ਸ਼੍ਰੀ ਦਸਮ ਗ੍ਰੰਥ

ਅੰਗ - 485


ਆਪਸ ਬੀਚ ਹਕਾਰ ਦੋਊ ਭਟ ਚਿਤ ਬਿਖੈ ਨਹੀ ਨੈਕੁ ਡਰੇ ਹੈ ॥

ਦੋਵੇਂ ਯੋਧੇ ਆਪਸ ਵਿਚ ਵੰਗਾਰਦੇ ਹਨ ਅਤੇ ਚਿਤ ਵਿਚ ਜ਼ਰਾ ਜਿਨੇ ਵੀ ਡਰਦੇ ਨਹੀਂ ਹਨ।

ਭਾਰੀ ਗਦਾ ਗਹਿ ਹਾਥਨ ਮੈ ਰਨ ਭੂਮਹਿ ਤੇ ਨਹਿ ਪੈਗੁ ਟਰੇ ਹੈ ॥

ਹੱਥਾਂ ਵਿਚ ਭਾਰੀ ਗਦਾ ਪਕੜ ਕੇ ਰਣ-ਭੂਮੀ ਵਿਚੋਂ ਇਕ ਕਦਮ ਵੀ ਨਹੀਂ ਹਟਦੇ ਹਨ।

ਮਾਨਹੁ ਮਧਿ ਮਹਾ ਬਨ ਕੇ ਪਲ ਕੇ ਹਿਤ ਹ੍ਵੈ ਬਰ ਸਿੰਘ ਅਰੇ ਹੈ ॥੧੮੭੬॥

(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਬਹੁਤ ਵਡੇ ਬਨ ਵਿਚ ਮਾਸ ਲਈ ਬਲਵਾਨ ਸ਼ੇਰ ਹੋ ਕੇ ਅੜੇ ਖੜੋਤੇ ਹੋਣ ॥੧੮੭੬॥

ਕਾਟਿ ਗਦਾ ਬਲਦੇਵ ਦਈ ਤਿਹ ਭੂਪਤਿ ਕੀ ਅਰੁ ਬਾਨਨ ਮਾਰਿਯੋ ॥

ਬਲਰਾਮ ਨੇ ਉਸ ਰਾਜੇ ਦੀ ਗਦਾ ਨੂੰ ਕਟ ਸੁਟਿਆ ਅਤੇ ਬਾਣਾਂ ਦੀ ਮਾਰ ਕੀਤੀ

ਪਉਰਖ ਯਾ ਹੀ ਭਿਰਿਯੋ ਹਮ ਸੋ ਰਿਸ ਕੈ ਅਰਿ ਕਉ ਇਹ ਭਾਤਿ ਪਚਾਰਿਯੋ ॥

ਅਤੇ ਕ੍ਰੋਧ ਕਰ ਕੇ ਵੈਰੀ ਨੂੰ ਇਸ ਤਰ੍ਹਾਂ ਬੋਲਿਆ, ਇਸੇ ਮਰਦਾਨਗੀ ਨਾਲ ਅਸਾਂ ਨਾਲ ਆ ਕੇ ਲੜਿਆ ਸੀ।

ਇਉ ਕਰਿ ਕੈ ਪੁਨਿ ਬਾਨਨ ਮਾਰਿ ਸਰਾਸਨ ਲੈ ਤਿਹ ਗ੍ਰੀਵਹਿ ਡਾਰਿਯੋ ॥

ਇਸ ਤਰ੍ਹਾਂ ਕਹਿ ਕੇ ਫਿਰ ਬਾਣਾਂ ਦੀ ਮਾਰ ਕੀਤੀ ਹੈ ਅਤੇ ਧਨੁਸ਼ ਲੈ ਕੇ ਉਸ ਦੀ ਧੌਣ ਵਿਚ ਪਾ ਲਈ ਹੈ।

