ਹੇ ਸੁਜਾਨ! ਮੇਰੀ ਕਥਾ ਉਨ੍ਹਾਂ ਨੂੰ ਨਾ ਕਹੀਂ,
(ਕਿਉਂਕਿ) ਉਹ ਪੁੱਤਰ ਦਾ ਮਰਨਾ ਸੁਣਦਿਆਂ ਨਿਰਬਲ ਹੋ ਕੇ ਮਰ ਜਾਣਗੇ ॥੨੩॥
ਜਦੋਂ ਬ੍ਰਾਹਮਣ ਨੇ ਇਸ ਤਰ੍ਹਾਂ ਦੇ ਬਚਨ ਕਹੇ,
(ਤਾਂ) ਸੁਣਦਿਆਂ ਹੀ ਰਾਜੇ ਦੀਆਂ ਅੱਖਾਂ ਵਿਚੋਂ ਜਲ ਚੋਣ ਲੱਗਿਆ।
(ਦਸ਼ਰਥ ਨੇ ਕਿਹਾ-) ਮੈਨੂੰ ਧ੍ਰਿਕਾਰ ਹੈ ਜਿਸ ਨੇ ਅਜਿਹਾ ਮਾੜਾ ਕਰਮ ਕੀਤਾ ਹੈ,
ਜਿਸ ਕਰਕੇ ਰਾਜ ਨਸ਼ਟ ਹੋ ਗਿਆ ਹੈ ਅਤੇ ਧਰਮ ਭ੍ਰਿਸ਼ਟ ਹੋ ਗਿਆ ਹੈ ॥੨੪॥
ਜਦੋਂ ਰਾਜੇ ਨੇ (ਉਸ ਦੀ ਦੇਹ ਵਿੱਚੋਂ ਤੀਰ ਕੱਢ ਲਿਆ
ਤਦੇ ਮਹਾਨ ਮੁਨੀ ਨੇ ਪ੍ਰਾਣ ਤਿਆਗ ਦਿੱਤੇ।
ਫਿਰ ਰਾਜਾ ਮਨ ਵਿੱਚ ਉਦਾਸ ਹੋ ਗਿਆ
ਅਤੇ ਘਰ ਨੂੰ ਪਰਤਣ ਦੀ ਆਸ ਹੀ ਛੱਡ ਦਿੱਤੀ ॥੨੫॥
ਮਨ ਵਿੱਚ ਧਾਰ ਲਿਆ ਕਿ ਯੋਗ ਭੇਸ ਨੂੰ ਧਾਰ ਲਵਾਂ
ਅਤੇ ਦੇਸ਼ ਨੂੰ ਤਿਆਗ ਕੇ ਕਿਤੇ ਜੰਗਲਾਂ ਵਿੱਚ ਜਾ ਵਸਾਂ।
ਮੇਰਾ ਇਹ ਰਾਜ ਸਾਜ ਕਿਸ ਕੰਮ ਹੈ,
ਜਿਸ ਨੇ ਬ੍ਰਾਹਮਣ ਨੂੰ ਮਾਰ ਕੇ, ਇਸ ਤਰ੍ਹਾਂ ਦਾ ਕੁਕਰਮ ਕੀਤਾ ਹੈ ॥੨੬॥
ਸੁਜਾਨ ਰਾਜੇ ਨੇ ਫਿਰ ਇਸ ਤਰ੍ਹਾਂ ਦੀ (ਗੱਲ) ਕਹੀ
ਕਿ ਸਾਰੇ ਜਗਤ ਦੀ ਕ੍ਰਿਆ ਕਾਲ ਦੇ ਅਧੀਨ ਹੈ।
ਹੁਣ ਕੁਝ ਅਜਿਹਾ ਉਪਾ ਕਰਾਂ,
ਜਿਸ ਨਾਲ ਉਸ ਦੇ ਮਾਤਾ-ਪਿਤਾ ਬਚ ਜਾਣ ॥੨੭॥
ਰਾਜੇ ਨੇ ਘੜੇ ਨੂੰ (ਪਾਣੀ ਨਾਲ) ਭਰ ਕੇ ਸਿਰ ਉੱਤੇ ਚੁੱਕ ਲਿਆ
ਅਤੇ ਉਥੇ ਗਿਆ, ਜਿਥੇ ਬ੍ਰਾਹਮਣ ਦੇ ਮਾਤਾ-ਪਿਤਾ ਪਏ ਸਨ।
ਜਦ ਸਾਵਧਾਨੀ ਨਾਲ ਉਨ੍ਹਾਂ ਦੇ ਨੇੜੇ ਗਿਆ,
ਤਦ ਉਹਨਾਂ ਦੋਹਾਂ ਨੇ ਉਸ ਦੇ ਪੈਰਾਂ ਦੀ ਆਹਟ ਸੁਣ ਲਈ ॥੨੮॥
ਬ੍ਰਾਹਮਣ ਨੇ ਰਾਜੇ ਪ੍ਰਤਿ ਕਿਹਾ-
ਪਾਧੜੀ ਛੰਦ
ਹੇ ਪੁੱਤਰ! ਦਸ, ਦੇਰੀ ਕਿਉਂ ਲੱਗੀ ਹੈ?
(ਇਹ) ਸੁਣ ਕੇ ਭਲਾ ਰਾਜਾ ਚੁੱਪ ਕਰ ਰਿਹਾ।
(ਬ੍ਰਾਹਮਣ ਨੇ) ਮੁੜ ਕਿਹਾ-ਪੁੱਤਰ! ਬੋਲਦਾ ਕਿਉਂ ਨਹੀਂ।
ਕਸੂਤੀ ਸਥਿਤੀ ਸਮਝ ਕੇ ਰਾਜਾ ਚੁੱਪ ਕਰ ਰਿਹਾ ॥੨੯॥
ਰਾਜੇ ਨੇ ਉਸ ਦੇ ਹੱਥ ਵਿੱਚ ਜਾ ਕੇ ਪਾਣੀ ਫੜਾ ਦਿੱਤਾ।
ਅੰਨ੍ਹਾ (ਬ੍ਰਾਹਮਣ) ਉਸ ਦੇ ਹੱਥਾਂ ਨੂੰ ਛੋਹ ਕੇ ਹੈਰਾਨ ਹੋ ਰਿਹਾ।
(ਫਿਰ) ਕ੍ਰੋਧ ਕਰਕੇ ਕਿਹਾ-(ਸੱਚ ਦੱਸ) ਤੂੰ ਕੌਣ ਹੈਂ?
ਇਸ ਤਰ੍ਹਾਂ ਦਾ ਬੋਲ ਸੁਣਦਿਆਂ ਹੀ ਰਾਜਾ ਰੋ ਪਿਆ ॥੩੦॥
ਰਾਜੇ ਨੇ ਬ੍ਰਾਹਮਣ ਪ੍ਰਤਿ ਕਿਹਾ-
ਪਾਧੜੀ ਛੰਦ
ਹੇ ਸ੍ਰੇਸ਼ਠ ਬ੍ਰਾਹਮਣ! ਮੈਂ ਤੇਰੇ ਪੁੱਤਰ ਦਾ ਘਾਤਕ ਹਾਂ,
ਜਿਸ ਨੇ ਤੇਰੇ ਸ੍ਰਵਣ ਪੁੱਤਰ ਨੂੰ ਆਪਣੇ ਦੇਸ਼ ਵਿੱਚ ਮਾਰਿਆ ਹੈ।
ਮੈਂ ਦਸ਼ਰਥ ਰਾਜਾ (ਤੇਰੀ) ਚਰਨੀਂ ਪਿਆ ਹਾਂ,
ਹੇ ਬ੍ਰਾਹਮਣ! ਜੋ (ਕਰਨਾ) ਚਾਹੋ, ਉਹੀ ਮੇਰੇ ਨਾਲ (ਵਰਤਾਉ) ਕਰੋ ॥੩੧॥
ਰਖਣਾ ਚਾਹੋ ਤਾਂ ਰੱਖੋ, ਮਾਰਨਾ ਚਾਹੋ ਤਾਂ ਮਾਰੋ,
ਮੈਂ ਤੁਹਾਡੇ ਦਰ 'ਤੇ ਸ਼ਰਨੀ ਪਿਆ ਹਾਂ।
ਤਦ ਉਨ੍ਹਾਂ ਦੋਹਾਂ ਨੇ ਦਸ਼ਰਥ ਰਾਜੇ ਨੂੰ ਕਿਹਾ-
ਬਹੁਤ ਸਾਰੀਆਂ ਲੱਕੜਾਂ ਅਤੇ ਅੱਗ ਇਹ ਦੋਵੇਂ (ਚੀਜ਼ਾਂ) ਮੰਗਵਾ ਦੇ ॥੩੨॥
ਤਦ ਬਹੁਤ ਸਾਰੀਆਂ ਲੱਕੜਾਂ ਮੰਗਵਾ ਲਈਆਂ,
ਉਨ੍ਹਾਂ ਦੀ ਚਿੱਖਾ (ਸਲ੍ਹ) ਬਣਾ ਕੇ (ਦੋਵੇਂ ਉਸ ਉੱਤੇ) ਚੜ੍ਹ ਬੈਠੇ।
ਦੋਹਾਂ ਪਾਸਿਆਂ ਤੋਂ ਅੱਗ ਮਚਾ ਦਿੱਤੀ,
ਪਰ ਬ੍ਰਾਹਮਣ ਜਾਣ ਕੇ ਅੱਗ ਠੰਡੀ ਹੋ ਗਈ ॥੩੩॥
ਤਦ ਉਨ੍ਹਾਂ ਨੇ ਆਪਣੇ ਸਰੀਰ ਤੋਂ ਯੋਗ ਅਗਨੀ ਪੈਦਾ ਕੀਤੀ
ਅਤੇ ਦੋਹਾਂ ਨੇ ਸੜ ਕੇ ਮਰਨ ਦਾ ਸਾਜ ਬਣਾ ਲਿਆ।