ਸ਼੍ਰੀ ਦਸਮ ਗ੍ਰੰਥ

ਅੰਗ - 636


ਬ੍ਰਹਮਾ ਰੁ ਬਿਸਨ ਨਿਜ ਤੇਜ ਕਾਢਿ ॥

ਬ੍ਰਹਮਾ ਅਤੇ ਵਿਸ਼ਣੂ ਨੇ ਵੀ ਆਪਣਾ ਤੇਜ ਕਢ ਕੇ

ਆਏ ਸੁ ਮਧਿ ਅਨਿਸੂਆ ਛਾਡਿ ॥੧੩॥

ਅਨਸੂਆ (ਦੇ ਸ਼ਰੀਰ) ਵਿਚ ਆ ਕੇ ਛਡ ਦਿੱਤਾ ॥੧੩॥

ਭਈ ਕਰਤ ਜੋਗ ਬਹੁ ਦਿਨ ਪ੍ਰਮਾਨ ॥

ਬਹੁਤ ਦਿਨਾਂ ਤਕ (ਅਨਸੂਆ) ਯੋਗ ਕਰਦੀ ਰਹੀ।

ਅਨਸੂਆ ਨਾਮ ਗੁਨ ਗਨ ਮਹਾਨ ॥

ਅਨਸੂਆ ਨਾਂ ਵਾਲੀ (ਉਹ ਇਸਤਰੀ) ਗੁਣਾਂ ਦਾ ਸਮੂਹ ਸੀ।

ਅਤਿ ਤੇਜਵੰਤ ਸੋਭਾ ਸੁਰੰਗ ॥

(ਉਹ) ਬਹੁਤ ਤੇਜਸਵੀ ਅਤੇ ਸੁੰਦਰ ਰੰਗ ਅਤੇ ਸ਼ੋਭਾ ਵਾਲੀ ਸੀ।

ਜਨੁ ਧਰਾ ਰੂਪ ਦੂਸਰ ਅਨੰਗ ॥੧੪॥

ਮਾਨੋ ਕਾਮਦੇਵ ਨੇ ਦੂਜਾ ਰੂਪ ਧਾਰਨ ਕੀਤਾ ਹੋਇਆ ਹੋਵੇ ॥੧੪॥

ਸੋਭਾ ਅਪਾਰ ਸੁੰਦਰ ਅਨੰਤ ॥

(ਉਸ ਦੀ) ਅਪਾਰ ਸੁੰਦਰ ਸ਼ੋਭਾ ਜਾਣੀ ਜਾਂਦੀ ਸੀ।

ਸਊਹਾਗ ਭਾਗ ਬਹੁ ਬਿਧਿ ਲਸੰਤ ॥

(ਉਸ ਦਾ) ਸੁਹਾਗ ਭਾਗ ਬਹੁਤ ਤਰ੍ਹਾਂ ਨਾਲ ਚਮਕਦਾ ਸੀ।

ਜਿਹ ਨਿਰਖਿ ਰੂਪ ਸੋਰਹਿ ਲੁਭਾਇ ॥

ਜਿਸ ਦੇ ਰੂਪ ਨੂੰ ਵੇਖ ਕੇ ਸੋਲ੍ਹਾਂ (ਕਲਾਵਾਂ) ਵਾਲੇ ਲੋਭਾਇਮਾਨ ਰਹਿੰਦੇ ਸਨ।

ਆਭਾ ਅਪਾਰ ਬਰਨੀ ਨ ਜਾਇ ॥੧੫॥

(ਉਸ ਦੀ) ਅਪਾਰ ਸ਼ੋਭਾ ਦਾ ਵਰਣਨ ਨਹੀਂ ਕੀਤਾ ਜਾ ਸਕਦਾ ॥੧੫॥

ਨਿਸ ਨਾਥ ਦੇਖਿ ਆਨਨ ਰਿਸਾਨ ॥

(ਉਸ ਦੇ) ਮੁਖ ਨੂੰ ਵੇਖ ਕੇ ਚੰਦ੍ਰਮਾ ਗੁੱਸਾ ਕਰਦਾ ਸੀ।

ਜਲਿ ਜਾਇ ਨੈਨ ਲਹਿ ਰੋਸ ਮਾਨ ॥

ਅੱਖਾਂ ਨੂੰ ਵੇਖ ਕੇ ਕਮਲ ('ਜਲ ਜਾਇ') ਕ੍ਰੋਧ ਮਨਾਉਂਦਾ ਸੀ।

ਤਮ ਨਿਰਖਿ ਕੇਸ ਕੀਅ ਨੀਚ ਡੀਠ ॥

ਅੰਧਕਾਰ (ਉਸ ਦੇ) ਕੇਸਾਂ ਨੂੰ ਵੇਖ ਕੇ ਨੀਵੀਂ ਪਾ ਲੈਂਦਾ ਸੀ।

ਛਪਿ ਰਹਾ ਜਾਨੁ ਗਿਰ ਹੇਮ ਪੀਠ ॥੧੬॥

(ਉਸ ਦੀ) ਪਿਠ ਨੂੰ ਵੇਖ ਕੇ ਸੁਮੇਰ ਪਰਬਤ ਲੁਕ ਰਿਹਾ ਸੀ ॥੧੬॥

ਕੰਠਹਿ ਕਪੋਤਿ ਲਖਿ ਕੋਪ ਕੀਨ ॥

(ਉਸ ਦੀ) ਗਰਦਨ ਨੂੰ ਵੇਖ ਕੇ ਕਬੂਤਰ ਨੇ ਰੋਸ ਕੀਤਾ।

ਨਾਸਾ ਨਿਹਾਰਿ ਬਨਿ ਕੀਰ ਲੀਨ ॥

ਨਕ ਨੂੰ ਵੇਖ ਕੇ ਤੋਤੇ ਨੇ ਬਨ ਦਾ ਰਾਹ ਫੜਿਆ।

ਰੋਮਾਵਲਿ ਹੇਰਿ ਜਮੁਨਾ ਰਿਸਾਨ ॥

(ਉਸ ਦੀ) ਰੋਮਾਵਲੀ ਨੂੰ ਵੇਖ ਕੇ ਜਮਨਾ ਕ੍ਰੋਧਿਤ ਹੋ ਕੇ

ਲਜਾ ਮਰੰਤ ਸਾਗਰ ਡੁਬਾਨ ॥੧੭॥

ਲਾਜ ਦੀ ਮਾਰੀ ਸਮੁੰਦਰ ਵਿਚ ਡੁਬ ਮਰੀ ॥੧੭॥

ਬਾਹੂ ਬਿਲੋਕਿ ਲਾਜੈ ਮ੍ਰਿਨਾਲ ॥

ਬਾਂਹਵਾਂ ਨੂੰ ਵੇਖ ਕੇ ਕਮਲ ਡੰਡੀਆਂ ਸ਼ਰਮਸਾਰ ਹੁੰਦੀਆਂ ਹਨ।

ਖਿਸਿਯਾਨ ਹੰਸ ਅਵਿਲੋਕਿ ਚਾਲ ॥

ਚਾਲ ਨੂੰ ਵੇਖ ਕੇ ਹੰਸ ਖਿਝਦਾ ਹੈ।

ਜੰਘਾ ਬਿਲੋਕਿ ਕਦਲੀ ਲਜਾਨ ॥

ਜੰਘਾਂ ਨੂੰ ਵੇਖ ਕੇ ਕੇਲਾ ਸ਼ਰਮਾਉਂਦਾ ਹੈ।

ਨਿਸ ਰਾਟ ਆਪ ਘਟਿ ਰੂਪ ਮਾਨ ॥੧੮॥

ਚੰਦ੍ਰਮਾ ('ਨਿਸਰਾਟ') ਆਪਣੇ ਰੂਪ ਨੂੰ (ਅਨਸੂਆ) ਤੋਂ ਘਟ ਮੰਨਦਾ ਹੈ ॥੧੮॥

ਇਹ ਭਾਤਿ ਤਾਸੁ ਬਰਣੋ ਸਿੰਗਾਰ ॥

ਇਸ ਤਰ੍ਹਾਂ ਦਾ ਉਸ ਦਾ ਸ਼ਿੰਗਾਰ ਵਰਣਨ ਕਰਦਾ ਹਾਂ।

ਕੋ ਸਕੈ ਕਬਿ ਮਹਿਮਾ ਉਚਾਰ ॥

(ਉਸ ਦੀ) ਮਹਿਮਾ ਨੂੰ ਕਿਹੜਾ ਕਵੀ ਕਹਿ ਸਕਦਾ ਹੈ।

ਐਸੀ ਸਰੂਪ ਅਵਿਲੋਕ ਅਤ੍ਰਿ ॥

ਅਜਿਹੇ ਸਰੂਪ ਵਾਲੀ ਨੂੰ ਅਤ੍ਰੀ ਮੁਨੀ ਨੇ ਵੇਖ ਲਿਆ

ਜਨੁ ਲੀਨ ਰੂਪ ਕੋ ਛੀਨ ਛਤ੍ਰ ॥੧੯॥

(ਜਿਸ ਨੇ) ਰੂਪ ਦੀ ਮਾਨੋ ਬਾਦਸ਼ਾਹੀ ਹੀ ਖੋਹ ਲਈ ਹੋਵੇ ॥੧੯॥

ਕੀਨੀ ਪ੍ਰਤਗਿ ਤਿਹ ਸਮੇ ਨਾਰਿ ॥

ਉਸ ਇਸਤਰੀ ਨੇ ਉਸ ਵੇਲੇ ਇਹ ਪ੍ਰਤਿਗਿਆ ਕਰ ਲਈ

ਬ੍ਰਯਾਹੈ ਨ ਭੋਗ ਭੋਗੈ ਭਤਾਰ ॥

ਕਿ ਜੋ ਪਤੀ ਵਿਆਹ ਕੇ ਮੇਰੇ ਨਾਲ ਭੋਗ ਨਹੀਂ ਕਰੇਗਾ

ਮੈ ਬਰੌ ਤਾਸੁ ਰੁਚਿ ਮਾਨਿ ਚਿਤ ॥

ਮੈਂ ਉਸ ਨੂੰ ਰੁਚੀ ਪੂਰਵਕ ਚਿਤ ਵਿਚ ਵਸਾ ਕੇ ਵਿਆਹ ਕਰਾਂਗੀ

ਜੋ ਸਹੈ ਕਸਟ ਐਸੇ ਪਵਿਤ ॥੨੦॥

ਅਤੇ ਜੋ ਇਸ ਤਰ੍ਹਾਂ ਦਾ ਪਵਿਤ੍ਰ ਕਸ਼ਟ ਸਹਿ ਸਕਦਾ ਹੋਵੇਗਾ ॥੨੦॥

ਰਿਖਿ ਮਾਨਿ ਬੈਨ ਤਬ ਬਰ੍ਰਯੋ ਵਾਹਿ ॥

ਰਿਸ਼ੀ (ਅਤ੍ਰੀ) ਨੇ ਉਸ ਦਾ ਬਚਨ ਮੰਨ ਕੇ ਵਿਆਹ ਕਰ ਲਿਆ।

ਜਨੁ ਲੀਨ ਲੂਟ ਸੀਗਾਰ ਤਾਹਿ ॥

ਮਾਨੋ ਉਸ ਦਾ ਸ਼ਿੰਗਾਰ ਲੁਟ ਲਿਆ ਹੋਵੇ।

ਲੈ ਗਯੋ ਧਾਮਿ ਕਰਿ ਨਾਰਿ ਤਉਨ ॥

ਉਸ ਨੂੰ ਇਸਤਰੀ ਬਣਾ ਕੇ ਘਰ ਲੈ ਗਿਆ,

ਪਿਤ ਦਤ ਦੇਵ ਮੁਨਿ ਅਤ੍ਰਿ ਜਉਨ ॥੨੧॥

ਜੋ ਦੱਤ ਦਾ ਪਿਤਾ ਅਤ੍ਰੀ ਮੁਨੀ ਸੀ ॥੨੧॥

ਅਥ ਰੁਦ੍ਰ ਵਤਾਰ ਦਤ ਕਥਨੰ ॥

ਹੁਣ ਰੁਦ੍ਰ ਅਵਤਾਰ ਦੱਤ ਦਾ ਕਥਨ

ਤੋਮਰ ਛੰਦ ॥

ਤੋਮਰ ਛੰਦ:

ਬਹੁ ਬਰਖ ਬੀਤ ਕਿਨੋ ਬਿਵਾਹਿ ॥

ਵਿਆਹ ਕੀਤੇ ਬਹੁਤ ਸਾਲ ਗੁਜ਼ਰ ਗਏ,

ਇਕ ਭਯੋ ਆਨਿ ਅਉਰੈ ਉਛਾਹਿ ॥

(ਤਾਂ ਉਨ੍ਹਾਂ ਦੇ ਘਰ) ਇਕ ਹੋਰ ਉਤਸਾਹ ਵਰਧਕ (ਇਕੱਠ) ਹੋਇਆ।

ਤਿਹ ਗਏ ਧਾਮਿ ਬ੍ਰਹਮਾਦਿ ਆਦਿ ॥

ਉਸ ਦੇ ਘਰ ਆਦਿ ਦੇਵ ਬ੍ਰਹਮਾ ਆਦਿ ਗਏ।

ਕਿਨੀ ਸੁ ਸੇਵ ਤ੍ਰੀਯ ਬਹੁ ਪ੍ਰਸਾਦਿ ॥੨੨॥

ਇਸਤਰੀ 'ਅਨਸੂਆ' ਨੇ ਉਨ੍ਹਾਂ ਦੀ ਬਹੁਤ ਰੁਚੀ ਨਾਲ ਸੇਵਾ ਕੀਤੀ ॥੨੨॥

ਬਹੁ ਧੂਪ ਦੀਪ ਅਰੁ ਅਰਘ ਦਾਨ ॥

ਬਹੁਤ ਧੂਪ-ਦੀਪ ਅਤੇ ਅਰਘ ਦਾਨ,

ਪਾਦਰਘਿ ਆਦਿ ਕਿਨੇ ਸੁਜਾਨ ॥

ਪਾਦ ਅਰਘ ਆਦਿ ਦੀ ਉਸ ਸਿਆਣੀ ਇਸਤਰੀ (ਨੇ ਸੇਵਾ ਕੀਤੀ)।

ਅਵਿਲੋਕਿ ਭਗਤਿ ਤਿਹ ਚਤੁਰ ਬਾਕ ॥

ਉਸ ਦੇ ਸਿਆਣੇ ਬੋਲਾਂ ਅਤੇ ਭਗਤੀ ਨੂੰ ਵੇਖ ਕੇ

ਇੰਦ੍ਰਾਦਿ ਬਿਸਨੁ ਬੈਠੇ ਪਿਨਾਕ ॥੨੩॥

ਸ਼ਿਵ ('ਪਿਨਾਕ') ਵਿਸ਼ਣੂ ਅਤੇ ਇੰਦਰ ਬੈਠੇ ਹੋਏ (ਪ੍ਰਸੰਨ ਹੋਏ) ॥੨੩॥

ਅਵਿਲੋਕਿ ਭਗਤਿ ਭਏ ਰਿਖ ਪ੍ਰਸੰਨ ॥

(ਉਸ ਦੇ) ਭਗਤੀ ਵਾਲੇ ਸੁਭਾ ਨੂੰ ਵੇਖ ਕੇ ਰਿਸ਼ੀ ਵੀ ਬਹੁਤ ਪ੍ਰਸੰਨ ਹੋਇਆ

ਜੋ ਤਿਹੂ ਮਧਿ ਲੋਕਾਨਿ ਧਨਿ ॥

ਜੋ ਤਿੰਨਾਂ ਲੋਕਾਂ ਵਿਚ ਧੰਨ ਮੰਨਿਆ ਜਾਂਦਾ ਹੈ।

ਕਿਨੋ ਸੁ ਐਸ ਬ੍ਰਹਮਾ ਉਚਾਰ ॥

(ਉਸ ਵੇਲੇ ਪ੍ਰਸੰਨ ਹੋ ਕੇ) ਬ੍ਰਹਮਾ ਨੇ ਇਸ ਤਰ੍ਹਾਂ ਉਚਾਰਨ ਕੀਤਾ,

ਤੈ ਪੁਤ੍ਰਵੰਤ ਹੂਜੋ ਕੁਮਾਰਿ ॥੨੪॥

ਹੇ ਕੁਮਾਰੀ! ਤੂੰ ਪੁੱਤਰਵੰਤੀ ਹੋਵੇਂ ॥੨੪॥


Flag Counter