ਸਵੈਯਾ:
ਤਦ ਸਾਰੇ ਕ੍ਰੋਧਵਾਨ ਹੋ ਕੇ, ਹੱਥ ਵਿਚ ਸ਼ਸਤ੍ਰ ਲੈ ਕੇ ਅਤੇ ਇਕੱਠੇ ਹੋ ਕੇ ਉਸ (ਰਾਜੇ) ਉਪਰ ਚੜ੍ਹ ਆਏ ਹਨ।
ਰਾਜਾ ਭੱਥੇ ਵਿਚੋਂ ਬਾਣ ਕਢ ਕੇ, ਧਨੁਸ਼ ਨੂੰ ਤਣ ਕੇ ਖਿਚ ਖਿਚ ਕੇ ਚਲਾਉਂਦਾ ਹੈ।
ਬਹੁਤ ਸਾਰੇ (ਸੂਰਮਿਆਂ ਨੂੰ) ਰਥਾਂ ਅਤੇ ਰਥਵਾਨਾਂ ਤੋਂ ਸਖਣਾ ਕਰ ਕੇ ਯਮ ਲੋਕ ਵਿਚ ਭੇਜ ਦਿੱਤਾ ਹੈ।
(ਉਨ੍ਹਾਂ ਵਿਚੋਂ) ਕੋਈ ਵੀ ਉਸ ਸਥਾਨ ਉਤੇ ਖੜੋਤਾ ਨਹੀਂ ਰਿਹਾ ਹੈ; ਸਾਰੇ ਗਣ, ਕਿੰਨਰ, ਯਕਸ਼ ਆਦਿ (ਯੁੱਧ ਖੇਤਰ ਵਿਚੋਂ) ਭਜਾ ਦਿੱਤੇ ਹਨ ॥੧੪੯੩॥
ਨਲ ਅਤੇ ਕੂਬਰ ਨੇ ਬਹੁਤ ਕ੍ਰੋਧ ਕੀਤਾ ਹੈ ਅਤੇ ਫਿਰ ਲੜਨ ਲਈ ਸ਼ੂਰਵੀਰਾਂ ਨੂੰ ਬੁਲਾ ਲਿਆ ਹੈ।
ਕੁਬੇਰ ਧਨੁਸ਼ ਬਾਣ ਲੈ ਕੇ ਸਾਹਮਣੇ ਆਇਆ ਹੈ ਅਤੇ ਜਿਤਨੇ ਯਕਸ਼ ਸਨ (ਉਹ ਵੀ) ਮਿਲ ਕੇ ਫਿਰ ਆ ਗਏ ਹਨ।
ਸਾਰੇ ਹੀ ਮਾਰੋ-ਮਾਰੋ ਕਹਿਣ ਲਗੇ ਹਨ ਅਤੇ ਹੱਥਾਂ ਵਿਚ ਤਲਵਾਰਾਂ ਲੈ ਕੇ ਚਮਕਾਉਂਦੇ ਹਨ।
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਸ੍ਰੀ ਖੜਗ ਸਿੰਘ ਉਪਰ ਯਮ ਗਣ ਡੰਡੇ ਲੈ ਕੇ ਆ ਪਏ ਹੋਣ ॥੧੪੯੪॥
ਚੌਪਈ:
ਜਦੋਂ ਕੁਬੇਰ ਦਾ ਸਾਰਾ ਦਲ (ਉਥੇ) ਆ ਗਿਆ,
ਤਦੋਂ ਰਾਜੇ ਦੇ ਮਨ ਵਿਚ ਕ੍ਰੋਧ ਆ ਗਿਆ।
(ਉਸ ਨੇ) ਆਪਣੇ ਹੱਥ ਵਿਚ ਧਨੁਸ਼-ਬਾਣ ਨੂੰ ਸੰਭਾਲਿਆ
ਅਤੇ ਇਕ ਪਲ ਵਿਚ ਅਣਗਿਣਤ (ਵੈਰੀ) ਦਲ ਨੂੰ ਮਾਰ ਦਿੱਤਾ ॥੧੪੯੫॥
ਦੋਹਰਾ:
ਬਲਵਾਨ ਰਾਜੇ ਨੇ ਯਕਸ਼ ਸੈਨਾ ਨੂੰ ਯਮਪੁਰੀ ਭੇਜ ਦਿੱਤਾ ਹੈ
ਅਤੇ ਮਨ ਵਿਚ ਬਹੁਤ ਕ੍ਰੋਧ ਵਧਾ ਕੇ ਨਲ ਅਤੇ ਕੂਬਰ ਨੂੰ ਘਾਇਲ ਕਰ ਦਿੱਤਾ ਹੈ ॥੧੪੯੬॥
ਜਦ (ਰਾਜੇ ਨੇ) ਕੁਬੇਰ ਦੇ ਸੀਨੇ ਵਿਚ ਤਿਖਾ ਬਾਣ ਮਾਰਿਆ।
ਬਾਣ ਦੇ ਲਗਦਿਆਂ ਹੀ (ਉਹ) ਭਜ ਗਿਆ ਅਤੇ ਉਸ ਦਾ ਸਾਰਾ ਅਭਿਮਾਨ ਨਸ਼ਟ ਹੋ ਗਿਆ ॥੧੪੯੭॥
ਚੌਪਈ:
ਸੈਨਾ ਸਮੇਤ ਸਾਰੇ ਭਜ ਗਏ
ਅਤੇ ਕੋਈ ਵੀ ਰਣ-ਭੂਮੀ ਵਿਚ ਖੜੋਤਾ ਨਹੀਂ ਰਿਹਾ ਹੈ।
ਕੁਬੇਰ ਦੇ ਮਨ ਵਿਚ ਡਰ ਬਹੁਤ ਵਧ ਗਿਆ ਹੈ
ਅਤੇ ਫਿਰ ਯੁੱਧ ਕਰਨ ਲਈ ਉਸ ਦਾ ਮਨ ਤਿਆਰ ਨਹੀਂ ਹੋਇਆ ਹੈ ॥੧੪੯੮॥