ਚੌਪਈ:
ਰਾਜੇ ਨੇ ਉਸ ਨੂੰ ਧੰਨ ਧੰਨ ਕਿਹਾ
ਅਤੇ ਇਸ ਨੂੰ ਪਤਿਬ੍ਰਤਾ ਪੁੱਤਰੀ ਮੰਨਿਆ।
ਜਿਸ ਨੂੰ ਇਹ ਚਾਹੁੰਦੀ ਹੈ, ਉਹੀ ਇਸ ਨੂੰ ਦੇ ਦਿਓ
ਅਤੇ ਉਸ ਨੂੰ ਰੰਕ ਤੋਂ ਰਾਜਾ ਬਣਾ ਲਵੋ ॥੨੦॥
ਸ੍ਰੇਸ਼ਠ ਰਾਜੇ ਨੇ ਉਸ ਨੂੰ ਬੁਲਾ ਲਿਆ।
ਖ਼ਜ਼ਾਨਾ ਖੋਲ੍ਹ ਕੇ ਬਹੁਤ ਅਧਿਕ ਧਨ ਦਿੱਤਾ।
(ਉਹ) ਰੰਕ ਸੀ, ਰਾਜਾ ਬਣ ਗਿਆ
ਅਤੇ ਰਾਜੇ ਦੀ ਪੁੱਤਰੀ ਲੈ ਗਿਆ ॥੨੧॥
ਅੜਿਲ:
ਛੈਲ ਕੁਅਰ ਨੂੰ ਮਹਾਨ ਰਾਜੇ ਨੇ ਬੁਲਾ ਲਿਆ
ਅਤੇ ਵੇਦ ਰੀਤ ਅਨੁਸਾਰ ਪੁੱਤਰੀ ਦਾ (ਵਿਆਹ ਉਸ ਨਾਲ) ਕਰ ਦਿੱਤਾ।
(ਉਸ) ਛੈਲ ਨੂੰ ਛੈਲਨੀ ਨੇ ਇਸ ਤਰ੍ਹਾਂ ਨਾਲ ਚੰਗੀ ਤਰ੍ਹਾਂ ਛਲ ਲਿਆ।
ਉਸ ਭੇਦ ਨੂੰ ਕਿਸੇ ਮੂਰਖ ਨੇ ਵੀ ਚਿਤ ਵਿਚ ਨਾ ਸਮਝਿਆ ॥੨੨॥
ਦੋਹਰਾ:
ਇਸ ਛਲ ਨਾਲ ਉਸ ਛੈਲਨੀ ਨੇ ਛੈਲ ਨੂੰ ਵਰ ਲਿਆ।
ਸਾਰੇ ਮੂੰਹ ਅੱਡੀ ਰਹਿ ਗਏ, ਕੋਈ ਵੀ ਭੇਦ ਨੂੰ ਨਾ ਪਾ ਸਕਿਆ ॥੨੩॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੨੧੧ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੧੧॥੪੦੫੦॥ ਚਲਦਾ॥
ਦੋਹਰਾ:
ਬੁਖਾਰਾ ਨਗਰ ਵਿਚ ਮੁਚਕੰਦ ਨਾਂ ਦਾ ਇਕ ਰਾਜਾ ਰਹਿੰਦਾ ਸੀ।
ਸ਼ਕਲ ਸੂਰਤ ਵਿਚ (ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਬ੍ਰਹਮਾ ਨੇ ਦੂਜਾ ਚੰਦ੍ਰਮਾ ਘੜਿਆ ਹੋਵੇ ॥੧॥
ਉਸ ਦੀ ਇਸਤਰੀ ਦਾ ਨਾਂ ਹੁਸਨ ਜਹਾਂ ਸੀ, ਜਿਸ ਦਾ ਅਪਾਰ ਰੂਪ ਸੀ।
ਉਸ ਦੀ ਸੁਕੁਮਾਰ ਮਤੀ ਨਾਂ ਦੀ ਸ਼ੁਭ ਕਰਨੀ ਵਾਲੀ ਪੁੱਤਰੀ ਸੀ ॥੨॥
ਉਸ ਤੋਂ ਇਕ ਸ਼ੁਭ ਕਰਨ ਨਾਂ ਦਾ ਸੁਜਾਨ ਪੁੱਤਰ ਵੀ ਸੀ
