ਸ਼੍ਰੀ ਦਸਮ ਗ੍ਰੰਥ

ਅੰਗ - 510


ਸ੍ਯਾਮ ਚਲੇ ਤਿਹ ਓਰ ਨਹੀ ਤਿਹ ਊਪਰਿ ਅੰਤ ਦਸਾਨਿਹ ਧਾਯੋ ॥੨੧੨੦॥

ਕਿ ਸ੍ਰੀ ਕ੍ਰਿਸ਼ਨ ਉਸ ਵਲ ਨਹੀਂ ਚਲੇ, ਸਗੋਂ ਉਸ ਉਤੇ ਅੰਤ ਦੀ ਦਸ਼ਾ ਨੇ ਧਾਵਾ ਬੋਲਿਆ ਹੈ ॥੨੧੨੦॥

ਗਰੁੜੁ ਪਰ ਸ੍ਯਾਮ ਜਬੈ ਚੜ ਕੈ ਤਿਹ ਸਤ੍ਰਹਿ ਕੀ ਜਬ ਓਰਿ ਸਿਧਾਰਿਯੋ ॥

ਗਰੁੜ ਉਤੇ ਸਵਾਰ ਹੋ ਕੇ ਸ੍ਰੀ ਕ੍ਰਿਸ਼ਨ ਜਿਸ ਵੇਲੇ ਵੈਰੀ ਵਲ ਤੁਰ ਪਏ।

ਪਾਹਨ ਕੋਟਿ ਪਿਖਿਯੋ ਪ੍ਰਿਥਮੈ ਦੁਤੀਏ ਬਰੁ ਲੋਹ ਕੋ ਨੈਨ ਨਿਹਾਰਿਯੋ ॥

ਉਨ੍ਹਾਂ ਨੇ ਪਹਿਲਾਂ ਪੱਥਰ ਦਾ ਕਿਲ੍ਹਾ ਵੇਖਿਆ ਅਤੇ ਦੂਜਾ ਚੰਗੇ ਲੋਹੇ ਦਾ (ਬਣਿਆ ਹੋਇਆ) ਅੱਖਾਂ ਨਾਲ ਵੇਖਿਆ।

ਨੀਰ ਕੋ ਹੇਰਤ ਭਯੋ ਤ੍ਰਿਤੀਏ ਅਰੁ ਆਗਿ ਕੋ ਚਉਥੀ ਸੁ ਠਾਉਰ ਬਿਚਾਰਿਯੋ ॥

ਤੀਜੀ ਪਾਣੀ ਦੀ (ਖਾਈ) ਵੇਖੀ ਅਤੇ ਅਗਨੀ ਨੂੰ ਚੌਥੀ ਥਾਂ ਤੇ ਵਿਚਾਰਿਆ।

ਪਾਚਵੋ ਪਉਨ ਪਿਖਿਓ ਖਟ ਫਾਸਨ ਕ੍ਰੋਧ ਕੀਯੋ ਇਹ ਭਾਤਿ ਹਕਾਰਿਯੋ ॥੨੧੨੧॥

ਪੰਜਵੀਂ ਥਾਂ ਤੇ ਪੌਣ (ਦਾ ਚੱਕਰ) ਵੇਖਿਆ ਅਤੇ ਛੇਵੀਂ (ਥਾਂ ਤੇ) ਫੰਧੇ ਤਕੇ। (ਸ੍ਰੀ ਕ੍ਰਿਸ਼ਨ ਨੇ) ਕ੍ਰੋਧ ਕਰ ਕੇ ਉਸ ਨੂੰ ਲਲਕਾਰਿਆ ॥੨੧੨੧॥

ਕਾਨ੍ਰਹ ਜੂ ਬਾਚ ॥

ਸ੍ਰੀ ਕ੍ਰਿਸ਼ਨ ਨੇ ਕਿਹਾ:

ਦੋਹਰਾ ॥

ਦੋਹਰਾ:

ਅਰੇ ਦੁਰਗ ਪਤਿ ਦੁਰਗ ਕੇ ਰਹਿਯੋ ਕਹਾ ਛਪ ਬੀਚ ॥

ਓਇ ਕਿਲ੍ਹੇ ਦੇ ਸੁਆਮੀ! ਤੂੰ ਕਿਲ੍ਹੇ ਵਿਚ ਕਿਥੇ ਲੁਕਿਆ ਬੈਠਾ ਹੈਂ।

ਰਿਸਿ ਹਮ ਸੋ ਰਨ ਮਾਡ ਤੁਹਿ ਠਾਢਿ ਪੁਕਾਰਤ ਮੀਚ ॥੨੧੨੨॥

ਕ੍ਰੋਧਵਾਨ ਹੋ ਕੇ ਮੇਰੇ ਨਾਲ ਯੁੱਧ ਕਰ। ਮੌਤ (ਤੇਰੇ ਦੁਆਰ ਉਤੇ) ਖੜੋਤੀ ਬੁਲਾ ਰਹੀ ਹੈ ॥੨੧੨੨॥

ਸਵੈਯਾ ॥

ਸਵੈਯਾ:

ਜਉ ਇਹ ਭਾਤ ਕਹਿਯੋ ਜਦੁਨੰਦਨ ਤਉ ਉਹ ਸਤ੍ਰ ਲਖਿਯੋ ਕੋਊ ਆਯੋ ॥

ਜਦੋਂ ਸ੍ਰੀ ਕ੍ਰਿਸ਼ਨ ਨੇ ਇਸ ਤਰ੍ਹਾਂ ਕਿਹਾ ਤਾਂ ਉਸ ਨੇ ਜਾਣਿਆ (ਕਿ ਮੇਰੇ ਉਤੇ) ਕੋਈ ਵੈਰੀ ਚੜ੍ਹ ਆਇਆ ਹੈ।

ਅਉਰ ਸੁਨਿਯੋ ਜਿਹ ਏਕ ਹੀ ਚੋਟ ਸੋ ਕੋਟਨ ਕੋਪ ਚਟਾਕ ਗਿਰਾਯੋ ॥

(ਉਸ ਨੇ) ਹੋਰ ਵੀ ਸੁਣ ਲਿਆ ਕਿ ਜਿਸ ਨੇ ਇਕ ਹੀ ਸਟ ਨਾਲ ਕ੍ਰੋਧਵਾਨ ਹੋ ਕੇ ਕਿਲ੍ਹਿਆਂ ਨੂੰ ਡਿਗਾ ਦਿੱਤਾ ਹੈ।

ਬਾਰਿ ਕੇ ਕੋਟ ਬਿਖੈ ਮੁਰ ਦੈਤ ਹੁਤੋ ਸੁਨਿ ਸੋਰ ਸੋਊ ਉਠਿ ਧਾਯੋ ॥

ਪਾਣੀ ਦੇ ਕਿਲੇ ਵਿਚ ਮੁਰ ਨਾਂ ਦਾ ਦੈਂਤ ਰਹਿੰਦਾ ਸੀ, ਸ਼ੋਰ ਸੁਣ ਕੇ ਉਸ ਨੇ ਉਠ ਕੇ (ਕ੍ਰਿਸ਼ਨ ਉਤੇ) ਹਮਲਾ ਕਰ ਦਿੱਤਾ।

