ਸ਼੍ਰੀ ਦਸਮ ਗ੍ਰੰਥ

ਅੰਗ - 435


ਪੁਨਿ ਸੂਰਤਿ ਸਿੰਘ ਸਪੂਰਨ ਸਿੰਘ ਸੁ ਸੁੰਦਰ ਸਿੰਘ ਹਨਿਓ ਤਬ ਹੀ ॥

ਫਿਰ ਸੂਰਤ ਸਿੰਘ, ਸੰਪੂਰਨ ਸਿੰਘ ਅਤੇ ਸੁੰਦਰ ਸਿੰਘ ਨੂੰ ਵੀ ਉਸੇ ਵੇਲੇ ਸੰਘਾਰ ਦਿੱਤਾ ਗਿਆ।

ਬਰ ਸ੍ਰੀ ਮਤਿ ਸਿੰਘ ਕੋ ਸੀਸ ਕਟਿਓ ਲਖਿ ਜਾਦਵ ਸੈਨ ਗਈ ਦਬ ਹੀ ॥

ਫਿਰ ਮਤਿ ਸਿੰਘ ਸੂਰਮੇ ਦਾ ਕਟਿਆ ਹੋਇਆ ਸਿਰ ਵੇਖ ਕੇ ਯਾਦਵ ਸੈਨਾ ਦੁਬਕ ਗਈ।

ਨਭਿ ਮੈ ਗਨ ਕਿੰਨਰ ਸ੍ਰੀ ਖੜਗੇਸ ਕੀ ਕੀਰਤਿ ਗਾਵਤ ਹੈ ਸਬ ਹੀ ॥੧੩੮੦॥

ਆਕਾਸ਼ ਵਿਚ ਕਿੰਨਰਾਂ ਦੇ ਸਾਰੇ ਗਣ ਮਿਲ ਕੇ ਸ੍ਰੀ ਖੜਗ ਸਿੰਘ ਦਾ ਯਸ਼ ਗਾ ਰਹੇ ਹਨ ॥੧੩੮੦॥

ਦੋਹਰਾ ॥

ਦੋਹਰਾ:

ਛਿਅ ਭੂਪਨ ਕੋ ਛੈ ਕੀਯੋ ਖੜਗ ਸਿੰਘ ਬਲ ਧਾਮ ॥

ਬਲਵਾਨ ਖੜਗ ਸਿੰਘ ਨੇ ਛੇ ਰਾਜਿਆਂ ਨੂੰ ਨਸ਼ਟ ਕਰ ਦਿੱਤਾ ਹੈ

ਅਉਰੋ ਭੂਪਤਿ ਤੀਨ ਬਰ ਧਾਇ ਲਰੈ ਸੰਗ੍ਰਾਮ ॥੧੩੮੧॥

ਅਤੇ ਤਿੰਨ ਹੋਰ ਸੂਰਵੀਰ ਰਾਜੇ ਯੁੱਧ ਵਿਚ ਲੜ ਰਹੇ ਹਨ ॥੧੩੮੧॥

ਕਰਨ ਸਿੰਘ ਪੁਨਿ ਅਰਨ ਸੀ ਸਿੰਘ ਬਰਨ ਸੁਕੁਮਾਰ ॥

ਕਰਨ ਸਿੰਘ, ਬਰਨ ਸਿੰਘ ਅਤੇ ਅਰਨ ਸਿੰਘ ਬਹੁਤ ਨੌਜਵਾਨ (ਯੋਧੇ) ਹਨ।

ਖੜਗ ਸਿੰਘ ਰੁਪਿ ਰਨਿ ਰਹਿਓ ਏ ਤੀਨੋ ਸੰਘਾਰਿ ॥੧੩੮੨॥

ਖੜਗ ਸਿੰਘ ਨੇ ਯੁੱਧ ਵਿਚ ਡਟ ਕੇ ਇਨ੍ਹਾਂ ਤਿੰਨਾਂ ਨੂੰ ਮਾਰ ਦਿੱਤਾ ਹੈ ॥੧੩੮੨॥

ਸਵੈਯਾ ॥

ਸਵੈਯਾ:

ਮਾਰ ਕੈ ਭੂਪ ਬਡੇ ਰਨ ਮੈ ਰਿਸ ਕੈ ਬਹੁਰੋ ਧਨ ਬਾਨ ਲੀਯੋ ॥

ਯੁੱਧ-ਭੂਮੀ ਵਿਚ ਵਡਿਆਂ ਰਾਜਿਆਂ ਨੂੰ ਮਾਰ ਕੇ ਅਤੇ ਫਿਰ ਕ੍ਰੋਧਵਾਨ ਹੋ ਕੇ (ਖੜਗ ਸਿੰਘ ਨੇ ਹੱਥ ਵਿਚ) ਧਨੁਸ਼-ਬਾਣ ਲੈ ਲਿਆ ਹੈ।

ਸਿਰ ਕਾਟਿ ਦਏ ਬਹੁ ਸਤ੍ਰਨ ਕੇ ਕਰਿ ਅਤ੍ਰਨ ਲੈ ਪੁਨਿ ਜੁਧੁ ਕੀਯੋ ॥

ਬਹੁਤ ਸਾਰੇ ਵੈਰੀਆਂ ਦੇ ਸਿਰ ਕਟ ਦਿੱਤੇ ਹਨ ਅਤੇ ਹੱਥ ਵਿਚ ਅਸਤ੍ਰ ਲੈ ਕੇ ਫਿਰ ਯੁੱਧ ਕੀਤਾ ਹੈ।

ਜਿਮਿ ਰਾਵਨ ਸੈਨ ਹਤੀ ਨ੍ਰਿਪ ਰਾਘਵ ਤਿਉ ਦਲੁ ਮਾਰਿ ਬਿਦਾਰ ਦੀਯੋ ॥

ਜਿਵੇਂ ਰਾਮ ਚੰਦਰ ਨੇ ਰਾਵਣ ਦੀ ਸੈਨਾ ਮਾਰੀ ਸੀ, ਉਵੇਂ (ਯਾਦਵਾਂ ਦੀ) ਸੈਨਾ ਨੂੰ ਮਾਰ ਕੇ ਨਸ਼ਟ ਕਰ ਦਿੱਤਾ ਗਿਆ ਹੈ।

ਗਨ ਭੂਤ ਪਿਸਾਚ ਸ੍ਰਿੰਗਾਲਨ ਗੀਧਨ ਜੋਗਿਨ ਸ੍ਰਉਨ ਅਘਾਇ ਪੀਯੋ ॥੧੩੮੩॥

ਗਣਾਂ, ਭੂਤਾਂ, ਪਿਸ਼ਾਚਾਂ, ਗਿਦੜਾਂ, ਗਿਰਝਾਂ ਅਤੇ ਜੋਗਣਾਂ ਨੇ ਰਜ ਕੇ ਲਹੂ ਪੀਤਾ ਹੈ ॥੧੩੮੩॥

ਦੋਹਰਾ ॥

ਦੋਹਰਾ:

ਖੜਗ ਸਿੰਘ ਕਰਿ ਖੜਗ ਲੈ ਰੁਦ੍ਰ ਰਸਹਿ ਅਨੁਰਾਗ ॥

ਖੜਗ ਸਿੰਘ ਹੱਥ ਵਿਚ ਖੜਗ ਲੈ ਕੇ ਅਤੇ ਰੌਦਰ ਰਸ ਵਿਚ ਮੋਹ ਪਾ ਕੇ

ਯੌ ਡੋਲਤ ਰਨਿ ਨਿਡਰ ਹੁਇ ਮਾਨੋ ਖੇਲਤ ਫਾਗੁ ॥੧੩੮੪॥

ਰਣਭੂਮੀ ਵਿਚ ਇਸ ਤਰ੍ਹਾਂ ਨਿਡਰ ਹੋਇਆ ਘੁੰਮਦਾ ਹੈ ਮਾਨੋ ਹੋਲੀ ਖੇਡ ਰਿਹਾ ਹੋਵੇ ॥੧੩੮੪॥

ਸਵੈਯਾ ॥

ਸਵੈਯਾ:

ਬਾਨ ਚਲੇ ਤੇਈ ਕੁੰਕਮ ਮਾਨਹੁ ਮੂਠ ਗੁਲਾਲ ਕੀ ਸਾਗ ਪ੍ਰਹਾਰੀ ॥

(ਜੋ) ਬਾਣ ਚਲਦੇ ਹਨ, ਉਨ੍ਹਾਂ ਨੂੰ ਕੇਸਰ (ਦੇ ਛੱਟੇ) ਸਮਝੋ, (ਅਤੇ ਜੋ) ਬਰਛੇ ਮਾਰੇ ਜਾ ਰਹੇ ਹਨ, ਉਨ੍ਹਾਂ ਨੂੰ ਗੁਲਾਲ ਦੀ ਮੁਠ (ਸੁਟੀ ਜਾ ਰਹੀ ਸੋਚੋ)।

ਢਾਲ ਮਨੋ ਡਫ ਮਾਲ ਬਨੀ ਹਥ ਨਾਲ ਬੰਦੂਕ ਛੁਟੇ ਪਿਚਕਾਰੀ ॥

ਢਾਲਾਂ ਮਾਨੋ ਡਫਾਂ ਦੀ ਮਾਲਾ ਬਣੀਆਂ ਹੋਈਆਂ ਹੋਣ (ਅਤੇ ਜੋ) ਹੱਥਾਂ ਨਾਲ ਬੰਦੂਕਾਂ ਚਲ ਰਹੀਆਂ ਹਨ, (ਉਨ੍ਹਾਂ ਨੂੰ) ਪਿਚਕਾਰੀਆਂ ਸਮਝੋ।

ਸ੍ਰਉਨ ਭਰੇ ਪਟ ਬੀਰਨ ਕੇ ਉਪਮਾ ਜਨੁ ਘੋਰ ਕੈ ਕੇਸਰ ਡਾਰੀ ॥

(ਜੋ) ਯੋਧਿਆਂ ਦੇ ਲਹੂ ਭਿਜੇ ਕਪੜੇ ਹਨ (ਉਨ੍ਹਾਂ ਦੀ) ਉਪਮਾ (ਇਹ ਸਮਝੋ) ਮਾਨੋ ਕੇਸਰ ਘੋਲ ਕੇ ਪਾਇਆ ਗਿਆ ਹੋਵੇ।

ਖੇਲਤ ਫਾਗੁ ਕਿ ਬੀਰ ਲਰੈ ਨਵਲਾਸੀ ਲੀਏ ਕਰਵਾਰ ਕਟਾਰੀ ॥੧੩੮੫॥

ਸੂਰਵੀਰ ਹੋਲੀ ਖੇਡ ਰਹੇ ਹਨ ਅਤੇ ਤਲਵਾਰਾਂ ਤੇ ਕਟਾਰਾਂ (ਉਨ੍ਹਾਂ ਦੇ ਹੱਥਾਂ ਵਿਚ) ਫੁਲਝੜੀਆਂ ਵਾਂਗ ਸ਼ੋਭਾ ਪਾ ਰਹੀਆਂ ਹਨ ॥੧੩੮੫॥

ਦੋਹਰਾ ॥

ਦੋਹਰਾ:

ਖੜਗ ਸਿੰਘ ਅਤਿ ਲਰਤ ਹੈ ਰਸ ਰੁਦ੍ਰਹਿ ਅਨੁਰਾਗਿ ॥

ਖੜਗ ਸਿੰਘ ਰੁਦਰ ਰਸ ਦਾ ਅਨੁਰਾਗੀ ਹੋ ਕੇ ਬਹੁਤ ਅਧਿਕ ਲੜ ਰਿਹਾ ਹੈ

ਰਨ ਚੰਚਲਤਾ ਬਹੁ ਕਰਤ ਜਨ ਨਟੂਆ ਬਡਭਾਗਿ ॥੧੩੮੬॥

ਅਤੇ ਰਣ-ਭੂਮੀ ਵਿਚ ਬਹੁਤ ਫੁਰਤੀ ਵਿਖਾ ਰਿਹਾ ਹੈ ਮਾਨੋ ਕੋਈ ਵਡਭਾਗੀ ਨਟ ਹੋਵੇ ॥੧੩੮੬॥

ਸਵੈਯਾ ॥

ਸਵੈਯਾ:

ਸਾਰਥੀ ਆਪਨੇ ਸੋ ਕਹਿ ਕੈ ਸੁ ਧਵਾਇ ਤਹੀ ਰਥ ਜੁਧੁ ਮਚਾਵੈ ॥

ਉਹ ਆਪਣੇ ਸਾਰਥੀ ਨੂੰ ਕਹਿ ਕੇ ਅਤੇ ਰਥ ਨੂੰ ਭਜਵਾ ਕੇ ਉਥੇ ਜਾ ਕੇ ਯੁੱਧ ਮਚਾਉਂਦਾ ਹੈ (ਜਿਥੇ ਮਾਨੋ ਨਾਚ ਗਾਣੇ ਦਾ ਅਖਾੜਾ ਬਣਿਆ ਹੋਇਆ ਹੋਵੇ)।

ਸਸਤ੍ਰ ਪ੍ਰਹਾਰਤ ਸੂਰਨ ਪੈ ਕਰਿ ਹਾਥਨ ਕੋ ਅਰਥਾਵ ਦਿਖਾਵੈ ॥

(ਉਹ) ਸੂਰਮਿਆਂ ਉਪਰ ਸ਼ਸਤ੍ਰਾਂ ਦਾ ਪ੍ਰਹਾਰ ਕਰਦਾ ਹੈ (ਮਾਨੋ) ਹੱਥਾਂ ਨਾਲ ਅਰਥ ਪੂਰਨ ਸੰਕੇਤ ਕਰ ਰਿਹਾ ਹੋਵੇ।

ਦੁੰਦਭਿ ਢੋਲ ਮ੍ਰਿਦੰਗ ਬਜੈ ਕਰਵਾਰ ਕਟਾਰਨ ਤਾਲ ਬਜਾਵੈ ॥

(ਯੁੱਧ ਵਿਚ) ਧੌਂਸੇ ਅਤੇ ਢੋਲ (ਮਾਨੋ) ਮ੍ਰਿਦੰਗ ਵਜ ਰਹੇ ਹੋਣ ਅਤੇ ਤਲਵਾਰਾਂ ਤੇ ਕਟਾਰਾਂ (ਦਾ ਵਜਣਾ ਮਾਨੋ) ਤਾਲ ਦਿੱਤਾ ਜਾ ਰਿਹਾ ਹੋਵੇ।

ਮਾਰ ਹੀ ਮਾਰ ਉਚਾਰ ਕਰੈ ਮੁਖਿ ਯੌ ਕਰਿ ਨ੍ਰਿਤ ਅਉ ਗਾਨ ਸੁਨਾਵੈ ॥੧੩੮੭॥

(ਜੋ ਸੂਰਮਿਆਂ ਦੇ) ਮੂੰਹ ਤੋਂ 'ਮਾਰੋ' 'ਮਾਰੋ' ਉਚਾਰਿਆ ਜਾ ਰਿਹਾ ਹੈ, (ਉਹ ਮਾਨੋ) ਨਾਚ ਕਰਦਾ ਹੋਇਆ ਗਾਣਾ ਸੁਣਾ ਰਿਹਾ ਹੋਵੇ ॥੧੩੮੭॥

ਮਾਰ ਹੀ ਮਾਰ ਅਲਾਪ ਉਚਾਰਤ ਦੁੰਦਭਿ ਢੋਲ ਮ੍ਰਿਦੰਗ ਅਪਾਰਾ ॥

(ਸੂਰਮਿਆਂ ਵਲੋਂ) 'ਮਾਰੋ' 'ਮਾਰੋ' ਦਾ ਜੋ ਉੱਚਾਰਨ ਹੋ (ਰਿਹਾ ਹੈ ਇਹੀ ਮਾਨੋ ਰਾਗ ਦਾ) ਅਲਾਪ ਹੋ ਰਿਹਾ ਹੋਵੇ।

ਸਤ੍ਰਨ ਕੇ ਸਿਰ ਅਤ੍ਰ ਤਰਾਕ ਲਗੈ ਤਿਹਿ ਤਾਲਨ ਕੋ ਠਨਕਾਰਾ ॥

ਧੌਂਸੇ ਅਤੇ ਨਗਾਰੇ ਮਾਨੋ ਅਪਾਰ ਮ੍ਰਿਦੰਗ ਵਜ ਰਹੇ ਹੋਣ। ਵੈਰੀਆਂ ਦੇ ਸਿਰ ਵਿਚ (ਜੋ) ਤੜਾਕ ਕਰ ਕੇ ਤੀਰ ਵਜਦੇ ਹਨ (ਉਹ ਮਾਨੋ) ਕੈਂਸੀਆਂ ਦੀ ਠਨਕਾਰ ਹੋ ਰਹੀ ਹੋਵੇ।

