ਸ਼੍ਰੀ ਦਸਮ ਗ੍ਰੰਥ

ਅੰਗ - 496


ਸ੍ਯਾਮ ਇਤੇ ਛਪਿ ਆਵਤ ਭਯੋ ਕਬਿ ਸ੍ਯਾਮ ਭਨੈ ਤਿਨ ਕਾਰਨ ਛੈ ਕੈ ॥੧੯੮੫॥

ਕਵੀ ਸ਼ਿਆਮ ਕਹਿੰਦੇ ਹਨ, ਉਨ੍ਹਾਂ (ਦੀ ਆਮਦ) ਦੇ ਕਾਰਨ ਸ੍ਰੀ ਕ੍ਰਿਸ਼ਨ ਲੁਕ ਕੇ ਅਤੇ ਛਹਿ ਕੇ (ਉਥੇ) ਆ ਗਏ ਹਨ ॥੧੯੮੫॥

ਸ੍ਯਾਮ ਭਨੈ ਜੋਊ ਬੇਦ ਕੇ ਬੀਚ ਲਿਖੀ ਬਿਧਿ ਬ੍ਯਾਹ ਕੀ ਸੋ ਦੁਹੂੰ ਕੀਨੀ ॥

(ਕਵੀ) ਸ਼ਿਆਮ ਕਹਿੰਦੇ ਹਨ, ਵਿਆਹ ਦੀ ਜੋ ਵਿਧੀ ਵੇਦਾਂ ਵਿਚ ਲਿਖੀ ਹੈ, ਦੋਹਾਂ (ਪਾਸਿਆਂ ਨੇ) ਕੀਤੀ।

ਮੰਤ੍ਰਨ ਸੋ ਅਭਿਮੰਤ੍ਰਨ ਕੈ ਭੂਅ ਫੇਰਨ ਕੀ ਸੁ ਪਵਿਤ੍ਰ ਕੈ ਲੀਨੀ ॥

(ਵੇਦ) ਮੰਤ੍ਰ ਨਾਲ ਸ਼ੁੱਧ ਕਰ ਕੇ ਫੇਰਿਆਂ ਵਾਲੀ ਥਾਂ ਨੂੰ ਪਵਿਤਰ ਕਰ ਲਿਆ।

ਅਉਰ ਜਿਤੇ ਦਿਜ ਸ੍ਰੇਸਟ ਹੁਤੇ ਤਿਨ ਕੋ ਅਤਿ ਹੀ ਦਛਨਾ ਤਿਨ ਦੀਨੀ ॥

ਹੋਰ ਜਿਤਨੇ ਸ੍ਰੇਸ਼ਠ ਬ੍ਰਾਹਮਣ ਸਨ, ਉਨ੍ਹਾਂ ਨੂੰ ਬਹੁਤ ਸਾਰੀ ਦੱਛਣਾ ਦਿੱਤੀ ਗਈ।

ਬੇਦੀ ਰਚੀ ਭਲੀ ਭਾਤਹ ਸੋ ਜਦੁਬੀਰ ਬਿਨਾ ਸਭ ਲਾਗਤ ਹੀਨੀ ॥੧੯੮੬॥

ਵੇਦੀ ਵੀ ਚੰਗੀ ਤਰ੍ਹਾਂ ਬਣਾਈ ਗਈ, (ਪਰ) ਸ੍ਰੀ ਕ੍ਰਿਸ਼ਨ ਤੋਂ ਬਿਨਾ ਸਭ ਕੁਝ ਫਿਕਾ ਜਿਹਾ ਲਗ ਰਿਹਾ ਸੀ ॥੧੯੮੬॥

