ਸ਼੍ਰੀ ਦਸਮ ਗ੍ਰੰਥ

ਅੰਗ - 921


ਸੁਨਤ ਬਚਨ ਕਾਮਾ ਤੁਰਤ ਦਿਜ ਗ੍ਰਿਹ ਲਯੋ ਦੁਰਾਇ ॥

ਕਾਮਕੰਦਲਾ ਨੇ ਬਚਨ ਸੁਣ ਕੇ ਤੁਰਤ ਬ੍ਰਾਹਮਣ ਨੂੰ ਘਰ ਵਿਚ ਲੁਕਾ ਲਿਆ।

ਰਾਜਾ ਕੀ ਨਿੰਦ੍ਯਾ ਕਰੀ ਤਾਹਿ ਗਰੇ ਸੋ ਲਾਇ ॥੧੭॥

ਉਸ ਨੂੰ ਗਲੇ ਨਾਲ ਲਾ ਕੇ ਰਾਜੇ ਦੀ ਨਿੰਦਿਆ ਕੀਤੀ ॥੧੭॥

ਕਾਮਾ ਬਾਚ ॥

ਕਾਮਕੰਦਲਾ ਨੇ ਕਿਹਾ:

ਚੌਪਈ ॥

ਚੌਪਈ:

ਧ੍ਰਿਗ ਇਹ ਰਾਇ ਭੇਦ ਨਹਿ ਜਾਨਤ ॥

ਇਸ ਰਾਜੇ ਨੂੰ ਧਿੱਕਾਰ ਹੈ ਜੋ ਭੇਦ ਨੂੰ ਨਹੀਂ ਜਾਣਦਾ।

ਤੁਮ ਸੇ ਚਤੁਰਨ ਸੌ ਰਿਸਿ ਠਾਨਤ ॥

ਤੁਹਾਡੇ ਵਰਗੇ ਸੂਝਵਾਨ ਉਤੇ ਨਾਰਾਜ਼ ਹੁੰਦਾ ਹੈ।

ਮਹਾ ਮੂੜ ਨ੍ਰਿਪ ਕੋ ਕਾ ਕਹਿਯੈ ॥

ਅਜਿਹੇ ਮਹਾ ਮੂਰਖ ਰਾਜੇ ਨੂੰ ਕੀ ਕਹੀਏ।

ਯਾ ਪਾਪੀ ਕੇ ਦੇਸ ਨ ਰਹਿਯੈ ॥੧੮॥

ਇਸ ਪਾਪੀ ਦੇ ਦੇਸ ਨਹੀਂ ਰਹਿਣਾ ਚਾਹੀਦਾ ॥੧੮॥

ਦੋਹਰਾ ॥

ਦੋਹਰਾ:

ਚਲੌ ਤ ਏਕੈ ਮਗੁ ਚਲੌ ਰਹੇ ਰਹੌ ਤਿਹ ਗਾਉ ॥

ਜੇ ਚਲੋਗੇ ਤਾਂ (ਤੁਹਾਡੇ ਨਾਲ) ਇਕੋ ਮਾਰਗ ਉਤੇ ਚਲਾਂਗੀ, (ਜਿਥੇ) ਰਹੋਗੇ, ਉਸ ਪਿੰਡ ਵਿਚ ਰਹਾਂਗੀ।

ਨਿਸੁ ਦਿਨ ਰਟੌ ਬਿਹੰਗ ਜ੍ਯੋ ਮੀਤ ਤਿਹਾਰੋ ਨਾਉ ॥੧੯॥

ਰਾਤ ਦਿਨ ਪੰਛੀ (ਪਪੀਹੇ) ਵਾਂਗ ਹੇ ਮਿੱਤਰ! ਤੇਰਾ ਨਾਮ ਜਪਾਂਗੀ ॥੧੯॥

ਬਿਰਹ ਬਾਨ ਮੋ ਤਨ ਗਡੇ ਕਾ ਸੋ ਕਰੋ ਪੁਕਾਰ ॥

ਵਿਯੋਗ ਦਾ ਬਾਣ ਮੇਰੇ ਸ਼ਰੀਰ ਵਿਚ ਲਗਾ ਹੈ, ਕਿਸ ਅਗੇ ਪੁਕਾਰ ਕਰਾਂ।

ਤਨਕ ਅਗਨਿ ਕੋ ਸਿਵ ਭਏ ਜਰੌ ਸੰਭਾਰਿ ਸੰਭਾਰਿ ॥੨੦॥

ਥੋੜੀ ਜਿਹੀ ਅਗਨੀ ਦਾ ਸਿਵਾ ਬਣ ਗਿਆ ਹੈ, ਹੌਲੀ ਹੌਲੀ ਸੜ ਰਹੀ ਹਾਂ ॥੨੦॥

ਆਜੁ ਸਖੀ ਮੈ ਯੌ ਸੁਨ੍ਯੋ ਪਹੁ ਫਾਟਤ ਪਿਯ ਗੌਨ ॥

(ਆਪਣੇ ਆਪ ਨਾਲ ਗੱਲ ਕਰਦੀ ਹੋਈ ਕਹਿੰਦੀ ਹੈ) ਹੇ ਸਖੀ! ਅਜ ਮੈਂ ਇਹ ਸੁਣਿਆ ਹੈ ਕਿ ਪਹੁ ਫੁਟਾਲੇ ਨਾਲ ਪ੍ਰੀਤਮ ਚਲੇ ਜਾਣਗੇ।

ਪਹੁ ਹਿਯਰੇ ਝਗਰਾ ਪਰਿਯੋ ਪਹਿਲੇ ਫਟਿ ਹੈ ਕੌਨ ॥੨੧॥

(ਮੇਰੇ) ਹਿਰਦੇ ਵਿਚ ਝਗੜਾ ਚਲ ਰਿਹਾ ਹੈ ਕਿ ਪਹਿਲਾਂ ਕੋਣ ਫਟੇਗਾ? (ਪਹੁ ਫੁਟਾਲਾ ਹੋਵੇਗਾ ਜਾਂ ਮੇਰਾ ਹਿਰਦਾ ਫਟੇਗਾ) ॥੨੧॥

ਮਾਧਵ ਬਾਚ ॥

ਮਾਧਵਾਨਲ ਨੇ ਕਿਹਾ:

ਚੌਪਈ ॥

ਚੌਪਈ:

ਤੁਮ ਸੁਖ ਸੋ ਸੁੰਦਰਿ ਹ੍ਯਾਂ ਰਹੋ ॥

ਹੇ ਸੁੰਦਰੀ! ਤੁਸੀਂ ਸੁਖ ਨਾਲ ਇਥੇ ਰਹੋ

ਹਮ ਕੋ ਬੇਗਿ ਬਿਦਾ ਮੁਖ ਕਹੋ ॥

ਅਤੇ ਸਾਨੂੰ ਜਲਦੀ ਨਾਲ ਮੁਖ ਤੋਂ ਵਿਦਾ ਕਹੋ।

ਹਮਰੋ ਕਛੂ ਤਾਪ ਨਹ ਕਰਿਯਹੁ ॥

ਸਾਡੇ (ਜਾਣ ਦਾ) ਕੋਈ ਦੁਖ ਨਹੀਂ ਮੰਨਣਾ

ਨਿਤ ਰਾਮ ਕੋ ਨਾਮ ਸੰਭਰਿਯਹੁ ॥੨੨॥

ਅਤੇ ਨਿੱਤ ਰਾਮ ਦੇ ਨਾਮ ਦੀ ਅਰਾਧਨਾ ਕਰਨਾ ॥੨੨॥

ਦੋਹਰਾ ॥

ਦੋਹਰਾ:

ਸੁਨਤ ਬਚਨ ਕਾਮਾ ਤਬੈ ਭੂਮਿ ਪਰੀ ਮੁਰਛਾਇ ॥

ਕਾਮਕੰਦਲਾ (ਮਾਧਵਾਨਲ ਦੇ) ਬਚਨ ਸੁਣ ਕੇ ਬੇਹੋਸ਼ ਹੋ ਕੇ ਧਰਤੀ ਉਤੇ ਡਿਗ ਪਈ,

ਜਨੁ ਘਾਯਲ ਘਾਇਨ ਲਗੇ ਗਿਰੈ ਉਠੈ ਬਰਰਾਇ ॥੨੩॥

ਮਾਨੋ ਘਾਇਲ ਘਾਉ ਲਗਣ ਤੇ ਡਿਗਦਾ, ਉਠਦਾ ਅਤੇ ਬਰੜਾਉਂਦਾ ਹੋਵੇ ॥੨੩॥

ਸੋਰਠਾ ॥

ਸੋਰਠਾ:

ਅਧਿਕ ਬਿਰਹ ਕੇ ਸੰਗ ਪੀਤ ਬਰਨ ਕਾਮਾ ਭਈ ॥

ਅਧਿਕ ਵਿਯੋਗ ਕਾਰਨ ਕਾਮਕੰਦਲਾ ਦਾ ਰੰਗ ਪੀਲਾ ਪੈ ਗਿਆ।

ਰਕਤ ਨ ਰਹਿਯੋ ਅੰਗ ਚਲਿਯੋ ਮੀਤ ਚੁਰਾਇ ਚਿਤ ॥੨੪॥

(ਉਸ ਦੇ) ਸ਼ਰੀਰ ਵਿਚ ਲਹੂ ਨਹੀਂ ਰਿਹਾ (ਕਿਉਂਕਿ ਉਸ ਦਾ) ਮਿੱਤਰ ਦਿਲ ਚੁਰਾ ਕੇ ਚਲਾ ਗਿਆ ਹੈ ॥੨੪॥

ਦੋਹਰਾ ॥

ਦੋਹਰਾ:

ਟਾਕ ਤੋਲ ਤਨ ਨ ਰਹਿਯੋ ਮਾਸਾ ਰਹਿਯੋ ਨ ਮਾਸ ॥

ਚਾਰ ਮਾਸੇ ਸ਼ਰੀਰ ਨਹੀਂ ਰਿਹਾ ਅਤੇ ਮਾਸਾ ਜਿੰਨਾ ਵੀ ਮਾਸ ਨਹੀਂ ਰਿਹਾ।

ਬਿਰਹਿਨ ਕੌ ਤੀਨੋ ਭਲੇ ਹਾਡ ਚਾਮ ਅਰੁ ਸ੍ਵਾਸ ॥੨੫॥

ਵਿਯੋਗਣਾਂ ਲਈ ਹਡ, ਚੰਮ ਅਤੇ ਸੁਆਸ ਤਿੰਨੇ (ਰੋਗ) ਚੰਗੇ ਹਨ ॥੨੫॥

ਅਤਿ ਕਾਮਾ ਲੋਟਤ ਧਰਨਿ ਮਾਧਵਨਲ ਕੇ ਹੇਤ ॥

ਮਾਧਵਾਨਲ ਦੇ ਹਿਤ ਲਈ ਕਾਮਕੰਦਲਾ ਧਰਤੀ ਉਤੇ ਲੋਟ ਪੋਟ ਹੋ ਰਹੀ ਹੈ,

ਟੂਟੋ ਅਮਲ ਅਫੀਮਿਯਹਿ ਜਨੁ ਪਸਵਾਰੇ ਲੇਤ ॥੨੬॥

ਮਾਨੋ ਅਮਲ ਤੋਂ ਟੁਟਿਆ ਅਫ਼ੀਮਚੀ ਪਲਸੇਟੇ ਮਾਰ ਰਿਹਾ ਹੋਵੇ ॥੨੬॥

ਮਿਲਤ ਨੈਨ ਨਹਿ ਰਹਿ ਸਕਤ ਜਾਨਤ ਪ੍ਰੀਤਿ ਪਤੰਗ ॥

ਪਤੰਗ (ਦੀਪਕ ਨਾਲ ਪਾਈ) ਪ੍ਰੀਤ ਤੋਂ ਜਾਣ ਸਕਦਾ ਹੈ ਕਿ ਨੈਣ ਮਿਲਾਏ ਬਿਨਾ ਰਿਹਾ ਨਹੀਂ ਜਾ ਸਕਦਾ।

ਛੂਟਤ ਬਿਰਹ ਬਿਯੋਗ ਤੇ ਹੋਮਤ ਅਪਨੋ ਅੰਗ ॥੨੭॥

ਉਹ ਵਿਰਹ ਵਿਯੋਗ ਕਾਰਨ (ਦੀਪਕ ਨੂੰ) ਛੋਹ ਕੇ ਆਪਣੇ ਅੰਗ ਸਾੜ (ਹੋਮ ਕਰ) ਦਿੰਦਾ ਹੈ ॥੨੭॥

ਕਾਮਾ ਬਾਚ ॥

ਕਾਮਕੰਦਲਾ ਨੇ ਕਿਹਾ:

ਚੌਪਈ ॥

ਚੌਪਈ:

ਖੰਡ ਖੰਡ ਕੈ ਤੀਰਥ ਕਰਿਹੌ ॥

(ਮੈਂ) ਸਾਰਿਆਂ ਖੰਡਾਂ ਦੇ ਤੀਰਥਾਂ ਤੇ ਜਾਵਾਂਗੀ।

ਬਾਰਿ ਅਨੇਕ ਆਗਿ ਮੈ ਬਰਿਹੌ ॥

ਅਨੇਕ ਵਾਰ ਅਗਨੀ ਵਿਚ ਸੜਾਂਗੀ।

ਕਾਸੀ ਬਿਖੈ ਕਰਵਤਿਹਿ ਪੈਹੌ ॥

ਕਾਸ਼ੀ ਵਿਚ ਆਰੇ ਨਾਲ ਚਿਰਵਾਵਾਂਗੀ।

ਢੂੰਢਿ ਮੀਤ ਤੋ ਕੌ ਤਊ ਲੈਹੌ ॥੨੮॥

ਹੇ ਮਿੱਤਰ! ਤੈਨੂੰ ਤਦ (ਜਾ ਕੇ) ਲਭ ਲਵਾਂਗੀ ॥੨੮॥

ਅੜਿਲ ॥

ਅੜਿਲ:

ਜਹਾ ਪਿਯਰਵਾ ਚਲੇ ਪ੍ਰਾਨ ਤਿਤਹੀ ਚਲੇ ॥

ਜਿਥੇ ਪਿਆਰਾ ਚਲੇਗਾ, ਪ੍ਰਾਣ ਉਥੇ ਹੀ ਜਾਣਗੇ।

ਸਕਲ ਸਿਥਿਲ ਭਏ ਅੰਗ ਸੰਗ ਜੈ ਹੈ ਭਲੇ ॥

ਸਾਰੇ ਅੰਗ ਸਿਥਲ ਹੋ ਗਏ ਹਨ, (ਪ੍ਰੀਤਮ) ਦੇ ਨਾਲ ਜਾਣਾ ਹੀ ਚੰਗਾ ਹੈ।

ਮਾਧਵਨਲ ਕੌ ਨਾਮੁ ਮੰਤ੍ਰ ਸੋ ਜਾਨਿਯੈ ॥

ਮਾਧਵਾਨਲ ਦੇ ਨਾਂ ਨੂੰ ਮੰਤ੍ਰ ਸਮਝਣਾ ਚਾਹੀਦਾ ਹੈ।

ਹੋ ਜਾਤੌ ਲਗਤ ਉਚਾਟ ਸਤਿ ਕਰਿ ਮਾਨਿਯੈ ॥੨੯॥

(ਇਸ ਦੇ) ਲਗਣ ਨਾਲ ਉਦਾਸੀ ਚਲੀ ਜਾਂਦੀ ਹੈ। ਇਸ ਨੂੰ ਸਤਿ ਕਰ ਕੇ ਸਮਝੋ ॥੨੯॥

ਦੋਹਰਾ ॥

ਦੋਹਰਾ:

ਜੋ ਤੁਮਰੀ ਬਾਛਾ ਕਰਤ ਪ੍ਰਾਨ ਹਰੈ ਜਮ ਮੋਹਿ ॥

ਜੇ ਤੁਹਾਡੀ ਇੱਛਾ ਕਰਦਿਆਂ ਜਮ ਮੇਰੇ ਪ੍ਰਾਣ ਹਰ ਲਏ,

ਮਰੇ ਪਰਾਤ ਚੁਰੈਲ ਹ੍ਵੈ ਚਮਕਿ ਚਿਤੈਹੌ ਤੋਹਿ ॥੩੦॥

ਤਾਂ ਮੈਂ ਮਰਨ ਉਪਰੰਤ ਚੁੜੇਲ ਬਣ ਕੇ ਚਮਕ ਕੇ ਤੁਹਾਨੂੰ ਵੇਖਾਂਗੀ ॥੩੦॥

ਬਰੀ ਬਿਰਹ ਕੀ ਆਗਿ ਮੈ ਜਰੀ ਰਖੈ ਹੌ ਨਾਉ ॥

ਬਿਰਹੋਂ ਦੀ ਅੱਗ ਵਿਚ ਸੜ ਕੇ ਮੈਂ ਆਪਣਾ ਨਾਂ ਜੜੀ-ਬੂਟੀ ਰਖ ਲਵਾਂਗੀ

ਭਾਤਿ ਜਰੀ ਕੀ ਬਰੀ ਕੀ ਢਿਗ ਤੇ ਕਬਹੂੰ ਨ ਜਾਉ ॥੩੧॥

ਅਤੇ ਜੜੀ-ਬੂਟੀ ਵਾਂਗ (ਪ੍ਰੀਤਮ ਦੇ) ਨੇੜਿਓਂ ਕਦੇ ਵੀ ਨਹੀਂ ਜਾਵਾਂਗੀ ॥੩੧॥

ਸਾਚ ਕਹਤ ਹੈ ਬਿਰਹਨੀ ਰਹੀ ਪ੍ਰੇਮ ਸੌ ਪਾਗਿ ॥

ਸਚ ਕਹਿੰਦੀ ਹਾਂ ਕਿ (ਮੈਂ) ਵਿਯੋਗਣ ਪ੍ਰੇਮ ਵਿਚ ਮਗਨ ਹੋ ਗਈ ਹਾਂ।

ਡਰਤ ਬਿਰਹ ਕੀ ਅਗਨਿ ਸੌ ਜਰਤ ਕਾਠ ਕੀ ਆਗਿ ॥੩੨॥

ਵਿਯੋਗ ਦੀ ਅੱਗ ਤੋਂ ਡਰਦੀ ਹੋਈ ਕਾਠ ਦੀ ਅੱਗ ਵਿਚ ਸੜਦੀ ਹਾਂ ॥੩੨॥

ਤਬ ਮਾਧਵਨਲ ਉਠਿ ਚਲਿਯੋ ਭਯੋ ਪਵਨ ਕੋ ਭੇਸ ॥

ਤਦ ਮਾਧਵਾਨਲ ਪੌਣ ਦੀ ਤੇਜ਼ੀ ਨਾਲ ਉਠ ਕੇ ਚਲ ਪਿਆ।

ਜਸ ਧੁਨਿ ਸੁਨਿ ਸਿਰ ਧੁਨਿ ਗਯੋ ਬਿਕ੍ਰਮ ਜਹਾ ਨਰੇਸ ॥੩੩॥

ਕੰਨਾਂ ਨਾਲ ਯਸ਼ ਦੀ ਧੁਨ ਸੁਣ ਕੇ ਅਤੇ ਸਿਰ ਨੂੰ ਹਿਲਾ ਕੇ ਉਥੇ ਗਿਆ, ਜਿਥੇ ਬਿਕ੍ਰਮਾਜੀਤ ਰਾਜਾ ਸੀ ॥੩੩॥

ਚੌਪਈ ॥

ਚੌਪਈ:

ਬਿਕ੍ਰਮ ਜਹਾ ਨਿਤਿ ਚਲਿ ਆਵੈ ॥

ਜਿਥੇ ਬਿਕ੍ਰਮਾਜੀਤ ਰੋਜ਼ ਚਲ ਕੇ ਆਉਂਦਾ ਸੀ

ਪੂਜਿ ਗੌਰਜਾ ਕੌ ਗ੍ਰਿਹ ਜਾਵੈ ॥

ਅਤੇ ਗੌਰਜਾ ਦੀ ਪੂਜਾ ਕਰ ਕੇ ਘਰ ਜਾਂਦਾ ਸੀ।

ਮੰਦਿਰ ਊਚ ਧੁਜਾ ਫਹਰਾਹੀ ॥

ਮੰਦਿਰ ਉਤੇ ਉੱਚੇ ਝੰਡੇ ਫਹਰਾ ਰਹੇ ਸਨ।

ਫਟਕਾਚਲ ਲਖਿ ਤਾਹਿ ਲਜਾਹੀ ॥੩੪॥

ਉਸ ਨੂੰ ਵੇਖ ਕੇ ਕੈਲਾਸ਼ ਪਰਬਤ ('ਫਟਕਾਚਲ') ਵੀ ਲਜਾਉਂਦਾ ਸੀ ॥੩੪॥

ਦੋਹਰਾ ॥

ਦੋਹਰਾ:

ਤਿਹੀ ਠੌਰਿ ਮਾਧਵ ਗਯੋ ਦੋਹਾ ਲਿਖ੍ਯੋ ਬਨਾਇ ॥

ਉਸ ਥਾਂ ਤੇ ਮਾਧਵਾਨਲ ਗਿਆ ਅਤੇ ਵਿਚਾਰ ਪੂਰਵਕ ਇਕ ਦੋਹਰਾ ਲਿਖਿਆ।

ਜੌ ਬਿਕ੍ਰਮ ਇਹ ਬਾਚਿ ਹੈ ਹ੍ਵੈ ਹੋ ਮੋਰ ਉਪਾਇ ॥੩੫॥

ਜੇ ਬਿਕ੍ਰਮਾਜੀਤ ਇਸ ਨੂੰ ਪੜ੍ਹੇਗਾ ਤਾਂ ਮੇਰਾ ਉਪਾ ਹੋਵੇਗਾ ॥੩੫॥

ਜੇ ਨਰ ਰੋਗਨ ਸੌ ਗ੍ਰਸੇ ਤਿਨ ਕੋ ਹੋਤ ਉਪਾਉ ॥

ਜੋ ਵਿਅਕਤੀ ਰੋਗਾਂ ਨਾਲ ਗ੍ਰਸਿਆ ਹੋਵੇ, ਉਸ ਦਾ ਉਪਾ ਹੋ ਜਾਂਦਾ ਹੈ।

ਬਿਰਹ ਤ੍ਰਿਦੋਖਨ ਜੇ ਗ੍ਰਸੇ ਤਿਨ ਕੋ ਕਛੁ ਨ ਬਚਾਉ ॥੩੬॥

ਜੋ ਵਿਯੋਗ ਦੇ ਤ੍ਰੈ ਦੋਸ਼ਾਂ (ਹਡ, ਚੰਮ ਅਤੇ ਸੁਆਸ) ਦਾ ਗ੍ਰਸਿਆ ਹੋਵੇ, ਉਸ ਦਾ ਕੋਈ ਬਚਾ ਨਹੀਂ ਹੋ ਸਕਦਾ ॥੩੬॥

ਚੌਪਈ ॥

ਚੌਪਈ:

ਬਿਕ੍ਰਮ ਸੈਨਿ ਤਹਾ ਚਲਿ ਆਯੋ ॥

ਰਾਜਾ ਬਿਕ੍ਰਮਾਜੀਤ ਉਥੇ ਚਲ ਕੇ ਆਇਆ।

ਆਨ ਗੌਰਜਾ ਕੌ ਸਿਰ ਨ੍ਯਾਯੋ ॥

ਆ ਕੇ ਗੌਰਜਾ ਨੂੰ ਸਿਰ ਨਿਵਾਇਆ।

ਬਾਚਿ ਦੋਹਰਾ ਕੋ ਚਕਿ ਰਹਿਯੋ ॥

ਉਹ ਦੋਹਰਾ ਪੜ੍ਹ ਕੇ ਹੈਰਾਨ ਹੋ ਗਿਆ

ਕੋ ਬਿਰਹੀ ਆਯੋ ਹ੍ਯਾਂ ਕਹਿਯੋ ॥੩੭॥

ਅਤੇ ਕਹਿਣ ਲਗਾ ਕੀ ਕੋਈ ਵਿਯੋਗੀ ਇਥੇ ਆਇਆ ਹੈ ॥੩੭॥

ਦੋਹਰਾ ॥

ਦੋਹਰਾ:

ਕੋ ਬਿਰਹੀ ਆਯੋ ਹ੍ਯਾਂ ਤਾ ਕੌ ਲੇਹੁ ਬੁਲਾਇ ॥

(ਜੇ) ਕੋਈ ਵਿਯੋਗੀ ਇਥੇ ਆਇਆ ਹੈ, ਉਸ ਨੂੰ ਬੁਲਾ ਲਵੋ।

ਜੋ ਵਹੁ ਕਹੈ ਸੋ ਹੌ ਕਰੌ ਤਾ ਕੌ ਜਿਯਨ ਉਪਾਇ ॥੩੮॥

ਉਸ ਦੇ ਜੀਣ ਦਾ ਜੋ ਉਪਾ ਉਹ ਕਹੇਗਾ, ਮੈਂ ਕਰਾਂਗਾ ॥੩੮॥


Flag Counter