ਜਿਸ ਨੇ ਮੁਰ ਦੈਂਤ ਨੂੰ ਮਾਰਿਆ ਸੀ ਅਤੇ ਕੁੰਭਕਰਨ ਅਤੇ ਹਾਥੀ ਦੇ ਵੈਰੀ (ਗ੍ਰਾਹ) ਨੂੰ ਨਸ਼ਟ (ਕਰ ਦਿੱਤਾ ਸੀ); ਫਿਰ ਜਿਸ ਨੇ ਸੀਤਾ ਦੇ ਦਿਲ ਦੀ ਪੀੜ ਹਰ ਲਈ ਸੀ,
ਓਹੀ ਭਗਵਾਨ ਬ੍ਰਜ-ਭੂਮੀ ਵਿਚ ਗਊਆਂ ਦੇ (ਚਰਾਉਣ ਦੇ) ਬਹਾਨੇ ਨਾਲ ਲੀਲਾ ਕਰ ਰਿਹਾ ਹੈ ॥੩੯੭॥
ਜਿਸਨੇ ਹਜ਼ਾਰ ਫਣਾਂ ਵਾਲੇ ਸ਼ੇਸ਼ਨਾਗ ਉਤੇ ਸੌਂ ਕੇ ਜਲ ਦੇ ਵਿਚ ਲੀਲਾਵਾਂ ਕੀਤੀਆਂ ਹਨ।
ਜਿਸ ਨੇ ਵਿਭੀਸ਼ਣ ਨੂੰ (ਲੰਕਾ ਦਾ) ਰਾਜ ਦਿੱਤਾ ਹੈ ਅਤੇ ਕ੍ਰੋਧ ਕਰ ਕੇ ਰਾਵਣ ਨੂੰ ਦੁਖ ਦਿੱਤਾ ਹੈ।
ਜਿਸ ਨੇ ਜਗਤ ਵਿਚ ਹਾਥੀ ਤੋਂ ਲੈ ਕੇ ਕੀੜੀ ਤਕ ਦੇ ਚਰ ਅਤੇ ਅਚਰ ਪੈਦਾ ਕਰ ਕੇ ਜੀਵਨ ਦਿੱਤਾ ਹੈ।
ਜਿਸ ਨੇ ਦੇਵਤਿਆਂ ਅਤੇ ਦੈਂਤਾਂ ਵਿਚ ਝਗੜਾ ਪੈਦਾ ਕੀਤਾ ਸੀ, (ਉਹੀ ਕ੍ਰਿਸ਼ਨ ਰੂਪ ਹੋ ਕੇ) ਬ੍ਰਜ-ਭੂਮੀ ਵਿਚ ਕੌਤਕ ਕਰ ਰਿਹਾ ਹੈ ॥੩੯੮॥
ਜਿਸ ਨੇ ਦੁਰਯੋਧਨ ਵਰਗੇ ਵੱਡੇ ਵੱਡੇ ਸੂਰਵੀਰ ਛਤ੍ਰੀ ਰਣ ਵਿਚ ਮਰਵਾ ਦਿੱਤੇ ਹਨ।
ਜਿਸ ਨੇ ਕ੍ਰੋਧ ਕਰ ਕੇ ਸ਼ਿਸ਼ੁਪਾਲ ਨੂੰ ਮਾਰ ਸੁਟਿਆ ਹੈ, (ਉਹ) ਕ੍ਰਿਸ਼ਨ ਰਾਜਿਆਂ ਵਿਚ ਅਸਤ੍ਰ ਚਲਾਉਣ ਵਿਚ ਸ੍ਰੇਸ਼ਠ ਅਤੇ ਨਿਪੁਣ ਹੈ।
ਜੋ ਸਸਤ੍ਰ ਧਾਰੀ (ਹੋ ਕੇ) ਜਗਤ ਨੂੰ ਬੱਧ ਕਰਨ ਵਾਲਾ ਹੈ, ਉਹੋ (ਗੁਆਲਾ ਹੋ ਕੇ) ਗਊਆਂ ਵਿਚ ਖੇਡ ਕਰਦਾ ਹੈ।
ਜਿਵੇਂ ਅੱਗ ਧੂੰਏ ਨਾਲ ਲਿਪਟੀ ਹੋਈ ਹੁੰਦੀ ਹੈ, (ਇਸੇ ਤਰ੍ਹਾਂ ਹੀ) ਇਹ ਛਤ੍ਰੀ ਹੋ ਕੇ ਫਿਰ ਆਪ ਗੁਆਲਾ ਅਖਵਾਉਂਦਾ ਹੈ ॥੩੯੯॥
