ਸ਼੍ਰੀ ਦਸਮ ਗ੍ਰੰਥ

ਅੰਗ - 402


ਦੋਹਰਾ ॥

ਦੋਹਰਾ:

ਦੇਖਿ ਚਮੂੰ ਸਭ ਜਾਦਵੀ ਹਰਿ ਜੂ ਅਪੁਨੇ ਸਾਥ ॥

ਯਾਦਵਾਂ ਦੀ ਸਾਰੀ ਸੈਨਾ ਨੂੰ ਆਪਣੇ ਨਾਲ ਵੇਖ ਕੇ

ਘਨ ਸੁਰ ਸਿਉ ਸੰਗ ਸਾਰਥੀ ਬੋਲਿਯੋ ਸ੍ਰੀ ਬ੍ਰਿਜਨਾਥ ॥੧੦੪੬॥

ਸ੍ਰੀ ਕ੍ਰਿਸ਼ਨ ਬਦਲ ਦੀ ਗਰਜ ਵਾਂਗ ਰਥਵਾਨ ਨੂੰ ਕਹਿਣ ਲਗੇ ॥੧੦੪੬॥

ਕਾਨ੍ਰਹ ਜੂ ਬਾਚ ਦਾਰੁਕ ਸੋ ॥

ਕਾਨ੍ਹ ਜੀ ਨੇ ਰਥਵਾਨ ਨੂੰ ਕਿਹਾ:

ਸਵੈਯਾ ॥

ਸਵੈਯਾ:

ਹਮਰੋ ਰਥ ਦਾਰੁਕ ਤੈ ਕਰਿ ਸਾਜ ਭਲੀ ਬਿਧਿ ਸਿਉ ਅਬ ਤਾ ਰਨ ਕਉ ॥

ਹੇ ਰਥਵਾਨ! ਮੇਰੇ ਰਥ ਨੂੰ ਚੰਗੀ ਤਰ੍ਹਾਂ ਸਜਾ ਕੇ ਹੁਣ ਉਸ ਯੁੱਧ ('ਤਾ ਰਨ') ਲਈ (ਤਿਆਰ ਕਰ ਦਿਓ)।

ਅਸਿ ਤਾ ਮਹਿ ਚਕ੍ਰ ਗਦਾ ਧਰੀਯੋ ਰਿਪੁ ਕੀ ਧੁਜਨੀ ਸੁ ਬਿਦਾਰਨ ਕਉ ॥

ਅਤੇ ਵੈਰੀ ਦੀ ਸੈਨਾ ਨੂੰ ਨਸ਼ਟ ਕਰਨ ਲਈ ਉਸ ਵਿਚ ਤਲਵਾਰ, ਚੱਕਰ, ਗਦਾ ਧਰ ਦਿਓ।

ਸਬ ਜਾਦਵ ਲੈ ਅਪਨੇ ਸੰਗ ਹਉ ਸੁ ਪਧਾਰਤ ਦੈਤ ਸੰਘਾਰਨ ਕਉ ॥

ਸਾਰੇ ਯਾਦਵਾਂ ਨੂੰ ਆਪਣੇ ਨਾਲ ਲੈ ਕੇ ਮੈਂ ਵੈਰੀਆਂ ਨੂੰ ਸੰਘਾਰਨ ਲਈ ਜਾਣਾ ਹੈ।

ਕਿਹ ਹੇਤ ਚਲਿਯੋ ਸੁਨ ਲੈ ਹਮ ਪੈ ਅਪੁਨੇ ਨ੍ਰਿਪ ਕੇ ਦੁਖ ਟਾਰਨ ਕਉ ॥੧੦੪੭॥

ਕਿਸ ਲਈ ਚਲੇ ਹੋ? (ਰਥਵਾਨ ਦੇ ਪੁੱਛਣ ਤੇ ਕ੍ਰਿਸ਼ਨ ਨੇ ਕਿਹਾ) ਮੇਰੇ ਕੋਲੋਂ ਸੁਣ ਲੈ, ਆਪਣੇ ਰਾਜੇ ਦੇ ਦੁਖ ਨੂੰ ਖ਼ਤਮ ਕਰਨ ਲਈ (ਜਾਣਾ ਹੈ) ॥੧੦੪੭॥

