ਤਦ ਜਮਨਾ ਨੇ ਅਰਜਨ ਨੂੰ ਇਸ ਤਰ੍ਹਾਂ ਕਹਿ ਕੇ ਸੁਣਾਇਆ
ਕਿ ਕ੍ਰਿਸ਼ਨ ਨੂੰ ਵਰਨ ਦੀ ਮਨ ਵਿੱਚ ਇੱਛਾ ਕਰ ਕੇ ਮੈਂ ਇੱਥੇ ਆ ਕੇ ਤਪੱਸਿਆ ਕੀਤੀ ਹੈ ॥੨੦੯੪॥
ਅਰਜਨ ਨੇ ਕ੍ਰਿਸ਼ਨ ਜੀ ਨੂੰ ਕਿਹਾ:
ਸਵੈਯਾ:
ਤਦ ਅਰਜਨ ਨੇ ਆ ਕੇ ਅਤੇ ਸਿਰ ਨਿਵਾ ਕੇ ਕ੍ਰਿਸ਼ਨ ਜੀ ਨੂੰ ਇਸ ਤਰ੍ਹਾਂ ਬਚਨ ਕਹੇ,
ਹੇ ਸ੍ਰੀ ਕ੍ਰਿਸ਼ਨ ਜੀ! ਇਹ ਸੂਰਜ ਦੀ ਪੁੱਤਰੀ ਹੈ, ਇਸ ਦਾ ਨਾਂ ਜਮਨਾ ਸਾਰੇ ਜਗਤ ਵਿਚ ਪ੍ਰਗਟ ਹੈ।
(ਸ੍ਰੀ ਕ੍ਰਿਸ਼ਨ ਨੇ ਪੁਛਿਆ ਕਿ) ਇਸ ਨੇ ਕਿਸ ਲਈ ਤਪੀਸਰ ਵਾਲਾ ਭੇਸ ਕੀਤਾ ਹੋਇਆ ਹੈ ਅਤੇ ਘਰ ਦੇ ਸਾਰੇ ਕੰਮ (ਕਿਉਂ) ਵਿਸਾਰੇ ਹੋਏ ਹਨ?
ਅਰਜਨ ਨੇ ਇਸ ਤਰ੍ਹਾਂ ਉੱਤਰ ਦਿੱਤਾ, ਹੇ ਸ੍ਰੀ ਕ੍ਰਿਸ਼ਨ! ਸੁਣੋ, ਤੁਹਾਨੂੰ ਵਰਨ ਲਈ (ਇਸ ਨੇ ਇਹ ਸਭ ਕੁਝ ਕਰ ਰਖਿਆ ਹੈ) ॥੨੦੯੫॥
ਅਰਜਨ ਦੀ ਗੱਲ ਸੁਣ ਕੇ, (ਜਮਨਾ ਦੀ) ਬਾਂਹ ਪਕੜ ਕੇ (ਸ੍ਰੀ ਕ੍ਰਿਸ਼ਨ ਨੇ) ਰਥ ਉਤੇ ਚੜ੍ਹਾ ਲਿਆ।
ਜਿਸ ਦਾ ਮੂੰਹ ਚੰਦ੍ਰਮਾ ਵਾਂਗ ਚਮਕਦਾ ਸੀ ਅਤੇ ਦੋਹਾਂ ਗੱਲ੍ਹਾਂ ਉਤੇ ਨੂਰ ਦਗ ਰਿਹਾ ਸੀ।
(ਸ੍ਰੀ ਕ੍ਰਿਸ਼ਨ ਨੇ) ਉਸ ਉਤੇ ਬਹੁਤ ਕ੍ਰਿਪਾ ਕਰ ਦਿੱਤੀ, ਅਜਿਹੀ ਕ੍ਰਿਪਾ ਸ੍ਰੀ ਕ੍ਰਿਸ਼ਨ ਨੇ (ਪਹਿਲਾਂ) ਹੋਰ ਕਿਸੇ ਉਤੇ ਨਹੀਂ ਕੀਤੀ।
(ਸ੍ਰੀ ਕ੍ਰਿਸ਼ਨ ਉਸ ਨੂੰ) ਆਪਣੇ ਘਰ ਲੈ ਆਏ। ਇਸ ਤਰ੍ਹਾਂ ਦੀ ਇਹ ਕਥਾ ਧਰਤੀ ਉਤੇ ਸਭ ਨੂੰ ਮਾਲੂਮ ਹੈ ॥੨੦੯੬॥
ਜਦ ਜਮਨਾ ਨੂੰ ਰਥ ਉਤੇ ਚੜ੍ਹਾ ਕੇ ਸ੍ਰੀ ਕ੍ਰਿਸ਼ਨ (ਆਪਣੇ) ਡੇਰੇ ਨੂੰ ਆਏ।