ਜਿਸ ਨੇ ਇਕੱਲਿਆਂ ਹੀ ਮਧੁ ਤੇ ਕੈਟਭ ਨਾਲ ਯੁੱਧ ਕੀਤਾ ਸੀ ਅਤੇ ਜਿਸ ਨੇ ਇੰਦਰ (ਨੂੰ ਸੁਅਰਗ ਦਾ) ਰਾਜ ਦਿੱਤਾ ਸੀ।
ਜਿਸ ਨੇ ਕੁੰਭਕਰਨ ਨੂੰ ਮਾਰਿਆ ਸੀ ਅਤੇ ਜਿਸ ਨੇ ਇਕ ਛਿਣ ਵਿਚ ਹੀ ਰਾਵਣ ਦਾ ਬੱਧ ਕਰ ਦਿੱਤਾ ਸੀ।
(ਜੋ) ਵਿਭੀਸ਼ਣ ਨੂੰ (ਲੰਕਾ ਦਾ) ਰਾਜ ਦੇ ਕੇ ਅਤੇ ਆਨੰਦ ਪੂਰਵਕ ਸੀਤਾ ਨੂੰ ਨਾਲ ਲੈ ਕੇ ਅਯੋਧਿਆ ਨੂੰ ਤੁਰ ਪਿਆ ਸੀ।
ਉਸ ਨੇ ਪਾਪੀਆਂ ਨੂੰ ਨਸ਼ਟ ਕਰਨ ਲਈ ਹੀ ਹੁਣ ਆ ਕੇ ਬ੍ਰਜ-ਭੂਮੀ ਵਿਚ ਅਵਤਾਰ ਧਾਰਨ ਕੀਤਾ ਹੈ ॥੪੦੦॥
ਜਦ ਗਵਾਲਿਆਂ ਨੇ ਕ੍ਰਿਸ਼ਨ ਦੀ ਇਸ ਤਰ੍ਹਾਂ ਉਪਮਾ ਕੀਤੀ, ਤਦ ਗਵਾਲਿਆਂ ਦੇ ਸੁਆਮੀ (ਨੰਦ) ਨੇ ਇਹ ਗੱਲ ਕਹੀ
ਕਿ ਗਰਗ (ਮੁਨੀ) ਨੇ ਆ ਕੇ ਇਸ ਦੇ ਬਲ ਬਾਰੇ ਸਾਨੂੰ ਕਿਹਾ ਸੀ, ਉਸ ਦੀ ਗੱਲ ਸਹੀ ਹੈ।
ਪੰਡਿਤ (ਮੁਨੀ) ਨੇ ਕਿਹਾ ਸੀ, ਬਸੁਦੇਵ ਦਾ ਜੋ ਪੁੱਤਰ ਹੈ, ਇਹੀ ਉਸ ਨੂੰ ਦਰਗਾਹ ਤੋਂ ਮਾਣ ਮਿਲਿਆ ਹੈ।
ਜੋ ਵੀ ਇਸ ਨੂੰ ਮਾਰਨ ਲਈ ਆਇਆ ਸੀ, ਉਸ ਦੀ ਦੇਹ ਨਾ ਰਹੀ, ਨਸ਼ਟ ਹੋ ਗਈ ॥੪੦੧॥
ਹੁਣ ਇੰਦ੍ਰ ਨੇ ਆ ਕੇ ਦਰਸ਼ਨ ਕੀਤਾ ਅਤੇ ਬੇਨਤੀ ਕਰਨ ਲਗਾ
ਸਵੈਯਾ:
ਇਕ ਦਿਨ ਸ੍ਰੀ ਕ੍ਰਿਸ਼ਨ ਬਨ ਨੂੰ ਗਏ, ਤਦੋਂ ਇੰਦਰ (ਆਪਣਾ) ਅਭਿਮਾਨ ਤਿਆਗ ਕੇ ਸ੍ਰੀ ਕ੍ਰਿਸ਼ਨ ਕੋਲ ਆਇਆ।
(ਆਪਣੇ) ਪਾਪਾਂ ਨੂੰ ਬਖ਼ਸ਼ਾਉਣ ਲਈ (ਉਸ ਨੇ) ਕ੍ਰਿਸ਼ਨ ਜੀ ਦੇ ਚਰਨਾਂ ਉਤੇ ਸੀਸ ਨਿਵਾਇਆ
ਅਤੇ (ਸ੍ਰੀ ਕ੍ਰਿਸ਼ਨ ਅਗੇ) ਹੋਰ ਵੀ ਬਹੁਤ ਬੇਨਤੀ ਕੀਤੀ ਅਤੇ ਉਸ ਨਾਲ ਸ੍ਰੀ ਕ੍ਰਿਸ਼ਨ ਨੂੰ ਰਿਝਾ ਲਿਆ।
ਇੰਦਰ ਨੇ ਕਿਹਾ, ਮੇਰੇ ਪਾਸੋਂ ਭੁਲ ਹੋ ਗਈ ਹੈ, ਹੇ ਹਰੀ! (ਮੈਂ) ਤੁਹਾਡੇ ਭੇਦ ਨੂੰ ਨਹੀਂ ਪਾਇਆ ॥੪੦੨॥