ਤਉ ਹੀ ਲਉ ਲੈ ਕਿਹ ਸੰਗਿ ਪੁਰੋਹਿਤ ਦੇਵੀ ਕੀ ਪੂਜਾ ਕੇ ਕਾਜ ਸਿਧਾਰੇ ॥

ਉਤਨੇ ਚਿਰ ਵਿਚ ਹੀ ਪਰੋਹਿਤ ਉਸ (ਰੁਕਮਨੀ) ਨੂੰ ਨਾਲ ਲੈ ਕੇ ਦੇਵੀ ਦੀ ਪੂਜਾ ਲਈ ਚਲ ਪਏ।

ਸ੍ਯੰਦਨ ਪੈ ਚੜਵਾਇ ਤਬੈ ਤਿਹ ਪਾਛੇ ਚਲੇ ਤਿਹ ਕੇ ਭਟ ਭਾਰੇ ॥

ਉਸ ਵੇਲੇ ਉਸ ਨੂੰ ਰਥ ਉਤੇ ਚੜ੍ਹਾ ਕੇ ਉਸ ਦੇ ਪਿਛੇ ਬਹੁਤ ਸਾਰੇ ਯੋਧੇ ਚਲ ਪਏ।

ਯਾ ਬਿਧਿ ਦੇਖਿ ਪ੍ਰਤਾਪ ਘਨੋ ਮੁਖ ਤੇ ਰੁਕਮੈ ਇਹ ਬੈਨ ਉਚਾਰੇ ॥

ਇਸ ਤਰ੍ਹਾਂ ਦਾ (ਆਪਣਾ) ਅਤਿ ਅਧਿਕ ਪ੍ਰਤਾਪ ਵੇਖ ਕੇ ਰੁਕਮੀ ਨੇ ਮੁਖ ਤੋਂ ਇਹ ਬਚਨ ਕਹੇ

ਰਾਖੀ ਪ੍ਰਭੂ ਪਤਿ ਮੋਰ ਭਲੀ ਬਿਧਿ ਧੰਨ੍ਯ ਕਹਿਯੋ ਅਬ ਭਾਗ ਹਮਾਰੇ ॥੧੯੮੭॥

ਕਿ ਹੁਣ ਸਾਡੇ ਧੰਨ ਭਾਗ ਹਨ ਕਿਉਂਕਿ ਪਰਮਾਤਮਾ ਨੇ ਚੰਗੀ ਤਰ੍ਹਾਂ ਮੇਰੀ ਪਤ ਰਖ ਲਈ ਹੈ ॥੧੯੮੭॥

ਚੌਪਈ ॥

ਚੌਪਈ:

ਜਬ ਰੁਕਮਿਨੀ ਤਿਹ ਮੰਦਿਰ ਗਈ ॥

ਜਦ ਰੁਕਮਨੀ ਉਸ ਮੰਦਿਰ ਵਿਚ ਚਲੀ ਗਈ,

ਦੁਖ ਸੰਗਿ ਬਿਹਬਲ ਅਤਿ ਹੀ ਭਈ ॥

(ਤਾਂ) ਦੁਖ ਨਾਲ ਬਹੁਤ ਬਿਹਬਲ ਹੋ ਗਈ।

ਤਿਨਿ ਇਵ ਰੋਇ ਸਿਵਾ ਸੰਗਿ ਰਰਿਓ ॥

ਉਸ ਨੇ ਇਸ ਤਰ੍ਹਾਂ ਰੋ ਕੇ ਦੇਵੀ ਨੂੰ ਕਿਹਾ,

ਤੁਹਿ ਤੇ ਮੋਹਿ ਇਹੀ ਬਰੁ ਸਰਿਓ ॥੧੯੮੮॥

(ਹੇ ਮਾਤਾ!) ਤੇਰੇ ਤੋਂ ਮੇਰੇ ਲਈ ਇਹੀ (ਸ਼ਿਸ਼ੁਪਾਲ) ਵਰ ਸਰਿਆ ਹੈ ॥੧੯੮੮॥

ਸਵੈਯਾ ॥

ਸਵੈਯਾ:

ਦੂਰਿ ਦਈ ਸਖੀਆ ਕਰਿ ਕੈ ਕਰਿ ਲੀਨ ਛੁਰੀ ਕਹਿਓ ਘਾਤ ਕਰੈ ਹਉ ॥

(ਆਪਣੀਆਂ) ਸਹੇਲੀਆਂ ਨੂੰ ਦੂਰ ਕਰ ਕੇ ਅਤੇ ਹੱਥ ਵਿਚ ਛੁਰੀ ਲੈ ਕੇ ਕਿਹਾ, ਮੈਂ (ਹੁਣ ਹੀ ਆਪਣਾ) ਘਾਤ ਕਰਦੀ ਹਾਂ।

ਮੈ ਬਹੁ ਸੇਵ ਸਿਵਾ ਕੀ ਕਰੀ ਤਿਹ ਤੇ ਸਭ ਹੌ ਸੁ ਇਹੈ ਫਲੁ ਪੈ ਹਉ ॥

ਮੈਂ ਦੁਰਗਾ (ਦੇਵੀ) ਦੀ ਬਹੁਤ ਸੇਵਾ ਕੀਤੀ ਹੈ; ਉਸ ਤੋਂ ਮੈਂ ਇਹੀ ਸਾਰਾ ਫਲ ਪ੍ਰਾਪਤ ਕਰ ਰਹੀ ਹਾਂ।

ਪ੍ਰਾਨਨ ਧਾਮਿ ਪਠੋ ਜਮ ਕੇ ਇਹ ਦੇਹੁਰੇ ਊਪਰ ਪਾਪ ਚੜੈ ਹਉ ॥

ਪ੍ਰਾਣਾਂ ਨੂੰ ਯਮਰਾਜ ਦੇ ਘਰ ਭੇਜ ਕੇ ਇਸ ਦੇਹੁਰੇ (ਮੰਦਿਰ) ਉਪਰ ਪਾਪ ਚੜ੍ਹਾਉਂਦੀ ਹਾਂ।

ਕੈ ਇਹ ਕੋ ਰਿਝਵਾਇ ਅਬੈ ਬਰਿਬੋ ਹਰਿ ਕੋ ਇਹ ਤੇ ਬਰੁ ਪੈ ਹਉ ॥੧੯੮੯॥

ਜਾਂ ਇਸ (ਦੇਵੀ) ਨੂੰ ਹੁਣੇ ਹੀ ਪ੍ਰਸੰਨ ਕਰ ਕੇ, ਕ੍ਰਿਸ਼ਨ ਨੂੰ ਵਰਨ ਦਾ ਇਸ ਤੋਂ ਵਰ ਪ੍ਰਾਪਤ ਕਰਦੀ ਹਾਂ ॥੧੯੮੯॥

ਦੇਵੀ ਜੂ ਬਾਚ ਰੁਕਮਿਨੀ ਸੋ ॥

ਦੇਵੀ ਜੀ ਨੇ ਰੁਕਮਨੀ ਪ੍ਰਤਿ ਕਿਹਾ:

ਸਵੈਯਾ ॥

ਸਵੈਯਾ:

ਦੇਖਿ ਦਸਾ ਤਿਹ ਕੀ ਜਗ ਮਾਤ ਪ੍ਰਤਛ ਹ੍ਵੈ ਤਾਹਿ ਕਹਿਓ ਹਸਿ ਐਸੇ ॥

ਉਸ ਦੀ ਹਾਲਤ ਵੇਖ ਕੇ ਜਗਤ ਮਾਤਾ ਨੇ ਪ੍ਰਤੱਖ ਹੋ ਕੇ, ਉਸ ਨੂੰ ਹਸ ਕੇ ਇੰਜ ਕਿਹਾ,

ਸ੍ਯਾਮ ਕੀ ਬਾਮ ਤੈ ਆਪਨੇ ਚਿਤ ਕਰੋ ਦੁਚਿਤਾ ਫੁਨਿ ਰੰਚ ਨ ਕੈਸੇ ॥

ਤੂੰ ਕ੍ਰਿਸ਼ਨ ਦੀ ਪਤਨੀ ਹੈਂ, ਫਿਰ ਆਪਣੇ ਚਿਤ ਵਿਚ ਜ਼ਰਾ ਜਿੰਨੀ ਵੀ ਦੁਚਿਤੀ ਨਾ ਕਰ।

ਜੋ ਸਿਸੁਪਾਲ ਕੇ ਹੈ ਚਿਤ ਮੈ ਨਹਿ ਹ੍ਵੈ ਹੈ ਸੋਊ ਤਿਹ ਕੀ ਸੁ ਰੁਚੈ ਸੇ ॥

ਜੋ ਸ਼ਿਸ਼ੁਪਾਲ ਦੇ ਚਿਤ ਵਿਚ ਹੈ, ਉਹ ਉਸ ਦੀ ਰੁਚੀ ਅਨੁਸਾਰ ਨਹੀਂ ਹੋਵੇਗਾ।

ਹੁਇ ਹੈ ਅਵਸਿ ਸੋਊ ਸੁਨਿ ਰੀ ਕਬਿ ਸ੍ਯਾਮ ਕਹੈ ਤੁਮਰੇ ਜੀ ਜੈਸੇ ॥੧੯੯੦॥

ਕਵੀ ਸ਼ਿਆਮ ਕਹਿੰਦੇ ਹਨ, (ਦੁਰਗਾ ਨੇ ਕਿਹਾ) ਹੇ (ਰੁਕਮਨੀ!) ਸੁਣ, ਉਹ ਅਵਸ਼ ਹੀ ਹੋਏਗਾ ਜਿਸ ਤਰ੍ਹਾਂ ਤੇਰੇ ਹਿਰਦੇ ਵਿਚ ਹੈ ॥੧੯੯੦॥

ਦੋਹਰਾ ॥

ਦੋਹਰਾ:

ਯੌ ਬਰੁ ਲੈ ਕੇ ਸਿਵਾ ਤੇ ਪ੍ਰਸੰਨ ਚਲੀ ਹੁਇ ਚਿਤ ॥

ਇਸ ਤਰ੍ਹਾਂ ਦੁਰਗਾ ਤੋਂ ਵਰ ਲੈ ਕੇ ਅਤੇ ਚਿਤ ਵਿਚ ਪ੍ਰਸੰਨ ਹੋ (ਉਥੋਂ) ਚਲ ਪਈ ਹੈ।

ਸ੍ਯੰਦਨ ਪੈ ਚੜਿ ਮਨ ਬਿਖੈ ਚਹਿ ਸ੍ਰੀ ਜਦੁਪਤਿ ਮਿਤ ॥੧੯੯੧॥

ਰਥ ਉਤੇ ਚੜ੍ਹ ਕੇ ਮਨ ਵਿਚ ਸ੍ਰੀ ਕ੍ਰਿਸ਼ਨ ਨੂੰ ਮਿਤਰ ਵਜੋਂ ਚਾਹ ਰਹੀ ਹੈ ॥੧੯੯੧॥

ਸਵੈਯਾ ॥

ਸਵੈਯਾ:

ਚੜੀ ਜਾਤ ਹੁਤੀ ਸੋਊ ਸ੍ਯੰਦਨ ਪੈ ਬ੍ਰਿਜ ਨਾਇਕ ਦ੍ਰਿਸਟਿ ਬਿਖੈ ਕਰਿ ਕੈ ॥

ਸ੍ਰੀ ਕ੍ਰਿਸ਼ਨ ਨੂੰ ਅੱਖਾਂ ਵਿਚ ਵਸਾ ਕੇ ਉਹ ਰਥ ਉਤੇ ਚੜ੍ਹੀ ਹੋਈ ਜਾ ਰਹੀ ਹੈ।

ਅਰੁ ਸਤ੍ਰਨ ਸੈਨ ਨਿਹਾਰਿ ਘਨੀ ਤਿਹ ਤੇ ਨਹੀ ਸ੍ਯਾਮ ਭਨੈ ਡਰਿ ਕੈ ॥

(ਕਵੀ) ਸ਼ਿਆਮ ਕਹਿੰਦੇ ਹਨ, ਵੈਰੀਆਂ ਦੀ (ਸ਼ਿਸ਼ੁਪਾਲ ਦੀ) ਬਹੁਤ ਸਾਰੀ ਸੈਨਾ ਨੂੰ ਵੇਖ ਕੇ (ਕ੍ਰਿਸ਼ਨ) ਡਰੇ ਨਹੀਂ ਹਨ।

