ਸ਼੍ਰੀ ਦਸਮ ਗ੍ਰੰਥ

ਅੰਗ - 720


ਸਾਗ ਸਮਰ ਕਰ ਸੈਹਥੀ ਸਸਤ੍ਰ ਸਸਨ ਕੁੰਭੇਸ ॥

'ਸਾਂਗ', 'ਸਮਰ ਕਰਿ' (ਯੁੱਧ ਕਰਨ ਵਾਲੀ) 'ਸਸਤ੍ਰ ਸਸਨ ਕੁੰਭੇਸ' (ਹਾਥੀ ਦੇ ਸਿਰ ਨੂੰ ਵਿੰਨ੍ਹਣ ਵਾਲਾ ਸ਼ਸਤ੍ਰ) (ਇਹ ਸਾਰੇ ਨਾਮ) ਸੈਹਥੀ ਦੇ ਹਨ।

ਸਬਲ ਸੁ ਭਟਹਾ ਹਾਥ ਲੈ ਜੀਤੇ ਸਮਰ ਸੁਰੇਸ ॥੫੩॥

(ਇਸ) ਬਲਸ਼ਾਲੀ 'ਭਟਹਾ' (ਬਰਛੀ) ਨੂੰ ਹੱਥ ਵਿਚ ਲੈ ਕੇ ਇੰਦਰ ਨੂੰ ਜੰਗ ਵਿਚ ਜਿਤਿਆ ਗਿਆ ਸੀ ॥੫੩॥

ਛਤ੍ਰਧਰ ਮ੍ਰਿਗਹਾ ਬਿਜੈ ਕਰਿ ਭਟਹਾ ਜਾ ਕੋ ਨਾਮ ॥

ਛਤ੍ਰ ਧਰ, ਮ੍ਰਿਗਹਾ, ਬਿਜੈ ਕਰਿ, ਭਟਹਾ (ਆਦਿ) ਜਿਸ ਦੇ ਨਾਮ ਹਨ,

ਸਕਲ ਸਿਧ ਦਾਤ੍ਰੀ ਸਭਨ ਅਮਿਤ ਸਿਧ ਕੋ ਧਾਮ ॥੫੪॥

ਉਹ (ਬਰਛੀ) ਸਾਰਿਆਂ ਨੂੰ ਸਿੱਧੀਆਂ ਦੇਣ ਵਾਲੀ ਹੈ ਅਤੇ ਅਮਿਤ ਸਿੱਧੀਆਂ ਦਾ ਘਰ ਹੈ ॥੫੪॥

ਲਛਮਨ ਅਉਰ ਘਟੋਤਕਚ ਏ ਪਦ ਪ੍ਰਿਥਮ ਉਚਾਰਿ ॥

'ਲਛਮਨ' ਅਤੇ 'ਘਟੋਤਕਚ' (ਭੀਮ ਦਾ ਪੁੱਤਰ) ਇਹ ਸ਼ਬਦ ਪਹਿਲਾਂ ਉਚਾਰੋ।

ਪੁਨਿ ਅਰਿ ਭਾਖੋ ਸਕਤਿ ਕੇ ਨਿਕਸਹਿ ਨਾਮ ਅਪਾਰ ॥੫੫॥

ਫਿਰ 'ਅਰਿ' (ਵੈਰੀ) (ਸ਼ਬਦ) ਕਹੋ। (ਇਸ ਤਰ੍ਹਾਂ) ਸ਼ਕਤੀ (ਬਰਛੀ) ਦੇ ਅਪਾਰ ਨਾਮ ਨਿਕਲ ਆਉਂਦੇ ਹਨ ॥੫੫॥

