ਅਤੇ (ਗੋਰਖ ਨਾਲ ਇੰਜ ਮਿਲ ਗਿਆ) ਜਿਵੇਂ ਜਲ ਨਾਲ ਜਲ ਮਿਲ ਜਾਂਦਾ ਹੈ ॥੬੧॥
ਅੜਿਲ:
(ਕਿਸੇ ਦਿਨ ਭਿਖਿਆ ਮੰਗਦਿਆਂ) ਭਰਥਰੀ ਨੇ (ਇਕ ਚਰਖੇ ਦਾ) ਮੁੰਨਾ ਵੇਖਿਆ (ਜਿਸ ਵਿਚੋਂ ਗਰਮੀ ਕਰ ਕੇ) ਘਿਓ ਚੋ ਰਿਹਾ ਸੀ।
(ਉਸ ਚਰਖਾ ਕੱਤਣ ਵਾਲੀ ਪ੍ਰਤਿ ਭਰਥਰੀ ਨੇ) ਹਸ ਕੇ ਇਸ ਤਰ੍ਹਾਂ ਬੋਲ ਉਚਾਰਿਆ।
ਜਿਨ੍ਹਾਂ ਨੂੰ (ਇਸਤਰੀ ਦੀ) ਕਟਾਖ ਲਗ ਜਾਵੇ, ਉਹ ਰਾਜ ਖੋਹ ਦਿੰਦੇ ਹਨ।
ਹੇ ਚਰਖੇ ਦੇ ਮੁੰਨੇ! ਤੈਨੂੰ ਤਾਂ (ਇਸਤਰੀ ਦੇ) ਹੱਥ ਲਗ ਗਏ ਹਨ, ਭਲਾ ਤੂੰ ਕਿਉਂ ਨਾ ਰੋਵੇਂ ॥੬੨॥
ਚੌਪਈ:
ਜਦ ਬਹੁਤ ਸਾਲ ਬੀਤ ਗਏ
ਤਾਂ ਭਰਥਰੀ ਆਪਣੇ ਦੇਸ ਗਿਆ।
(ਉਥੋਂ ਦੀ) ਇਕ ਇਸਤਰੀ ਨੇ (ਰਾਜੇ ਨੂੰ) ਪਛਾਣ ਲਿਆ
ਅਤੇ ਰਾਣੀਆਂ ਦੇ ਕੋਲ ਚਲੀ ਗਈ ॥੬੩॥
ਦੋਹਰਾ:
ਅਜਿਹੀ ਗੱਲ ਸੁਣ ਕੇ ਰਾਣੀਆਂ ਨੇ ਰਾਜੇ ਨੂੰ (ਆਪਣੇ ਕੋਲ) ਬੁਲਾ ਲਿਆ।
ਕਈ ਤਰ੍ਹਾਂ ਦਾ ਰੋਣਾ ਧੋਣਾ ਕਰ ਕੇ (ਰਾਜੇ ਦੇ) ਚਰਨਾਂ ਨਾਲ ਲਿਪਟ ਗਈਆਂ ॥੬੪॥
ਸੋਰਠਾ:
(ਰਾਣੀਆਂ ਕਹਿਣ ਲਗੀਆਂ) ਸ਼ਰੀਰ ਵਿਚ ਮਾਸਾ ਜਿੰਨਾ ਵੀ ਮਾਸ ਨਹੀਂ ਰਿਹਾ ਅਤੇ ਨਾ ਹੀ ਰਤਾ ਜਿੰਨਾ ਲਹੂ ਰਿਹਾ ਹੈ।
ਉਭੇ ਸੁਆਸਾਂ ਨਾਲ ਸੁਆਸ ਨਹੀਂ ਉਡੇ (ਕਿਉਂਕਿ) ਤੁਹਾਡੇ ਮਿਲਣ ਦੀ ਆਸ ਸੀ ॥੬੫॥
ਚੌਪਈ:
ਹੇ ਸ੍ਰੇਸ਼ਠ ਰਾਜੇ! ਤੁਸੀਂ ਯੋਗ ਸਾਧਨਾ ਕਰ ਕੇ ਪੂਰਨ ਹੋ ਗਏ ਹੋ।
ਹੁਣ ਤੁਸੀਂ ਸੁਖ ਪੂਰਵਕ ਘਰ ਵਿਚ ਰਾਜ ਕਰੋ।
ਜਾਂ (ਤੁਸੀਂ ਹੁਣ) ਅਸਾਂ ਸਾਰੀਆਂ ਨੂੰ ਪਹਿਲਾਂ ਮਾਰ ਦਿਓ
ਤਾਂ ਪਿਛੋਂ ਬਨ ਵਲ ਜਾਓ ॥੬੬॥
ਭਰਥਰੀ ਨੇ ਕਿਹਾ:
ਦੋਹਰਾ:
ਜਿਹੜੀਆਂ ਰਾਣੀਆਂ ਉਦੋਂ ਜੋਬਨਵੰਤ ਸਨ, ਅਤੇ ਬਹੁਤ ਹੰਕਾਰ ਕਰਦੀਆਂ ਸਨ,
