ਸ਼੍ਰੀ ਦਸਮ ਗ੍ਰੰਥ

ਅੰਗ - 1160


ਸਾਹੁ ਸੁਤਾ ਸਭ ਹੀ ਸੋ ਲੀਨੀ ॥

ਸ਼ਾਹ ਦੀ ਪੁੱਤਰੀ ਨੇ ਸਾਰੇ ਲੈ ਲਏ।

ਨ੍ਰਿਪ ਕੇ ਚਾਰੌ ਪੂਤ ਡੁਬਾਈ ॥

ਰਾਜੇ ਦੇ ਚੌਹਾਂ ਪੁੱਤਰਾਂ ਨੂੰ ਡੁਬਾ ਕੇ

ਲੈ ਧਨੁ ਅਮਿਤ ਬਹੁਰਿ ਘਰ ਆਈ ॥੧੯॥

ਅਤੇ ਅਮਿਤ ਧਨ ਲੈ ਕੇ ਫਿਰ ਘਰ ਪਰਤ ਆਈ ॥੧੯॥

ਦੋਹਰਾ ॥

ਦੋਹਰਾ:

ਇਹ ਛਲ ਸੋ ਸੁਤਿ ਨ੍ਰਿਪਤਿ ਕੇ ਚਾਰੌ ਦਏ ਡੁਬਾਇ ॥

ਇਸ ਛਲ ਨਾਲ ਰਾਜੇ ਦੇ ਚਾਰੇ ਪੁੱਤਰ ਡੁਬਾ ਦਿੱਤੇ

ਆਨਿ ਧਾਮ ਬਹੁਰੋ ਬਸੀ ਹ੍ਰਿਦੈ ਹਰਖ ਉਪਜਾਇ ॥੨੦॥

ਅਤੇ ਮਨ ਵਿਚ ਆਨੰਦ ਵਧਾ ਕੇ ਫਿਰ ਘਰ ਵਿਚ ਆ ਕੇ ਰਹਿਣ ਲਗ ਗਈ ॥੨੦॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਅਠਤਾਲੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੪੮॥੪੬੭੬॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੪੮ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੪੮॥੪੬੭੬॥ ਚਲਦਾ॥

ਚੌਪਈ ॥

ਚੌਪਈ:

