ਕਾਲਕਾ ਨੇ ਉਨ੍ਹਾਂ ਦਾ ਲਹੂ ਪੀ ਲਿਆ, ਕਵੀ ਦੇ ਮਨ ਵਿਚ (ਇਸ ਦ੍ਰਿਸ਼ ਨੂੰ ਵੇਖ ਕੇ) ਭਵਾਨੀ (ਭਵਾ) ਪ੍ਰਤਿ ਇਹ ਭਾਵ ਪੈਦਾ ਹੋਇਆ
ਮਾਨੋ ਸਮੁੰਦਰ ਦਾ ਸਾਰਾ ਜਲ ਮਿਲ ਕੇ (ਗਰਮ) ਤਵੇ ਉਤੇ ਜਾ ਪਿਆ ਹੋਵੇ (ਕਿਉਂਕਿ ਜਲ ਗਰਮ ਤਵੇ ਉਤੇ ਪੈਂਦਿਆਂ ਹੀ ਖ਼ਤਮ ਹੋ ਜਾਂਦਾ ਹੈ) ॥੧੬੮॥
ਚੰਡੀ ਨੇ ਮਾਰਿਆ ਅਤੇ ਕਾਲਕਾ ਨੇ ਕ੍ਰੋਧਵਾਨ ਹੋ ਕੇ ਰਕਤ-ਬੀਜਾਂ ਨਾਲ ਇਸ ਤਰ੍ਹਾਂ ਕੀਤਾ
ਤਦੋਂ ਤਲਵਾਰ ਸੰਭਾਲ ਕੇ ਅਤੇ ਵੰਗਾਰ ਕੇ ਕਿਲਕ ਮਾਰ ਕੇ ਸਾਰੇ (ਦੈਂਤ) ਦਲ ਨਸ਼ਟ ਕਰ ਦਿੱਤੇ।
ਕਾਲਕਾ ਨੇ ਬਹੁਤ ਮਾਸ ਖਾਇਆ ਅਤੇ ਲਹੂ ਪੀਤਾ, ਇਸ (ਦ੍ਰਿਸ਼) ਦੀ ਛਬੀ ਕਵੀ ਦੇ ਮਨ ਵਿਚ ਇੰਜ ਪਈ
ਮਾਨੋ ਭੁਖ ਨਾਲ ਆਤੁਰ ਹੋਏ ਮਨੁੱਖ ਨੇ ਬਹੁਤ ਸਾਰਾ ਸ਼ੋਰਬਾ ਪੀਤਾ ਹੋਵੇ ਅਤੇ ਸਲੂਣਾ ਖਾਇਆ ਹੋਵੇ ॥੧੬੯॥
ਰਕਤ-ਬੀਜ ਨੇ ਧਰਤੀ ਉਤੇ ਜੋ ਯੁੱਧ ਕੀਤਾ, ਉਸ ਨੂੰ ਸਾਰੇ ਦੇਵਤੇ ਵੇਖਦੇ ਸਨ।
ਲਹੂ ਦੀਆਂ ਜਿਤਨੀਆਂ ਵੀ ਬੂੰਦਾਂ ਡਿਗਦੀਆਂ ਸਨ, (ਉਨ੍ਹਾਂ ਤੋਂ) ਅਨੇਕ ਰੂਪ ਧਾਰ ਕੇ (ਦੈਂਤ) ਉਠ ਖੜੋਂਦੇ ਸਨ।
ਜੋਗਣੀਆਂ ਚੌਹਾਂ ਪਾਸਿਆਂ ਵਲ ਪਸਰ ਗਈਆਂ ਸਨ (ਜਿਨ੍ਹਾਂ ਦੇ) ਸਿਰ ਉਤੇ ਜਟਾਵਾਂ ਹਨ ਅਤੇ ਹੱਥਾਂ ਵਿਚ ਵੱਡੇ ਵੱਡੇ ਖੱਪਰ ਹਨ।
(ਜਿਹੜੀਆਂ) ਲਹੂ ਦੀ ਬੂੰਦ (ਖੱਪਰਾਂ ਵਿਚ) ਪੈਂਦੀਆਂ ਹਨ (ਉਹ) ਸਾਰੀਆਂ ਪੀ ਜਾਂਦੀਆਂ ਹਨ ਅਤੇ ਪ੍ਰਚੰਡ ਚੰਡੀ ਤਲਵਾਰ ਨਾਲ (ਸਭ ਨੂੰ) ਮਾਰਦੀ ਜਾਂਦੀ ਹੈ ॥੧੭੦॥