ਜੂਝਿ ਗਿਰੇ ਧਰਿ ਰੀਝ ਕੈ ਦੇਤ ਹੈ ਪ੍ਰਾਨਨ ਦਾਨ ਬਡੇ ਰਿਝਿਵਾਰਾ ॥

(ਜੋ ਯੁੱਧ-ਭੂਮੀ ਵਿਚ) ਜੂਝ ਕੇ ਡਿਗਦੇ ਹਨ (ਉਹ ਮਾਨੋ) ਰੀਝ ਕੇ ਪ੍ਰਾਣਾਂ ਦਾ ਦਾਨ ਦੇ ਚੁਕੇ ਹੋਣ।

ਨਿਰਤ ਕਰੈ ਨਟ ਕੋਪ ਲਰੈ ਭਟ ਜੁਧ ਕੀ ਠਉਰ ਕਿ ਨ੍ਰਿਤ ਅਖਾਰਾ ॥੧੩੮੮॥

ਨਟ ਨਾਚ ਕਰ ਰਹੇ ਹਨ ਜਾਂ ਯੋਧੇ ਕ੍ਰੋਧ ਕਰ ਕੇ ਯੁੱਧ ਕਰ ਰਹੇ ਹਨ, (ਪਤਾ ਨਹੀਂ ਇਹ) ਯੁੱਧ-ਭੂਮੀ ਹੈ ਜਾਂ ਨਾਚ ਦਾ ਅਖਾੜਾ ॥੧੩੮੮॥

ਰਨ ਭੂਮਿ ਭਈ ਰੰਗ ਭੂਮਿ ਮਨੋ ਧੁਨਿ ਦੁੰਦਭਿ ਬਾਜੇ ਮ੍ਰਿਦੰਗ ਹੀਯੋ ॥

(ਇਹ) ਰਣ-ਭੂਮੀ ਮਾਨੋ ਰੰਗ-ਭੂਮੀ ਬਣੀ ਹੋਈ ਹੋਵੇ। ਧੌਂਸਿਆਂ ਦੀ ਧੁਨ ਮਾਨੋ ਮ੍ਰਿਦੰਗਾਂ ਦੀ ਧੁਨ ਹੋਵੇ।

ਸਿਰ ਸਤ੍ਰਨ ਕੇ ਪਰ ਅਤ੍ਰ ਲਗੈ ਤਤਕਾਰ ਤਰਾਕਨਿ ਤਾਲ ਲੀਯੋ ॥

ਵੈਰੀਆਂ ਦੇ ਸਿਰ ਉਤੇ ਵਜਦੇ ਤੀਰਾਂ ਦੀ ਤਤਕਾਰ (ਮਾਨੋ) ਕੈਂਸੀਆਂ ਦੀ ਠਨਕਾਰ ਹੋਵੇ।

ਅਸਿ ਲਾਗਤ ਝੂਮਿ ਗਿਰੈ ਮਰਿ ਕੈ ਭਟ ਪ੍ਰਾਨਨ ਮਾਨਹੁ ਦਾਨ ਕੀਯੋ ॥

ਤਲਵਾਰ ਦੇ ਲਗਣ ਨਾਲ ਸੂਰਮੇ ਘੁੰਮੇਰੀ ਖਾ ਕੇ ਡਿਗਦੇ ਹਨ, ਮਾਨੋ ਪ੍ਰਾਣਾਂ ਦਾ ਦਾਨ ਦੇ ਦਿੱਤਾ ਹੋਵੇ।

ਬਰ ਨ੍ਰਿਤ ਕਰੈ ਕਿ ਲਰੈ ਨਟ ਜ੍ਯੋਂ ਨ੍ਰਿਪ ਮਾਰ ਹੀ ਮਾਰ ਸੁ ਰਾਗ ਕੀਯੋ ॥੧੩੮੯॥

(ਇਹ) ਸ੍ਰੇਸ਼ਠ ਨਟ ਨਾਚ ਕਰ ਰਹੇ ਹਨ ਜਾਂ ਸੂਰਮੇ ਲੜਦੇ ਹਨ। ਰਾਜਿਆਂ ਦੁਆਰਾ ਮਾਰੋ-ਮਾਰੋ ਉਚਾਰਨਾ (ਮਾਨੋ) ਰਾਗ ਦਾ ਅਲਾਪ ਹੋਵੇ ॥੧੩੮੯॥

