ਕਈ ਸੂਰਮੇ ਪ੍ਰਾਣਾਂ ਤੋਂ ਬਿਨਾ ਪਏ ਹਨ, ਮਾਨੋ ਸ਼ਰਾਬ ਪੀ ਕੇ ਮਸਤੀ ਦੀ ਅਵਸਥਾ ਵਿਚ ਸੁੱਤੇ ਪਏ ਹੋਣ ॥੧੮੫੮॥
ਜਿਹੜੇ ਯਾਦਵ ਕ੍ਰੋਧ ਨਾਲ ਭਰੇ ਹੋਏ ਹਨ, (ਉਹ) ਸ਼ਸਤ੍ਰ ਧਾਰਨ ਕਰ ਕੇ ਜਰਾਸੰਧ ਉਤੇ ਧਾਵਾ ਬੋਲਦੇ ਹਨ।
ਹੋਰ ਜਿਤਨੇ ਬਲਵਾਨ ਸਰਦਾਰ ਹਨ, ਤਲਵਾਰਾਂ ਪਕੜ ਕੇ ਲਲਕਾਰੇ ਮਾਰਦੇ ਹਨ।
ਰਾਜਾ ਹੱਥ ਵਿਚ ਧਨੁਸ਼ ਬਾਣ ਲੈ ਕੇ ਅਤੇ ਅਭਿਮਾਨ ਨਾਲ ਭਰ ਕੇ ਵੈਰੀ ਵਲ ਚਲਾ ਦਿੰਦਾ ਹੈ।
ਇਕੋ ਹੀ ਬਾਣ ਨਾਲ (ਕਈਆਂ ਨੂੰ) ਸਿਰਾਂ ਤੋਂ ਬਿਨਾ ਕਰ ਦਿੱਤਾ ਹੈ ਅਤੇ ਨਾਥ (ਸਰਦਾਰੀਆਂ ਵਾਲੇ) ਅਨਾਥ ਹੋ ਗਏ ਹਨ ॥੧੮੫੯॥
ਇਕਨਾਂ ਦੀਆਂ ਭੁਜਾਵਾਂ ਕਟ ਸੁਟੀਆਂ ਹਨ ਅਤੇ ਇਕਨਾਂ ਦੇ ਸਿਰ ਵੱਢ ਕੇ ਸੁਟ ਦਿੱਤੇ ਹਨ।
ਕਈਆਂ ਯਾਦਵਾਂ ਨੂੰ ਰਥਾਂ ਤੋਂ ਬਿਨਾ ਕਰ ਦਿੱਤਾ ਹੈ ਅਤੇ ਫਿਰ ਸ੍ਰੀ ਕ੍ਰਿਸ਼ਨ ਨੂੰ ਤੀਰ ਮਾਰੇ ਹਨ।
ਹੋਰ ਬਹੁਤ ਸਾਰੇ ਵੱਡੇ ਵੱਡੇ ਹਾਥੀ ਮਾਰ ਦਿੱਤੇ ਹਨ ਅਤੇ ਬਹੁਤ ਸਾਰੇ ਸੁੰਦਰ ਸੱਜੇ ਹੋਏ ਘੋੜਿਆਂ ਨੂੰ ਮਾਰ ਕੇ ਧਰਤੀ ਉਤੇ ਡਿਗਾ ਦਿੱਤਾ ਹੈ।
ਜੋਗਣਾਂ, ਭੂਤ, ਪਿਸ਼ਾਚ ਅਤੇ ਗਿਦੜ ਲਹੂ ਦੇ ਸਾਗਰ ਵਿਚ ਨ੍ਹਾਤੇ ਹਨ ॥੧੮੬੦॥
ਸ੍ਰੀ ਕ੍ਰਿਸ਼ਨ ਦੇ ਯੋਧਿਆਂ ਨੂੰ ਮਾਰ ਕੇ, ਰਾਜਾ ਬਹੁਤ ਕ੍ਰੋਧਵਾਨ ਹੋ ਗਿਆ ਹੈ।
(ਉਸ ਨੇ) ਯੁੱਧ ਵਿਚ (ਆਪਣਾ) ਮਨ ਅਰਪਿਤ ਕਰ ਦਿੱਤਾ ਹੈ ਅਤੇ ਸ਼ਰੀਰ ਦੀ ਸਾਰੀ ਸੁੱਧ ਬੁੱਧ ਭੁਲਾ ਦਿੱਤੀ ਹੈ।
ਸ੍ਰੀ ਕ੍ਰਿਸ਼ਨ ਦੀ ਸਾਰੀ ਦੀ ਸਾਰੀ ('ਐਨ') ਸੈਨਾ ਪ੍ਰਾਣਾਂ ਤੋਂ ਬਿਨਾ ਧਰਤੀ ਉਤੇ ਵਿੱਛੀ ਪਈ ਹੈ।
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਰਾਜੇ ਨੇ ਸਾਰਿਆਂ ਸੂਰਮਿਆਂ ਤੋਂ ਸਿਰਾਂ ਦੇ ਰੂਪ ਵਿਚ ਕਰ ਵਸੂਲ ਕੀਤਾ ਹੋਵੇ ॥੧੮੬੧॥
(ਇਥੇ ਇਕ ਰੂਪਕ ਰਾਹੀਂ ਕਵੀ ਨੇ ਦਸਿਆ ਹੈ ਕਿ ਰਾਜੇ ਨੇ) ਜਿਨ੍ਹਾਂ ਨੂੰ ਸੱਚਾ ਮੰਨਿਆ ਹੈ, (ਉਨ੍ਹਾਂ ਨੂੰ) ਛਡ ਦਿੱਤਾ ਹੈ ਅਤੇ (ਜਿਨ੍ਹਾਂ ਨੂੰ ਝੂਠਾ ਸਮਝਿਆ ਹੈ ਉਨ੍ਹਾਂ ਨੂੰ) ਮਾਰ ਦਿੱਤਾ ਹੈ (ਕਿਉਂਕਿ ਉਸ ਦੇ) ਮਨ ਨੂੰ ਝੂਠ ਚੰਗਾ ਨਹੀਂ ਲਗਦਾ।
ਜਿਹੜੇ ਸੂਰਮੇ ਘਾਇਲ ਹੋ ਕੇ ਧਰਤੀ ਉਤੇ ਪਏ ਹਨ, ਮਾਨੋ (ਉਨ੍ਹਾਂ ਨੇ) ਕੁਝ ਦੋਸ਼ ਕੀਤਾ ਹੋਵੇਗਾ (ਇਸ ਲਈ) ਦੰਡ ਦਿੱਤਾ ਗਿਆ ਹੈ।
ਇਕ ਹੱਥਾਂ ਪੈਰਾਂ ਤੋਂ ਵਢੇ ਹੋਏ ਹਨ, ਜਿਨ੍ਹਾਂ ਨੇ ਜਿਹੋ ਜਿਹਾ ਕੀਤਾ ਹੈ ਉਹੋ ਜਿਹਾ ਫਲ ਪਾਇਆ ਹੈ।
ਰਾਜੇ (ਜਰਾਸੰਧ) ਨੇ ਰਥ ਦੇ ਰਾਜ ਸਿੰਘਾਸਨ ਉਤੇ ਬੈਠ ਕੇ ਸੂਰਮਿਆਂ ਦਾ ਨਿਆਂ ਚੁਕਾਇਆ ਹੈ ॥੧੮੬੨॥
ਜਦ ਰਾਜੇ ਨੇ ਇਸ ਤਰ੍ਹਾਂ ਦਾ ਯੁੱਧ ਕੀਤਾ, ਤਦ ਸ੍ਰੀ ਕ੍ਰਿਸ਼ਨ ਕ੍ਰੋਧ ਨਾਲ ਭਰ ਗਏ।
(ਉਨ੍ਹਾਂ ਨੇ) ਰਾਜੇ ਦੇ ਸਾਹਮਣੇ ਜਾ ਕੇ ਰਣ ਮੰਡਿਆ ਅਤੇ ਚਿਤ ਵਿਚ ਰਤਾ ਜਿੰਨਾ ਵੀ ਡਰ ਨਾ ਮੰਨਿਆ।
ਸ੍ਰੀ ਕ੍ਰਿਸ਼ਨ ਨੇ ਇਕ ਬਾਣ ਮਾਰਿਆ (ਜੋ) ਰਾਜੇ ਦੀ ਛਾਤੀ ਵਿਚ ਲਗ ਕੇ ਧਰਤੀ ਉਤੇ ਡਿਗ ਪਿਆ।
ਬਾਣ ਨੇ (ਰਾਜੇ ਨੂੰ ਲਗ ਕੇ ਉਸ ਦੀ) ਚਰਬੀ ਨੂੰ ਇਸ ਤਰ੍ਹਾਂ ਚਖਿਆ ਮਾਨੋਂ ਸੱਪ ਨੇ ਦੁੱਧ ਪੀਤਾ ਹੋਵੇ ॥੧੮੬੩॥
(ਆਪਣੀ) ਛਾਤੀ ਉਤੇ ਸ੍ਰੀ ਕ੍ਰਿਸ਼ਨ ਦਾ ਬਾਣ ਸਹਿ ਕੇ ਰਾਜੇ ਨੇ ਕ੍ਰਿਸ਼ਨ ਨੂੰ ਇਕ ਤੀਰ ਮਾਰਿਆ।
ਇਕ ਤੀਰ (ਕ੍ਰਿਸ਼ਨ ਦੇ) ਰਥਵਾਨ ਨੂੰ ਮਾਰਿਆ, (ਜਿਸ ਦੇ) ਲਗਦਿਆਂ ਰਥਵਾਨ ਨੇ ਬਹੁਤ ਦੁਖ ਪਾਇਆ।
(ਉਹ) ਬੇਸੁਧ ਹੋ ਕੇ ਡਿਗਣ ਵਾਲਾ ਹੀ ਸੀ (ਕਿਉਂਕਿ) ਉਸ ਪਾਸੋਂ ਰਥ ਉਤੇ ਬੈਠੇ ਰਹਿਣਾ ਔਖਾ ਹੋ ਗਿਆ ਸੀ।