(ਉਨ੍ਹਾਂ ਦੇ) ਪੁੱਤਰਾਂ ਤਕ ਅਤੇ ਪੋਤਰਿਆਂ ਤਕ ਅਤੇ ਉਨ੍ਹਾਂ ਦੇ ਘਰ ਦੇ ਹੋਰ ਲੋਕ (ਫਿਰ) ਕਿਸੇ ਪਾਸੋਂ ਮੰਗਣ ਲਈ ਨਹੀਂ ਗਏ।
ਯੱਗ ਨੂੰ ਸੰਪੂਰਨ ਕਰਾ ਕੇ ਅਤੇ ਸੁਖ ਪੂਰਵਕ ਸਾਰੇ ਮਿਲ ਕੇ (ਆਪਣਿਆਂ) ਡੇਰਿਆਂ ਵਿਚ ਆ ਗਏ ॥੨੩੫੪॥
ਦੋਹਰਾ:
ਜਦ ਪ੍ਰਵੀਨ ਰਾਜਾ (ਯੁਧਿਸ਼ਠਰ) ਆਪਣੇ ਘਰ ਨੂੰ ਆਇਆ,
ਤਾਂ ਯੱਗ ਦੇ ਕਾਰਜ ਲਈ ਜਿਤਨੇ ਵੀ ਬੁਲਾਏ ਹੋਏ ਸਨ (ਉਨ੍ਹਾਂ ਨੂੰ) ਵਿਦਾ ਕਰ ਦਿੱਤਾ ॥੨੩੫੫॥
ਸਵੈਯਾ:
ਸ੍ਰੀ ਕ੍ਰਿਸ਼ਨ ਆਪਣੀਆਂ ਸਾਰੀਆਂ ਇਸਤਰੀਆਂ ਸਹਿਤ ਉਥੇ ਬਹੁਤ ਸਾਰੇ ਦਿਨ ਰਹੇ।
ਜਿਨ੍ਹਾਂ ਦੀ ਸੋਨੇ ਵਰਗੀ ਦੇਹ ਚਮਕਦੀ ਹੈ ਅਤੇ ਉਨ੍ਹਾਂ ਨੂੰ ਕਾਮਦੇਵ ਵੀ ਵੇਖ ਕੇ ਲਜਿਤ ਹੁੰਦਾ ਹੈ।
ਜਿਸ ਨੇ ਆਪਣੇ ਸਾਰੇ ਅੰਗਾਂ ਉਤੇ ਜ਼ੇਵਰ ਸਜਾਏ ਹੋਏ ਹਨ, ਉਹ ਦ੍ਰੋਪਤੀ ਸਿਰ ਨਿਵਾ ਕੇ (ਉਥੇ) ਆ ਗਈ ਹੈ।
(ਅਤੇ ਸਭ ਨੂੰ ਪੁਛਦੀ ਹੈ) ਤੁਹਾਨੂੰ ਕ੍ਰਿਸ਼ਨ ਨੇ ਕਿਸ ਤਰ੍ਹਾਂ ਵਿਆਹਿਆ ਹੈ। ਤੁਸੀਂ ਮੈਨੂੰ ਆਨੰਦ ਪੂਰਵਕ (ਸਾਰਾ ਬ੍ਰਿੱਤਾਂਤ) ਦਸੋ ॥੨੩੫੬॥
ਦੋਹਰਾ:
ਜਦ ਦ੍ਰੋਪਦੀ ਨੇ ਪ੍ਰੇਮ ਵਧਾ ਕੇ ਉਨ੍ਹਾਂ ਨੂੰ ਇਸ ਤਰ੍ਹਾਂ ਪੁਛਿਆ
ਤਾਂ ਉਨ੍ਹਾਂ ਨੇ ਆਪਣੀ ਆਪਣੀ ਬਿਰਥਾ ਕਹਿ ਕੇ ਸੁਣਾ ਦਿੱਤੀ ॥੨੩੫੭॥
ਸਵੈਯਾ:
ਯੁਧਿਸ਼ਠਰ ਦਾ ਯੱਗ ਵੇਖ ਕੇ ਕੌਰਵਾਂ ਨੇ ਮਨ ਵਿਚ ਕ੍ਰੋਧ ਨੂੰ ਵਸਾ ਲਿਆ।