ਦੋਹਰਾ ॥

ਦੋਹਰਾ:

ਇਤੋ ਜੁਧ ਹਰਿ ਹੇਰਿ ਕੈ ਸਬਹਨਿ ਕਹਿਯੋ ਸੁਨਾਇ ॥

ਇਸ ਤਰ੍ਹਾਂ ਦਾ ਯੁੱਧ ਵੇਖ ਕੇ ਸ੍ਰੀ ਕ੍ਰਿਸ਼ਨ ਨੇ ਸਾਰਿਆਂ ਨੂੰ ਸੁਣਾ ਕੇ ਕਿਹਾ

ਕੋ ਭਟ ਲਾਇਕ ਸੈਨ ਮੈ ਲਰੈ ਜੁ ਯਾ ਸੰਗਿ ਜਾਇ ॥੧੩੯੦॥

ਕਿ (ਸਾਡੀ) ਸੈਨਾ ਵਿਚ ਕਿਹੜਾ ਸੂਰਮਾ (ਇਸ) ਯੋਗ ਹੈ ਜੋ ਇਸ ਨਾਲ ਜਾ ਕੇ ਯੁੱਧ ਕਰੇ ॥੧੩੯੦॥

ਚੌਪਈ ॥

ਚੌਪਈ:

ਘਨ ਸਿੰਘ ਘਾਤ ਸਿੰਘ ਦੋਊ ਜੋਧੇ ॥

ਘਨ ਸਿੰਘ ਅਤੇ ਘਾਤ ਸਿੰਘ ਦੋਵੇਂ ਯੋਧੇ (ਅਜਿਹੇ) ਹਨ

ਜਾਤ ਨ ਕਿਸੀ ਸੁਭਟ ਤੇ ਸੋਧੇ ॥

(ਜੋ) ਕਿਸੇ ਸੂਰਵੀਰ ਪਾਸੋਂ ਸੋਧੇ ਨਹੀਂ ਜਾ ਸਕਦੇ।

ਘਨਸੁਰ ਸਿੰਘ ਘਮੰਡ ਸਿੰਘ ਧਾਏ ॥

(ਫਿਰ) ਘਨਸੁਰ ਸਿੰਘ ਅਤੇ ਘਮੰਡ ਸਿੰਘ ਧਾ ਕੇ ਆਏ ਹਨ,

ਮਾਨਹੁ ਚਾਰੋ ਕਾਲ ਪਠਾਏ ॥੧੩੯੧॥

ਮਾਨੋ ਚੌਹਾਂ ਨੂੰ ਕਾਲ ਨੇ ਭੇਜਿਆ ਹੋਵੇ ॥੧੩੯੧॥

ਤਬ ਤਿਹ ਤਕਿ ਚਹੂੰਅਨ ਸਰ ਮਾਰੇ ॥

ਤਦ ਉਸ (ਖੜਗ ਸਿੰਘ) ਨੇ ਤਕ ਕੇ ਚੌਹਾਂ ਦੇ (ਸਿਰ ਵਿਚ) ਤੀਰ ਮਾਰੇ ਹਨ

ਚਾਰੋ ਪ੍ਰਾਨ ਬਿਨਾ ਕਰਿ ਡਾਰੇ ॥

ਅਤੇ ਚੌਹਾਂ ਨੂੰ ਪ੍ਰਾਣਾਂ ਤੋਂ ਬਿਨਾ ਕਰ ਦਿੱਤਾ ਹੈ।

ਸ੍ਯੰਦਨ ਅਸ੍ਵ ਸੂਤ ਸਬ ਘਾਏ ॥

(ਉਨ੍ਹਾਂ) ਸਾਰਿਆਂ ਦੇ ਰਥ, ਰਥਵਾਨ ਅਤੇ ਘੋੜੇ ਵੀ ਮਾਰ ਦਿੱਤੇ ਹਨ।