ਉਹ ਹੁਣ ਰੂਪ ਤੋਂ ਰਹਿਤ ਹੋ ਗਈਆਂ ਹਨ, ਉਨ੍ਹਾਂ ਵਿਚ ਕੁਝ ਵੀ ਹੰਕਾਰ ਨਹੀਂ ਰਿਹਾ ॥੬੭॥
ਚੌਪਈ:
ਜੋ (ਉਦੋਂ) ਅਬਲਾ ਸੀ, ਉਹ ਜਵਾਨ ਹੋ ਗਈ
ਅਤੇ ਜੋ ਜੁਆਨ ਸੀ ਉਹ ਬੁੱਢੀ ਹੋ ਗਈ।
ਜੋ ਬਿਰਧ ਸਨ (ਉਨ੍ਹਾਂ ਵਿਚੋਂ) ਕੋਈ ਦਿਸਦੀ ਨਹੀਂ ਹੈ।
ਚਿਤ ਵਿਚ ਇਹੀ ਹੈਰਾਨੀ ਹੁੰਦੀ ਹੈ ॥੬੮॥
ਜਿਹੜੀਆਂ ਰਾਣੀਆਂ (ਉਦੋਂ) ਜੋਬਨ ਨਾਲ ਭਰੀਆਂ ਹੋਈਆਂ ਸਨ,
ਉਨ੍ਹਾਂ ਨੂੰ ਬੁਢਾਪੇ ਨੇ ਕਾਬੂ ਕਰ ਲਿਆ ਹੈ।
ਜਿਹੜੀਆਂ ਇਸਤਰੀਆਂ ਸੁੰਦਰਤਾ ਕਰ ਕੇ ਹੰਕਾਰੀਆਂ ਹੋਈਆਂ ਸਨ,
ਉਨ੍ਹਾਂ ਦਾ ਗਰਬ ਬਿਲਕੁਲ ਖ਼ਤਮ ਹੋ ਗਿਆ ਹੈ ॥੬੯॥
ਦੋਹਰਾ:
ਜੋ ਅਧਿਕ ਚੰਚਲ ਇਸਤਰੀਆਂ ਉਦੋਂ ਮਨ ਵਿਚ ਬਹੁਤ ਅਭਿਮਾਨ ਕਰਦੀਆਂ ਸਨ,
ਉਨ੍ਹਾਂ ਨੂੰ ਹੁਣ ਬੁਢਾਪੇ ਨੇ ਜਿਤ ਲਿਆ ਹੈ, (ਉਹ) ਸ਼ਰੀਰ ਨੂੰ ਵੀ ਸੰਭਾਲ ਨਹੀਂ ਸਕਦੀਆਂ ॥੭੦॥
ਚੌਪਈ:
ਜੋ ਜੋ ਇਸਤਰੀਆਂ ਉਦੋਂ ਮਾਣ ਕਰਦੀਆਂ ਸਨ,
ਉਨ੍ਹਾਂ ਦਾ ਹੁਣ ਕੁਝ ਵੀ ਮਾਣ ਨਹੀਂ ਰਿਹਾ।
ਜੋ ਜਵਾਨ ਸਨ, ਉਹ ਬਿਰਧ ਹੋ ਗਈਆਂ ਹਨ।
ਹੌਲੀ ਹੌਲੀ ਹੋਰ ਦੀਆਂ ਹੋਰ ਹੋ ਗਈਆਂ ਹਨ ॥੭੧॥
(ਉਨ੍ਹਾਂ ਦੇ) ਕੇਸਾਂ ਦੀ ਸ਼ੋਭਾ ਦਾ ਵਰਣਨ ਨਹੀਂ ਕੀਤਾ ਜਾ ਸਕਦਾ ਸੀ,
(ਪਰ ਹੁਣ ਉਹ ਇੰਜ ਪ੍ਰਤੀਤ ਹੋ ਰਹੇ ਹਨ) ਮਾਨੋ (ਸ਼ਿਵ ਦੀਆਂ) ਜਟਾਵਾਂ ਵਿਚ ਗੰਗਾ ਵਗ ਰਹੀ ਹੋਵੇ।
ਜਾਂ ਸਾਰੇ ਕੇਸ ਦੁੱਧ ਨਾਲ ਧੋਏ ਗਏ ਹੋਣ,
ਇਸ ਕਰ ਕੇ ਸਫ਼ੈਦ ਰੰਗ ਵਾਲੇ ਹੋ ਗਏ ਹਨ ॥੭੨॥
ਦੋਹਰਾ:
(ਕਦੇ) ਇਨ੍ਹਾਂ ਉਤੇ ਹੀਰਿਆਂ ਅਤੇ ਮੋਤੀਆਂ ਦੇ ਸ਼ਿੰਗਾਰ ਕੀਤੇ ਹੁੰਦੇ ਸਨ,