(ਤਾਂ ਉਸ ਨਾਲ) ਵਿਆਹ (ਕਰਨ ਲਈ ਜੁੜੀ) ਸਭਾ ਵਿਚ ਰਾਜਾ ਯੁਧਿਸ਼ਠਰ (ਸ੍ਰੀ ਕ੍ਰਿਸ਼ਨ ਦੇ) ਪੈਰਾਂ ਨਾਲ ਲਿਪਟ ਗਿਆ ਅਤੇ (ਕਹਿ ਕੇ) ਸੁਣਾਇਆ,
ਹੇ ਸ੍ਰੀ ਕ੍ਰਿਸ਼ਨ ਜੀ! ਜਿਸ ਤਰ੍ਹਾਂ ਤੁਸੀਂ ਦੁਆਰਿਕਾ (ਨਗਰ) ਦੀ ਰਚਨਾ ਕੀਤੀ ਹੈ, ਉਸੇ ਤਰ੍ਹਾਂ ਦਾ ਮੇਰਾ ਨਗਰ ਵੀ ਬਣਵਾ ਦਿਓ।
(ਬੇਨਤੀ ਸੁਣ ਕੇ) ਸ੍ਰੀ ਕ੍ਰਿਸ਼ਨ ਜੀ ਨੇ ਵਿਸ਼ਵਕਰਮਾ ਨੂੰ (ਨਗਰ ਬਣਾਉਣ ਦੀ) ਆਗਿਆ ਦਿੱਤੀ ਅਤੇ ਉਸ ਨੇ ਉਸੇ ਤਰ੍ਹਾਂ ਦਾ (ਨਗਰ) ਬਣਾ ਦਿੱਤਾ ॥੨੦੯੭॥
ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦਾ ਸ਼ਿਕਾਰ ਖੇਡਣ ਅਤੇ ਜਮਨਾ ਨੂੰ ਵਿਆਹੁਣ ਦਾ ਪ੍ਰਸੰਗ ਸਮਾਪਤ ॥
ਉਜੈਨ ਰਾਜੇ ਦੀ ਪੁੱਤਰੀ ਦੇ ਵਿਆਹ ਦਾ ਕਥਨ
ਸਵੈਯਾ:
ਪੰਡੁ ਦੇ ਪੁੱਤਰਾਂ ਅਤੇ ਕੁੰਤੀ ਤੋਂ ਵਿਦਾਇਗੀ ਲੈ ਕੇ ਸ੍ਰੀ ਕ੍ਰਿਸ਼ਨ ਤੁਰ ਪਏ।
ਕਵੀ ਸ਼ਿਆਮ ਕਹਿੰਦੇ ਹਨ, ਜਿਥੇ ਉਜੈਨ ਨਗਰ ਦਾ ਰਾਜਾ (ਰਹਿੰਦਾ ਸੀ) ਉਸ ਕੋਲ (ਸ੍ਰੀ ਕ੍ਰਿਸ਼ਨ) ਚਲ ਕੇ ਆ ਗਏ।
ਉਸ ਦੀ ਪੁੱਤਰੀ ਨੂੰ ਵਿਆਹੁਣ ਲਈ ਦੁਰਯੋਧਨ ਦਾ ਚਿਤ ਵੀ ਲੁਭਾਇਆ ਸੀ।
ਇਸ ਲਈ ਚੰਗੀ ਤਰ੍ਹਾਂ ਆਪਣੀ ਸੈਨਾ ਤਿਆਰ ਕਰ ਕੇ, ਉਸ ਨੂੰ ਵਿਆਹੁਣ ਲਈ ਇਧਰੋਂ ਇਹ (ਦੁਰਯੋਧਨ) ਵੀ ਚੜ੍ਹ ਕੇ ਆ ਗਿਆ ॥੨੦੯੮॥
ਉਧਰੋਂ ਦੁਰਯੋਧਨ ਸੈਨਾ ਤਿਆਰ ਕਰ ਕੇ ਆ ਗਿਆ ਅਤੇ ਇਧਰੋਂ ਸ੍ਰੀ ਕ੍ਰਿਸ਼ਨ ਉਸ ਨਗਰ ਵਿਚ ਆ ਗਏ।