ਮੋਹਨ ਅਸਤ੍ਰ ਨਾਲ ਕਈਆਂ ਨੂੰ ਮੋਹਿਤ (ਬੇਸੁੱਧ) ਕਰ ਦਿੱਤਾ
ਅਤੇ ਵਰੁਣ ਅਸਤ੍ਰ ਨਾਲ ਕਿਤਨਿਆਂ ਦੇ ਪ੍ਰਾਣ ਹਰ ਲਏ।
ਅਗਨ ਅਸਤ੍ਰ ਛਡ ਕੇ ਬਹੁਤ ਸਾਰੇ (ਸੂਰਮਿਆਂ) ਨੂੰ ਸਾੜ ਦਿੱਤਾ।
ਬੇਸ਼ੁਮਾਰ ਯੋਧਿਆਂ ਨੂੰ ਯਮ-ਲੋਕ ਪਹੁੰਚਾ ਦਿੱਤਾ ॥੧੯੧॥
ਜਿਸ ਉਤੇ ਮਹਾ ਕਾਲ ਨੇ ਤਲਵਾਰ ਦਾ ਵਾਰ ਕੀਤਾ,
(ਉਸ) ਯੋਧੇ ਨੂੰ ਇਕ ਤੋਂ ਦੋ ਕਰ ਦਿੱਤਾ (ਅਰਥਾਤ-ਦੋ ਟੋਟੇ ਕਰ ਦਿੱਤੇ)।
ਜੇ ਦੋ ਟੁਕੜੇ ਹੋਏ ਬੰਦਿਆਂ ਉਤੇ ਥੋੜੀ ਜਿੰਨੀ ਤਲਵਾਰ ਚਲਾਈ
ਤਾਂ ਉਨ੍ਹਾਂ ਦੇ ਦੋ ਤੋਂ ਚਾਰ ਟੁਕੜੇ ਕਰ ਦਿੱਤੇ ॥੧੯੨॥
ਕਿਤਨੇ ਹੀ ਸੂਰਮੇ ਵਿਰਲਾਪ ਕਰ ਰਹੇ ਸਨ।
(ਉਨ੍ਹਾਂ ਦਾ) ਮਾਸ ਗਿਦੜ ਅਤੇ ਗਿੱਧਾਂ ਲੈ ਜਾ ਰਹੀਆਂ ਸਨ।
ਕਿਤੇ ਭੈਰੋ ਆ ਕੇ ਭਭਕਾਰ ਰਿਹਾ ਸੀ
ਅਤੇ ਕਿਤੇ ਮਸਾਨ (ਪ੍ਰੇਤ) ਕਿਲਕਾਰੀਆਂ ਮਾਰ ਰਹੇ ਸਨ ॥੧੯੩॥
ਕਿਤਨੇ ਹੀ ਸੂਰਮੇ ਫਿਰ ਆਣ ਢੁਕੇ ਸਨ
ਅਤੇ ਦਸਾਂ ਦਿਸ਼ਾਵਾਂ ਵਿਚ 'ਮਾਰੋ ਮਾਰੋ' ਕੂਕ ਰਹੇ ਸਨ।
ਜੋ ਵੀ (ਹਥਿਆਰ) ਮਹਾ ਕਾਲ ਨੂੰ ਘਾਇਲ ਕਰਦਾ ਸੀ,
ਉਹ ਖੁੰਢਾ ਹੋ ਕੇ ਧਰਤੀ ਉਤੇ ਡਿਗ ਪੈਂਦਾ ਸੀ ॥੧੯੪॥
ਬੇਸ਼ੁਮਾਰ ਦੈਂਤ ਕ੍ਰੋਧ ਕਰ ਕੇ
ਫਿਰ ਮਹਾ ਕਾਲ ਉਤੇ ਵਾਰ ਕਰ ਰਹੇ ਸਨ।
ਉਹ ਉਸ ਮਹਾ ਕਾਲ ਨਾਲ ਇਕ ਰੂਪ ਹੀ ਹੋ ਜਾਂਦੇ ਸਨ
ਅਤੇ ਉਸ ਵਿਚ ਸਮਾ ਜਾਂਦੇ ਸਨ ॥੧੯੫॥
ਜਿਵੇਂ ਕੋਈ ਪਾਣੀ ਉਤੇ ਪਾਣੀ ਮਾਰੇ
ਤਾਂ ਉਹ ਉਸ ਵਿਚ ਹੀ ਸਮਾ ਜਾਂਦਾ ਹੈ।
ਫਿਰ ਕੋਈ ਉਸ ਨੂੰ ਪਛਾਣ ਨਹੀਂ ਸਕਦਾ
ਕਿ ਪਹਿਲਾ ਪਾਣੀ ਕਿਹੜਾ ਸੀ ਅਤੇ ਮੇਰਾ ਪਾਣੀ ਕਿਹੜਾ ਹੈ ॥੧੯੬॥