ਇਸ ਲਈ ਹੇ ਇਸਤਰੀਓ! ਤੁਹਾਡੇ ਇਨ੍ਹਾਂ ਵਾਲਾਂ ਦੀ ਛਬੀ ਉਨ੍ਹਾਂ ਵਰਗੀ (ਸਫ਼ੈਦ) ਹੋ ਗਈ ਹੈ ॥੭੩॥
ਹੇ ਇਸਤਰੀਓ! ਤਦ ਜੋ ਤੁਹਾਡੇ ਕੇਸ ਬਹੁਤ ਸ਼ੋਭਦੇ ਸਨ,
ਨੀਲਮਣੀ ਦੇ ਛਬੀ ਵਾਲੇ ਹੁੰਦੇ ਸਨ (ਹੁਣ) ਚਾਂਦੀ ਦੇ ਰੰਗ ਵਾਲੇ ਹੋ ਗਏ ਹਨ ॥੭੪॥
ਚੌਪਈ:
ਜਾਂ ਸਾਰਿਆਂ ਨਾਲ ਫੁਲ ਗੁੰਦ ਦਿੱਤੇ ਹੋਣ,
ਇਸ ਲਈ ਤੁਹਾਡੇ ਵਾਲ ਸਫ਼ੈਦ ਹੋ ਗਏ ਹਨ।
ਜਾਂ ਚੰਦ੍ਰਮਾ ਦੀ ਚਾਂਦਨੀ ('ਜੌਨਿ') ਅਧਿਕ ਪੈ ਗਈ ਹੈ,
ਜਿਸ ਕਰ ਕੇ ਸਾਰਾ ਕਾਲਾਪਨ ਖ਼ਤਮ ਹੋ ਗਿਆ ਹੈ ॥੭੫॥
ਅੜਿਲ:
ਤਦ ਇਕ ਰਾਣੀ ਨੇ ਰਾਜੇ ਨੂੰ ਸਮਝਾ ਕੇ ਕਿਹਾ
ਕਿ ਮੈਨੂੰ ਸੁਪਨੇ ਵਿਚ ਆ ਕੇ ਗੋਰਖ ਨਾਥ ਕਹਿ ਗਏ ਸਨ
ਕਿ ਜਦ ਤਕ ਇਹ ਇਸਤਰੀਆਂ ਜੀਉਂਦੀਆਂ ਹਨ, ਤਦ ਤਕ (ਤੁਸੀਂ) ਰਾਜ ਕਰੋ।
ਜਦ ਇਹ ਸਾਰੀਆਂ ਮਰ ਜਾਣਗੀਆਂ ਤਦ ਤੁਸੀਂ (ਯੋਗ ਦੇ) ਮਾਰਗ ਉਤੇ ਕਦਮ ਰਖਣਾ ॥੭੬॥
ਰਾਣੀਆਂ ਦੇ ਬਚਨ ਸੁਣ ਕੇ ਰਾਜੇ (ਦੇ ਮਨ ਵਿਚ) ਕਰੁਣਾ ਪੈਦਾ ਹੋ ਗਈ।
ਉਸ ਨੇ ਉਨ੍ਹਾਂ ਵਿਚ ਕੁਝ ਆਪਣਾ ਗਿਆਨ ਦਾਖਲ ਕੀਤਾ।
ਜੋ ਕੁਝ ਪਿੰਗੁਲਾ (ਰਾਣੀ) ਨੇ ਕਿਹਾ, ਉਹੀ ਮੰਨ ਲਿਆ
ਅਤੇ ਘਰ ਵਿਚ ਬੈਠ ਕੇ ਰਾਜ ਅਤੇ ਯੋਗ ਦੋਵੇਂ ਕੀਤੇ ॥੭੭॥
ਦੋਹਰਾ:
ਰਾਣੀਆਂ ਦੇ ਬਚਨ ਮੰਨ ਕੇ (ਭਰਥਰੀ ਨੇ) ਸੁਖ ਪੂਰਵਕ ਰਾਜ ਕੀਤਾ।
ਫਿਰ ਪਿੰਗੁਲਾ ਦੇ ਮਰਨ ਤੇ ਬਨ ਨੂੰ ਚਲਾ ਗਿਆ ॥੭੮॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੨੦੯ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੦੯॥੪੦੧੨॥ ਚਲਦਾ॥
ਦੋਹਰਾ:
ਮਗਧ ਦੇਸ਼ ਦਾ ਸਰਸ ਸਿੰਘ ਨਾਂ ਦਾ ਇਕ ਵਡਭਾਗੀ ਰਾਜਾ ਸੀ