ਦੇਵ ਕਰੈ ਉਪਮਾ ਸੁ ਕਹੈ ਜਦੁਬੀਰ ਜਿਤਿਯੋ ਸੁ ਬਡੋ ਅਰਿ ਹਾਰਿਯੋ ॥੧੮੭੭॥

ਦੇਵਤੇ ਉਪਮਾ ਕਰਨ ਲਗ ਗਏ ਹਨ ਅਤੇ ਕਹਿੰਦੇ ਹਨ ਕਿ ਸ੍ਰੀ ਕ੍ਰਿਸ਼ਨ ਜਿਤ ਗਿਆ ਹੈ ਅਤੇ ਵੱਡਾ ਵੈਰੀ ਹਾਰ ਗਿਆ ਹੈ ॥੧੮੭੭॥

ਕੰਪਤ ਹੋ ਜਿਸ ਤੇ ਖਗੇਸ ਮਹੇਸ ਮੁਨੀ ਜਿਹ ਤੇ ਭੈ ਭੀਤਿਯੋ ॥

ਜਿਸ ਕੋਲੋਂ ਗਰੁੜ ਅਤੇ ਸ਼ਿਵ ਕੰਬਦੇ ਹਨ ਅਤੇ ਜਿਸ ਪਾਸੋਂ ਮੁਨੀ ਵੀ ਭੈ-ਭੀਤ ਹਨ।

ਸੇਸ ਜਲੇਸ ਦਿਨੇਸ ਨਿਸੇਸ ਸੁਰੇਸ ਹੁਤੇ ਚਿਤ ਮੈ ਨ ਨਿਚੀਤਿਯੋ ॥

ਸ਼ੇਸ਼ਨਾਗ, ਵਰੁਨ, ਸੂਰਜ, ਚੰਦ੍ਰਮਾ ਅਤੇ ਇੰਦਰ ਵੀ (ਜਿਸ ਵਲੋਂ) ਨਿਸਚਿੰਤ ਨਹੀਂ ਰਹਿੰਦੇ ਹਨ।

ਤਾ ਨ੍ਰਿਪ ਕੇ ਸਿਰ ਪੈ ਕਬਿ ਸ੍ਯਾਮ ਕਹੈ ਇਹ ਕਾਲ ਇਸੋ ਅਬ ਬੀਤਿਯੋ ॥

ਕਵੀ ਸ਼ਿਆਮ ਕਹਿੰਦੇ ਹਨ, ਉਸ ਰਾਜੇ (ਜਰਾਸੰਧ) ਦੇ ਸਿਰ ਉਤੇ ਇਹ (ਬਲਰਾਮ) ਇਸ ਵੇਲੇ ਕਾਲ ਬਣ ਗਿਆ ਹੈ।