ਦੋਹਰਾ ॥

ਦੋਹਰਾ:

ਯੌ ਕਹਿ ਕੈ ਗੋਬਿੰਦ ਤਬਿ ਕਟ ਸਿਉ ਕਸਿਯੋ ਨਿਖੰਗ ॥

ਇਸ ਤਰ੍ਹਾਂ ਕਹਿ ਕੇ ਸ੍ਰੀ ਕ੍ਰਿਸ਼ਨ ਨੇ ਤਦੋਂ ਲਕ ਨਾਲ ਭੱਥਾ ਬੰਨ੍ਹ ਲਿਆ।

ਹਲ ਮੂਸਲ ਹਲਧਰਿ ਗਹਿਯੋ ਕਛੁ ਜਾਦਵ ਲੈ ਸੰਗਿ ॥੧੦੪੮॥

ਹਲ ਅਤੇ ਮੋਹਲਾ ਬਲਰਾਮ ਨੇ ਧਾਰਨ ਕਰ ਲਿਆ ਅਤੇ ਕੁਝ ਯਾਦਵ ਸੂਰਮੇ ਨਾਲ ਲੈ ਲਏ ॥੧੦੪੮॥

ਸਵੈਯਾ ॥

ਸਵੈਯਾ:

ਦੈਤਨ ਮਾਰਨ ਹੇਤ ਚਲੇ ਅਪੁਨੇ ਸੰਗ ਲੈ ਸਭ ਹੀ ਭਟ ਦਾਨੀ ॥

ਦੈਂਤਾਂ ਨੂੰ ਮਾਰਨ ਲਈ ਆਪਣੇ ਨਾਲ ਸਾਰੇ ਵੱਡੇ ਦਿਲਾਵਰ ਸੂਰਮੇ ਲੈ ਕੇ ਚਲੇ ਹਨ।

ਸ੍ਰੀ ਬਲਿਭਦ੍ਰਹਿ ਸੰਗ ਲਏ ਜਿਹ ਕੇ ਬਲ ਕੀ ਗਤਿ ਸ੍ਰੀਪਤਿ ਜਾਨੀ ॥

ਬਲਰਾਮ ਨੂੰ ਨਾਲ ਲੈ ਲਿਆ ਜਿਸ ਦੇ ਬਲ ਦੀ ਸਥਿਤੀ ਨੂੰ 'ਸ੍ਰੀ ਪਤੀ' (ਵਿਸ਼ਣੂ) ਹੀ ਜਾਣਦਾ ਹੈ।

ਕੋ ਸਮ ਭੀਖਮ ਹੈ ਇਨ ਕੇ ਅਰੁ ਕੋ ਭ੍ਰਿਗੁ ਨੰਦਨੁ ਰਾਵਨੁ ਬਾਨੀ ॥

ਇਸ ਦੇ ਬਰਾਬਰ ਭੀਸ਼ਮ ਪਿਤਾਮਾ ਕੀ ਹੈ ਅਤੇ ਪਰਸ਼ੁਰਾਮ ਅਤੇ ਧਨੁਸ਼ਧਾਰੀ ਰਾਵਣ ਕੀ ਹਨ।

ਸਤ੍ਰਨ ਕੇ ਬਧ ਕਾਰਨ ਸ੍ਯਾਮ ਚਲੇ ਮੁਸਲੀ ਧਰਿ ਜੂ ਅਭਿਮਾਨੀ ॥੧੦੪੯॥

ਸ੍ਰੀ ਕ੍ਰਿਸ਼ਨ ਬਲਰਾਮ ਜੀ ਵਰਗੇ ਅਭਿਮਾਨੀ ਸੂਰਵੀਰ ਨੂੰ ਨਾਲ ਲੈ ਕੇ ਵੈਰੀਆਂ ਨੂੰ ਮਾਰਨ ਲਈ ਚਲੇ ਹਨ ॥੧੦੪੯॥