(ਉਥੇ ਸਾਰੇ ਕਹਿੰਦੇ ਸਨ) ਪੰਡੁ (ਰਾਜੇ) ਦੇ ਪੁੱਤਰਾਂ ਨੇ ਯੱਗ ਕੀਤਾ ਹੈ ਜਿਸ ਕਰ ਕੇ ਉਨ੍ਹਾਂ ਦਾ ਜਗਤ ਵਿਚ ਯਸ਼ ਪਸਰ ਗਿਆ ਹੈ।
ਇਸ ਤਰ੍ਹਾਂ ਦਾ ਯਸ਼ ਲੋਕ (ਭਾਵ ਜਗਤ) ਵਿਚ ਸਾਡਾ ਨਹੀਂ ਹੋਇਆ। (ਕਵੀ) ਸ਼ਿਆਮ (ਕਹਿ ਕੇ) ਸੁਣਾਉਂਦੇ ਹਨ
ਕਿ ਨਾ ਭੀਸ਼ਮ ਕੋਲੋਂ, ਨਾ ਸੂਰਜ ਦੇ ਪੁੱਤਰ (ਕਰਨ) ਪਾਸੋਂ ਅਤੇ ਨਾ ਹੀ ਸਾਡੇ ਕੋਲੋਂ ਅਜਿਹਾ ਯੱਗ ਹੋਇਆ ਹੈ ॥੨੩੫੮॥
ਇਥੇ ਸ੍ਰੀ ਦਸਮ ਸਕੰਧ ਪੁਰਾਣ, ਬਚਿਤ੍ਰ ਨਾਟਕ ਗ੍ਰੰਥ ਦੇ ਕ੍ਰਿਸ਼ਨਾਵਤਾਰ ਦੇ ਰਾਜਸੂ ਯੱਗ ਦੀ ਸਮਾਪਤੀ।
ਯੁਧਿਸ਼ਠਰ ਦਾ ਸਭਾ ਬਣਾਉਣ ਦਾ ਕਥਨ:
ਸਵੈਯਾ:
'ਮਯ' ਨਾਂ ਦਾ ਇਕ ਦੈਂਤ ਸੀ। ਉਸ ਨੇ ਆ ਕੇ ਇਕ ਸੁੰਦਰ ਸਭਾ ਬਣਾਈ,
(ਉਸ ਦੇ ਸਾਹਮਣੇ) ਇੰਦਰਪੁਰੀ ਲਜਿਤ ਹੋ ਰਹੀ ਹੈ; ਇਸ ਪ੍ਰਕਾਰ ਦੀ ਸੁੰਦਰਤਾ ਇਸ ਧਰਤੀ ਉਤੇ ਆ ਗਈ।
ਸ੍ਰੀ ਕ੍ਰਿਸ਼ਨ ਅਤੇ ਚੌਹਾਂ ਭਰਾਵਾਂ ਨੂੰ ਨਾਲ ਲੈ ਕੇ ਰਾਜਾ ਯੁਧਿਸ਼ਠਰ ਉਥੇ ਬੈਠਾ ਸ਼ੋਭਾ ਪਾ ਰਿਹਾ ਹੈ।
(ਕਵੀ) ਸ਼ਿਆਮ ਕਹਿੰਦੇ ਹਨ, ਉਸ ਦੀ ਆਭਾ (ਭਾਵ ਸੁੰਦਰਤਾ) ਦੀ ਉਪਮਾ ਮੂੰਹ ਤੋਂ ਵਰਣਨ ਨਹੀਂ ਕੀਤੀ ਜਾ ਸਕਦੀ ॥੨੩੫੯॥
ਕਿਤੇ ਚਾਦਰ (ਵਰਗੀਆਂ) ਛੱਤਾਂ ਵਿਚੋਂ ਪਾਣੀ ਟਪਕ ਰਿਹਾ ਹੈ ਅਤੇ ਕਈ ਥਾਂਵਾਂ ਤੇ ਫ਼ਵਾਰੇ ਚਲ ਰਹੇ ਹਨ।
ਕਿਧਰੇ ਪਹਿਲਵਾਨ ਘੁਲ ਰਹੇ ਹਨ ਅਤੇ ਕਿਤੇ ਮਸਤ ਹਾਥੀ (ਲੜ ਰਹੇ ਹਨ) ਅਤੇ (ਕਿਧਰੇ) ਵੇਸਵਾਵਾਂ ਅਖਾੜਿਆਂ ਵਿਚ ਨਚ ਰਹੀਆਂ ਹਨ।
