ਸਵੈਯਾ:
ਮਾਘ (ਮਹੀਨੇ) ਦੇ ਬੀਤਣ ਤੋਂ ਬਾਦ ਫਗਣ ਰੁਤ ਆ ਗਈ, ਸਾਰੇ ਹੋਲੀ ਖੇਡਣ ਲਗੇ ਹਨ।
(ਉਹ) ਗੀਤ ਗਾਉਂਦੇ ਹਨ, ਤਾੜੀਆਂ ਵਜਾਉਂਦੇ ਹਨ, ਬਾਲਕ ਮਿਲ ਕੇ ਮੂੰਹੋਂ (ਹੋਲੀ ਦਾ) 'ਭੜੂਆ' ਕਹਿੰਦੇ ਹਨ।
ਛੋਟੀ ਉਮਰ ਦੇ (ਬਾਲਕ) ਅਲਤਾ (ਗੁਲਾਲ) ਪਾਉਂਦੇ ਹਨ, ਪਿਚਕਾਰੀਆਂ ਨਾਲ (ਰੰਗ) ਛਿੜਕਦੇ ਹਨ।
ਸ਼ਿਆਮ (ਕਵੀ ਕਹਿੰਦੇ ਹਨ) ਸੁੰਦਰ ਸਾਂਵਲ ਗੋਰੀ ਮੂਰਤ (ਕ੍ਰਿਸ਼ਨ ਤੇ ਬਲਰਾਮ) ਮਿਲ ਕੇ ਮਹਾਨ ਅਤੇ ਅਦੁੱਤੀ ਧਮਾਰ ਖੇਡਦੇ ਹਨ ॥੨੨੫॥
ਬਸੰਤ ਰੁੱਤ ਦਾ ਅੰਤ ਹੋ ਗਿਆ ਅਤੇ ਗ੍ਰੀਖਮ ਰੁਤ ਆ ਗਈ ਤਾਂ ਕ੍ਰਿਸ਼ਨ ਨੇ ਖੇਡ ਮਚਾਈ।
ਕਾਨ੍ਹ (ਤੇ ਬਲਰਾਮ) ਆਪ ਦੋਹਾਂ ਟੋਲਿਆਂ ਦੇ ਮੁਖੀ ਬਣੇ ਅਤੇ ਦੋਹਾਂ ਦਿਸ਼ਾਂ ਦੇ (ਲੜਕਿਆਂ ਨੇ) ਸੁਖ ਪ੍ਰਾਪਤ ਕੀਤਾ।
(ਇਕ) ਪ੍ਰਲੰਬ ਨਾਂ ਦਾ ਦੈਂਤ ਬਹੁਤ ਕਪਟੀ ਸੀ। ਤਦੋਂ (ਉਸ ਨੇ) ਮੁੰਡੇ ਦਾ ਰੂਪ ਧਾਰ ਲਿਆ ਅਤੇ ਕਿਸੇ ਤੋਂ ਪਛਾਣਿਆ ਨਾ ਗਿਆ।
(ਪ੍ਰਲੰਬ) ਬਲਰਾਮ ਨੂੰ ਮੋਢੇ ਉਤੇ ਚੜ੍ਹਾ ਕੇ ਉਡ ਚਲਿਆ। (ਉਸ ਨੂੰ ਬਲਰਾਮ ਨੇ) ਮੁੱਕੇ ਮਾਰ ਮਾਰ ਕੇ ਧਰਤੀ ਉਤੇ ਡਿਗਾ ਦਿੱਤਾ ॥੨੨੬॥
ਕ੍ਰਿਸ਼ਨ ('ਕੇਸਵ') ਤੇ ਬਲਰਾਮ ਦੋਵੇਂ ਮੁੱਖੀ ਬਣੇ ਅਤੇ ਤਦੋਂ ਹੋਰ ਸਾਰੇ ਪਿਆਰੇ ਬਾਲਕ ਦੋ ਟੋਲੀਆਂ ਵਿਚ ਹੋ ਗਏ।
(ਪ੍ਰਲੰਬ) ਦੈਂਤ ਕ੍ਰਿਸ਼ਨ ਨਾਲ ਮਿਕਿਆ, ਖੇਡ ਵਿਚ ਬਲਰਾਮ ਜਿਤ ਗਿਆ ਅਤੇ ਕ੍ਰਿਸ਼ਨ ਹਾਰ ਗਿਆ।
