ਮੈਂ ਗ਼ਲਤੀ ਕੀਤੀ ਹੈ, ਮੈਨੂੰ ਬਖ਼ਸ਼ ਦੇ।
ਹੇ ਪ੍ਰਾਣ-ਪਿਆਰੀ! ਮੈਂ ਤੇਰਾ ਗ਼ੁਲਾਮ ਹਾਂ ॥੩੯॥
(ਔਰਤ ਰਾਜੇ ਦੇ ਇਸ਼ਾਰੇ ਨੂੰ ਸਮਝ ਕੇ) ਕਹਿਣ ਲਗੀ ਕਿ ਜੇ ਅਜਿਹੇ ਪੰਜ ਸੌ ਰਾਜੇ ਵੀ ਮਾਰ ਦਿਆਂ,
ਤਾਂ ਵੀ ਮੇਰਾ ਕਾਜ਼ੀ ਜ਼ਿੰਦਾ ਨਹੀਂ ਹੋ ਸਕਦਾ ॥੪੦॥
ਉਹ (ਕਾਜ਼ੀ) ਤਾਂ ਮਰ ਹੀ ਗਿਆ, ਇਸ ਨੂੰ ਕਿਸ ਲਈ ਮਾਰਾਂ।
ਇਸ ਦੇ ਖ਼ੂਨ ਦਾ ਭਾਰ ਮੈਂ ਆਪਣੇ ਸਿਰ ਉਤੇ ਕਿਉਂ ਲਵਾਂ ॥੪੧॥
ਚੰਗਾ ਤਾਂ ਇਹ ਹੈ ਕਿ ਇਸ ਨੂੰ ਖ਼ਲਾਸ ਕਰ ਦਿਆਂ
ਅਤੇ ਆਪ ਰੱਬ ਦੇ ਪਵਿਤ੍ਰ ਘਰ ਕਾਬੇ ਵਲ ਚਲੀ ਜਾਵਾਂ ॥੪੨॥
(ਉਸ ਔਰਤ ਨੇ) ਇਹ ਗੱਲ ਕਹਿ ਕੇ ਰਾਜੇ ਨੂੰ ਮੁਕਤ ਕਰ ਦਿੱਤਾ
ਅਤੇ ਆਪਣੇ ਘਰ ਆ ਕੇ ਉਸ ਨੇ ਖ਼ਾਸ ਖ਼ਾਸ ਸਾਮਾਨ ਇਕੱਠਾ ਕਰ ਲਿਆ ॥੪੩॥
ਉਸ ਨੇ ਸਾਮਾਨ ਬੰਨ੍ਹ ਲਿਆ ਅਤੇ ਚਲਣ ਦੀ ਤਿਆਰੀ ਕਰ ਲਈ।
(ਕਹਿਣ ਲਗੀ) ਰੱਬ ਮੇਰੀ ਕਾਮਨਾ ਪੂਰੀ ਕਰੇ ॥੪੪॥
ਖੇਦ ਹੈ ਕਿ ਮੈਂ ਆਪਣੇ ਭਾਈਚਾਰੇ ਤੋਂ ਵਿਛੜ ਰਹੀ ਹਾਂ।
ਜੇ ਜੀਉਂਦੀ ਰਹੀ, ਤਾਂ ਫਿਰ ਪਰਤ ਆਵਾਂਗੀ ॥੪੫॥
ਗਹਿਣੇ, ਨਕਦ ਧਨ ਅਤੇ ਹੋਰ ਸਾਰੀਆਂ ਜਿਨਸਾਂ ਬੰਨ੍ਹ ਲਈਆਂ
ਅਤੇ ਰੱਬ ਦੇ ਘਰ ਕਾਬੇ ਵਲ ਤੁਰ ਪਈ ॥੪੬॥
ਜਦ ਉਹ ਦੋ ਤਿੰਨ ਮੰਜ਼ਲਾਂ (ਪੜਾਓ) ਬਾਹਰ ਆ ਗਈ,
ਤਾਂ ਉਸ ਨੂੰ ਯਾਰ ਦੇ ਘਰ ਦੀ ਯਾਦ ਆਈ ॥੪੭॥
ਉਹ ਅੱਧੀ ਰਾਤ ਨੂੰ ਉਸ ਦੇ ਘਰ ਵਲ ਪਰਤ ਆਈ
ਅਤੇ ਬਹੁਤ ਸਾਰੀਆਂ ਮਹਿੰਗੀਆਂ ਨਿਆਮਤਾਂ ਅਤੇ ਵੱਡੀਆਂ ਦੌਲਤਾ ਨਾਲ ਲੈ ਆਈ ॥੪੮॥
ਦੁਨੀਆ ਦੇ ਲੋਕਾਂ ਨੂੰ ਕੀ ਪਤਾ ਕਿ ਉਹ ਕਿਥੇ ਗਈ ਹੈ।
ਉਹ ਕੀ ਜਾਣਦੇ ਹਨ ਕਿ ਉਸ ਦੇ ਸਿਰ ਉਤੇ ਕੀ ਬੀਤ ਰਹੀ ਹੈ ॥੪੯॥
ਹੇ ਸਾਕੀ! ਮੈਨੂੰ ਹਰੇ ਰੰਗ (ਦੀ ਸ਼ਰਾਬ) ਦਾ ਪਿਆਲਾ ਦੇ
ਜੋ ਮੈਨੂੰ ਆਤਮਿਕ ਖ਼ੁਰਾਕ ਲਈ ਚਾਹੀਦਾ ਹੈ ॥੫੦॥
ਇਹ ਪਿਆਲਾ ਮੈਨੂੰ ਬਖ਼ਸ਼ ਕਿ ਮੈਂ ਚੰਗਾ ਸੋਚ ਸਕਾਂ