ਗੜੀਆ ਭਸੁਡੀ ਭੈਰਵੀ ਭਾਲਾ ਨੇਜਾ ਭਾਖੁ ॥

ਗੜੀਆ (ਬਰਛੀ) ਭਸੁਡੀ, ਭੈਰਵੀ, ਭਾਲਾ, ਨੇਜ਼ਾ,

ਬਰਛੀ ਸੈਥੀ ਸਕਤਿ ਸਭ ਜਾਨ ਹ੍ਰਿਦੈ ਮੈ ਰਾਖੁ ॥੫੬॥

ਬਰਛੀ, ਸੈਥੀ (ਸੈਹਥੀ) (ਇਹ) ਸਾਰੇ 'ਸ਼ਕਤੀ' (ਬਰਛੀ) ਦੇ ਨਾਮ ਜਾਣ ਕੇ ਹਿਰਦੇ ਵਿਚ ਰਖ ਲਵੋ ॥੫੬॥

ਬਿਸਨੁ ਨਾਮ ਪ੍ਰਿਥਮੈ ਉਚਰਿ ਪੁਨਿ ਪਦ ਸਸਤ੍ਰ ਉਚਾਰਿ ॥

'ਬਿਸਨ' ਨਾਮ ਪਹਿਲਾਂ ਉਚਾਰ ਕੇ, ਫਿਰ 'ਸ਼ਸਤ੍ਰ' ਸ਼ਬਦ ਕਹੋ।

ਨਾਮ ਸੁਦਰਸਨ ਕੇ ਸਭੈ ਨਿਕਸਤ ਜਾਹਿ ਅਪਾਰ ॥੫੭॥

(ਇਹ) ਸਾਰੇ ਨਾਮ 'ਸੁਦਰਸ਼ਨ' (ਚਕ੍ਰ) ਦੇ ਹਨ, (ਇਸ ਤਰ੍ਹਾਂ) ਅਪਾਰਾਂ ਨਾਂ ਨਿਕਲਦੇ ਆਣਗੇ ॥੫੭॥

ਮੁਰ ਪਦ ਪ੍ਰਿਥਮ ਉਚਾਰਿ ਕੈ ਮਰਦਨ ਬਹੁਰਿ ਕਹੋ ॥

'ਮੁਰ' (ਇਕ ਦੈਂਤ) ਸ਼ਬਦ ਪਹਿਲਾਂ ਉਚਾਰ ਕੇ ਫਿਰ 'ਮਰਦਨ' ਸ਼ਬਦ ਕਹੋ।

ਨਾਮ ਸੁਦਰਸਨ ਚਕ੍ਰ ਕੇ ਚਿਤ ਮੈ ਚਤੁਰ ਲਹੋ ॥੫੮॥

(ਇਹ) ਨਾਮ 'ਸੁਦਰਸ਼ਨ ਚਕ੍ਰ' ਦੇ ਹਨ। ਇਨ੍ਹਾਂ ਨੂੰ ਵਿਦਵਾਨ ਚਿਤ ਵਿਚ ਜਾਣ ਲੈਣ ॥੫੮॥

ਮਧੁ ਕੋ ਨਾਮ ਉਚਾਰਿ ਕੈ ਹਾ ਪਦ ਬਹੁਰਿ ਉਚਾਰਿ ॥

(ਪਹਿਲਾਂ) 'ਮਧੁ' (ਇਕ ਦੈਂਤ) ਦੇ ਨਾਂ ਨੂੰ ਉਚਾਰ ਕੇ ਫਿਰ 'ਹਾ' ਪਦ ਦਾ ਉਚਾਰਨ ਕਰੋ।

ਨਾਮ ਸੁਦਰਸਨ ਚਕ੍ਰ ਕੇ ਲੀਜੈ ਸੁਕਬਿ ਸੁਧਾਰਿ ॥੫੯॥

(ਇਹ) ਨਾਂ 'ਸੁਦਰਸ਼ਨ ਚਕ੍ਰ' ਦੇ ਹਨ। ਕਵੀ ਲੋਕ ਇਨ੍ਹਾਂ ਨੂੰ ਧਾਰਨ ਕਰ ਲੈਣ ॥੫੯॥

ਨਰਕਾਸੁਰ ਪ੍ਰਿਥਮੈ ਉਚਰਿ ਪੁਨਿ ਰਿਪੁ ਸਬਦ ਬਖਾਨ ॥