ਬਾਧਿ ਕ੍ਰਿਪਾਨ ਸਰਾਸਨ ਲੈ ਚੜਿ ਸਯੰਦਨ ਪੈ ਜਦੁਬੀਰ ਸਿਧਾਰੇ ॥

ਤਲਵਾਰਾਂ (ਲਕ ਨਾਲ ਬੰਨ੍ਹ ਕੇ) ਧਨੁਸ਼ ਬਾਣ (ਹੱਥ ਵਿਚ) ਲੈ ਕੇ, ਰਥ ਉਤੇ ਚੜ੍ਹ ਕੇ ਸ੍ਰੀ ਕ੍ਰਿਸ਼ਨ ਚਲ ਪਏ ਹਨ।

ਭਾਖਤ ਬੈਨ ਸੁਧਾ ਮੁਖ ਤੇ ਸੁ ਕਹਾ ਹੈ ਸਭੈ ਸੁਤ ਬੰਧ ਹਮਾਰੇ ॥

ਅੰਮ੍ਰਿਤ ਵਰਗੇ ਬੋਲ ਮੂੰਹੋਂ ਬੋਲਦੇ ਹਨ ਕਿ ਮੇਰੇ ਸਾਰੇ ਪੁੱਤਰ ਅਤੇ ਬੰਧੂ ਕਿਥੇ ਹਨ?

ਸ੍ਰੀ ਪ੍ਰਭ ਪਾਇਨ ਕੇ ਸਬ ਸਾਥ ਸੁ ਯੌ ਕਹਿ ਕੈ ਇਕ ਬੀਰ ਪੁਕਾਰੇ ॥

(ਤਾਂ) ਇਕ ਸੂਰਮਾ ਇਸ ਤਰ੍ਹਾਂ ਕਹਿ ਕੇ ਪੁਕਾਰਿਆ, ਸਾਰੇ ਸ੍ਰੀ ਪ੍ਰਭੂ ਦੇ ਚਰਨਾਂ ਦੇ ਨਾਲ ਹੀ ਹਨ।

ਧਾਇ ਪਰੇ ਅਰਿ ਕੇ ਦਲ ਮੈ ਬਲਿ ਸਿਉ ਬਲਿਦੇਵ ਹਲਾਯੁਧ ਧਾਰੇ ॥੧੦੫੦॥

(ਉਸੇ ਵੇਲੇ) ਹਲ ਨੂੰ ਧਾਰਨ ਕੀਤੇ ਹੋਇਆਂ ਬਲਰਾਮ ਬਲ ਪੂਰਵਕ ਵੈਰੀ ਦੇ ਦਲ ਉਤੇ ਟੁਟ ਪਿਆ ॥੧੦੫੦॥

ਦੇਖਤ ਹੀ ਅਰਿ ਕੀ ਪਤਨਾ ਹਰਿ ਜੂ ਮਨ ਮੋ ਅਤਿ ਕੋਪ ਭਰੇ ॥

ਵੈਰੀ ਦੀ ਸੈਨਾ ਨੂੰ ਵੇਖਦਿਆਂ ਹੀ ਸ੍ਰੀ ਕ੍ਰਿਸ਼ਨ ਦਾ ਮਨ ਕ੍ਰੋਧ ਨਾਲ ਭਰ ਗਿਆ।

ਸੁ ਧਵਾਇ ਤਹਾ ਰਥੁ ਜਾਇ ਪਰੇ ਧੁਜਨੀ ਪਤ ਤੇ ਨਹੀ ਨੈਕੁ ਡਰੇ ॥

ਉਹ ਰਥ ਨੂੰ ਭਜਾ ਕੇ ਉਥੇ ਜਾ ਪਏ ਅਤੇ ਸੈਨਾਪਤੀ ਤੋਂ ਬਿਲਕੁਲ ਨਾ ਡਰੇ।

ਸਿਤ ਬਾਨਨ ਸੋ ਗਜ ਬਾਜ ਹਨੇ ਜੋਊ ਸਾਜ ਜਰਾਇਨ ਸਾਥ ਜਰੇ ॥

(ਸਾਣ ਉਤੇ ਚੜ੍ਹਾ ਕੇ) ਤਿਖੇ ਕੀਤੇ ਬਾਣਾਂ ਨਾਲ ਹਾਥੀ ਅਤੇ ਘੋੜੇ ਮਾਰ ਦਿੱਤੇ ਜਿਹੜੇ ਜੜਾਊ ਸਾਜਾਂ ਨਾਲ ਜੜ੍ਹੇ ਹੋਏ ਸਨ।