ਪ੍ਰਭ ਆਇ ਪਰਿਓ ਤਿਹ ਮਧਿ ਬਿਖੈ ਇਹ ਲੇਤ ਹੋ ਰੇ ਇਮ ਉਚਰਿ ਕੈ ॥

ਉਨ੍ਹਾਂ (ਵੈਰੀਆਂ) ਵਿਚ ਹੀ ਸ੍ਰੀ ਕ੍ਰਿਸ਼ਨ (ਰੁਕਮਨੀ ਦੇ ਰਥ ਉਤੇ) ਆ ਪਏ ਅਤੇ ਇਸ ਤਰ੍ਹਾਂ ਕਿਹਾ, ਓਇ! ਇਸ ਨੂੰ ਮੈਂ ਲੈ ਜਾ ਰਿਹਾ ਹਾਂ।

ਬਲੁ ਧਾਰਿ ਲਈ ਰਥ ਭੀਤਰ ਡਾਰਿ ਮੁਰਾਰਿ ਤਬੈ ਬਹੀਯਾ ਧਰਿ ਕੈ ॥੧੯੯੨॥

ਫਿਰ ਸ੍ਰੀ ਕ੍ਰਿਸ਼ਨ ਨੇ ਬਲ ਪੂਰਵਕ (ਰੁਕਮਨੀ ਨੂੰ) ਬਾਹੋਂ ਪਕੜ ਕੇ ਰਥ ਵਿਚ ਚੜ੍ਹਾ ਲਿਆ ॥੧੯੯੨॥

ਡਾਰਿ ਰੁਕਮਿਨੀ ਸ੍ਯੰਦਨ ਪੈ ਸਭ ਸੂਰਨ ਸੋ ਇਹ ਭਾਤਿ ਸੁਨਾਈ ॥

ਰੁਕਮਨੀ ਨੂੰ ਰਥ ਵਿਚ ਚੜ੍ਹਾ ਕੇ ਸਾਰੇ ਯੋਧਿਆਂ ਨੂੰ ਇਸ ਤਰ੍ਹਾਂ ਸੁਣਾ ਕੇ (ਕਿਹਾ)

ਜਾਤ ਹੋ ਰੇ ਇਹ ਕੋ ਅਬ ਲੈ ਇਹ ਕੈ ਰੁਕਮੈ ਅਬ ਦੇਖਤ ਭਾਈ ॥

ਹੇ (ਸੂਰਮਿਓਂ!) ਹੁਣ (ਮੈਂ) ਇਸ ਨੂੰ ਇਸ ਦੇ ਭਰਾ ਰੁਕਮੀ ਦੇ ਵੇਖਦੇ ਹੋਇਆਂ ਲਈ ਜਾ ਰਿਹਾ ਹਾਂ।

ਪਉਰਖ ਹੈ ਜਿਹ ਸੂਰ ਬਿਖੈ ਸੋਊ ਯਾਹਿ ਛਡਾਇਨ ਮਾਡਿ ਲਰਾਈ ॥

ਜਿਸ ਸੂਰਮੇ ਵਿਚ ਸ਼ਕਤੀ ਹੈ, ਉਹ ਯੁੱਧ ਕਰ ਕੇ ਇਸ ਨੂੰ ਛੁੜਵਾ ਲਵੇ। (ਕਵੀ) ਸ਼ਿਆਮ ਕਹਿੰਦੇ ਹਨ,

ਆਜ ਸਭੋ ਮਰਿ ਹੋਂ ਟਰਿ ਨਹੀ ਸ੍ਯਾਮ ਭਨੈ ਮੁਹਿ ਰਾਮ ਦੁਹਾਈ ॥੧੯੯੩॥

(ਸ੍ਰੀ ਕ੍ਰਿਸ਼ਨ ਨੇ ਵੰਗਾਰ ਕੇ ਕਿਹਾ) ਮੈਨੂੰ ਰਾਮ ਦੀ ਸੌਂਹ, ਅਜ ਸਭ ਨੂੰ ਮਾਰ ਸੁਟਾਂਗਾ ਅਤੇ ਟਲਾਂਗਾ ਨਹੀਂ ॥੧੯੯੩॥

