ਕਵੀ ਸ਼ਿਆਮ ਕਹਿੰਦੇ ਹਨ, ਜਿਸ ਨੂੰ ਵੇਖ ਕੇ ਮਨ ਮੋਹਿਆ ਜਾਂਦਾ ਹੈ ਅਤੇ ਸੁੰਦਰਤਾ ਦੇ ਸਿਰ ਉਤੇ ਮਿਟੀ ਪੈਂਦੀ ਹੈ।
ਜਿਨ੍ਹਾਂ ਦੀ ਕਵੀ ਲੋਕ ਅੰਗਾਂ ਲਈ ਉਪਮਾ ਦਿੰਦੇ ਹਨ, (ਉਹ) ਸਾਰੇ ਅੰਗ ਲੈ ਕੇ ਰਾਧਾ ('ਤ੍ਰਿਯ ਰਾਜ') ਫਬ ਰਹੀ ਹੈ।
ਜਿਸ (ਦੀ ਖ਼ੂਬਸੂਰਤੀ ਨੂੰ) ਵੇਖ ਕੇ ਕਾਮਦੇਵ ('ਕੰਦ੍ਰਪ') ਰੀਝਿਆ ਰਹਿੰਦਾ ਹੈ ਅਤੇ ਜਿਸ (ਦੀ ਜੋਤਿ) ਨੂੰ ਵੇਖ ਕੇ ਚੰਦ੍ਰਮਾ ਦੀ ਚਾਂਦਨੀ ਵੀ ਲਜਾਵਾਨ ਹੁੰਦੀ ਹੈ ॥੫੪੨॥
ਸਾਰੇ ਹੀ ਚਿੱਟੇ ਰੰਗ ਦੇ ਸੁੰਦਰ ਸਾਜ ਸਜਾ ਕੇ ਰਾਧਾ ਇਸ ਤਰ੍ਹਾਂ ਦੀ ਸਜ ਗਈ ਹੈ।
ਪੂਰਨਮਾਸੀ ਦੇ ਚੰਦ੍ਰਮਾ ਵਰਗਾ (ਉਸ ਦਾ) ਮੁਖ ਸ਼ੋਭਾ ਪਾ ਰਿਹਾ ਹੈ ਅਤੇ ਜਿਸ ਵਿਚ ਬਹੁਤ ਵੱਡੀ ਚਾਂਦਨੀ ਪ੍ਰਗਟ ਹੋ ਰਹੀ ਹੈ।
(ਪ੍ਰੇਮ) ਰਸ ਦਾ ਗੁੱਸਾ ਚੜ੍ਹਾ ਕੇ ਮਾਨੋ ਕਾਮਦੇਵ ਦੀ ਸੈਨਾ ਸਾਰੀ ਸਜ-ਧਜ ਨਾਲ ਚਲੀ ਹੋਵੇ।
ਉਸ ਨੂੰ ਵੇਖ ਕੇ ਸ੍ਰੀ ਕ੍ਰਿਸ਼ਨ ਪ੍ਰਸੰਨ ਹੋ ਰਹੇ ਹਨ ਅਤੇ ਉਸ ਨੂੰ ਇਸਤਰੀਆਂ ਵਿਚੋਂ ਸਰਬ ਸ੍ਰੇਸ਼ਠ ਗਿਣਦੇ ਹਨ ॥੫੪੩॥
ਰਾਧਾ ਨੇ ਗੋਪੀਆਂ ਨੂੰ ਕਿਹਾ:
ਸਵੈਯਾ:
ਰਾਧਾ ਕ੍ਰਿਸ਼ਨ ਨੂੰ ਵੇਖ ਕੇ ਹਸ ਪਈ ਅਤੇ (ਫਿਰ) ਗੋਪੀਆਂ ਨੂੰ ਇਸ ਤਰ੍ਹਾਂ ਕਿਹਾ
ਅਨਾਰ ਦੇ ਦਾਣਿਆਂ ਵਰਗੇ ਦੰਦ ਕਢ ਕੇ ਚੰਦ੍ਰਮਾ ਵਰਗੇ ਮੁਖੜੇ ਵਾਲੀ ਨੇ ਬ੍ਰਜ ਦੀਆਂ ਇਸਤਰੀਆਂ ਨੂੰ ਕਿਹਾ,
ਮੇਰੀ ਸ੍ਰੀ ਕ੍ਰਿਸ਼ਨ ਨਾਲ (ਹਾਰ ਜਿਤ ਦੀ) ਸ਼ਰਤ ਲਗ ਗਈ ਹੈ, (ਮਾਨੋ ਪ੍ਰੇਮ) ਰਸ ਲਈ ਸਾਡੇ ਵਿਚ ਭਾਰੀ ਯੁੱਧ ਛਿੜ ਗਿਆ ਹੈ।