'ਨਰਕਾਸੁਰ' (ਇਕ ਦੈਂਤ) (ਸ਼ਬਦ) ਪਹਿਲਾਂ ਉਚਾਰ ਕੇ, ਫਿਰ 'ਰਿਪੁ' ਸ਼ਬਦ ਕਹੋ।

ਨਾਮ ਸੁਦਰਸਨ ਚਕ੍ਰ ਕੋ ਚਤੁਰ ਚਿਤ ਮੈ ਜਾਨ ॥੬੦॥

(ਇਹ) ਨਾਮ 'ਸੁਦਰਸ਼ਨ ਚਕ੍ਰ' ਦੇ ਹਨ। ਵਿਚਾਰਵਾਨ ਚਿਤ ਵਿਚ ਜਾਣ ਲੈਣ ॥੬੦॥

ਦੈਤ ਬਕਤ੍ਰ ਕੋ ਨਾਮ ਕਹਿ ਸੂਦਨ ਬਹੁਰਿ ਉਚਾਰ ॥

'ਦੈਤ ਬਕਤ੍ਰ' (ਇਕ ਦੈਂਤ) ਦਾ ਨਾਮ ਕਹਿ ਕੇ ਫਿਰ 'ਸੂਦਨ' (ਮਾਰਨ ਵਾਲਾ) ਪਦ ਉਚਾਰੋ।

ਨਾਮ ਸੁਦਰਸਨ ਚਕ੍ਰ ਕੋ ਜਾਨ ਚਿਤ ਨਿਰਧਾਰ ॥੬੧॥

(ਇਹ) ਨਾਮ 'ਸੁਦਰਸ਼ਨ ਚਕ੍ਰ' ਦੇ ਹਨ। (ਇਹ ਗੱਲ) ਚਿਤ ਵਿਚ ਨਿਸਚੈ ਕਰ ਲਵੋ ॥੬੧॥

ਪ੍ਰਿਥਮ ਚੰਦੇਰੀ ਨਾਥ ਕੋ ਲੀਜੈ ਨਾਮ ਬਨਾਇ ॥

ਪਹਿਲਾਂ 'ਚੰਦੇਰੀ ਨਾਥ' (ਸ਼ਿਸ਼ੁਪਾਲ) ਦਾ ਨਾਮ ਲਿਵੋ

ਪੁਨਿ ਰਿਪੁ ਸਬਦ ਉਚਾਰੀਐ ਚਕ੍ਰ ਨਾਮ ਹੁਇ ਜਾਇ ॥੬੨॥

ਅਤੇ ਫਿਰ 'ਰਿਪੁ' ਨਾਮ ਉਚਾਰੋ, ਤਾਂ ਚਕ੍ਰ ਦਾ ਨਾਮ ਹੋ ਜਾਏਗਾ ॥੬੨॥

ਨਰਕਾਸੁਰ ਕੋ ਨਾਮ ਕਹਿ ਮਰਦਨ ਬਹੁਰਿ ਉਚਾਰ ॥

'ਨਰਕਸੁਰ' (ਇਕ ਦੈਂਤ) ਦਾ ਨਾਮ ਕਹਿ ਕੇ ਫਿਰ 'ਮਰਦਨ' (ਮਸਲਣ ਵਾਲਾ) (ਸ਼ਬਦ) ਉਚਾਰੋ।

ਨਾਮ ਸੁਦਰਸਨ ਚਕ੍ਰ ਕੋ ਲੀਜਹੁ ਸੁਕਬਿ ਸੁ ਧਾਰ ॥੬੩॥

(ਇਹ) ਸੁਦਰਸ਼ਨ ਚਕ੍ਰ ਦਾ ਨਾਮ ਹੈ। ਹੇ ਕਵੀਓ! ਇਸ ਨੂੰ ਧਾਰਨ ਕਰ ਲਵੋ ॥੬੩॥

ਕਿਸਨ ਬਿਸਨ ਕਹਿ ਜਿਸਨੁ ਅਨੁਜ ਆਯੁਧ ਬਹੁਰਿ ਉਚਾਰ ॥

(ਪਹਿਲਾਂ) ਕ੍ਰਿਸ਼ਨ, ਵਿਸ਼ਣੂ ਅਤੇ ਵਾਮਨ (ਜਿਸਨੁ ਅਨੁਜ) ਅਤੇ ਫਿਰ ਆਯੁਧ (ਸ਼ਸਤ੍ਰ) ਦਾ (ਨਾਮ) ਉਚਾਰੋ,

