ਸ਼੍ਰੀ ਦਸਮ ਗ੍ਰੰਥ

ਅੰਗ - 885


ਬਨਿਕ ਬੋਲਿ ਸਾਹੁਨਿ ਸੋ ਭਾਖ੍ਯੋ ॥

ਬਨੀਏ ਨੇ ਸ਼ਾਹਣੀ ਨੂੰ ਆਖਿਆ।

ਰਾਮ ਹਮੈ ਨਿਪੂਤ ਕਰਿ ਰਾਖ੍ਯੋ ॥

ਪਰਮਾਤਮਾ ਨੇ ਸਾਨੂੰ ਨਿਪੁਤਾ ਰਖਿਆ ਹੈ।

ਧਨ ਬਹੁ ਧਾਮ ਕਾਮ ਕਿਹ ਆਵੈ ॥

ਸਾਡੇ ਘਰ ਦਾ ਬਹੁਤ ਧਨ ਕਿਸ ਕੰਮ ਆਵੇਗਾ।

ਪੁਤ੍ਰ ਬਿਨਾ ਮੁਰ ਬੰਸ ਲਜਾਵੈ ॥੨॥

ਪੁੱਤਰ ਤੋਂ ਬਿਨਾ ਮੇਰਾ ਬੰਸ ਲਜਾਉਂਦਾ ਹੈ ॥੨॥

ਦੋਹਰਾ ॥

ਦੋਹਰਾ:

ਸੁਨੁ ਸਾਹੁਨਿ ਹਮਰੇ ਬਿਧਹਿ ਪੂਤ ਨ ਦੀਨਾ ਧਾਮ ॥

ਹੇ ਸ਼ਾਹਣੀ! ਸੁਣ, ਸਾਡੇ ਘਰ ਵਿਧਾਤਾ ਨੇ ਪੁੱਤਰ ਨਹੀਂ ਦਿੱਤਾ।

ਚੋਰਹੁ ਸੁਤ ਕੈ ਰਾਖਿਯੈ ਜੋ ਹ੍ਯਾਂ ਲ੍ਯਾਵੈ ਰਾਮ ॥੩॥

ਜੇ ਪਰਮਾਤਮਾ ਇਥੇ ਚੋਰ ਨੂੰ ਵੀ ਲੈ ਆਏ (ਤਾਂ ਉਸ ਨੂੰ ਵੀ ਅਸੀਂ) ਪੁੱਤਰ ਬਣਾ ਕੇ ਰਖ ਲਵਾਂਗੇ ॥੩॥

ਚੌਪਈ ॥

ਚੌਪਈ:

ਚੋਰਹੁ ਹੋਇ ਪੂਤ ਕਰਿ ਰਾਖੋ ॥

ਚੋਰ ਹੋਏ (ਤਾਂ) ਉਸ ਨੂੰ ਵੀ ਪੁੱਤਰ ਬਣਾ ਕੇ ਰਖ ਲਵਾਂਗੇ

ਤਾ ਤੇ ਕਛੂ ਨ ਮੁਖ ਤੇ ਭਾਖੋ ॥

ਅਤੇ ਮੁਖ ਤੋਂ ਕੁਝ ਨਹੀਂ ਕਹਾਂਗੇ।

ਸਾਹੁਨਿ ਸਹਿਤ ਬਨਿਕ ਜਬ ਮਰਿ ਹੈ ॥

ਸ਼ਾਹਣੀ ਸਹਿਤ ਜਦ ਬਨੀਆ ਮਰੇਗਾ

ਹਮਰੋ ਕਵਨ ਦਰਬੁ ਲੈ ਕਰਿ ਹੈ ॥੪॥

ਤਾਂ ਸਾਡੇ ਧਨ ਦਾ ਕੋਈ ਕੀ ਕਰੇਗਾ ॥੪॥

ਯਹ ਜਬ ਭਨਕ ਚੋਰ ਸੁਨਿ ਪਾਈ ॥

ਜਦੋਂ ਚੋਰ ਨੂੰ ਇਸ ਗੱਲ ਦੀ ਭਿਣਕ ਪਈ

ਫੂਲਿ ਗਯੋ ਬਸਤ੍ਰਨ ਨਹਿ ਮਾਈ ॥

ਤਾਂ ਉਹ ਫੁਲ ਗਿਆ ਅਤੇ ਆਪਣੇ ਬਸਤ੍ਰਾਂ ਵਿਚ ਨਾ ਸਮਾਇਆ।

ਜਾਇ ਬਨਿਕ ਕੋ ਪੂਤ ਕਹੈਹੋਂ ॥

ਜਾ ਕੇ ਬਨੀਏ ਦਾ ਪੁੱਤਰ ਅਖਵਾਂਦਾ ਹਾਂ

ਯਾ ਕੈ ਮਰੇ ਸਕਲ ਧਨ ਲੈਹੋਂ ॥੫॥

ਅਤੇ ਇਸ ਦੇ ਮਰਨ ਉਤੇ ਸਾਰਾ ਧਨ ਪ੍ਰਾਪਤ ਕਰਦਾ ਹਾਂ ॥੫॥

ਤਬ ਲੋ ਚੋਰ ਦ੍ਰਿਸਟਿ ਪਰ ਗਯੋ ॥

ਤਦ ਤਕ ਬਨੀਏ ਦੀ ਨਜ਼ਰ ਚੋਰ ਉਤੇ ਪਈ

ਅਧਿਕ ਬਨਿਕ ਕੇ ਆਨੰਦ ਭਯੋ ॥

ਅਤੇ ਉਹ ਬਹੁਤ ਆਨੰਦਿਤ ਹੋ ਗਿਆ।

ਪਲ੍ਰਯੋ ਪਲੋਸ੍ਰਯੋ ਸੁਤੁ ਬਿਧਿ ਦੀਨੋ ॥

ਪਰਮਾਤਮਾ ਨੇ ਪਲਿਆ ਪੋਸਿਆ ਪੁੱਤਰ ਬਖ਼ਸ਼ਿਆ ਹੈ

ਤਾ ਕੋ ਪੂਤ ਪੂਤ ਕਹਿ ਲੀਨੋ ॥੬॥

ਅਤੇ ਉਸ ਨੂੰ 'ਪੁੱਤਰ ਪੁੱਤਰ' ਕਹਿ ਕੇ ਪ੍ਰਵਾਨ ਕਰ ਲਿਆ ॥੬॥

ਖਾਟ ਉਪਰ ਤਸਕਰਹਿ ਬੈਠਾਯੋ ॥

ਚੋਰ ਨੂੰ ਮੰਜੀ ਉਤੇ ਬਿਠਾ ਲਿਆ।

ਭਲੋ ਭਲੋ ਪਕਵਾਨ ਖਵਾਯੋ ॥

ਉਸ ਨੂੰ ਚੰਗਾ ਚੰਗਾ ਭੋਜਨ ਖਵਾਇਆ।

ਪੂਤ ਪੂਤ ਕਹਿ ਸਾਹੁਨਿ ਧਾਈ ॥

ਪੁੱਤਰ ਪੁੱਤਰ ਕਰਦੀ ਸ਼ਾਹਣੀ ਵੀ ਆ ਗਈ

ਸਾਹੁ ਚਉਤਰੇ ਜਾਇ ਜਤਾਈ ॥੭॥

ਅਤੇ ਬਨੀਏ ਨੇ (ਘਰ ਦੇ) ਚੌਬੂਤਰੇ (ਉਤੇ) ਜਾ ਕੇ (ਸਭ ਨੂੰ) ਦਸਿਆ ॥੭॥

ਦੋਹਰਾ ॥

ਦੋਹਰਾ:

ਪੰਚ ਪਯਾਦੇ ਸੰਗ ਲੈ ਚੋਰਹਿ ਦਯੋ ਦਿਖਾਇ ॥

ਪੰਜ ਪਿਆਦੇ (ਸਿਪਾਹੀ) ਨਾਲ ਲੈ ਕੇ (ਉਨ੍ਹਾਂ ਨੂੰ) ਚੋਰ ਵਿਖਾ ਦਿੱਤਾ।

ਇਹ ਪੈਂਡੇ ਆਯੋ ਹੁਤੋ ਮੈ ਸੁਤ ਕਹਿਯੋ ਬੁਲਾਇ ॥੮॥

ਇਹ ਰਸਤੇ ਵਿਚ ਆ ਰਿਹਾ ਸੀ, ਮੈਂ ਇਸ ਨੂੰ ਬੁਲਾ ਕੇ ਪੁੱਤਰ ਬਣਾ ਲਿਆ ਹੈ ॥੮॥

ਚੌਪਈ ॥

ਚੌਪਈ:

ਅਮਿਤ ਦਰਬੁ ਹਮਰੇ ਬਿਧਿ ਦਯੋ ॥

ਪਰਮਾਤਮਾ ਨੇ ਸਾਨੂੰ ਬੇਅੰਤ ਧਨ ਦਿੱਤਾ ਹੈ।

ਪੂਤ ਨ ਧਾਮ ਹਮਾਰੇ ਭਯੋ ॥

ਸਾਡੇ ਘਰ ਕੋਈ ਪੁੱਤਰ ਨਹੀਂ ਹੋਇਆ ਹੈ।

ਯਾ ਕਉ ਹਮ ਕਹਿ ਪੂਤ ਉਚਾਰੋ ॥

ਇਸ ਨੂੰ ਅਸੀਂ ਪੁੱਤਰ ਕਿਹਾ ਹੈ।

ਤਾ ਤੇ ਤੁਮ ਮਿਲਿ ਕੈ ਨਹਿ ਮਾਰੋ ॥੯॥

(ਇਸ ਲਈ) ਤੁਸੀਂ ਇਸ ਨੂੰ ਮਿਲ ਕੇ ਨਾ ਮਾਰੋ ॥੯॥

ਪੂਤ ਪੂਤ ਬਨਿਯਾ ਕਹਿ ਰਹਿਯੋ ॥

ਬਨੀਆ 'ਪੁੱਤਰ ਪੁੱਤਰ' ਕਹਿੰਦਾ ਰਿਹਾ,

ਪੰਚ ਪਯਾਦਨ ਤਸਕਰ ਗਹਿਯੋ ॥

ਪਰ ਪੰਜ ਸਿਪਾਹੀਆਂ ਨੇ ਚੋਰ ਨੂੰ ਫੜ ਲਿਆ।

ਤਾ ਕੋ ਕਹਿਯੋ ਏਕ ਨਹਿ ਕੀਨੋ ॥

ਬਨੀਏ ਦੀ ਇਕ ਨਾ ਮੰਨੀ

ਲੈ ਤਸਕਰ ਫਾਸੀ ਸੋ ਦੀਨੋ ॥੧੦॥

ਅਤੇ ਚੋਰ ਨੂੰ ਫਾਂਸੀ ਦੇ ਦਿੱਤੀ ॥੧੦॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕਸਠਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੬੧॥੧੧੦੬॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਪੁਰਖ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੬੧ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੬੧॥੧੧੦੬॥ ਚਲਦਾ॥

ਦੋਹਰਾ ॥

ਦੋਹਰਾ:

ਮਹਾ ਸਿੰਘ ਕੇ ਘਰ ਬਿਖੈ ਤਸਕਰ ਰਹੈ ਅਪਾਰ ॥

ਮਹਾ ਸਿੰਘ ਦੇ ਘਰ ਵਿਚ ਬਹੁਤ ਚੋਰ ਰਹਿੰਦੇ ਸਨ।

ਨਿਤਿਪ੍ਰਤਿ ਤਾ ਕੇ ਲ੍ਯਾਵਹੀ ਅਧਿਕ ਖਜਾਨੋ ਮਾਰਿ ॥੧॥

ਨਿੱਤ ਪ੍ਰਤਿ ਬਹੁਤ ਖ਼ਜ਼ਾਨੇ (ਧਨ ਦੌਲਤ) ਲੁਟ ਕੇ ਉਸ ਨੂੰ ਲਿਆ ਕੇ ਦਿੰਦੇ ॥੧॥

ਚੌਪਈ ॥

ਚੌਪਈ:

ਹਰਨ ਦਰਬੁ ਤਸਕਰ ਚਲਿ ਆਯੋ ॥

ਇਕ ਚੋਰ ਧਨ ਚੁਰਾਉਣ ਲਈ (ਉਥੇ) ਆ ਗਿਆ।

ਸੋ ਗਹਿ ਲਯੋ ਜਾਨ ਨਹਿ ਪਾਯੋ ॥

ਉਸ ਨੂੰ (ਮਹਾ ਸਿੰਘ ਨੇ) ਪਕੜ ਲਿਆ ਅਤੇ ਜਾਣ ਨਾ ਦਿੱਤਾ।

ਮਹਾ ਸਿੰਘ ਤਾ ਕੋ ਯੌ ਕਹਿਯੋ ॥

ਮਹਾ ਸਿੰਘ ਨੇ ਉਸ ਨੂੰ ਇਸ ਤਰ੍ਹਾਂ ਕਿਹਾ,

ਤੁਮ ਅਪਨੇ ਚਿਤ ਮੈ ਦ੍ਰਿੜ ਰਹਿਯੋ ॥੨॥

ਤੂੰ ਆਪਣੇ ਚਿਤ ਵਿਚ ਪੱਕਾ ਰਹੀਂ ॥੨॥

ਦੋਹਰਾ ॥

ਦੋਹਰਾ:

ਤੁਮਰੇ ਸਿਰ ਪਰ ਕਾਢਿ ਕੈ ਠਾਢੇ ਹ੍ਵੈ ਤਰਵਾਰਿ ॥

ਤੇਰੇ ਸਿਰ ਉਤੇ (ਸਿਪਾਹੀ) ਤਲਵਾਰ ਕਢ ਕੇ ਖੜੋਤੇ ਹੋਣਗੇ

ਤੁਮ ਡਰਿ ਕਛੁ ਨ ਉਚਾਰਿਯੋ ਲੈ ਹੋਂ ਜਿਯਤ ਉਬਾਰਿ ॥੩॥

ਪਰ ਤੂੰ ਡਰ ਕੇ ਕੁਝ ਨਾ ਬੋਲੀਂ, ਮੈਂ ਤੈਨੂੰ ਜੀਉਂਦਾ ਬਚਾ ਲਵਾਂਗਾ ॥੩॥