ਯੌ ਬਤੀਯਾ ਸੁਨਿ ਕੈ ਤਿਹ ਕੀ ਸਭ ਆਇ ਪਰੇ ਅਤਿ ਕ੍ਰੋਧ ਬਢੈ ਕੈ ॥

ਉਸ ਦੀਆਂ ਇਸ ਤਰ੍ਹਾਂ ਦੀਆਂ ਗੱਲਾਂ ਸੁਣ ਕੇ ਸਾਰੇ ਹੀ ਸੂਰਮੇ ਬਹੁਤ ਕ੍ਰੋਧ ਵਧਾ ਕੇ ਆ ਪਏ ਹਨ।

ਰੋਸ ਭਰੇ ਭਟ ਠੋਕਿ ਭੁਜਾ ਕਬਿ ਸ੍ਯਾਮ ਕਹੈ ਅਤਿ ਕ੍ਰੋਧਤ ਹ੍ਵੈ ਕੈ ॥

ਕਵੀ ਸ਼ਿਆਮ ਕਹਿੰਦੇ ਹਨ, ਰੋਸ ਨਾਲ ਭਰ ਕੇ, ਭੁਜਾਵਾਂ ਨੂੰ ਠੋਕਦੇ ਹੋਏ ਅਤੇ ਬਹੁਤ ਕ੍ਰੋਧਿਤ ਹੋ ਕੇ ਸੂਰਮਿਆਂ ਨੇ (ਹੱਲਾ ਕਰ ਦਿੱਤਾ ਹੈ)।

ਭੇਰਿ ਘਨੀ ਸਹਨਾਇ ਸਿੰਗੇ ਰਨ ਦੁੰਦਭਿ ਅਉ ਅਤਿ ਤਾਲ ਬਜੈ ਕੈ ॥

ਬਹੁਤ ਸਾਰੀਆਂ ਭੇਰੀਆਂ, ਸ਼ਹਿਨਾਈਆਂ, ਰਣਸਿੰਗੇ, ਨਗਾਰੇ ਅਤੇ ਛੈਣੇ ਵਜਾਉਂਦੇ ਹੋਏ (ਆ ਗਏ ਹਨ)।

ਸੋ ਜਦੁਬੀਰ ਸਰਾਸਨ ਲੈ ਛਿਨ ਬੀਚ ਦਏ ਜਮਲੋਕਿ ਪਠੈ ਕੈ ॥੧੯੯੪॥

ਸ੍ਰੀ ਕ੍ਰਿਸ਼ਨ ਨੇ ਧਨੁਸ਼ ਲੈ ਕੇ ਛਿਣ ਭਰ ਵਿਚ ਉਨ੍ਹਾਂ ਨੂੰ ਯਮਲੋਕ ਭੇਜ ਦਿੱਤਾ ਹੈ ॥੧੯੯੪॥

ਜੋ ਭਟ ਕਾਹੂੰ ਤੇ ਨੈਕੁ ਡਰੇ ਨਹਿ ਸੋ ਰਿਸ ਕੈ ਤਿਹ ਸਾਮੁਹੇ ਆਏ ॥

ਜਿਹੜੇ ਯੁੱਧਵੀਰ ਕਿਸੇ ਤੋਂ ਕਦੇ ਜ਼ਰਾ ਜਿੰਨੇ ਵੀ ਪਿਛੇ ਨਹੀਂ ਹਟੇ ਸਨ, ਉਹ ਕ੍ਰੋਧਵਾਨ ਹੋ ਕੇ ਉਸ ਦੇ ਸਾਹਮਣੇ ਆਏ ਹਨ।