(ਇੰਦਰ ਨੇ ਫਿਰ ਕਿਹਾ) ਹੇ ਕਰੁਨਾਨਿਧੀ! ਤੁਸੀਂ ਜਗਤ ਦਾ ਕਰਤਾ ਹੋ ਅਤੇ ਤੁਸੀਂ ਹੀ ਸਾਰੇ ਲੋਕਾਂ ਨੂੰ ਬਣਾਉਣ ਵਾਲੇ ਹੋ।
ਤੁਸੀਂ ਮੁਰ ਦੈਂਤ ਨੂੰ ਮਾਰਨ, ਰਾਵਣ ਦੇ ਵੈਰੀ (ਰਾਮ) ਅਤੇ 'ਭੂਰਿਸਿਲਾ' (ਨਰਕਾਸੁਰ) ਦੀਆਂ ਇਸਤਰੀਆਂ ਦੇ ਸੁਆਮੀ ਹੋ।
ਤੁਸੀਂ ਸਾਰੇ ਦੇਵਤਿਆਂ ਦੇ ਸੁਆਮੀ ਹੋ ਅਤੇ ਸਾਰੇ ਸਾਧਾਂ ਦੇ ਦੁਖ ਨੂੰ ਨਸ਼ਟ ਕਰਨ ਵਾਲੇ ਹੋ।
ਜੋ ਕੋਈ ਤੁਹਾਡੀ ਕੁਝ ਭੁਲ ਕਰਦਾ ਹੈ, ਫਿਰ ਤੁਸੀਂ ਉਸ ਦੇ ਸ਼ਰੀਰ ਨੂੰ ਨਾਸ਼ ਕਰ ਦੇਣ ਵਾਲੇ ਹੋ ॥੪੦੩॥
ਜਦੋਂ ਇੰਦਰ ਨੇ ਕਾਨ੍ਹ ਦੀ ਸਿਫ਼ਤ ਕੀਤੀ ਤਦੋਂ ਕਾਮਧੇਨ ਗਊ ਚਲ ਕੇ (ਕ੍ਰਿਸ਼ਨ ਕੋਲ) ਆ ਗਈ।
(ਉਸ ਨੇ ਵੀ) ਆ ਕੇ ਕ੍ਰਿਸ਼ਨ ਦੀ ਬਹੁਤ ਤਰ੍ਹਾਂ ਨਾਲ ਉਪਮਾ ਕੀਤੀ, ਕਵੀ ਸ਼ਿਆਮ ਕਹਿੰਦੇ ਹਨ, (ਉਹ ਬਹੁਤ) ਵਡਿਆਈ ਸੀ।
ਕ੍ਰਿਸ਼ਨ ਦੇ ਗੁਣ ਗਾਉਂਦਿਆਂ ਹੋਇਆਂ ਇਕ ਦੇਵ ਕੰਨਿਆਂ ਕ੍ਰਿਸ਼ਨ ਕੋਲ ਆ ਗਈ।
ਉਸ ਨੇ (ਆਪਣੇ) ਸੁਆਮੀ (ਇੰਦਰ) ਨੂੰ ਕਿਹਾ, ਕ੍ਰਿਸ਼ਨ ਦੀ ਉਪਮਾ ਕਰੋ, ਉਹ ਉਪਮਾ (ਮੈਨੂੰ) ਬਹੁਤ ਤਰ੍ਹਾਂ ਨਾਲ ਚੰਗੀ ਲਗਦੀ ਹੈ ॥੪੦੪॥
ਕ੍ਰਿਸ਼ਨ ਦੇ ਚਰਨ ਪੂਜਣ ਲਈ ਸਾਰੇ ਦੇਵਤੇ (ਆਪਣੀ) ਪੁਰੀ (ਸੁਅਰਗ) ਨੂੰ ਛਡ ਕੇ (ਬ੍ਰਜ ਵਿਚ) ਆ ਗਏ ਹਨ।
(ਕਈ) ਇਕ (ਕ੍ਰਿਸ਼ਨ ਦੇ) ਚਰਨੀ ਪੈ ਰਹੇ ਹਨ, ਇਕ ਪੂਜਾ ਕਰ ਰਹੇ ਹਨ, ਇਕ ਨਚ ਰਹੇ ਹਨ, (ਇਕ) ਮੰਗਲ-ਗੀਤ ਗਾ ਰਹੇ ਹਨ।
(ਕਈ) ਹਿਤ ਕਰ ਕੇ ਕ੍ਰਿਸ਼ਨ ਦੀ ਸੇਵਾ ਕਰਦੇ ਹਨ ਅਤੇ (ਕਈ) ਹੱਥ ਵਿਚ ਕੇਸਰ ਤੇ ਧੂਪ ਜਗਾ ਕੇ ਲਿਆ ਰਹੇ ਹਨ।