ਨਾਮ ਸੁਦਰਸਨ ਚਕ੍ਰ ਕੇ ਨਿਕਸਤ ਚਲਹਿ ਅਪਾਰ ॥੬੪॥

(ਤਾਂ) 'ਸੁਦਰਸ਼ਨ ਚਕ੍ਰ' ਦੇ ਅਪਾਰਾਂ ਨਾਂ ਬਣਦੇ ਜਾਣਗੇ ॥੬੪॥

ਬਜ੍ਰ ਅਨੁਜ ਪ੍ਰਿਥਮੈ ਉਚਰ ਫਿਰਿ ਪਦ ਸਸਤ੍ਰ ਬਖਾਨ ॥

ਪਹਿਲਾਂ 'ਬਜ੍ਰ ਅਨੁਜ' (ਇੰਦਰ ਦਾ ਛੋਟਾ ਭਰਾ, ਵਾਮਨ) ਉਚਰੋ ਅਤੇ ਫਿਰ 'ਸ਼ਸਤ੍ਰ' ਸ਼ਬਦ ਦਾ ਬਖਾਨ ਕਰੋ।

ਨਾਮ ਸੁਦਰਸਨ ਚਕ੍ਰ ਕੇ ਚਤੁਰ ਚਿਤ ਮੈ ਜਾਨ ॥੬੫॥

(ਇਸ ਤਰ੍ਹਾਂ) 'ਸੁਦਰਸ਼ਨ ਚਕ੍ਰ' ਦੇ ਨਾਮ (ਬਣ ਜਾਣਗੇ)। ਹੇ ਸਿਆਣਿਓ! ਚਿਤ ਵਿਚ ਜਾਣ ਲਵੋ ॥੬੫॥

ਪ੍ਰਿਥਮ ਬਿਰਹ ਪਦ ਉਚਰਿ ਕੈ ਪੁਨਿ ਕਹੁ ਸਸਤ੍ਰ ਬਿਸੇਖ ॥

ਪਹਿਲਾਂ 'ਬਿਰਹ' (ਮੋਰ ਦੀ ਪੂਛ ਦਾ ਮੁਕਟ ਧਾਰਨ ਕਰਨ ਵਾਲਾ ਕ੍ਰਿਸ਼ਨ) ਪਦ ਉਚਾਰ ਕੇ, ਫਿਰ ਵਿਸ਼ੇਸ਼ ਸ਼ਸਤ੍ਰ (ਸ਼ਬਦ) ਕਹਿ ਦਿਓ।

ਨਾਮ ਸੁਦਰਸਨ ਚਕ੍ਰ ਕੇ ਨਿਕਸਤ ਚਲੈ ਅਸੇਖ ॥੬੬॥

(ਇਸ ਤਰ੍ਹਾਂ) ਸੁਦਰਸ਼ਨ ਚਕ੍ਰ ਦੇ ਅਨੇਕਾਂ (ਨਾਮ) ਬਣਦੇ ਜਾਣਗੇ ॥੬੬॥

ਪ੍ਰਿਥਮੈ ਵਹੈ ਉਚਾਰੀਐ ਰਿਧ ਸਿਧ ਕੋ ਧਾਮ ॥

ਪਹਿਲਾਂ ਉਸ (ਵਿਸ਼ਣੂ) ਦਾ ਨਾਮ ਉਚਾਰੋ ਜੋ ਰਿਧੀਸਿ ਧੀ ਦਾ ਘਰ ਹੈ।

ਪੁਨਿ ਪਦ ਸਸਤ੍ਰ ਬਖਾਨੀਐ ਜਾਨੁ ਚਕ੍ਰ ਕੇ ਨਾਮ ॥੬੭॥

ਫਿਰ 'ਸ਼ਸਤ੍ਰ' ਪਦ ਕਹਿ ਦਿੱਤਾ ਜਾਏ, (ਤਾਂ ਇਸ ਤਰ੍ਹਾਂ) (ਸੁਦਰਸ਼ਨ ਚਕ੍ਰ) ਦੇ ਨਾਮ ਹੋ ਜਾਂਦਾ ਹੈ ॥੬੭॥

ਗਿਰਧਰ ਪ੍ਰਿਥਮ ਉਚਾਰਿ ਪਦ ਆਯੁਧ ਬਹੁਰਿ ਉਚਾਰਿ ॥

ਪਹਿਲਾਂ 'ਗਿਰਧਰ' (ਗਵਰਧਨ ਪਰਬਤ ਨੂੰ ਧਾਰਨ ਕਰਨ ਵਾਲਾ, ਕ੍ਰਿਸ਼ਨ) ਸ਼ਬਦ ਉਚਾਰ ਕੇ ਫਿਰ 'ਆਯੁਧ' (ਸ਼ਸਤ੍ਰ) ਪਦ ਦਾ ਉਚਾਰਨ ਕਰੋ।

ਨਾਮ ਸੁਦਰਸਨ ਚਕ੍ਰ ਕੇ ਨਿਕਸਤ ਚਲੈ ਅਪਾਰ ॥੬੮॥

(ਇਸ ਤਰ੍ਹਾਂ) 'ਸੁਦਰਸ਼ਨ ਚਕ੍ਰ' ਦੇ ਅਪਾਰ ਨਾਮ ਬਣਦੇ ਜਾਣਗੇ ॥੬੮॥

ਕਾਲੀ ਨਥੀਆ ਪ੍ਰਿਥਮ ਕਹਿ ਸਸਤ੍ਰ ਸਬਦ ਕਹੁ ਅੰਤਿ ॥

ਪਹਿਲਾਂ 'ਕਾਲੀ ਨਥੀਆ' (ਕਾਲੀ ਨਾਗ ਨੂੰ ਨੱਥਣ ਵਾਲਾ, ਕ੍ਰਿਸ਼ਨ) ਸ਼ਬਦ ਕਹੋ ਅਤੇ ਅੰਤ ਉਤੇ 'ਸ਼ਸਤ੍ਰ' ਸ਼ਬਦ ਕਹੋ।

ਨਾਮ ਸੁਦਰਸਨ ਚਕ੍ਰ ਕੇ ਨਿਕਸਤ ਜਾਹਿ ਅਨੰਤ ॥੬੯॥

(ਇਸ ਤਰ੍ਹਾਂ) ਸੁਦਰਸ਼ਨ ਚਕ੍ਰ ਦੇ ਅਨੰਤ ਨਾਮ ਪੈਦਾ ਹੁੰਦੇ ਜਾਣਗੇ ॥੬੯॥

ਕੰਸ ਕੇਸਿਹਾ ਪ੍ਰਥਮ ਕਹਿ ਫਿਰਿ ਕਹਿ ਸਸਤ੍ਰ ਬਿਚਾਰਿ ॥

'ਕੰਸ ਕੇਸਿਹਾ' (ਕੰਸ ਅਤੇ ਕੇਸੀ ਨੂੰ ਮਾਰਨ ਵਾਲਾ, ਕ੍ਰਿਸ਼ਨ) ਪਹਿਲਾਂ ਕਹਿ ਦਿਓ ਅਤੇ ਫਿਰ 'ਸ਼ਸਤ੍ਰ' (ਸ਼ਬਦ) ਉਚਾਰੋ।

ਨਾਮ ਸੁਦਰਸਨ ਚਕ੍ਰ ਕੇ ਲੀਜਹੁ ਸੁਕਬਿ ਸੁ ਧਾਰ ॥੭੦॥

(ਇਸ ਤਰ੍ਹਾਂ) ਇਹ 'ਸੁਦਰਸ਼ਨ ਚਕ੍ਰ' ਦੇ ਨਾਮ ਹਨ। ਕਵੀ ਜਨ (ਵਿਚਾਰ ਕੇ ਮਨ ਵਿਚ) ਧਾਰਨ ਕਰ ਲੈਣ ॥੭੦॥

ਬਕੀ ਬਕਾਸੁਰ ਸਬਦ ਕਹਿ ਫੁਨਿ ਬਚ ਸਤ੍ਰੁ ਉਚਾਰ ॥

'ਬਕੀ' (ਇਕ ਦੈਂਤਣ) ਅਤੇ 'ਬਕਾਸੁਰ' (ਇਕ ਦੈਂਤ) ਸ਼ਬਦ (ਪਹਿਲਾਂ) ਕਹਿ ਕੇ ਫਿਰ 'ਸਤ੍ਰੁ' (ਵੈਰੀ) ਸ਼ਬਦ ਉਚਾਰੋ।