ਧੰਨਹਿ ਧੰਨਿ ਕਰੈ ਸਬ ਸੂਰ ਭਲੇ ਭਗਵਾਨ ਬਡੋ ਅਰਿ ਜੀਤਿਯੋ ॥੧੮੭੮॥

ਸਾਰੇ ਸੂਰਮੇ ਧੰਨ ਧੰਨ ਕਰਦੇ ਹਨ ਕਿ ਚੰਗਾ ਹੋਇਆ ਭਗਵਾਨ ਨੇ ਵੱਡਾ ਵੈਰੀ ਜਿਤ ਲਿਆ ਹੈ ॥੧੮੭੮॥

ਬਲਭਦ੍ਰ ਗਦਾ ਗਹਿ ਕੈ ਇਤ ਤੇ ਰਿਸ ਸਾਥ ਕਹਿਯੋ ਅਰਿ ਕਉ ਹਰਿ ਹੌਂ ॥

ਇਧਰੋਂ ਬਲਰਾਮ ਨੇ ਗਦਾ ਪਕੜ ਕੇ ਕ੍ਰੋਧ ਨਾਲ ਕਿਹਾ, (ਮੈਂ ਹੁਣੇ) ਵੈਰੀ ਨੂੰ ਮਾਰਦਾ ਹਾਂ।

ਇਹ ਪ੍ਰਾਨ ਬਚਾਵਤ ਕੋ ਹਮ ਸੋ ਜਮ ਜਉ ਭਿਰਿ ਹੈ ਨ ਤਊ ਡਰਿ ਹੌਂ ॥

ਇਹ ਮੇਰੇ ਕੋਲੋਂ ਕਿਵੇਂ ਪ੍ਰਾਣ ਬਚਾ ਸਕਦਾ ਹੈ। (ਜੇ) ਜਮ ਵਾਂਗ ਲੜੇਗਾ, ਤਾਂ ਵੀ ਨਹੀਂ ਡਰਾਂਗਾ।

ਘਨ ਸ੍ਯਾਮ ਸਬੈ ਸੰਗਿ ਜਾਦਵ ਲੈ ਤਜਿ ਯਾਹ ਕਹੈ ਨ ਭਯਾ ਟਰਿ ਹੌਂ ॥

(ਜੇ ਕਰ) ਸ੍ਰੀ ਕ੍ਰਿਸ਼ਨ ਸਾਰਿਆਂ ਯਾਦਵਾਂ ਨੂੰ ਨਾਲ ਲੈ ਕੇ ਇਸ ਨੂੰ ਛਡ ਦੇਣ ਲਈ ਕਹਿਣ ਤਾਂ ਵੀ ਹੇ ਭਰਾ ਜੀ! (ਮੈਂ ਆਪਣੇ ਇਰਾਦੇ ਤੋਂ) ਨਹੀਂ ਹਟਾਂਗਾ।

ਕਬਿ ਸ੍ਯਾਮ ਕਹੈ ਮੁਸਲੀ ਇਹ ਭਾਤਿ ਅਬੈ ਇਹ ਕੋ ਬਧ ਹੀ ਕਰਿ ਹੌਂ ॥੧੮੭੯॥

ਕਵੀ ਸ਼ਿਆਮ ਕਹਿੰਦੇ ਹਨ, ਬਲਰਾਮ ਇਸ ਤਰ੍ਹਾਂ (ਕਹਿੰਦਾ ਹੈ) ਕਿ ਹੁਣੇ ਹੀ ਇਸ ਨੂੰ ਮਾਰ ਦਿਆਂਗਾ ॥੧੮੭੯॥