ਬਤਿਸੁ ਲਛਨ ਨਗਰ ਇਕ ਸੋਹੈ ॥

ਬੱਤੀਸਲਛਣਾਂ (ਨਾਲ ਭਰਪੂਰ) ਇਕ ਨਗਰ ਸ਼ੋਭਦਾ ਸੀ

ਜਾ ਕੇ ਤਟ ਅਮਰਾਵਤਿ ਕੋ ਹੈ ॥

ਜਿਸ ਦੇ ਬਰਾਬਰ ਅਮਰਾਪੁਰੀ ਵੀ ਕੁਝ ਨਹੀਂ ਸੀ।

ਸੈਨ ਸੁਲਛਨ ਨ੍ਰਿਪ ਤਹ ਸੁਭ ਮਤਿ ॥

ਉਥੋਂ ਦਾ ਸੁਲਛਨ ਸੈਨ ਨਾਂ ਦਾ ਸ਼ੁਭ ਬੁੱਧੀਵਾਲਾ ਰਾਜਾ ਸੀ।

ਸੂਰਬੀਰ ਬਲਵਾਨ ਬਿਕਟ ਮਤਿ ॥੧॥

ਜੋ ਬਹੁਤ ਸ਼ੂਰਵੀਰ, ਬਲਵਾਨ ਅਤੇ ਵਿਕਟ ਬੁੱਧੀ ਵਾਲਾ ਸੀ ॥੧॥

ਮੰਜ੍ਰਿ ਬਿਚਛਨਿ ਨਾਰਿ ਤਵਨਿ ਬਰ ॥

ਬਿਚਛਨਿ ਮੰਜਰੀ ਉਸ ਦੀ ਸੁੰਦਰ ਨਾਰੀ ਸੀ

ਪੜੀ ਬ੍ਯਾਕਰਨ ਸਾਸਤ੍ਰ ਕੋਕ ਸਰ ॥

ਜੋ ਵਿਆਕਰਣ ਅਤੇ ਕੋਕ ਸ਼ਾਸਤ੍ਰ ਆਦਿ ਪੜ੍ਹੀ ਹੋਈ ਸੀ।

ਸੋਭਾ ਅਧਿਕ ਤਵਨ ਕੀ ਸੋਹਤ ॥

ਉਸ ਦੀ ਬਹੁਤ ਅਧਿਕ ਸੁੰਦਰਤਾ ਸ਼ੋਭਦੀ ਸੀ

ਸੁਰ ਨਰ ਨਾਗ ਅਸੁਰ ਮਨ ਮੋਹਤ ॥੨॥

(ਜਿਸ ਨੂੰ ਵੇਖ ਕੇ) ਦੇਵਤੇ, ਮਨੁੱਖ, ਨਾਗ ਅਤੇ ਦੈਂਤ ਮੋਹੇ ਜਾਂਦੇ ਸਨ ॥੨॥

ਅੜਿਲ ॥

ਅੜਿਲ:

ਏਕ ਸਾਹ ਕੋ ਪੂਤ ਤਹਾ ਸੁੰਦਰ ਘਨੋ ॥

ਉਥੇ ਇਕ ਸ਼ਾਹ ਦਾ ਬਹੁਤ ਸੁੰਦਰ ਪੁੱਤਰ (ਰਹਿੰਦਾ) ਸੀ,

ਜਨੁ ਔਤਾਰ ਮਦਨ ਕੋ ਯਾ ਜਗ ਮੋ ਬਨੋ ॥

ਮਾਨੋ ਇਸ ਜਗਤ ਵਿਚ ਕਾਮ ਦੇਵ ਦਾ ਅਵਤਾਰ ਬਣ ਕੇ (ਆਇਆ ਹੋਵੇ)।

ਬਿਤਨ ਕੇਤੁ ਤਿਹ ਨਾਮ ਕੁਅਰ ਕੈ ਜਾਨਿਯੈ ॥

ਉਸ ਕੁੰਵਰ ਦਾ ਨਾਮ ਬਿਤਨ ਕੇਤੁ ਸਮਝੋ।

ਹੋ ਜਾ ਸਮ ਸੁੰਦਰ ਅਵਰ ਨ ਕਤਹੁ ਬਖਾਨਿਯੈ ॥੩॥

ਉਸ ਵਰਗਾ ਸੁੰਦਰ ਹੋਰ ਕੋਈ ਨਹੀਂ ਦਸੀਂਦਾ ਸੀ ॥੩॥

ਨੈਨ ਹਰਿਨ ਕੇ ਹਰੇ ਬੈਨ ਪਿਕ ਕੇ ਹਰੇ ॥

(ਉਸ ਨੇ) ਨੈਣ ਹਿਰਨ ਦੇ ਅਤੇ ਬੋਲ ਕੋਇਲ ਦੇ ਚੁਰਾਏ ਹੋਏ ਸਨ।

ਜਨੁਕ ਸਾਨਿ ਪਰ ਬਿਸਿਖ ਦੋਊ ਬਾਢਿਨ ਧਰੇ ॥

(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਵਢਣ ਲਈ ਦੋ ਤੀਰ ਸਾਣ ਉਤੇ ਤਿਖੇ ਕੀਤੇ ਹੋਣ।