(ਇਸ ਲਈ) ਸੰਗ ਸੰਕੋਚ ਨੂੰ ਛਡ ਕੇ (ਉਸ ਨਾਲ) ਯੁੱਧ ਮਚਾ ਦਿਓ, (ਰਾਧਾ ਨੇ) ਇਸ ਤਰ੍ਹਾਂ ਹਸ ਕੇ ਗੋਪੀਆਂ ਨੂੰ ਕਿਹਾ ॥੫੪੪॥
ਕਵੀ ਸ਼ਿਆਮ ਕਹਿੰਦੇ ਹਨ, ਰਾਧਾ ਨੇ ਹਸ ਕੇ ਇਹ ਗੱਲ ਗੋਪੀਆਂ ਨੂੰ ਕਹੀ। (ਇੰਜ ਪ੍ਰਤੀਤ ਹੁੰਦਾ ਹੈ)
ਮਾਨੋ ਅਨੂਪ ਸਰੂਪ ਵਾਲੀ (ਰਾਧਾ) ਨੂੰ ਬ੍ਰਹਮਾ ਨੇ ਬੜੀ ਰੁਚੀ ਨਾਲ ਰਚਿਆ ਹੈ।
ਸ੍ਰੀ ਕ੍ਰਿਸ਼ਨ ਨੂੰ ਵੇਖ ਕੇ (ਰਾਧਾ) ਝੁਕ ਗਈ, ਉਸ ਦ੍ਰਿਸ਼ ਦੀ ਉਪਮਾ ਕਵੀ ਨੇ ਇਸ ਤਰ੍ਹਾਂ ਕਹਿ ਕੇ ਸੁਣਾਈ,
ਮਾਨੋ (ਉਸ ਤੋਂ) ਜੋਬਨ ਦਾ ਭਾਰ (ਛਾਤੀਆਂ ਦਾ ਉਭਾਰ) ਸਹਾਰਿਆ ਨਹੀਂ ਗਿਆ। ਇਸ ਲਈ ਰਾਧਾ ('ਬ੍ਰਿਜ ਭਾਮਨਿ') (ਅਗੇ ਨੂੰ) ਝੁਕ ਗਈ ॥੫੪੫॥
ਸਾਰੇ ਮਿਲ ਕੇ ਰਾਸ ਦੀ ਖੇਡ ਖੇਡਦੇ ਹਨ, (ਪਰ) ਸਾਰੀਆਂ ਗੋਪੀਆਂ (ਰਾਸ ਨੂੰ) ਬਹੁਤ ਹਿਤ ਨਾਲ ਕਰਦੀਆਂ ਹਨ।
ਰਾਧਾ ਨੇ ਬਹੁਤ ਸੁੰਦਰ ਸ਼ਿੰਗਾਰ ਕੀਤੇ ਹੋਏ ਹਨ ਅਤੇ ਉਹ ਸਾਰੇ ਸ਼ਿੰਗਾਰ ਚਿੱਟੇ ਰੰਗ ਵਿਚ ਸ਼ੋਭਾ ਪਾ ਰਹੇ ਹਨ।
ਫਿਰ ਕਵੀ ਸ਼ਿਆਮ ਮਨ ਤੋਂ ਵਿਚਾਰ ਪੂਰਵਕ ਕਹਿੰਦੇ ਹਨ ਕਿ ਉਸ ਦੀ ਸ਼ੋਭਾ ਬਹੁਤ ਸ੍ਰੇਸ਼ਠ ਹੈ।
ਉਧਰ ਕਾਲੇ ਬਦਲ ਸਰੂਪ ਕ੍ਰਿਸ਼ਨ ਬਿਰਾਜ ਰਹੇ ਹਨ ਅਤੇ ਇਧਰ ਰਾਧਾ ਬਿਜਲੀ ਦੀ ਚਮਕ ਵਾਂਗ ਸ਼ੋਭਾ ਪਾ ਰਹੀ ਹੈ ॥੫੪੬॥
(ਕਵੀ) ਸ਼ਿਆਮ ਕਹਿੰਦੇ ਹਨ, ਸਖੀਆਂ ਨੂੰ ਨਾਲ ਲੈ ਕੇ ਰਾਧਾ ਰਾਸ ਖੇਡ ਰਹੀ ਹੈ।
ਉਧਰ ਚੰਦ੍ਰਭਗਾ (ਨਾਂ ਦੀ ਗੋਪੀ) ਸਾਰੀਆਂ ਗੋਪੀਆਂ ਦੇ ਸ਼ਰੀਰ ਚੰਦਨ ਨਾਲ ਲੇਪ ਕੇ (ਪਿੜ ਵਿਚ ਆਈ ਹੈ)।
ਜਿਨ੍ਹਾਂ ਦੀਆਂ ਅੱਖੀਆਂ ਹਿਰਨ ਵਾਂਗ ਸੋਹਣੀਆਂ ਸ਼ੁਭਾਇਮਾਨ ਹਨ ਅਤੇ ਜਿਨ੍ਹਾਂ ਦੀ ਚਾਲ ਹਾਥੀ (ਦੀ ਚਾਲ) ਵਰਗੀ ਸ਼ੋਭਾ ਪਾ ਰਹੀ ਹੈ।