ਸੁਨਿ ਭੂਪ ਹਲਾਯੁਧ ਕੀ ਬਤੀਯਾ ਅਪੁਨੇ ਮਨ ਮੈ ਅਤਿ ਹੀ ਡਰੁ ਮਾਨਿਯੋ ॥

ਬਲਰਾਮ ਦੀਆਂ ਗੱਲਾਂ ਸੁਣ ਕੇ ਰਾਜੇ (ਜਰਾਸੰਧ) ਨੇ ਆਪਣੇ ਮਨ ਵਿਚ ਬਹੁਤ ਡਰ ਮੰਨਿਆ ਹੈ।

ਮਾਨੁਖ ਰੂਪ ਲਖਿਯੋ ਨ ਬਲੀ ਨਿਸਚੈ ਬਲ ਕਉ ਜਮ ਰੂਪ ਪਛਾਨਿਯੋ ॥

(ਉਸ ਨੇ) ਬਲਰਾਮ ਨੂੰ ਮਨੁੱਖ ਨਾ ਨਿਸਚਿਤ ਕਰ ਕੇ ਉਸ ਨੂੰ ਯਮਰਾਜ ਦੇ ਰੂਪ ਵਿਚ ਪਛਾਣਿਆ ਹੈ।

ਸ੍ਰੀ ਜਦੁਬੀਰ ਕੀ ਓਰਿ ਚਿਤੈ ਤਜਿ ਆਯੁਧ ਪਾਇਨ ਸੋ ਲਪਟਾਨਿਯੋ ॥

ਸ੍ਰੀ ਕ੍ਰਿਸ਼ਨ ਵਲ ਵੇਖ ਕੇ ਅਤੇ ਸ਼ਸਤ੍ਰ ਛਡ ਕੇ (ਉਨ੍ਹਾਂ ਦੇ) ਪੈਰਾਂ ਨਾਲ ਲਿਪਟ ਗਿਆ ਹੈ।

ਮੇਰੀ ਸਹਾਇ ਕਰੋ ਪ੍ਰਭ ਜੂ ਕਬਿ ਸ੍ਯਾਮ ਕਹੈ ਕਹਿ ਯੌ ਘਿਘਿਯਾਨਿਯੋ ॥੧੮੮੦॥

ਕਵੀ ਸ਼ਿਆਮ ਕਹਿੰਦੇ ਹਨ, 'ਹੇ ਪ੍ਰਭੂ! ਮੇਰੀ ਸਹਾਇਤਾ ਕਰੋ' ਕਹਿ ਕੇ ਤਰਲੇ ਕਰਨ ਲਗਾ ਹੈ ॥੧੮੮੦॥

ਕਰੁਨਾਨਿਧ ਦੇਖਿ ਦਸਾ ਤਿਹ ਕੀ ਕਰੁਨਾਰਸ ਕਉ ਚਿਤ ਬੀਚ ਬਢਾਯੋ ॥

ਕ੍ਰਿਪਾ ਦੇ ਸਾਗਰ (ਸ੍ਰੀ ਕ੍ਰਿਸ਼ਨ ਨੇ) ਉਸ ਦੀ ਸਥਿਤੀ ਨੂੰ ਵੇਖ ਕੇ (ਆਪਣੇ) ਚਿਤ ਵਿਚ ਕਰੁਣਾ ਦੇ ਭਾਵ ਨੂੰ ਵਧਾਇਆ ਹੈ।

ਕੋਪਹਿ ਛਾਡਿ ਦਯੋ ਹਰਿ ਜੂ ਦੁਹੂੰ ਨੈਨਨ ਭੀਤਰ ਨੀਰ ਬਹਾਯੋ ॥

ਸ੍ਰੀ ਕ੍ਰਿਸ਼ਨ ਨੇ ਕ੍ਰੋਧ ਤਿਆਗ ਦਿੱਤਾ ਹੈ ਅਤੇ ਦੋਹਾਂ ਅੱਖਾਂ ਵਿਚ ਜਲ ਵਗਾ ਦਿੱਤਾ ਹੈ।

ਬੀਰ ਹਲਾਯੁਧ ਠਾਢੋ ਹੁਤੋ ਤਿਹ ਕੋ ਕਹਿ ਕੈ ਇਹ ਬੈਨ ਸੁਨਾਯੋ ॥

(ਜਿਥੇ) ਬਲਰਾਮ ਸੂਰਮਾ ਖੜੋਤਾ ਹੋਇਆ ਸੀ, ਉਸ ਨੂੰ ਸੰਬੋਧਨ ਕਰ ਕੇ ਇਹ ਬਚਨ ਕਹੇ ਹਨ,

ਛਾਡਿ ਦੈ ਜੋ ਹਮ ਜੀਤਨ ਆਯੋ ਹੋ ਸੋ ਹਮ ਜੀਤ ਲਯੋ ਬਿਲਖਾਯੋ ॥੧੮੮੧॥

(ਹੇ ਬਲਰਾਮ! ਇਸ ਨੂੰ) ਛਡ ਦੇ। ਜੋ ਸਾਨੂੰ ਜਿਤਣ ਆਇਆ ਸੀ, ਉਸ ਨੂੰ ਅਸੀਂ ਜਿਤ ਲਿਆ ਹੈ ਅਤੇ ਇਹ ਵਿਰਲਾਪ ਕਰਨ ਲਗ ਗਿਆ ਹੈ ॥੧੮੮੧॥