ਬਿਨਾ ਪ੍ਰਹਾਰੇ ਲਗਤ ਨ ਕਾਢੇ ਜਾਤ ਹੈ ॥

ਇਹ ਬਿਨਾ ਚਲਾਏ ਲਗਦੇ ਹਨ ਅਤੇ ਫਿਰ ਕਢੇ ਵੀ ਨਹੀਂ ਜਾ ਸਕਦੇ ਹਨ।

ਹੋ ਖਟਕਤ ਹਿਯ ਕੇ ਮਾਝ ਸਦਾ ਪਿਯਰਾਤ ਹੈ ॥੪॥

ਫਿਰ ਹਿਰਦੇ ਵਿਚ ਚੁਭਦੇ ਹੋਏ ਪੀੜਾ ਦਿੰਦੇ ਹਨ ॥੪॥

ਨਿਰਖਿ ਤਵਨ ਕੋ ਰੂਪ ਤਰਿਨਿ ਮੋਹਿਤ ਭਈ ॥

ਉਸ ਦਾ ਰੂਪ ਵੇਖ ਕੇ ਰਾਣੀ ਉਸ ਉਤੇ ਮੋਹਿਤ ਹੋ ਗਈ।

ਲੋਕ ਲਾਜ ਕੁਲ ਕਾਨਿ ਤ੍ਯਾਗਿ ਤਬ ਹੀ ਦਈ ॥

ਉਸੇ ਵੇਲੇ ਉਸ ਨੇ ਕੁਲ ਦੀ ਲਾਜ ਅਤੇ ਮਰਯਾਦਾ ਤਿਆਗ ਦਿੱਤੀ।

ਆਸਿਕ ਕੀ ਤ੍ਰਿਯ ਭਾਤਿ ਰਹੀ ਉਰਝਾਇ ਕੈ ॥

ਉਹ ਇਸਤਰੀ ਆਸ਼ਿਕ ਵਾਂਗ ਅਟਕ ਗਈ।

ਹੋ ਸਕਿਯੋ ਨ ਧੀਰਜ ਬਾਧਿ ਸੁ ਲਿਯੋ ਬੁਲਾਇ ਕੈ ॥੫॥

ਉਹ ਧੀਰਜ ਧਾਰਨ ਨਾ ਕਰ ਸਕੀ ਅਤੇ (ਉਸ ਨੂੰ) ਬੁਲਾ ਲਿਆ ॥੫॥

ਚੌਪਈ ॥

ਚੌਪਈ:

ਭੇਦਿ ਪਾਇ ਤ੍ਰਿਯ ਤਾਹਿ ਬੁਲਾਇਸਿ ॥

ਸਾਰੀ ਗੱਲ ਸਮਝ ਕੇ ਇਸਤਰੀ ਨੇ ਉਸ ਨੂੰ ਬੁਲਾ ਲਿਆ

ਭਾਤਿ ਭਾਤਿ ਭੋਜਨਹਿ ਖਵਾਇਸਿ ॥

ਅਤੇ ਉਸ ਨੂੰ ਭਾਂਤ ਭਾਂਤ ਦੇ ਭੋਜਨ ਖਵਾਏ।

ਕੇਲ ਕਰਨ ਤਾ ਸੌ ਚਿਤ ਚਹਾ ॥

ਉਸ ਨਾਲ ਰਤੀ-ਕ੍ਰੀੜਾ ਕਰਨ ਉਤੇ ਮਨ ਕੀਤਾ।

ਲਾਜਿ ਬਿਸਾਰਿ ਪ੍ਰਗਟ ਤਿਹ ਕਹਾ ॥੬॥

ਸ਼ਰਮ ਉਤਾਰ ਕੇ ਉਸ ਨੂੰ ਸਾਫ਼ ਸਾਫ਼ ਕਹਿ ਦਿੱਤਾ ॥੬॥

ਬਿਤਨ ਕੇਤੁ ਜਬ ਯੌ ਸੁਨਿ ਪਾਯੋ ॥

ਜਦ ਇਸ ਤਰ੍ਹਾਂ ਬਿਤਨ ਕੇਤੁ ਨੇ ਸੁਣਿਆ

ਭੋਗ ਨ ਕਿਯੋ ਨਾਕ ਐਂਠਾਯੋ ॥

ਤਾਂ ਭੋਗ ਨਾ ਕੀਤਾ, ਸਗੋਂ ਨਕ ਚੜ੍ਹਾਇਆ।

ਸੁਨਿ ਅਬਲਾ ਮੈ ਤੋਹਿ ਨ ਭਜਿਹੌ ॥

(ਅਤੇ ਕਹਿਣ ਲਗਾ) ਹੇ ਇਸਤਰੀ! ਸੁਣ, ਮੈਂ ਤੇਰੇ ਨਾਲ ਭੋਗ ਨਹੀਂ ਕਰਾਂਗਾ

ਨਾਰਿ ਆਪਨੀ ਕੌ ਨਹਿ ਤਜਿਹੌ ॥੭॥

ਅਤੇ ਆਪਣੀ ਇਸਤਰੀ ਨੂੰ ਨਹੀਂ ਛਡਾਂਗਾ ॥੭॥

ਦੋਹਰਾ ॥

ਦੋਹਰਾ:

ਜੌ ਉਪਾਇ ਕੋਟਿਕ ਕਰਹੁ ਲਛਿਕ ਕਰਹੁ ਇਲਾਜ ॥

ਜੇ ਕਰੋੜਾਂ ਉਪਾ ਕਰ ਲੈ ਅਤੇ ਲਖ ਇਲਾਜ ਕਰ ਲੈ

ਧਰਮ ਆਪਨੌ ਛਾਡਿ ਤੁਹਿ ਤਊ ਨ ਭਜਹੌ ਆਜ ॥੮॥

(ਤਾਂ ਵੀ ਮੈਂ) ਆਪਣਾ ਧਰਮ ਛਡ ਕੇ ਅਜ ਤੈਨੂੰ ਨਹੀਂ ਭਜਾਂਗਾ ॥੮॥

ਚੌਪਈ ॥

ਚੌਪਈ:

ਰਾਨੀ ਜਤਨ ਕੋਟਿ ਕਰਿ ਰਹੀ ॥

ਰਾਣੀ ਬਹੁਤ ਯਤਨ ਕਰ ਹਟੀ,

ਏਕੈ ਨਾਹਿ ਮੂੜ ਤਿਹ ਗਹੀ ॥

ਪਰ ਉਸ ਮੂਰਖ ਨੇ ਇਕੋ 'ਨਾਂਹ' ਫੜੀ ਰਖੀ।

ਕੋਪ ਭਯੋ ਤ੍ਰਿਯ ਕੋ ਜਿਯ ਭਾਰੋ ॥

ਇਸਤਰੀ ਦੇ ਮਨ ਵਿਚ ਬਹੁਤ ਰੋਹ ਭਰ ਗਿਆ

ਤਾ ਕੌ ਬਾਧਿ ਭੋਹਰੇ ਡਾਰੋ ॥੯॥

ਅਤੇ ਉਸ ਨੂੰ ਪਕੜ ਕੇ ਭੋਰੇ ਵਿਚ ਬੰਦ ਕਰ ਦਿੱਤਾ ॥੯॥

ਤਾ ਕੌ ਬਾਧਿ ਭੋਹਰਾ ਡਾਰਾ ॥

ਉਸ ਨੂੰ ਬੰਨ੍ਹ ਕੇ ਭੋਰੇ ਵਿਚ ਸੁਟ ਦਿੱਤਾ

ਮੂਆ ਸਾਹੁ ਸੁਤ ਜਗਤ ਉਚਾਰਾ ॥

ਅਤੇ ਸਭ ਨੂੰ ਦਸ ਦਿੱਤਾ ਕਿ ਸ਼ਾਹ ਦਾ ਪੁੱਤਰ ਮਰ ਗਿਆ ਹੈ।