(ਇਸ ਤਰ੍ਹਾਂ ਪਤਾ ਲਗਦਾ ਹੈ) ਮਾਨੋ ਦੈਂਤਾਂ ਦਾ ਬੱਧ ਕਰ ਕੇ ਭਗਵਾਨ ਨੇ ਦੇਵਤਿਆਂ ਨੂੰ ਜਗਤ ਵਿਚ ਫਿਰ ਤੋਂ ਵਸਾ ਲਿਆ ਹੈ ॥੪੦੫॥
ਦੋਹਰਾ:
ਇੰਦਰ ਆਦਿਕ ਸਾਰੇ ਦੇਵਤੇ ਮਨ ਵਿਚ ਸਾਰਾ ਅਭਿਮਾਨ ਛਡ ਕੇ
ਅਤੇ ਇਕੱਠੇ ਹੋਕੇ ਕ੍ਰਿਸ਼ਨ ਦੀ ਉਸਤਤ ਦੀ ਬਾਣੀ ਉਚਾਰਨ ਲਗੇ ਹਨ ॥੪੦੬॥
ਕਬਿੱਤ:
(ਕ੍ਰਿਸ਼ਨ ਅਤੇ ਬਲਰਾਮ) ਦੋਵੇਂ ਪ੍ਰੇਮ ਤੇ ਲੱਜਾ ਦੇ ਭਰੇ ਹੋਏ ਜਹਾਜ਼ ਦਿਸਦੇ ਹਨ ਅਤੇ ਪਾਣੀ ਨਾਲ ਭਰੇ ਹੋਏ ਬਦਲਾਂ ਦੀ ਸੁੰਦਰਤਾ ਨੂੰ ਧਾਰਨ ਕਰ ਰਹੇ ਹਨ।
ਸ਼ੀਲ ਦੇ ਸਮੁੰਦਰ ਅਤੇ ਗੁਣਾਂ ਦੇ ਸਾਗਰ ਰੂਪ ਵਿਚ ਉਜਾਗਰ ਹੋ ਰਹੇ ਹਨ; ਚੰਚਲ ਤੇ ਸੁੰਦਰ ਅੱਖਾਂ ਨਾਲ ਦੁਖਾਂ ਨੂੰ ਨਸ਼ਟ ਕਰ ਰਹੇ ਹਨ।
ਵੈਰੀਆਂ ਨੂੰ ਨਾਸ਼ ਕਰਨ ਵਾਲੇ, ਇਹ ਕ੍ਰਿਸ਼ਨ ਜੀ ਅਵਤਾਰੀ (ਪੁਰਸ਼ ਹਨ) ਅਤੇ ਸਾਧਾਂ ਦੇ ਸ਼ਰੀਰਾਂ ਦੇ ਦੁਖ ਨੂੰ ਦੂਰ ਕਰਨ ਵਾਲੇ ਹਨ।
ਮਿਤਰ ਜਨਾਂ ਦੀ ਪਾਲਣਾ ਕਰਨ ਵਾਲੇ ਹਨ, ਜਗਤ ਦੇ ਉਧਾਰਕ ਹਨ, (ਜਿਸ ਨੂੰ) ਵੇਖ ਕੇ ਦੁਸ਼ਟ (ਲੋਕ ਆਪਣੇ) ਮਨ ਵਿਚ ਸੜ ਰਹੇ ਹਨ ॥੪੦੭॥
ਸਵੈਯਾ:
ਕ੍ਰਿਸ਼ਨ ਨੂੰ ਸੀਸ ਨਿਵਾ ਕੇ ਅਤੇ ਆਗਿਆ ਲੈ ਕੇ ਸਾਰੇ ਦੇਵਤੇ (ਆਪੋ ਆਪਣੇ) ਘਰਾਂ ਨੂੰ ਚਲੇ ਗਏ ਹਨ।
(ਉਨ੍ਹਾਂ ਨੇ) ਕ੍ਰਿਸ਼ਨ ਦਾ ਨਾਂ 'ਗੋਬਿੰਦ' ਧਰ ਦਿੱਤਾ ਹੈ, ਇਸ ਕਰ ਕੇ (ਸਾਰੇ ਦੇਵਤੇ) ਮਨ ਵਿਚ ਆਨੰਦਿਤ ਹੋ ਰਹੇ ਹਨ।
ਇਧਰ ਰਾਤ ਪੈਣ ਤੇ ਭਗਵਾਨ (ਕ੍ਰਿਸ਼ਨ ਵੀ) ਉਥੋਂ (ਚਲ ਕਰ ਕੇ) ਆਪਣੇ ਡੇਰੇ ਆ ਗਏ।