ਇਹ ਛੋਡਿ ਹਲੀ ਨਹੀ ਛੋਡਤ ਹੋ ਕਿਹ ਕਾਜ ਕਹਿਓ ਤੁਹਿ ਬਾਨਨ ਮਾਰਿਯੋ ॥

(ਸ੍ਰੀ ਕ੍ਰਿਸ਼ਨ ਨੇ ਕਿਹਾ) ਹੇ ਬਲਰਾਮ! ਇਸ ਨੂੰ ਛਡ ਦੇ। (ਬਲਰਾਮ ਨੇ ਕਿਹਾ, ਮੈਂ) ਨਹੀਂ ਛਡਾਂਗਾ। (ਕ੍ਰਿਸ਼ਨ ਨੇ ਕਿਹਾ, ਤੂੰ) ਇਹ (ਗੱਲ) ਕਿਸ ਲਈ ਕਹੀ ਹੈ। (ਇਸ ਲਈ ਕਿ ਤੂੰ) ਇਸ ਨੂੰ ਬਾਣਾਂ ਨਾਲ ਮਾਰਿਆ ਹੈ।

ਜੀਤ ਲਯੋ ਤੋ ਕਹਾ ਭਯੋ ਸ੍ਯਾਮ ਬਡੋ ਅਰਿ ਹੈ ਇਹ ਪਉਰਖ ਹਾਰਿਯੋ ॥

ਜੇ (ਤੂੰ) ਇਸ ਨੂੰ ਜਿਤ ਲਿਆ ਹੈ ਤਾਂ ਕੀ ਹੋਇਆ। (ਬਲਰਾਮ ਨੇ ਕਿਹਾ) ਹੇ ਕ੍ਰਿਸ਼ਨ! ਇਹ ਸਾਡਾ ਵੱਡਾ ਵੈਰੀ ਹੈ ਅਤੇ ਸ਼ਕਤੀ ਖ਼ਤਮ ਕਰ ਬੈਠਾ ਹੈ।

ਆਛੋ ਰਥੀ ਹੈ ਭਯੋ ਬਿਰਥੀ ਅਰੁ ਪਾਇ ਗਹੈ ਪ੍ਰਭ ਤੇਰੇ ਉਚਾਰਿਯੋ ॥

(ਸ੍ਰੀ ਕ੍ਰਿਸ਼ਨ ਨੇ ਕਿਹਾ, ਹੇ ਬਲਰਾਮ! ਇਕ ਤਾਂ ਇਹ) ਚੰਗਾ ਰਥੀ ਹੈ ਅਤੇ ਰਥ ਤੋਂ ਵਾਂਝਿਆ ਗਿਆ ਹੈ ਅਤੇ ਕਹਿੰਦਾ ਹੈ, ਹੇ ਸੁਆਮੀ! ਤੇਰੇ ਪੈਰ ਪਕੜਦਾ ਹਾਂ।

ਤੇਈਸ ਛੋਹਨੀ ਕੋ ਪਤਿ ਹੈ ਤੋ ਕਹਾ ਇਹ ਕੋ ਸਬ ਸੈਨ ਸੰਘਾਰਿਯੋ ॥੧੮੮੨॥

ਜੇ ਤੇਈ ਅਛੋਹਣੀ ਸੈਨਾ ਦਾ ਸੁਆਮੀ ਹੈ, ਤਾਂ ਕੀਹ (ਤੂੰ ਤਾਂ) ਇਸ ਦੀ ਸਾਰੀ ਸੈਨਾ ਮਾਰ ਦਿੱਤੀ ਹੈ ॥੧੮੮੨॥

ਦੋਹਰਾ ॥

ਦੋਹਰਾ:

ਸੈਨ ਬਡੋ ਸੰਗਿ ਸਤ੍ਰੁ ਕੋ ਜੀਤਿ ਤਾਹਿ ਤਿਹ ਜੀਤਿ ॥

(ਹੁਣ, ਕਿਸੇ) ਵੈਰੀ ਨਾਲ ਜੋ ਬਹੁਤ ਵੱਡੀ ਸੈਨਾ ਹੁੰਦੀ ਹੈ; ਜੇ ਉਸ ਨੂੰ ਜਿਤ ਲਿਆ (ਤਾਂ ਆਪਣੇ ਆਪ) ਉਹ ਜਿਤਿਆ ਗਿਆ।