ਕਿਤੇ ਬਾਜ਼ ਲੜ ਰਹੇ ਹਨ ਅਤੇ ਕਿਧਰੇ ਸਾਜ ਸਜਾਏ ਜਾ ਰਹੇ ਹਨ (ਅਰਥਾਤ ਸਜਾਵਟ ਹੋ ਰਹੀ ਹੈ) ਅਤੇ ਕਿਤੇ ਤਕੜੀ ਡੀਲ ਡੌਲ ਵਾਲੇ ਸ਼ੂਰਵੀਰ ਸੋਭਾ ਪਾ ਰਹੇ ਹਨ।
(ਕਵੀ) ਸ਼ਿਆਮ ਕਹਿੰਦੇ ਹਨ, ਉਥੇ ਸ੍ਰੀ ਕ੍ਰਿਸ਼ਨ ਇਸ ਤਰ੍ਹਾਂ ਸ਼ੋਭਾ ਪਾ ਰਹੇ ਹਨ ਜਿਵੇਂ ਤਾਰਿਆਂ ਵਿਚ ਚੰਦ੍ਰਮਾ (ਸ਼ੋਭਾ ਪਾਉਂਦਾ ਹੈ) ॥੨੩੬੦॥
ਕਿਤੇ ਹੀਰਿਆਂ ਦੀ ਜੋਤਿ ਪ੍ਰਕਾਸ਼ਮਾਨ ਹੈ, ਕਿਤੇ ਲਾਲਾਂ ਨਾਲ ਜੜ੍ਹੇ ਮੰਦਿਰ (ਭਵਨ) ਸ਼ੋਭਾ ਪਾ ਰਹੇ ਹਨ।
ਨਾਗਾਂ ਦੀ ਨਗਰੀ ਅਤੇ ਦੇਵਤਿਆਂ ਦੀ ਪੁਰੀ ਜਿਸ ਦੀ ਸੁੰਦਰਤਾ ਨੂੰ ਵੇਖ ਕੇ ਸਿਰ ਨੀਵਾਂ ਕਰ ਲੈਂਦੀਆਂ ਹਨ।
ਜਿਸ ਨੂੰ ਵੇਖ ਕੇ ਬ੍ਰਹਮਾ ਰੀਝ ਰਿਹਾ ਹੈ ਅਤੇ (ਜਿਸ ਦੀ) ਪ੍ਰਭਾ ਨੂੰ ਤਕ ਕੇ ਸ਼ਿਵ ਲਲਚਾ ਰਿਹਾ ਹੈ।
ਜਿਥੇ ਧਰਤੀ ਹੈ, ਉਥੇ ਜਲ ਪ੍ਰਤੀਤ ਹੁੰਦਾ ਹੈ ਅਤੇ ਜਿਥੇ ਜਲ ਹੈ (ਉਹ) ਪਛਾਣ ਵਿਚ ਨਹੀਂ ਆਉਂਦਾ ॥੨੩੬੧॥
ਯੁਧਿਸ਼ਠਰ ਨੇ ਦੁਰਯੋਧਨ ਨੂੰ ਕਿਹਾ:
ਸਵੈਯਾ:
ਇਸ ਤਰ੍ਹਾਂ ਦੀ ਸਭਾ ਬਣਵਾ ਕੇ ਯੁਧਿਸ਼ਠਰ ਨੇ ਧ੍ਰਿਤਰਾਸ਼ਟਰ ਦੇ ਪੁੱਤਰ (ਦੁਰਯੋਧਨ) ਨੂੰ ਬੁਲਵਾ ਲਿਆ।
ਸੂਰਜ ਦੇ ਪੁੱਤਰ (ਕਰਨ) ਅਤੇ ਭੀਸ਼ਮ ਨੂੰ ਨਾਲ ਲੈ ਕੇ ਉਹ ਅਭਿਮਾਨ ਦਾ ਭਰਿਆ ਹੋਇਆ ਆਇਆ।
ਜਿਥੇ ਧਰਤੀ ਸੀ, ਉਥੇ (ਉਸ ਨੇ) ਜਲ ਸਮਝਿਆ ਅਤੇ ਜਿਥੇ ਜਲ ਸੀ, ਉਥੇ ਭੂਮੀ ਸਮਝੀ।
ਕਵੀ ਸ਼ਿਆਮ ਕਹਿੰਦੇ ਹਨ, (ਉਹ) ਨਿਸੰਗ ਪਾਣੀ ਵਿਚ ਡਿਗਿਆ (ਕਿਉਂਕਿ ਉਹ ਜਲ ਅਤੇ ਧਰਤੀ ਦੇ) ਭੇਦ ਨੂੰ ਨਾ ਸਮਝ ਸਕਿਆ ॥੨੩੬੨॥