ਨਾਮ ਸੁਦਰਸਨ ਚਕ੍ਰ ਕੇ ਨਿਕਸਤ ਚਲੈ ਅਪਾਰ ॥੭੧॥

(ਇਸ ਤਰ੍ਹਾਂ) ਸੁਦਰਸ਼ਨ ਚਕ੍ਰ ਦੇ ਅਪਾਰ ਨਾਂ ਬਣਦੇ ਜਾਣਗੇ ॥੭੧॥

ਅਘ ਨਾਸਨ ਅਘਹਾ ਉਚਰਿ ਪੁਨਿ ਬਚ ਸਸਤ੍ਰ ਬਖਾਨ ॥

(ਪਹਿਲਾਂ) 'ਅਘ ਨਾਸਨ' (ਅਘ ਦੈਂਤ ਦਾ ਨਾਸਕ) ਅਤੇ 'ਅਘ ਹਾ' (ਸ਼ਬਦ) ਉਚਾਰ ਕੇ ਫਿਰ 'ਸ਼ਸਤ੍ਰ' ਪਦ ਦਾ ਕਥਨ ਕਰੋ।

ਨਾਮ ਸੁਦਰਸਨ ਚਕ੍ਰ ਕੇ ਸਭੈ ਚਤੁਰ ਚਿਤਿ ਜਾਨ ॥੭੨॥

(ਇਸ ਤਰ੍ਹਾਂ ਇਹ) ਸੁਦਰਸ਼ਨ ਚਕ੍ਰ ਦੇ ਨਾਮ ਬਣਨਗੇ। ਸਾਰੇ ਸੋਚਵਾਨ ਮਨ ਵਿਚ ਜਾਣ ਲੈਣ ॥੭੨॥

ਸ੍ਰੀ ਉਪੇਾਂਦ੍ਰ ਕੇ ਨਾਮ ਕਹਿ ਫੁਨਿ ਪਦ ਸਸਤ੍ਰ ਬਖਾਨ ॥

(ਪਹਿਲਾਂ) 'ਸ੍ਰੀ ਉਪੇਂਦਰ' (ਵਾਮਨ ਅਵਤਾਰ) ਦਾ ਨਾਮ ਕਹੋ ਅਤੇ ਫਿਰ 'ਸ਼ਸਤ੍ਰ' ਪਦ ਦਾ ਕਥਨ ਕਰੋ।

ਨਾਮ ਸੁਦਰਸਨ ਚਕ੍ਰ ਕੇ ਸਬੈ ਸਮਝ ਸੁਰ ਗਿਆਨ ॥੭੩॥

(ਇਹ) ਸੁਦਰਸ਼ਨ ਚਕ੍ਰ ਦਾ ਨਾਮ ਹੈ, ਸਾਰੇ ਸਿਆਣੇ ਸਮਝਦੇ ਹਨ ॥੭੩॥

ਕਬਿਯੋ ਬਾਚ ਦੋਹਰਾ ॥

ਕਵੀ ਨੇ ਕਿਹਾ: ਦੋਹਰਾ:

ਸਬੈ ਸੁਭਟ ਅਉ ਸਭ ਸੁਕਬਿ ਯੌ ਸਮਝੋ ਮਨ ਮਾਹਿ ॥

ਹੇ ਸਾਰੇ ਸੂਰਮਿਓ ਅਤੇ ਸਾਰੇ ਸ੍ਰੇਸ਼ਠ ਕਵੀਓ! ਮਨ ਵਿਚ ਇਸ ਤਰ੍ਹਾਂ ਸਮਝ ਲਵੋ

ਬਿਸਨੁ ਚਕ੍ਰ ਕੇ ਨਾਮ ਮੈ ਭੇਦ ਕਉਨਹੂੰ ਨਾਹਿ ॥੭੪॥

(ਕਿ) ਵਿਸ਼ਣੂ ਅਤੇ (ਸੁਦਰਸ਼ਨ) ਚਕ੍ਰ ਦੇ ਨਾਮ ਵਿਚ ਕੋਈ ਭੇਦ ਨਹੀਂ ਹੈ ॥੭੪॥