ਸ੍ਯਾਮ ਕੇ ਬਾਹਨ ਕੋ ਤਿਨ ਕੋਪਿ ਤ੍ਰਿਸੂਲ ਕੈ ਆਇ ਕੈ ਘਾਵ ਚਲਾਯੋ ॥੨੧੨੩॥

ਉਸ ਨੇ ਕ੍ਰੋਧਿਤ ਹੋ ਕੇ ਸ੍ਰੀ ਕ੍ਰਿਸ਼ਨ ਦੇ ਵਾਹਨ ਉਤੇ ਤ੍ਰਿਸ਼ੂਲ ਨਾਲ ਹਮਲਾ ਕਰ ਦਿੱਤਾ ॥੨੧੨੩॥

ਸੋ ਖਗਰਾਜ ਨ ਚੋਟ ਗਨੀ ਤਿਨ ਦਉਰਿ ਗਦਾ ਗਹਿ ਕਾਨ੍ਰਹ ਕੋ ਮਾਰੀ ॥

ਗਰੁੜ ਨੇ ਉਸ ਚੋਟ ਨੂੰ ਕੁਝ ਨਾ ਸਮਝਿਆ, ਉਸ ਨੇ ਦੌੜ ਕੇ ਗਦਾ ਪਕੜ ਕੇ ਕ੍ਰਿਸ਼ਨ ਨੂੰ ਮਾਰੀ।

ਆਵਤ ਹੈ ਸਿਰ ਸਾਮੁਹੇ ਚੋਟ ਚਿਤੈ ਇਮ ਸ੍ਰੀ ਬਿਜਨਾਥ ਬਿਚਾਰੀ ॥

ਸਾਹਮਣੇ ਸਿਰ ਤੇ ਆਉਂਦੀ ਸਟ ਨੂੰ ਵੇਖ ਕੇ ਕ੍ਰਿਸ਼ਨ ਨੇ ਇਸ ਤਰ੍ਹਾਂ ਵਿਚਾਰ ਕੀਤਾ।

ਕੋਪ ਬਢਾਇ ਤਬੈ ਅਪੁਨੇ ਸੁ ਕਮੋਦਕੀ ਹਾਥ ਕੇ ਬੀਚ ਸੰਭਾਰੀ ॥

ਆਪਣੇ ਮਨ ਵਿਚ ਕ੍ਰੋਧ ਵਧਾ ਕੇ ਰਥ ਵਿਚੋਂ ਕਮੋਦਕੀ (ਗਦਾ) ਹੱਥ ਵਿਚ ਸੰਭਾਲ ਲਈ।

ਚੋਟ ਜੁ ਆਵਤ ਹੀ ਅਰਿ ਕੀ ਇਹ ਏਕਹਿ ਚੋਟਿ ਚਟਾਕ ਨਿਵਾਰੀ ॥੨੧੨੪॥

ਵੈਰੀ ਦੀ ਜੋ ਚੋਟ ਆ ਰਹੀ ਸੀ, ਉਸ ਨੂੰ ਇਕੋ ਸਟ ਨਾਲ ਦੂਰ ਕਰ ਦਿੱਤਾ ॥੨੧੨੪॥

ਘਾਵ ਬਿਅਰਥ ਗਯੋ ਜਬ ਹੀ ਤਬ ਗਾਜ ਕੈ ਰਾਛਸ ਕੋਪ ਬਢਾਯੋ ॥

ਜਦੋਂ (ਮੁਰ ਦੈਂਤ ਦਾ) ਵਾਰ ਵਿਅਰਥ ਚਲਾ ਗਿਆ ਤਦੋਂ (ਉਸ) ਰਾਖਸ਼ ਨੇ ਗੱਜ ਕੇ ਕ੍ਰੋਧ ਨੂੰ ਵਧਾਇਆ।

ਦੇਹ ਬਢਾਇ ਬਢਾਇ ਕੈ ਆਨਨ ਸ੍ਯਾਮ ਜੂ ਕੇ ਬਧ ਕਾਰਨ ਧਾਯੋ ॥

(ਉਸ ਨੇ ਫਿਰ) ਸ਼ਰੀਰ ਨੂੰ ਵਧਾ ਲਿਆ ਅਤੇ ਮੂੰਹ ਨੂੰ ਵੀ ਵਧਾ ਲਿਆ ਅਤੇ ਸ੍ਰੀ ਕ੍ਰਿਸ਼ਨ ਨੂੰ ਮਾਰਨ ਲਈ ਟੁਟ ਕੇ ਪੈ ਗਿਆ।

ਨੰਦਗ ਕਾਢਿ ਤਬੈ ਕਟਿ ਤੇ ਬ੍ਰਿਜਨਾਥ ਤਬੈ ਤਕਿ ਤਾਹਿ ਚਲਾਯੋ ॥

ਤਦ ਸ੍ਰੀ ਕ੍ਰਿਸ਼ਨ ਨੇ ਲਕ ਨਾਲੋ ਨੰਦਗ (ਖੜਗ) ਕਢ ਲਿਆ ਅਤੇ ਉਸੇ ਵੇਲੇ ਨਿਸ਼ਾਣਾ ਬੰਨ੍ਹ ਕੇ ਚਲਾ ਦਿੱਤਾ।

ਜੈਸੇ ਕੁਮ੍ਰਹਾਰ ਕਟੈ ਘਟਿ ਕੋ ਅਰਿ ਕੋ ਸਿਰ ਤੈਸੇ ਹੀ ਕਾਟ ਗਿਰਾਯੋ ॥੨੧੨੫॥

ਜਿਵੇਂ ਕੁਮ੍ਹਿਆਰ (ਚੱਕ ਤੋਂ ਤਾਰ ਨਾਲ) ਘੜੇ ਨੂੰ ਕਟ ਦਿੰਦਾ ਹੈ, ਉਸੇ ਤਰ੍ਹਾਂ ਵੈਰੀ ਦਾ ਸਿਰ ਕਟ ਕੇ ਡਿਗਾ ਦਿੱਤਾ ॥੨੧੨੫॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਮੁਰ ਦੈਤ ਬਧਹ ॥

ਇਥੇ ਸ੍ਰੀ ਬਚਿਤ੍ਰ ਨਾਟਕ ਦੇ ਕ੍ਰਿਸਨਾਵਤਾਰ ਦੇ ਮੁਰ ਦੈਂਤ ਬਧ ਦੇ ਪ੍ਰਸੰਗ ਦੀ ਸਮਾਪਤੀ।

ਅਥ ਭੂਮਾਸੁਰ ਜੁਧ ਕਥਨੰ ॥

ਹੁਣ ਭੂਮਾਸੁਰ ਦੇ ਯੁੱਧ ਦਾ ਕਥਨ


Flag Counter