ਇਸ ਤਰ੍ਹਾਂ ਜਦ ਸਾਰੇ ਸ਼ਸਤ੍ਰ (ਮਹਾ ਕਾਲ ਵਿਚ) ਲੀਨ ਹੋ ਗਏ,
ਤਦ ਦੈਂਤਾਂ ਨੇ ਬਹੁਤ ਅਧਿਕ ਕ੍ਰੋਧ ਕੀਤਾ।
(ਉਹ) ਮਨ ਵਿਚ ਬਹੁਤ ਡਰ ਗਏ
ਅਤੇ ਅਸਤ੍ਰ ਅਤੇ ਸ਼ਸਤ੍ਰ ਲੈ ਕੇ ਆ ਗਏ ॥੧੯੭॥
ਦੈਂਤਾਂ ਨੇ ਕ੍ਰੋਧਿਤ ਹੋ ਕੇ (ਮੂੰਹਾਂ ਵਿਚੋ) ਅਗਨੀ ਉਗਲੀ,
ਉਸ ਤੋਂ ਧਨੁਸ਼ਧਾਰੀ ਪਠਾਨ ਪੈਦਾ ਹੋ ਗਏ।
(ਉਨ੍ਹਾਂ ਨੇ) ਫਿਰ ਮੂੰਹ ਤੋਂ ਅੱਗ (ਅੰਗਾਰੇ) ਕਢੀ,
ਉਸ ਤੋਂ ਮੁਗ਼ਲ ਪੈਦਾ ਹੋ ਕੇ ਡਟ ਗਏ ॥੧੯੮॥
ਉਨ੍ਹਾਂ ਨੇ ਫਿਰ ਰੋਹ ਵਿਚ ਆ ਕੇ ਸੁਆਸ ਕਢੇ,
ਉਨ੍ਹਾਂ ਤੋਂ ਕ੍ਰੋਧੀ ਸੱਯਦ ਅਤੇ ਸ਼ੇਖ ਪੈਦਾ ਹੋ ਗਏ।
ਉਹ ਅਸਤ੍ਰ ਅਤੇ ਸ਼ਸਤ੍ਰ ਹੱਥਾਂ ਵਿਚ ਲੈ ਕੇ
ਅਤੇ ਘੋੜਿਆਂ ਨੂੰ ਉਕਸਾ ਕੇ ਨਚਾਉਂਦੇ ਹੋਏ ਰਣ-ਭੂਮੀ ਵਿਚ ਧਾ ਕੇ ਪੈ ਗਏ ॥੧੯੯॥
ਖ਼ਾਨ ਅਤੇ ਪਠਾਨ ਕ੍ਰੋਧਵਾਨ ਹੋ ਕੇ
ਅਤੇ ਹੱਥ ਵਿਚ ਨੰਗੀਆਂ ਤਲਵਾਰਾਂ ਲੈ ਕੇ ਆਣ ਢੁਕੇ।
ਉਹ ਮਹਾ ਕਾਲ ਉਤੇ ਵਾਰ ਕਰਦੇ ਸਨ,
ਪਰ ਉਸ ਦਾ ਇਕ ਵਾਲ ਵੀ ਉਖਾੜ ਨਹੀਂ ਸਕਦੇ ਸਨ ॥੨੦੦॥
ਸ਼ਰਾਬ ਵਿਚ ਪੂਰੀ ਤਰ੍ਹਾਂ ਮਦਹੋਸ਼ ਹੋ ਕੇ
ਬੇਸ਼ੁਮਾਰ ਖ਼ਾਨ ਰੋਹ ਵਿਚ ਆ ਕੇ ਚਲ ਪਏ।
ਮਲੇਛਾਂ ਦੇ ਅਣਗਿਣਤ (ਸੂਰਮਿਆਂ ਦੇ) ਦਲ ਉਮਡ ਪਏ।
ਉਨ੍ਹਾਂ ਦੇ ਨਾਂ ਤੁਹਾਨੂੰ ਦਸਦਾ ਹਾਂ ॥੨੦੧॥
ਨਾਹਰ ਖ਼ਾਨ, ਝੜਾਝੜ ਖ਼ਾਨ,
ਨਿਹੰਗ ਖ਼ਾਨ, ਭੜੰਗ (ਖ਼ਾਨ)
ਅਤੇ ਝੜੰਗ ਖ਼ਾਨ (ਆਦਿ ਲੜਾਕੇ ਯੋਧੇ)
ਆਪਣੇ ਹੱਥਾਂ ਵਿਚ ਬੇਹਿਸਾਬ ਸ਼ਸਤ੍ਰ ਲੈ ਕੇ ਰਣ-ਭੂਮੀ ਵਿਚ ਚੜ੍ਹ ਆਏ ॥੨੦੨॥