ਸ਼੍ਰੀ ਦਸਮ ਗ੍ਰੰਥ

ਅੰਗ - 1011


ਜਬ ਪਿਯ ਲੈ ਗੰਗਾ ਮਹਿ ਨੈਹੋ ਜਾਇ ਕੈ ॥

ਜਦ ਪਤੀ ਗੰਗਾ ਵਿਚ ਇਸ਼ਨਾਨ ਕਰਨ ਲਈ ਜਾਏਗਾ

ਹੋ ਭਗਨੀ ਮੁਖ ਤੇ ਭਾਖਿ ਮਿਲੌਗੀ ਆਇ ਕੈ ॥੫॥

ਤਾਂ ਉਹ (ਮਿਤਰ ਨੂੰ) ਮੂੰਹੋਂ ਭੈਣ ਕਹਿ ਕੇ ਆ ਮਿਲੇਗੀ ॥੫॥

ਦੋਹਰਾ ॥

ਦੋਹਰਾ:

ਮੀਤ ਨਾਥ ਕੌ ਸੰਗ ਲੈ ਤਹ ਕੋ ਕਿਯੋ ਪਯਾਨ ॥

ਪਤੀ ਅਤੇ ਮਿਤਰ ਨੂੰ ਨਾਲ ਲੈ ਕੇ ਤੀਰਥ-ਯਾਤ੍ਰਾ ਲਈ ਚਲ ਪਈ।

ਕੇਤਿਕ ਦਿਨਨ ਬਿਤਾਇ ਕੈ ਗੰਗ ਕਿਯੋ ਇਸਨਾਨ ॥੬॥

ਕਈ ਦਿਨਾਂ ਦੇ ਬੀਤਣ ਉਪਰੰਤ ਗੰਗਾ ਵਿਚ ਇਸ਼ਨਾਨ ਕੀਤਾ ॥੬॥

ਚੌਪਈ ॥

ਚੌਪਈ:

ਪਤਿ ਕੋ ਸੰਗ ਗੰਗ ਲੈ ਨ੍ਰਹਾਈ ॥

ਪਤੀ ਨੂੰ ਨਾਲ ਲੈ ਕੇ ਗੰਗਾ ਵਿਚ ਇਸ਼ਨਾਨ ਕੀਤਾ

ਭਾਖਿ ਬਹਿਨਿ ਤਾ ਸੋ ਲਪਟਾਈ ॥

ਅਤੇ ਭੈਣ ਕਹਿ ਕੇ ਉਸ (ਮਿਤਰ) ਨਾਲ ਲਿਪਟ ਗਈ।

ਮਨ ਮਾਨਤ ਤਿਨ ਕੇਲ ਕਮਾਯੋ ॥

ਉਸ ਨਾਲ ਮਨ ਚਾਹੀ ਕੇਲ ਕ੍ਰੀੜਾ ਕੀਤੀ

ਮੂਰਖ ਕੰਤ ਭੇਵ ਨਹਿ ਪਾਯੋ ॥੭॥

ਅਤੇ ਮੂਰਖ ਪਤੀ ਨੇ (ਅਸਲੀਅਤ ਦਾ) ਭੇਦ ਨਹੀਂ ਪਾਇਆ ॥੭॥

ਚਿਮਟਿ ਚਿਮਟਿ ਤਾ ਸੋ ਲਪਟਾਈ ॥

ਚਿਮਟ ਚਿਮਟ ਕੇ ਉਸ ਨਾਲ ਲਿਪਟੀ

ਮਨ ਮਾਨਤ ਤ੍ਰਿਯ ਕੇਲ ਕਮਾਈ ॥

ਅਤੇ ਮਨ ਭਾਉਂਦੇ ਢੰਗ ਨਾਲ ਰਤੀ-ਕ੍ਰੀੜਾ ਕੀਤੀ।

ਦਿਨ ਦੇਖਤ ਤ੍ਰਿਯ ਕੇਲ ਕਮਾਯੋ ॥

ਦਿਨ ਨੂੰ ਵੇਖਦੇ ਹੋਇਆਂ ਇਸਤਰੀ ਨੇ ਕਾਮ-ਕ੍ਰੀੜਾ ਕੀਤੀ,

ਮੂਰਖ ਕੰਤ ਭੇਵ ਨਹਿ ਪਾਯੋ ॥੮॥

ਪਰ ਮੂਰਖ ਪਤੀ ਨੇ ਭੇਦ ਨਾ ਪਾਇਆ ॥੮॥

ਦੋਹਰਾ ॥

ਦੋਹਰਾ:

ਮਨ ਮਾਨਤ ਕੋ ਮਾਨਿ ਰਤਿ ਦੀਨੋ ਜਾਰ ਉਠਾਇ ॥

ਮਨਮਰਜ਼ੀ ਅਨੁਸਾਰ ਰਤੀ-ਕ੍ਰੀੜਾ ਕਰ ਕੇ ਯਾਰ ਨੂੰ ਭੇਜ ਦਿੱਤਾ

ਮੁਖ ਬਾਏ ਮੂਰਖ ਰਹਿਯੋ ਭੇਦ ਨ ਸਕਿਯੋ ਪਾਇ ॥੯॥

ਅਤੇ ਮੂਰਖ (ਪਤੀ) ਮੂੰਹ ਅਡੀ ਰਹਿ ਗਿਆ, ਪਰ ਭੇਦ ਨੂੰ ਨਾ ਪਾ ਸਕਿਆ ॥੯॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਅਠਤੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੩੮॥੨੭੬੯॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੩੮ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੩੮॥੨੭੬੯॥ ਚਲਦਾ॥

ਅੜਿਲ ॥

ਅੜਿਲ:

ਮਾਨਣੇਸੁਰੀ ਰਾਨੀ ਅਤਿਹਿ ਸੁ ਸੋਹਨੀ ॥

ਮਾਨਣੇਸੁਰੀ ਰਾਣੀ ਬਹੁਤ ਹੀ ਸੋਹਣੀ ਸੀ

ਸਿੰਘ ਗਰੂਰ ਨ੍ਰਿਪਤਿ ਕੇ ਚਿਤ ਕੀ ਮੋਹਨੀ ॥

ਅਤੇ ਗਰੂਰ ਸਿੰਘ ਰਾਜੇ ਦੇ ਮਨ ਨੂੰ ਮੋਹਿਤ ਕਰਨ ਵਾਲੀ ਸੀ।

ਬੈਰਮ ਸਿੰਘ ਬਿਲੋਕਿਯੋ ਜਬ ਤਿਨ ਜਾਇ ਕੈ ॥

ਉਸ (ਰਾਣੀ) ਨੇ ਜਦ ਬੈਰਮ ਸਿੰਘ ਨੂੰ ਜਾ ਕੇ ਵੇਖਿਆ

ਹੋ ਮਦਨ ਬਸ੍ਰਯ ਹ੍ਵੈ ਗਿਰੀ ਭੂਮਿ ਮੁਰਛਾਇ ਕੈ ॥੧॥

ਤਾਂ ਕਾਮ ਵਸ ਹੋ ਕੇ ਬੇਹੋਸ਼ ਹੋ ਕੇ ਧਰਤੀ ਉਤੇ ਡਿਗ ਪਈ ॥੧॥

ਚੌਪਈ ॥

ਚੌਪਈ:

ਉਠਤ ਪ੍ਰੀਤਿ ਪ੍ਰਿਯ ਅਧਿਕ ਲਗਾਈ ॥

ਉਠ ਕੇ ਇਸਤਰੀ ਨੇ ਉਸ ਨਾਲ ਬਹੁਤ ਪ੍ਰੇਮ ਕੀਤਾ

ਕਾਮ ਕੇਲ ਤਿਹ ਸਾਥ ਕਮਾਈ ॥

ਅਤੇ ਉਸ ਨਾਲ ਕਾਮ-ਕ੍ਰੀੜਾ ਕੀਤੀ।

ਬਹੁਰਿ ਜਾਰ ਇਹ ਭਾਤਿ ਉਚਾਰੋ ॥

ਫਿਰ ਯਾਰ ਨੇ ਇਸ ਤਰ੍ਹਾਂ ਕਿਹਾ,

ਸੁਨੋ ਤ੍ਰਿਯਾ ਤੁਮ ਬਚਨ ਹਮਾਰੋ ॥੨॥

ਹੇ ਇਸਤਰੀ! ਤੂੰ ਮੇਰੀ ਗੱਲ ਸੁਣ ॥੨॥

ਤੌ ਲਖਿ ਹੌ ਮੈ ਤੁਮੈ ਪ੍ਯਾਰੋ ॥

ਮੈਂ ਤੇਰੇ ਪਿਆਰ ਨੂੰ ਤਦ ਸਮਝਾਂਗਾ

ਪਤਿ ਦੇਖਤ ਮੁਹਿ ਸਾਥ ਬਿਹਾਰੋ ॥

ਕਿ ਪਤੀ ਦੇ ਦੇਖਦਿਆਂ ਹੀ ਮੇਰੇ ਨਾਲ ਰਮਣ ਕਰ।

ਤਬ ਤੈਸੀ ਤ੍ਰਿਯ ਘਾਤ ਬਨਾਈ ॥

ਤਦ ਉਸ ਇਸਤਰੀ ਨੇ ਅਜਿਹਾ ਚਰਿਤ੍ਰ ਬਣਾਇਆ।

ਸੋ ਮੈ ਤੁਮ ਸੌ ਕਹਤ ਸੁਨਾਈ ॥੩॥

ਉਹ ਮੈਂ (ਹੁਣ) ਤੁਹਾਨੂੰ ਕਹਿ ਕੇ ਸੁਣਾਉਂਦਾ ਹਾਂ ॥੩॥

ਦੋਹਰਾ ॥

ਦੋਹਰਾ:

ਤਿਨ ਘਰ ਭੀਤਰ ਪੀਰ ਕੋ ਰਾਖਿਯੋ ਥਾਨ ਬਨਾਇ ॥

ਉਸ ਨੇ ਘਰ ਵਿਚ ਪੀਰ ਦਾ ਇਕ ਥਾਨ (ਥੇਹ) ਬਣਾਇਆ

ਮਾਨਨੇਸ੍ਵਰੀ ਘਾਤ ਲਖਿ ਦੀਨੋ ਤਾਹਿ ਗਿਰਾਇ ॥੪॥

ਤਾਂ ਮਾਨਨੇਸ੍ਵਰੀ ਨੇ ਮੌਕਾ ਤਾੜ ਕੇ ਉਸ ਨੂੰ ਡਿਗਾ ਦਿੱਤਾ ॥੪॥

ਚੌਪਈ ॥

ਚੌਪਈ:

ਢਾਹਿ ਥਾਨ ਨਿਜੁ ਪਤਿਹਿ ਦਿਖਾਯੋ ॥

ਥਾਨ ਨੂੰ ਢਾਹ ਕੇ ਆਪਣੇ ਪਤੀ ਨੂੰ ਵਿਖਾਇਆ

ਪੀਰ ਨਾਮ ਲੈ ਅਤਿ ਡਰ ਪਾਯੋ ॥

ਅਤੇ ਪੀਰ ਦਾ ਨਾਮ ਲੈ ਕੇ ਬਹੁਤ ਡਰਾਇਆ।

ਰੋਸ ਅਬੈ ਸੁਰਤਾਨ ਬਢੈਹੈ ॥

ਹੁਣ ਉਹ ਪੀਰ (ਸੁਲਤਾਨ ਸਖੀ ਸਰਵਰ) ਬਹੁਤ ਕ੍ਰੋਧਿਤ ਹੋ ਕੇ

ਤੋ ਕੌ ਡਾਰਿ ਖਾਟ ਤੇ ਦੈਹੈ ॥੫॥

ਤੁਹਾਨੂੰ ਮੰਜੀ ਤੋਂ ਹੇਠਾਂ ਸੁਟ ਦੇਵੇਗਾ ॥੫॥

ਪ੍ਰਥਮ ਡਾਰਿ ਤਹ ਤੇ ਤੁਹਿ ਦੈ ਹੈ ॥

ਪਹਿਲਾਂ ਤਾਂ ਉਹ ਤੁਹਾਨੂੰ ਮੰਜੀ ਤੋਂ ਡਿਗਾ ਦੇਵੇਗਾ।

ਬਹੁਰਿ ਖਾਟ ਕੇ ਤਰੇ ਦਬੈ ਹੈ ॥

ਫਿਰ ਤੁਹਾਨੂੰ ਮੰਜੀ ਹੇਠਾਂ ਦਬ ਦੇਵੇਗਾ।

ਮੋ ਕਹ ਪਕਰਿ ਤਹਾ ਹੀ ਡਰਿ ਹੈ ॥

ਮੈਨੂੰ ਵੀ ਪਕੜ ਕੇ ਉਥੇ ਸੁਟ ਦੇਵੇਗਾ।

ਦੁਹੂੰਅਨਿ ਕੌ ਗੋਡਨ ਸੌ ਮਰਿ ਹੈ ॥੬॥

ਦੋਹਾਂ ਨੂੰ ਗੋਡਿਆਂ ਨਾਲ ਮਾਰੇਗਾ ॥੬॥

ਰਸਰਨ ਸਾਥ ਬੰਧ ਕਰਿ ਲੈ ਹੈ ॥

ਰਸਿਆਂ ਨਾਲ ਬੰਨ੍ਹ ਲਏਗਾ

ਤਾ ਪਾਛੇ ਤੋ ਕੌ ਉਲਟੈ ਹੈ ॥

ਅਤੇ ਫਿਰ ਤੈਨੂੰ ਉਲਟਾਏਗਾ।

ਔਧ ਖਾਟ ਤਵ ਉਪਰਿ ਡਰਿ ਹੈ ॥

ਤੇਰੇ ਉਪਰ ਉਲਟੀ ਮੰਜੀ ਸੁਟੇਗਾ,

ਬਹੁਰਿ ਤੁਮੈ ਜਾਨਨ ਸੌ ਮਰਿ ਹੈ ॥੭॥

ਫਿਰ ਤੈਨੂੰ ਜਾਨੋ ਮਾਰ ਦੇਵੇਗਾ ॥੭॥


Flag Counter