ਤਾਂ ਕ੍ਰਿਸ਼ਨ ਨੇ ਕਿਹਾ ਆਓ (ਤੇ ਮੇਰੇ ਉਤੇ) ਚੜ੍ਹੋ। (ਬਲਰਾਮ ਨੇ) ਕਿਹਾ (ਮੈਂ ਤੇਰੇ ਉਤੇ) ਨਹੀਂ ਚੜ੍ਹਦਾ, ਕਿਉਂਕਿ ਤੂੰ ਮੇਰਾ ਭਾਰ ਨਹੀਂ ਚੁਕ ਸਕੇਂਗਾ, (ਤਦ ਬਲਰਾਮ ਪ੍ਰਲੰਬ ਦੇ) ਸ਼ਰੀਰ ਉਤੇ ਚੜ੍ਹਿਆ (ਤਾਂ ਉਹ ਲੈ ਕੇ ਹੀ ਉਡ ਚਲਿਆ)।
(ਉਸ ਵੱਡੇ ਸੂਰਮੇ ਬਲਰਾਮ ਨੇ) ਉਸ ਨੂੰ ਮੁਕਿਆਂ ਨਾਲ ਹੀ ਮਾਰ ਕੇ ਧਰਤੀ ਉਤੇ ਡੇਗ ਦਿੱਤਾ ॥੨੨੭॥
ਇਥੇ ਸ੍ਰੀ ਬਚਿਤ੍ਰ ਨਾਟਕ ਦੇ ਕ੍ਰਿਸਨਾਵਤਾਰ ਦਾ ਪ੍ਰਲੰਬ ਦੈਂਤ ਬਧਹਿ ਪ੍ਰਸੰਗ ਸਮਾਪਤ।
ਹੁਣ ਲੁਕਣ-ਮੀਟੀ ਖੇਡ ਦਾ ਕਥਨ:
ਸਵੈਯਾ:
ਜਦ ਬਲਰਾਮ ਨੇ ਪ੍ਰਲੰਬ ਮਾਰ ਲਿਆ, ਤਦ ਕ੍ਰਿਸ਼ਨ (ਨੇ ਆਪਣੀਆਂ) ਗਊਆਂ ਦਾ ਖ਼ਿਆਲ ਕੀਤਾ।
ਉਸੇ ਵੇਲੇ ਗਊਆਂ ਵੱਛਿਆਂ ਦੇ ਮੂੰਹ ਚੁੰਮਣ ਲਗ ਪਈਆਂ ਜੋ ਉਨ੍ਹਾਂ ਦੀਆਂ ਮਾਂਵਾਂ ਸਨ।
(ਗਊਆਂ ਦਾ ਮੋਹ ਵੇਖ ਕੇ) ਕ੍ਰਿਸ਼ਨ ਉਸ ਵੇਲੇ ਪ੍ਰਸੰਨ ਹੋਇਆ, ਤਦ ਲੁਕਣ-ਮਿੱਟੀ ਦੀ ਖੇਡ ਖੇਡਣੀ ਸ਼ੁਰੂ ਕਰ ਦਿੱਤੀ।
ਉਸ ਵੇਲੇ ਦੀ ਛਬਿ ਦੀ ਉਪਮਾ ਕਵੀ ਦੇ ਮਨ ਵਿਚ ਕਈ ਤਰ੍ਹਾਂ ਨਾਲ ਭਾਈ ਹੈ ॥੨੨੮॥
ਕਬਿੱਤ:
(ਇਕ) ਗਵਾਲ ਬਾਲਕ ਬੈਠ ਕੇ ਦੂਜੇ ਗਵਾਲ ਬਾਲਕ ਦੀਆਂ ਅੱਖਾਂ ਮੀਟਦਾ ਹੈ (ਬਾਕੀ ਲੁਕ ਜਾਂਦੇ ਹਨ, ਤਾਂ ਉਹ) ਉਸ ਦੀਆਂ (ਅੱਖਾਂ) ਛੱਡ ਦਿੰਦਾ ਹੈ ਤਾਂ ਉਹ ਦੌੜਕੇ ਹੋਰਨਾਂ ਨੂੰ ਛੋਂਹਦਾ ਹੈ।
ਜਿਸ ਦੇ ਸ਼ਰੀਰ ਨੂੰ (ਉਹ) ਛੋਹ ਲੈਂਦਾ ਹੈ, ਫਿਰ ਉਹ ਆ ਕੇ ਅੱਖਾਂ ਮਿਟਵਾਉਂਦਾ ਹੈ, ਅਤੇ ਹੋਰਨਾਂ ਨੂੰ ਛੋਹਣ ਦੀ ਕੋਸ਼ਸ਼ ਕਰਦਾ ਹੈ।
(ਦੂਜੇ ਬਾਲਕ) ਛਲ ਬਲ ਕਰ ਕੇ (ਉਸ ਤੋਂ) ਦੂਰ ਭਜਦੇ ਹਨ, ਹੱਥ ਵਿਚ ਕੋਈ ਵੀ ਨਹੀਂ ਆਉਂਦਾ, ਤਾਂ ਫਿਰ ਆਣ ਕੇ ਓਹੀ ਅੱਖਾਂ ਮਿਟਵਾਉਂਦਾ ਹੈ।