ਨ ਸ੍ਰੀ ਰਾਮ ਔ ਰਾਵਨੈ ਜੁਧ ਐਸੋ ॥

ਨਾ ਇਹੋ ਜਿਹਾ ਯੁੱਧ ਰਾਮ ਅਤੇ ਰਾਵਣ ਵਿਚ ਹੋਇਆ ਸੀ

ਕਿਯੋ ਭੀ ਮਹਾਭਾਰਥੈ ਮੈ ਸੁ ਨ ਤੈਸੋ ॥੬੭॥

ਅਤੇ ਨਾ ਹੀ ਇਹੋ ਜਿਹਾ ਮਹਾਭਾਰਤ ਵਿਚ ਕੀਤਾ ਗਿਆ ਸੀ (ਅਰਥਾਂਤਰ- ਨਾ ਇਹੋ ਜਿਹਾ ਭੀਮ ਨੇ ਮਹਾਭਾਰਤ ਵਿਚ ਕੀਤਾ ਸੀ) ॥੬੭॥

ਤਹਾ ਬੀਰ ਕੇਤੇ ਖਰੇ ਗਾਲ੍ਰਹ ਮਾਰੈ ॥

ਉਥੇ ਕਈ ਸੂਰਮੇ ਖੜੋਤੇ ਹੋਏ ਬੜਕਾਂ ਮਾਰ ਰਹੇ ਸਨ।

ਕਿਤੇ ਬਾਨ ਛੋਡੈ ਕਿਤੈ ਸਸਤ੍ਰ ਧਾਰੈ ॥

ਕਿਤੇ ਬਾਣ ਛਡ ਰਹੇ ਸਨ ਅਤੇ ਕਿਤੇ ਸਸਤ੍ਰ ਧਾਰਨ ਕਰ ਰਹੇ ਸਨ।

ਕਿਤੇ ਨਾਰ ਕੇ ਭੇਸ ਕੌ ਸਾਜ ਲੈ ਕੈ ॥

ਕਿਤੇ ਇਸਤਰੀਆਂ ਦਾ ਭੇਸ ਧਾਰ ਕੇ

ਚਲੈ ਛੋਰਿ ਬਾਜੀ ਹਠੀ ਭਾਜ ਕੈ ਕੈ ॥੬੮॥

ਹਠੀ ਸੂਰਮੇ ਘੋੜੇ ਛਡ ਕੇ ਭਜੀ ਜਾ ਰਹੇ ਸਨ ॥੬੮॥

ਕਿਤੇ ਖਾਨ ਖੇਦੇ ਕਿਤੇ ਖੇਤ ਮਾਰੇ ॥

ਕਿਤਨੇ ਹੀ ਪਠਾਣ ਖਦੇੜ ਦਿੱਤੇ ਗਏ ਅਤੇ ਕਿਤਨੇ ਹੀ ਯੁੱਧ-ਖੇਤਰ ਵਿਚ ਮਾਰ ਦਿੱਤੇ ਗਏ।

ਕਿਤੇ ਖੇਤ ਮੈ ਖਿੰਗ ਖਤ੍ਰੀ ਲਤਾਰੇ ॥

ਕਿਤਨੇ ਹੀ ਛਤ੍ਰੀਆਂ ਨੂੰ ਰਣ-ਭੂਮੀ ਵਿਚ ਘੋੜਿਆਂ ਨੇ ਲਿਤਾੜ ਦਿੱਤਾ।

ਜਹਾ ਬੀਰ ਬਾਕੇ ਹਠੀ ਪੂਤ ਘਾਏ ॥

ਜਿਥੇ ਬਾਂਕੇ ਹਠੀ ਸੂਰਮੇ ਮਾਰੇ ਗਏ,

ਤਹੀ ਗੋਲ ਬਾਧੇ ਚਲੇ ਸਿਧ ਆਏ ॥੬੯॥

ਉਥੇ ਗੋਲ ਘੇਰੇ ਬਣਾ ਕੇ ਸਿਧ ਪਾਲ (ਆਪ) ਆ ਗਏ ॥੬੯॥

ਜਬੈ ਸਿਧ ਪਾਲੈ ਪਠਾਨੌ ਨਿਹਾਰਾ ॥

ਜਦੋਂ ਸਿਧ ਪਾਲ ਨੂੰ ਪਠਾਣਾਂ ਨੇ ਵੇਖਿਆ,

ਕਿਨੀ ਹਾਥ ਲੈ ਨ ਹਥ੍ਯਾਰੈ ਸੰਭਾਰਾ ॥

ਤਾਂ ਕੋਈ ਵੀ ਹੱਥ ਵਿਚ ਹਥਿਆਰ ਨਾ ਸੰਭਾਲ ਸਕਿਆ।

ਕਿਤੇ ਭਾਜਿ ਚਾਲੇ ਕਿਤੇ ਖੇਤ ਮਾਰੇ ॥

ਕਿਤਨੇ ਭਜ ਗਏ ਅਤੇ ਕਿਤਨੇ ਹੀ ਰਣ-ਭੂਮੀ ਵਿਚ ਮਾਰ ਦਿੱਤੇ ਗਏ।

ਪੁਰਾਨੇ ਪਲਾਸੀ ਮਨੋ ਬਾਇ ਡਾਰੇ ॥੭੦॥

(ਇੰਜ ਲਗਦਾ ਸੀ) ਮਾਨੋ ਹਵਾ ਨੇ ਪਲਾਸ ਦੇ ਪੁਰਾਣੇ ਬ੍ਰਿਛ ਡਿਗਾ ਦਿੱਤੇ ਹੋਣ ॥੭੦॥

ਹਠੇ ਜੇ ਜੁਝੇ ਸੇ ਸਭੈ ਖੇਤ ਮਾਰੇ ॥

ਜਿਤਨੇ ਵੀ ਹਠੀ ਸੂਰਮੇ ਯੁੱਧ ਵਿਚ ਜੁਟੇ ਸਨ, ਸਾਰੇ ਰਣ-ਖੇਤਰ ਵਿਚ ਮਾਰ ਦਿੱਤੇ ਗਏ

ਕਿਤੇ ਖੇਦਿ ਕੈ ਕੋਟ ਕੇ ਮਧਿ ਡਾਰੇ ॥

ਅਤੇ ਕਿਤਨੇ ਹੀ ਖਦੇੜ ਕੇ ਕਿਲ੍ਹੇ ਵਿਚ ਸੁਟ ਦਿੱਤੇ ਗਏ।

ਕਿਤੇ ਬਾਧਿ ਲੈ ਕੈ ਕਿਤੇ ਛੋਰਿ ਦੀਨੇ ॥

ਕਿਤਨਿਆਂ ਨੂੰ ਬੰਨ੍ਹ ਲਿਆ ਗਿਆ ਅਤੇ ਕਿਤਨਿਆਂ ਨੂੰ ਛਡ ਦਿੱਤਾ ਗਿਆ।

ਕਿਤੇ ਜਾਨ ਮਾਰੇ ਕਿਤੇ ਰਾਖਿ ਲੀਨੇ ॥੭੧॥

ਕਿਤਨੇ ਜਾਨੋ ਮਾਰ ਦਿੱਤੇ ਗਏ ਅਤੇ ਕਿਤਨਿਆਂ ਨੂੰ ਬਚਾ ਲਿਆ ਗਿਆ ॥੭੧॥

ਤਿਸੀ ਕੌ ਹਨਾ ਖਗ ਜੌਨੇ ਉਚਾਯੋ ॥

ਜਿਸ ਨੇ ਤਲਵਾਰ ਚੁਕੀ, ਉਸੇ ਨੂੰ ਮਾਰ ਦਿੱਤਾ ਗਿਆ।

ਸੋਈ ਜੀਵ ਬਾਚਾ ਜੁਈ ਭਾਜਿ ਆਯੋ ॥

ਉਹੀ ਜੀਉਂਦਾ ਬਚਿਆ ਜੋ ਭਜ ਕੇ ਆ ਗਿਆ।

ਕਹਾ ਲੌ ਗਨਾਊ ਭਯੋ ਜੁਧ ਭਾਰੀ ॥

ਕਿਥੋਂ ਤਕ ਬਖਾਨ ਕਰਾਂ, ਬਹੁਤ ਭਾਰੀ ਯੁੱਧ ਹੋਇਆ।

ਲਖੇ ਲੋਹ ਮਾਚਾ ਕੁਪੇ ਛਤ੍ਰ ਧਾਰੀ ॥੭੨॥

ਲੋਹਾ ਖੜਕਦਿਆਂ ਵੇਖ ਕੇ ਛਤ੍ਰਧਾਰੀ ਕ੍ਰੋਧਿਤ ਹੋ ਗਏ ॥੭੨॥

ਕਿਤੇ ਨਾਦ ਨਾਦੈ ਕਿਤੇ ਨਾਦ ਪੂਰੈ ॥

ਕਿਤੇ ਨਾਦ (ਨਰਸਿੰਘੇ) ਵਜ ਰਹੇ ਹਨ ਅਤੇ ਕਿਤੇ ਨਾਦ (ਸੰਖ) ਪੂਰੇ ਜਾ ਰਹੇ ਹਨ।

ਕਿਤੇ ਜ੍ਵਾਨ ਜੂਝੈ ਬਰੈ ਹੇਰਿ ਸੂਰੈ ॥

ਕਿਤੇ ਜਵਾਨ ਲੜ ਕੇ ਮਰ ਗਏ ਸਨ ਅਤੇ (ਹੂਰਾਂ) ਸੂਰਮਿਆਂ ਨੂੰ ਵੇਖ ਵੇਖ ਕੇ ਵਰ ਰਹੀਆਂ ਸਨ।

ਕਿਤੇ ਆਨਿ ਕੈ ਕੈ ਕ੍ਰਿਪਾਨੈ ਚਲਾਵੈ ॥

ਕਿਤੇ (ਸੂਰਮੇ) ਆ ਆ ਕੇ ਕ੍ਰਿਪਾਨਾਂ ਚਲਾਉਂਦੇ ਹਨ।


Flag Counter