ਜਦੋਂ (ਦੁਰਯੋਧਨ) ਜਾ ਕੇ ਸਰੋਵਰ ਵਿਚ ਡਿਗ ਪਿਆ ਅਤੇ ਫਿਰ ਬਸਤ੍ਰ ਸਮੇਤ ਉਸ ਦਾ ਸ਼ਰੀਰ (ਪਾਣੀ ਵਿਚ) ਡੁਬ ਗਿਆ।
ਡੁਬ ਕੇ ਜਦੋਂ (ਬਾਹਰ) ਨਿਕਲਿਆ ਤਾਂ ਉਸ ਰਾਜੇ ਨੇ ਚਿਤ ਵਿਚ ਬਹੁਤ ਕ੍ਰੋਧ ਕੀਤਾ ਹੋਇਆ ਸੀ।
ਸ੍ਰੀ ਕ੍ਰਿਸ਼ਨ ਨੇ (ਕਿਸੇ ਪਹਿਲਾਂ ਦੀ ਚੜ੍ਹਾਈ ਹੋਈ ਵਰੀ ਦੇ) ਭਾਰ ਨੂੰ ਉਤਾਰਨ ਲਈ ਅੱਖ ਨਾਲ ਭੀਮ ਨੂੰ ਸੰਕੇਤ ਕੀਤਾ।
ਉਹ (ਭੀਮ) ਇਸ ਤਰ੍ਹਾਂ ਨਾਲ ਬੋਲ ਉਠਿਆ, ਓਏ! ਅੰਨ੍ਹੇ ਦਾ ਪੁੱਤਰ ਅੰਨ੍ਹਾ ਹੀ ਜਮਿਆ ਹੈ ॥੨੩੬੩॥
ਜਦ ਭੀਮ ਨੇ ਉਸ ਨਾਲ ਇਸ ਤਰ੍ਹਾਂ ਦਾ ਹਾਸਾ ਕੀਤਾ, ਤਾਂ ਰਾਜਾ (ਦੁਰਯੋਧਨ) ਚਿਤ ਵਿਚ ਬਹੁਤ ਕ੍ਰੋਧਵਾਨ ਹੋ ਗਿਆ।
ਮੈਨੂੰ ਪੰਡੁ ਦੇ ਪੁੱਤਰ ਨੇ ਮਜ਼ਾਕ ਕੀਤਾ ਹੈ, (ਇਸ ਲਈ) ਹੁਣੇ ਹੀ ਇਸ ਦਾ ਬਧ ਕਰਦਾ ਹਾਂ, (ਇਹ ਵਿਚਾਰ ਉਸ ਦੇ) ਮਨ ਵਿਚ ਆਇਆ।
ਭੀਸ਼ਮ ਅਤੇ ਦ੍ਰੋਣਾਚਾਰਯ ਮਨ ਵਿਚ ਕ੍ਰੋਧਿਤ ਹੋਏ, (ਪਰ) ਸ੍ਰੀ ਕ੍ਰਿਸ਼ਨ ਨੇ ਕਹਿ ਕੇ ਸੁਣਾਇਆ ਕਿ ਭੀਮ ਮੂਰਖ ਹੋ ਗਿਆ ਹੈ।
(ਰੋਸ ਨਾਲ ਭਰਿਆ ਦੁਰਯੋਧਨ) ਆਪਣੇ ਘਰ ਨੂੰ ਪਰਤ ਗਿਆ ਅਤੇ ਇਸ ਸਭਾ ਵਿਚ ਫਿਰ (ਕਦੇ ਨ) ਆਇਆ ॥੨੩੬੪॥
ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ ਕ੍ਰਿਸਨਾਵਤਾਰ ਦਾ 'ਦੁਰਯੋਧਨ ਸਭਾ ਨੂੰ ਵੇਖ ਕੇ ਘਰ ਗਿਆ' ਅਧਿਆਇ ਦੀ ਸਮਾਪਤੀ।