ਗਾਲ ਬਜਾਇ ਬਜਾਇ ਕੈ ਦੁੰਦਭਿ ਜਿਉ ਘਨ ਸਾਵਨ ਕੇ ਘਹਰਾਏ ॥

ਬਕਰੇ ਬੁਲਾ ਕੇ ਅਤੇ ਨਗਾਰੇ ਵਜਾ ਕੇ ਸਾਵਣ ਦੇ ਬਦਲਾਂ ਵਾਂਗ ਗਰਜ ਰਹੇ ਹਨ।

ਸ੍ਰੀ ਜਦੁਬੀਰ ਕੇ ਬਾਨ ਛੁਟੇ ਨ ਟਿਕੇ ਪਲ ਏਕ ਤਹਾ ਠਹਰਾਏ ॥

ਸ੍ਰੀ ਕ੍ਰਿਸ਼ਨ ਦੇ ਬਾਣਾਂ ਦੇ ਛੁਟਦਿਆਂ ਹੀ (ਉਹ) ਇਕ ਪਲ ਲਈ ਵੀ ਉਥੇ ਠਹਿਰ ਨਹੀਂ ਸਕੇ ਹਨ।

ਏਕ ਪਰੇ ਹੀ ਕਰਾਹਤ ਬੀਰ ਬਲੀ ਇਕ ਅੰਤ ਕੇ ਧਾਮਿ ਸਿਧਾਏ ॥੧੯੯੫॥

ਕਈ ਬਲਵਾਨ ਸੂਰਮੇ (ਉਥੇ) ਪਏ ਹੋਏ ਕਰਾਹ ਰਹੇ ਹਨ ਅਤੇ ਕਈ ਇਕ ਯਮਲੋਕ ਨੂੰ ਚਲੇ ਗਏ ਹਨ ॥੧੯੯੫॥

ਐਸੀ ਨਿਹਾਰਿ ਦਸਾ ਦਲ ਕੀ ਸਿਸੁਪਾਲ ਤਬੈ ਰਿਸ ਆਪਹਿ ਆਯੋ ॥

(ਆਪਣੀ) ਸੈਨਾ ਦੀ ਅਜਿਹੀ ਦਸ਼ਾ ਵੇਖ ਕੇ ਸ਼ਿਸ਼ੁਪਾਲ ਕ੍ਰੋਧਿਤ ਹੋ ਕੇ ਖ਼ੁਦ (ਯੁੱਧ ਕਰਨ ਲਈ) ਨਿਤਰ ਆਇਆ।

ਆਇ ਕੈ ਸ੍ਯਾਮ ਸੋ ਐਸੋ ਕਹਿਓ ਨ ਜਰਾਸੰਧਿ ਹਉ ਜੋਊ ਤੋਹਿ ਭਗਾਯੋ ॥

(ਉਸ ਨੇ) ਆ ਕੇ ਸ੍ਰੀ ਕ੍ਰਿਸ਼ਨ ਨੂੰ ਇੰਜ ਕਿਹਾ, ਮੈਂ ਜਰਾਸੰਧ ਨਹੀਂ, ਜਿਸ ਨੂੰ ਤੂੰ ਭਜਾਇਆ ਸੀ।

ਯੌ ਬਤੀਯਾ ਕਹਿ ਕੈ ਕਸ ਕੈ ਧਨੁ ਕਾਨ ਪ੍ਰਮਾਨ ਲਉ ਬਾਨ ਚਲਾਯੋ ॥

ਇਸ ਤਰ੍ਹਾਂ ਗੱਲ ਕਹਿ ਕੇ ਧਨੁਸ਼ ਕਸ ਕੇ ਕੰਨ ਤਕ ਖਿਚ ਕੇ ਬਾਣ ਚਲਾ ਦਿੱਤਾ।


Flag Counter