ਜਿਸ ਨੂੰ ਸਾਰਾ ਸੰਸਾਰ ਸ਼ੂਰਵੀਰ, ਸੁੰਦਰ ਅਤੇ ਰਸਿਕ ਵਜੋਂ ਜਾਣਦਾ ਸੀ ॥੩॥
ਉਹ ਚਾਲ ਢਾਲ ਅਤੇ ਸਿਆਣਪ ਵਿਚ ਸੁੰਦਰ, ਚਤੁਰ ਅਤੇ ਪ੍ਰਬੀਨ ਸੀ।
(ਇੰਜ ਲਗਦਾ ਸੀ) ਮਾਨੋ ਚਿਤ੍ਰ ਦੀ ਪੁਤਲੀ ਘੜ ਕੇ ਬ੍ਰਹਮਾ ਨੇ ਹੋਰ ਕੋਈ ਨਾ ਬਣਾਈ ਹੋਵੇ ॥੪॥
ਚੌਪਈ:
ਦੋਵੇਂ ਭੈਣ ਭਰਾ ਜਵਾਨ ਹੋ ਗਏ।
ਰਾਜਾ ਰਾਜ ਕਰਦਿਆਂ ਕਰਦਿਆਂ ਮਰ ਗਿਆ।
ਹੁਸਨ ਜਹਾਂ ਵਿਧਵਾ ਰਹਿ ਗਈ।
ਪਤੀ ਤੋਂ ਬਿਨਾ (ਉਹ) ਬਹੁਤ ਦੁਖੀ ਹੋਈ ॥੫॥
ਸਾਊਆਂ (ਮੰਤ੍ਰੀਆਂ) ਨੇ ਮਿਲ ਕੇ (ਰਾਣੀ ਨੂੰ) ਇਸ ਤਰ੍ਹਾਂ ਕਿਹਾ,
ਤੁਹਾਡਾ ਜੁਆਨ ਪੁੱਤਰ (ਹੁਣ) ਰਾਜ ਕਰੇਗਾ।
(ਇਸ ਲਈ) ਮਨ ਦਾ ਦੁਖ ਦੂਰ ਕਰ ਦਿਓ
ਅਤੇ ਪੁੱਤਰ ਦੀ ਸੁੰਦਰਤਾ ਨੂੰ ਵੇਖ ਵੇਖ ਕੇ ਜੀਓ ॥੬॥
ਜਦ ਬਹੁਤ ਦਿਨ ਬੀਤ ਗਏ
ਤਾਂ ਉਹ ਸੁਖ ਪੂਰਵਕ ਰਾਜ ਕਰਦੇ ਰਹੇ।
ਸੁੰਦਰ ਪੁੱਤਰ ਨੂੰ ਮਾਤਾ ਨੇ ਵੇਖਿਆ
ਤਾਂ (ਹੌਲੀ ਹੌਲੀ) ਰਾਜੇ ਨੂੰ ਮਨ ਤੋਂ ਭੁਲਾ ਦਿੱਤਾ ॥੭॥
ਦੋਹਰਾ:
ਮਨੁੱਖਾਂ ਦੀਆਂ, ਗੰਧਰਬਾਂ ਦੀਆਂ, ਨਾਗਾਂ ਦੀਆਂ ਇਸਤਰੀਆਂ (ਉਸ ਦੀ) ਸੁੰਦਰਤਾ ਨੂੰ ਆ ਕੇ ਵੇਖਦੀਆਂ।
ਦੇਵਤਿਆਂ, ਦੈਂਤਾਂ ਅਤੇ ਕਿੰਨਰਾਂ ਦੀਆਂ ਇਸਤਰੀਆਂ (ਉਸ ਨੂੰ) ਵੇਖ ਕੇ ਅਟਕ ਜਾਂਦੀਆਂ ॥੮॥
(ਇਹ) ਸਾਰੀਆਂ ਰਾਜ ਕੁਮਾਰ ਦੀ ਸੁੰਦਰਤਾ ਨੂੰ ਵੇਖ ਕੇ ਧੰਨ ਧੰਨ ਕਹਿੰਦੀਆਂ।
ਮਣੀਆਂ, ਮੋਤੀ ਅਤੇ ਸੋਨੇ ਦੇ ਕੁੰਡਲ ਉਸ ਤੋਂ ਵਾਰ ਦਿੰਦੀਆਂ ॥੯॥
ਅੜਿਲ:
(ਆਪਸ ਵਿਚ ਗੱਲਾਂ ਕਰਦੀਆਂ) ਹੇ ਸਖੀ! ਅਜਿਹਾ ਰਾਜ-ਕੁਮਾਰ ਜੇ ਇਕ ਦਿਨ ਪ੍ਰਾਪਤ ਕਰ ਲਈਏ
ਤਾਂ ਇਸ ਉਪਰੋਂ ਜਨਮ ਜਨਮਾਂਤਰਾਂ ਤਕ ਕੁਰਬਾਨ ਹੁੰਦੇ ਰਹੀਏ।