ਛਾਡਤ ਹੈ ਨਹਿ ਬਧਤ ਤਿਹ ਇਹੈ ਬਡਨ ਕੀ ਰੀਤਿ ॥੧੮੮੩॥

(ਅਜਿਹੇ ਸੈਨਾ-ਨਾਇਕ ਅਥਵਾ ਰਾਜੇ ਨੂੰ) ਛਡ ਦਿੱਤਾ ਜਾਂਦਾ ਹੈ, ਮਾਰਿਆ ਨਹੀਂ ਜਾਂਦਾ, ਇਹੀ ਵਡਿਆਂ ਦੀ ਰੀਤ ਹੈ ॥੧੮੮੩॥

ਸਵੈਯਾ ॥

ਸਵੈਯਾ:

ਪਾਗ ਦਈ ਅਰੁ ਬਾਗੋ ਦਯੋ ਇਕ ਸ੍ਯੰਦਨ ਦੈ ਤਿਹ ਛਾਡ ਦਯੋ ਹੈ ॥

(ਆਖਿਰ ਸ੍ਰੀ ਕ੍ਰਿਸ਼ਨ ਨੇ ਜਰਾਸੰਧ ਨੂੰ) ਪਗੜੀ ਦਿੱਤੀ ਅਤੇ ਬਸਤ੍ਰ ਦਿੱਤੇ ਅਤੇ ਇਕ ਰਥ ਦੇ ਕੇ ਉਸ ਨੂੰ ਛਡ ਦਿੱਤਾ।

ਭੂਪ ਚਿਤੈ ਹਰਿ ਕੋ ਚਿਤ ਮੈ ਅਤਿ ਹੀ ਕਰਿ ਲਜਤਵਾਨ ਭਯੋ ਹੈ ॥

ਰਾਜਾ (ਜਰਾਸੰਧ) ਸ੍ਰੀ ਕ੍ਰਿਸ਼ਨ ਨੂੰ ਮਨ ਵਿਚ ਚਿਤਵ ਰਿਹਾ ਹੈ ਅਤੇ ਬਹੁਤ ਹੀ ਲਜਿਤ ਹੋਇਆ ਹੈ।

ਗ੍ਰੀਵ ਨਿਵਾਇ ਮਹਾ ਦੁਖੁ ਪਾਇ ਘਨੋ ਪਛਤਾਇ ਕੈ ਧਾਮਿ ਗਯੋ ਹੈ ॥

ਧੌਣ ਨੂੰ ਨਿਵਾ ਕੇ ਅਤੇ ਬਹੁਤ ਦੁਖ ਪਾ ਕੇ ਪਛਤਾਉਂਦਾ ਹੋਇਆ ਘਰ ਨੂੰ ਚਲਿਆ ਗਿਆ ਹੈ।

ਸ੍ਰੀ ਜਦੁਬੀਰ ਕਉ ਚਉਦਹ ਲੋਕਨ ਸ੍ਯਾਮ ਭਨੈ ਜਸੁ ਪੂਰਿ ਰਹਿਯੋ ਹੈ ॥੧੮੮੪॥

(ਕਵੀ) ਸ਼ਿਆਮ ਕਹਿੰਦੇ ਹਨ, ਸ੍ਰੀ ਕ੍ਰਿਸ਼ਨ ਦਾ ਯਸ਼ ਚੌਦਾਂ ਲੋਕਾਂ ਵਿਚ ਪਸਰ ਗਿਆ ਹੈ ॥੧੮੮੪॥

ਤੇਈਸ ਛੋਹਨ ਤੇਈਸ ਬਾਰ ਅਯੋਧਨ ਤੇ ਪ੍ਰਭ ਐਸੇ ਹੀ ਮਾਰੇ ॥

(ਰਾਜੇ ਦੀ) ਤੇਈ ਅਛੋਹਣੀ ਸੈਨਾ ਨੂੰ ਸ੍ਰੀ ਕ੍ਰਿਸ਼ਨ ਨੇ ਤੇਈ ਵਾਰ ਯੁੱਧ-ਭੂਮੀ ਵਿਚ ਇਸੇ ਤਰ੍ਹਾਂ ਹੀ ਮਾਰਿਆ ਹੈ।