ਅਤੇ ਮੇਰਾ ਮਨ ਦੀਵੇ ਵਾਂਗ ਪ੍ਰਕਾਸ਼ਿਤ ਕੀਤਾ ਜਾ ਸਕੇ ॥੫੧॥੫॥
ਖ਼ੁਦਾ ਬਖ਼ਸ਼ਣ ਵਾਲਾ ਹੈ, ਦਿਲ (ਦੀਆਂ ਗੁੰਝਲਾਂ) ਨੂੰ ਖੋਲ੍ਹਣ ਵਾਲਾ ਹੈ।
ਰਜ਼ਾ (ਖ਼ੁਸ਼ੀਆਂ) ਬਖ਼ਸ਼ਣ ਵਾਲਾ, ਰੋਜ਼ੀ ਦੇਣ ਵਾਲਾ ਅਤੇ ਪਥ-ਪ੍ਰਦਰਸ਼ਨ ਕਰਨ ਵਾਲਾ ਹੈ ॥੧॥
ਉਸ ਪਾਸ ਨਾ ਫ਼ੌਜ ਹੈ, ਨਾ ਗ਼ਲੀਚੇ ਹਨ, ਨਾ ਪਦਾਰਥ ਹਨ ਅਤੇ ਨਾ ਹੀ ਨੌਕਰ।
ਉਹ ਪਰਮਾਤਮਾ ਬਖ਼ਸ਼ਣ ਵਾਲਾ ਅਤੇ (ਸਾਰੇ) ਸੰਸਾਰ ਵਿਚ ਪ੍ਰਗਟ ਹੈ ॥੨॥
ਅਸੀਂ ਇਕ ਵਜ਼ੀਰ ਦੀ ਪੁੱਤਰੀ ਦੀ ਕਹਾਣੀ ਸੁਣੀ ਹੈ
ਜੋ ਬਹੁਤ ਹੁਸੀਨ ਅਤੇ ਅਕਲਮੰਦ ਸੀ ॥੩॥
ਉਸ ਦਾ ਬਾਦਸ਼ਾਹ 'ਕੇਸਰ' ਸੀ। ਉਸ ਦੇ ਸਿਰ ਉਤੇ ਰੂਮੀ ਟੋਪ ਸੀ,
ਉਹ ਤੇਜ ਵਜੋਂ ਸੂਰਜ ਵਰਗਾ ਸੀ ਅਤੇ ਪ੍ਰਕਾਸ਼ ਵਿਚ ਚੰਦ੍ਰਮਾ ਦੇ ਸਮਾਨ ਸੀ ॥੪॥
ਇਕ ਦਿਨ ਚਾਨਣਾ ਹੋਣ ਤੇ (ਉਹ) ਸ਼ਿਕਾਰ ਲਈ ਨਿਕਲ ਪਿਆ।
ਉਸ ਨਾਲ ਬਹੁਤ ਸਾਰੇ ਚਿਤਰੇ, ਬਾਜ਼ ਅਤੇ ਬਹਿਰੀ (ਸ਼ਿਕਾਰੀ ਪੰਛੀ) ਸਨ ॥੫॥
ਉਹ ਜੰਗਲ ਵਿਚ ਸ਼ਿਕਾਰ ਖੇਡਣ ਵਾਲੀ ਥਾਂ ਉਤੇ ਆਇਆ।
ਉਸ ਨੇ ਬਹੁਤ ਸਾਰੇ ਬਾਰਾਸਿੰਗੇ, ਹਿਰਨ ਅਤੇ ਸ਼ੇਰ ਮਾਰੇ ॥੬॥
ਇਸੇ ਦੌਰਾਨ ਉਥੇ ਇਕ ਪੱਛਮ ਦਾ ਬਾਦਸ਼ਾਹ ਆ ਗਿਆ। ਉਹ ਬਹੁਤ ਦਲੇਰ ਸੀ,
ਉਸ ਦੀ ਜੋਤਿ ਚੰਦ੍ਰਮਾ ਵਰਗੀ ਸੀ ਅਤੇ ਗਰਜ ਸ਼ੇਰ ਵਰਗੀ ਸੀ ॥੭॥
ਉਹ ਦੋਵੇਂ ਬਾਦਸ਼ਾਹ ਇਕ ਭਿਆਨਕ ਸਥਾਨ ਉਤੇ ਆ ਪਹੁੰਚੇ।
ਨੇਕ ਸਿਤਾਰੇ ਵਾਲੇ ਦੀ ਹੀ ਇਸ ਵੇਲੇ ਤਲਵਾਰ ਯਾਰੀ ਪਾਲਦੀ ਹੈ ॥੮॥
(ਵੇਖੀਏ) ਅਜ ਦਾ ਭਾਗਸ਼ਾਲੀ ਦਿਨ ਕਿਸ ਦੀ ਸਹਾਇਤਾ ਕਰਦਾ ਹੈ
ਅਤੇ ਪਰਮਾਤਮਾ ਕਿਸ ਨੂੰ ਸਫਲਤਾ ਬਖ਼ਸ਼ਦਾ ਹੈ ॥੯॥
ਉਹ ਦੋਵੇਂ ਬਾਦਸ਼ਾਹ ਕ੍ਰਿਆਸ਼ੀਲ ਹੋ ਗਏ
ਜਿਵੇਂ ਦੋ ਸ਼ੇਰ ਇਕ ਹਿਰਨ ਉਤੇ ਟੁਟ ਪੈਂਦੇ ਹਨ ॥੧੦॥
ਕਾਲੇ ਬਦਲਾਂ ਵਾਂਗ ਉਹ ਗਜ ਰਹੇ ਸਨ।