ਅਤੇ ਇਕੋ ਸਮੇਂ ਸਭ ਨੂੰ ਨਸ਼ਟ ਕਰ ਦੇਵੇਗਾ ॥੧੭੩੪॥
ਦੋਹਰਾ:
ਵਡੇ ਕਮਲ ਨੈਣ ਵਾਲੇ ਸ੍ਰੀ ਕ੍ਰਿਸ਼ਨ ਫਿਰ ਬੋਲੇ,
ਹੇ ਮੁਸਲੀਧਰ! ਹੇ ਸ੍ਰੇਸ਼ਠ ਬੁੱਧੀ ਵਾਲੇ! ਹੁਣ (ਤੂੰ) ਰੋਚਕ ਕਥਾ ਸੁਣ ॥੧੭੩੫॥
ਚੌਪਈ:
ਕੰਨ ਦੇ ਕੇ ਸੁਣ, ਤੈਨੂੰ ਗੱਲ ਕਹਿੰਦਾ ਹਾਂ।
ਕੌਣ ਮੇਰੇ ਨਾਲ ਯੁੱਧ ਕਰ ਕੇ ਜਿਤ ਸਕਦਾ ਹੈ?
ਖੜਗ ਸਿੰਘ ਅਤੇ ਮੇਰੇ ਵਿਚ ਕੋਈ ਅੰਤਰ ਨਹੀਂ ਹੈ।
ਮੇਰਾ ਸਰੂਪ ਹੀ ਜਗਤ ਵਿਚ ਵਿਆਪਤ ਹੈ ॥੧੭੩੬॥
ਹੇ ਬਲਦੇਵ! (ਮੈਂ) ਸਚ ਕਹਿੰਦਾ ਹਾਂ,
(ਪਰ) ਕਿਸੇ ਨੇ ਇਹ ਭੇਦ ਨਹੀਂ ਪਾਇਆ ਹੈ।
ਯੋਧਿਆਂ ਵਿਚ ਇਸ ਸਮਾਨ ਕੋਈ ਨਹੀਂ ਹੈ।
(ਇਸ ਦੇ) ਹਿਰਦੇ ਵਿਚ ਮੇਰਾ ਨਾਮ ਵਸਦਾ ਹੈ ॥੧੭੩੭॥
ਦੋਹਰਾ:
(ਮਾਤਾ ਦੇ) ਪੇਟ ਵਿਚ ਦਸ ਮਹੀਨੇ ਵਸਦੇ ਹੋਇਆਂ ਭੋਜਨ ਅਤੇ ਜਲ-ਪਾਨ ਤਿਆਗ ਕੇ
ਕੇਵਲ ਪੌਣ ਆਹਾਰੀ ਹੋਇਆ ਰਿਹਾ। (ਤਦ) ਭਗਵਾਨ ਨੇ (ਇਸ ਨੂੰ) ਵਰ ਦਿੱਤਾ ਸੀ ॥੧੭੩੮॥
ਬਲਵਾਨ ਖੜਗ ਸਿੰਘ ਨੇ (ਪਰਮਾਤਮਾ ਪਾਸੋਂ) ਵੈਰੀ ਨੂੰ ਜਿਤਣ ਦਾ ਵਰ ਲਿਆ ਸੀ।
ਫਿਰ ਬਨ ਵਿਚ ਜਾ ਕੇ (ਇਸ ਨੇ) ਬਾਰ੍ਹਾਂ ਵਰ੍ਹਿਆਂ ਤਕ ਭਾਰੀ ਤਪਸਿਆ ਕੀਤੀ ॥੧੭੩੯॥
ਚੌਪਈ:
ਕਥਾ (ਕਰਦਿਆਂ ਰਾਤ) ਬੀਤ ਗਈ ਅਤੇ ਪ੍ਰਭਾਤ ਹੋ ਗਈ।
ਦੋਹਾਂ ਪਾਸਿਆਂ ਦੇ ਸੂਰਮੇ ਜਾਗ ਪਏ।
ਜਰਾਸੰਧ ਸੈਨਾ ਸਜਾ ਕੇ ਯੁੱਧ-ਭੂਮੀ ਵਿਚ ਆ ਗਿਆ
ਅਤੇ (ਇਧਰ) ਬਲ (ਦੇਵ) ਯਾਦਵ ਸੈਨਾ ਲੈ ਕੇ ਸਾਹਮਣੇ ਆਇਆ ॥੧੭੪੦॥
ਸਵੈਯਾ:
ਇਧਰੋ ਬਲਦੇਵ ਸਾਰੀ ਸੈਨਾ ਲੈ ਕੇ ਚੜ੍ਹ ਆਇਆ ਅਤੇ ਉਧਰੋਂ ਉਹ ਵੀ ਆ ਗਏ।
(ਬਲਦੇਵ ਨੇ) ਆਪਣੇ ਹੱਥ ਵਿਚ ਹਲ ਲੈ ਕੇ ਲਲਕਾਰ ਲਲਕਾਰ ਕੇ ਸਟਾਂ ਮਾਰੀਆਂ ਹਨ।
ਕਈ ਸੂਰਮੇ ਜੂਝ ਕੇ ਧਰਤੀ ਉਤੇ ਪੈ ਗਏ ਹਨ, ਕਈ ਲੜ ਰਹੇ ਹਨ ਅਤੇ ਕਈ ਭਜ ਗਏ ਹਨ।
(ਬਲਦੇਵ ਨੇ) ਫਿਰ ਆਪਣੇ ਹੱਥ ਵਿਚ ਮੂਸਲ ਲੈ ਕੇ ਬਹੁਤ ਸਾਰੇ ਵੈਰੀਆਂ ਨੂੰ ਮਾਰ ਮਾਰ ਕੇ ਯਮ-ਲੋਕ ਭੇਜ ਦਿੱਤਾ ਹੈ ॥੧੭੪੧॥
ਸ੍ਰੀ ਕ੍ਰਿਸ਼ਨ ਨੂੰ ਵੀ ਕ੍ਰੋਧ ਆ ਗਿਆ ਹੈ ਅਤੇ ਧਨੁਸ਼ ਬਾਣ ਸੰਭਾਲ ਕੇ ਉਠ ਕੇ ਦੌੜ ਪਏ ਹਨ।
ਉਨ੍ਹਾਂ ਉਤੇ ਉਸ ਵੇਲੇ ਆ ਝਪਟੇ ਹਨ ਅਤੇ ਵੈਰੀਆਂ ਨੂੰ ਮਾਰ ਕੇ ਲਹੂ ਦੀਆਂ ਨਦੀਆਂ ਵਗਾ ਦਿੱਤੀਆਂ ਹਨ।
ਘੋੜਿਆਂ, ਹਾਥੀਆਂ ਅਤੇ ਰਥਾਂ ਵਾਲਿਆਂ ਉਤੇ ਮੁਸੀਬਤ ਬਣ ਗਈ ਹੈ ਅਤੇ ਰਣ-ਭੂਮੀ ਵਿਚ ਕੋਈ ਵੀ ਠਹਿਰਿਆ ਨਹੀਂ ਹੈ।
ਸਾਰੇ ਭਜੀ ਜਾਂਦੇ ਹਨ ਅਤੇ ਗੁੱਸਾ ਖਾਈ ਜਾਂਦੇ ਹਨ। (ਉਨ੍ਹਾਂ ਦਾ) ਕੋਈ ਵਸ ਨਹੀਂ ਚਲਦਾ, ਦੁਖ ਸਹੀ ਜਾ ਰਹੇ ਹਨ ॥੧੭੪੨॥
ਜਦੋਂ ਸਾਹਮਣੇ ਵਾਲੀ ਸੈਨਾ ਭਜ ਗਈ, ਤਦੋਂ ਸ੍ਰੀ ਕ੍ਰਿਸ਼ਨ ਨੇ ਆਪਣਾ ਬਲ ਸੰਭਾਲਿਆ।
ਜਿਥੇ (ਵੈਰੀ) ਦਲ ਦਾ ਸੁਆਮੀ ਖੜੋਤਾ ਸੀ, (ਕ੍ਰਿਸ਼ਨ ਨੇ) ਚਿਤ ਵਿਚ ਵਿਚਾਰ ਕੀਤਾ ਅਤੇ ਉਥੇ (ਉਨ੍ਹਾਂ ਉਪਰ) ਜਾ ਪਿਆ।
ਸ੍ਰੀ ਕ੍ਰਿਸ਼ਨ, ਸਾਰੇ ਸ਼ਸਤ੍ਰ ਸੰਭਾਲ ਕੇ, ਜਿਥੇ ਰਾਜਾ (ਜਰਾਸੰਧ) ਖੜੋਤਾ ਸੀ, ਉਸ ਪਾਸੇ ਵਲ ਚਲ ਪਿਆ।
ਸ੍ਰੀ ਕ੍ਰਿਸ਼ਨ ਨੇ ਧਨੁਸ਼ ਬਾਣ ਫੜ ਲਿਆ ਹੈ ਅਤੇ ਜਰਾਸੰਧ ਦਾ ਅਭਿਮਾਨ ਉਤਾਰ ਦਿੱਤਾ ॥੧੭੪੩॥
ਸ੍ਰੀ ਕ੍ਰਿਸ਼ਨ ਦੇ ਧਨੁਸ਼ ਤੋਂ ਜਦ ਬਾਣ ਛੁਟਦੇ ਹਨ, ਤਦ (ਭਲਾ) ਕੌਣ ਠਹਿਰ ਸਕਦਾ ਹੈ।
ਜਿਸ ਦੇ ਸੀਨੇ ਵਿਚ ਬਾਣ ਜਾ ਲਗਦਾ ਹੈ, ਉਹ ਛਿਣ ਭਰ ਵਿਚ ਯਮ ਲੋਕ ਚਲਾ ਜਾਂਦਾ ਹੈ।
ਅਜਿਹਾ ਕੋਈ ਸੂਰਮਾ ਜਗਤ ਵਿਚ ਪ੍ਰਗਟ ਨਹੀਂ ਹੋਇਆ ਹੈ ਜੋ (ਸ੍ਰੀ ਕ੍ਰਿਸ਼ਨ ਦੇ) ਸਾਹਮਣੇ ਹੋ ਕੇ ਯੁੱਧ ਮਚਾਵੇ।
ਰਾਜਾ (ਜਰਾਸੰਧ ਨੂੰ) ਉਸ ਦੇ ਯੋਧੇ ਕਹਿੰਦੇ ਹਨ ਕਿ ਸ੍ਰੀ ਕ੍ਰਿਸ਼ਨ (ਸਾਡੀ) ਸੈਨਾ ਨੂੰ ਮਾਰਦਾ ਹੋਇਆ ਚਲਿਆ ਆ ਰਿਹਾ ਹੈ ॥੧੭੪੪॥
ਸ੍ਰੀ ਕ੍ਰਿਸ਼ਨ ਵਲੋਂ (ਜਿਹੜੇ) ਬਾਣ ਛੁਟਦੇ ਹਨ, (ਉਨ੍ਹਾਂ ਨੇ) ਰਾਜੇ ਦੀ ਸੈਨਾ ਦੇ ਬਹੁਤ ਸਾਰੇ ਯੋਧੇ ਮਾਰ ਦਿੱਤੇ ਹਨ।
ਜਿਤਨੇ ਆ ਕੇ ਸ੍ਰੀ ਕ੍ਰਿਸ਼ਨ ਨਾਲ ਯੁੱਧ ਕਰਨ ਲਗੇ ਹਨ, ਉਨ੍ਹਾਂ ਨੂੰ ਛਿਣ ਭਰ ਵਿਚ ਯਮ ਲੋਕ ਭੇਜ ਦਿੱਤਾ ਹੈ।
ਯੁੱਧ-ਭੂਮੀ ਵਿਚ (ਸ੍ਰੀ ਕ੍ਰਿਸ਼ਨ ਦੇ) ਕੌਤਕ ਵੇਖ ਕੇ (ਵੈਰੀ ਸੈਨਿਕ) ਦੁਖੀ ਹੋ ਕੇ (ਰਾਜੇ ਪ੍ਰਤਿ) ਇਸ ਤਰ੍ਹਾਂ ਕਹਿੰਦੇ ਹਨ।
(ਉੱਤਰ ਵਿਚ) ਰਾਜੇ ਨੇ ਇਸ ਤਰ੍ਹਾਂ ਕਹਿ ਕੇ ਸਾਰਿਆਂ ਨੂੰ ਸਮਝਾਇਆ ਕਿ ਹੁਣ ਮੇਰੇ ਤਕ (ਉਸ ਨੂੰ) ਆਣ ਦਿਓ ॥੧੭੪੫॥
ਸ੍ਰੀ ਕ੍ਰਿਸ਼ਨ ਨੂੰ ਆਉਂਦਿਆਂ ਰਾਜੇ ਨੇ ਵੇਖਿਆ ਤਾਂ ਸੈਨਾ ਲੈ ਕੇ ਆਪ ਹੀ ਅਗੇ ਨੂੰ ਵਧ ਚਲਿਆ।
ਆਪਣੇ ਸਾਰਿਆਂ ਲੋਕਾਂ ਨੂੰ ਅਗੇ ਕੀਤਾ ਅਤੇ ਤਦ ਆਪਣੇ ਹੱਥ ਵਿਚ ਸੰਖ ਲੈ ਕੇ ਜ਼ੋਰ ਨਾਲ ਵਜਾਇਆ।
(ਕਵੀ) ਸ਼ਿਆਮ ਕਹਿੰਦੇ ਹਨ, ਯੁੱਧ-ਭੂਮੀ ਵਿਚ ਆ ਕੇ (ਉਸ ਨੇ) ਮਨ ਅੰਦਰ ਬਹੁਤ ਡਰ ਅਨੁਭਵ ਕੀਤਾ।
ਉਸ (ਸੰਖ) ਦੀ ਧੁਨ ਨੂੰ ਸੁਣ ਕੇ ਸ੍ਰੇਸ਼ਠ ਸੂਰਮਿਆਂ ਦੇ ਮਨ ਵਿਚ ਮਾਨੋ ਚਾਉ ਵਧ ਗਿਆ ਹੋਵੇ ॥੧੭੪੬॥