ਬਾਜ ਘਨੇ ਗਜ ਪਤਿ ਹਨੇ ਕਬਿ ਸ੍ਯਾਮ ਭਨੇ ਬਿਪਤੇ ਕਰਿ ਡਾਰੇ ॥

ਬਹੁਤ ਸਾਰੇ ਘੋੜੇ ਅਤੇ ਉਤਮ ਹਾਥੀ ਮਾਰ ਦਿੱਤੇ ਹਨ। ਕਵੀ ਸ਼ਿਆਮ ਕਹਿੰਦੇ ਹਨ ਕਿ (ਉਨ੍ਹਾਂ ਨੂੰ) ਬੇ-ਪਤਾ ਕਰ ਦਿੱਤਾ ਹੈ (ਅਰਥਾਤ ਉਨ੍ਹਾਂ ਦਾ ਨਾਮੋ-ਨਿਸ਼ਾਨ ਮਿਟਾ ਦਿੱਤਾ ਹੈ)।

ਏਕ ਹੀ ਬਾਨ ਲਗੇ ਹਰਿ ਕੋ ਜਮ ਧਾਮਿ ਸੋਊ ਤਜਿ ਦੇਹ ਪਧਾਰੇ ॥

ਸ੍ਰੀ ਕ੍ਰਿਸ਼ਨ ਦਾ ਇਕੋ ਹੀ ਬਾਣ ਲਗਣ ਨਾਲ ਉਹ ਸਾਰੇ ਸ਼ਰੀਰ ਤਿਆਗ ਕੇ ਯਮ-ਲੋਕ ਨੂੰ ਚਲੇ ਗਏ ਹਨ।

ਸ੍ਰੀ ਬ੍ਰਿਜਰਾਜ ਕੀ ਜੀਤ ਭਈ ਅਰਿ ਤੇਈਸ ਬਾਰਨ ਐਸੇ ਈ ਹਾਰੇ ॥੧੮੮੫॥

ਸ੍ਰੀ ਕ੍ਰਿਸ਼ਨ ਦੀ ਜਿਤ ਹੋਈ ਹੈ ਅਤੇ (ਰਾਜਾ ਜਰਾਸੰਧ) ਇਸੇ ਤਰ੍ਹਾਂ ਤੇਈ ਵਾਰ ਹਾਰਿਆ ਹੈ ॥੧੮੮੫॥

ਦੋਹਰਾ ॥

ਦੋਹਰਾ:

ਦੇਵਨ ਜੋ ਉਸਤਤਿ ਕਰੀ ਪਾਛੇ ਕਹੀ ਸੁਨਾਇ ॥

(ਉਸ ਵੇਲੇ ਸ੍ਰੀ ਕ੍ਰਿਸ਼ਨ ਦੀ) ਜੋ ਉਸਤਤ ਦੇਵਤਿਆਂ ਨੇ ਕੀਤੀ, (ਉਹ ਅਸੀਂ) ਪਿਛੇ ਕਈ ਵਾਰ ਸੁਣਾਈ ਹੋਈ ਹੈ।

ਕਥਾ ਸੁ ਆਗੈ ਹੋਇ ਹੈ ਕਹਿ ਹੋਂ ਵਹੀ ਬਨਾਇ ॥੧੮੮੬॥

(ਇਸ ਉਪਰੰਤ) ਜੋ ਕਥਾ ਅਗੇ ਹੋਈ ਹੈ, ਉਹੀ ਸੰਵਾਰ ਕੇ ਕਹਿੰਦਾ ਹਾਂ ॥੧੮੮੬॥

ਸਵੈਯਾ ॥

ਸਵੈਯਾ:

ਉਤ ਭੂਪਤਿ ਹਾਰਿ ਗਯੋ ਗ੍ਰਿਹ ਕੌ ਰਨ ਜੀਤਿ ਇਤੈ ਹਰਿ ਜੂ ਗ੍ਰਿਹ ਆਯੋ ॥

ਉਧਰ ਰਾਜਾ ਹਾਰ ਕੇ ਘਰ ਨੂੰ ਚਲਾ ਗਿਆ ਅਤੇ ਇਧਰ ਸ੍ਰੀ ਕ੍ਰਿਸ਼ਨ ਯੁੱਧ ਨੂੰ ਜਿਤ ਕੇ ਘਰ ਨੂੰ ਪਰਤੇ ਹਨ।

ਮਾਤ ਪਿਤਾ ਕੋ ਜੁਹਾਰੁ ਕੀਯੋ ਪੁਨਿ ਭੂਪਤਿ ਕੇ ਸਿਰ ਛਤ੍ਰ ਤਨਾਯੋ ॥

(ਪਹਿਲਾਂ) ਮਾਤਾ-ਪਿਤਾ ਨੂੰ ਪ੍ਰਨਾਮ ਕੀਤਾ, ਫਿਰ ਰਾਜਾ (ਉਗ੍ਰਸੈਨ) ਦੇ ਸਿਰ ਉਤੇ ਛੱਤਰ ਤਣਵਾਇਆ।

ਬਾਹਰਿ ਆਇ ਗੁਨੀਨ ਸੁ ਦਾਨ ਦੀਯੋ ਤਿਨ ਇਉ ਜਸੁ ਭਾਖਿ ਸੁਨਾਯੋ ॥

(ਘਰੋਂ) ਬਾਹਰ ਆ ਕੇ ਗੁਣੀ ਜਨਾਂ ਨੂੰ ਦਾਨ ਦਿੱਤਾ ਅਤੇ ਉਨ੍ਹਾਂ ਨੇ (ਸ੍ਰੀ ਕ੍ਰਿਸ਼ਨ ਦਾ) ਯਸ਼ ਇਸ ਤਰ੍ਹਾਂ ਕਰ ਕੇ ਸੁਣਾਇਆ,

ਸ੍ਰੀ ਜਦੁਬੀਰ ਮਹਾ ਰਨਧੀਰ ਬਡੋ ਅਰਿ ਜੀਤਿ ਭਲੋ ਜਸੁ ਪਾਯੋ ॥੧੮੮੭॥

ਸ੍ਰੀ ਕ੍ਰਿਸ਼ਨ ਮਹਾਨ ਅਤੇ ਧੀਰਜ ਵਾਲਾ ਸੂਰਮਾ ਹੈ ਜਿਸ ਨੇ ਵੈਰੀ ਨੂੰ ਜਿਤ ਕੇ ਚੰਗਾ ਯਸ਼ ਪ੍ਰਾਪਤ ਕੀਤਾ ਹੈ ॥੧੮੮੭॥

ਅਉਰ ਜਿਤੀ ਪੁਰਿ ਨਾਰਿ ਹੁਤੀ ਮਿਲਿ ਕੈ ਸਭ ਸ੍ਯਾਮ ਕੀ ਓਰਿ ਨਿਹਾਰੈ ॥

ਹੋਰ ਜਿਤਨੀਆਂ ਵੀ (ਮਥੁਰਾ) ਨਗਰ ਦੀਆਂ ਇਸਤਰੀਆਂ ਸਨ, (ਉਹ) ਸਾਰੀਆਂ ਮਿਲ ਕੇ ਸ੍ਰੀ ਕ੍ਰਿਸ਼ਨ ਵਲ ਵੇਖਦੀਆਂ ਹਨ।


Flag Counter