ਕਾਲੀ ਅਤੇ ਚੰਡੀ ਨੇ ਧਨੁਸ਼ ਧਾਰਨ ਕਰ ਕੇ ਦੈਂਤ ਨਾਲ ਨਿਸੰਗ ਯੁੱਧ ਮਚਾਇਆ।
ਯੁੱਧ ਵਿਚ ਬਹੁਤ ਮਾਰੋ ਮਾਰ ਹੋਈ, ਇਕ ਪਹਿਰ ਤਕ ਲੋਹੇ ਨਾਲ ਲੋਹਾ ਖੜਕਿਆ।
ਰਕਤ-ਬੀਜ ਧਰਤੀ ਉਤੇ ਡਿਗ ਪਿਆ ਅਤੇ ਤਲਵਾਰ ਨਾਲ ਵੈਰੀ (ਦੈਂਤ) ਦਾ ਸਿਰ ਕਟਿਆ ਗਿਆ,
ਮਾਨੋ ਧਨਵਾਨ ਨੇ ਚਿੱਤ ਨੂੰ ਵੈਰਾਗੀ ਕਰ ਕੇ ਸਾਰਾ ਮਾਲ-ਧਨ ਤਿਆਗ ਦਿੱਤਾ ਹੋਵੇ ॥੧੭੧॥
ਸੋਰਠਾ:
ਚੰਡੀ ਨੇ (ਰਕਤ-ਬੀਜ ਨੂੰ) ਪਾੜ ਦਿੱਤਾ ਹੈ ਅਤੇ ਕਾਲੀ ਨੇ ਲਹੂ ਪੀਤਾ ਹੈ।
(ਇਸ ਤਰ੍ਹਾਂ ਦੋਹਾਂ ਨੇ ਮਿਲ ਕੇ) ਵੱਡੇ ਦੈਂਤ ਰਕਤ-ਬੀਜ ਨੂੰ ਛਿਣ ਭਰ ਵਿਚ ਮਾਰ ਸੁਟਿਆ ਹੈ ॥੧੭੨॥
ਇਥੇ ਸ੍ਰੀ ਮਾਰਕੰਡੇ ਪੁਰਾਣ ਦੇ ਚੰਡੀ ਚਰਿਤ੍ਰ ਉਕਤੀ ਬਿਲਾਸ ਪ੍ਰਸੰਗ ਦੇ 'ਰਕਤ-ਬੀਜ ਬਧ' ਨਾਂ ਵਾਲਾ ਪੰਜਵਾਂ ਅਧਿਆਇ ਸਮਾਪਤ ਹੋਇਆ ਸਭ ਸ਼ੁਭ ਹੈ ॥੫॥
ਸ੍ਵੈਯਾ:
ਥੋੜੇ ਬਚੇ-ਖੁਚੇ (ਦੈਂਤ) ਰਣ-ਭੂਮੀ ਨੂੰ ਛਡ ਕੇ ਭਜਦੇ ਹੋਏ ਸੁੰਭ ਅਤੇ ਨਿਸੁੰਭ ਕੋਲ ਜਾ ਕੇ ਪੁਕਾਰਨ ਲਗੇ
(ਕਿ ਚੰਡੀ ਅਤੇ ਕਾਲੀ) ਦੋਹਾਂ ਨੇ ਮਿਲ ਕੇ ਰਕਤ-ਬੀਜ ਨੂੰ ਮਾਰ ਦਿੱਤਾ ਹੈ ਅਤੇ ਹੋਰ ਵੀ ਨਾਮੀ ਸੂਰਮੇ ਮਾਰ ਕੇ ਨਸ਼ਟ ਕਰ ਦਿੱਤੇ ਹਨ।
ਉਨ੍ਹਾਂ ਦੇ ਮੂੰਹ ਤੋਂ ਇਸ ਤਰ੍ਹਾਂ ਸੁਣ ਕੇ ਤਦੋਂ (ਰਾਜਾ ਸੁੰਭ) ਹੱਥ ਵਿਚ ਖੜਗ ਨੂੰ ਸੰਭਾਲਦਿਆਂ ਹੋਇਆਂ ਬੋਲ ਉਠਿਆ
(ਮੈਂ) ਪ੍ਰਚੰਡ ਚੰਡੀ ਨੂੰ ਬਲ-ਪੂਰਵਕ ਇਸ ਤਰ੍ਹਾਂ ਮਾਰਾਂਗਾ ਜਿਵੇਂ ਬਨ ਵਿਚ ਸ਼ੇਰ ਬਕਰੀ ਨੂੰ ਪਟਕਾਉਂਦਾ ਹੈ ॥੧੭੩॥
ਦੋਹਰਾ: