ਸ਼੍ਰੀ ਦਸਮ ਗ੍ਰੰਥ

ਅੰਗ - 956


ਐਸੋ ਭੇਖ ਬਨਾਇ ਕੈ ਤਹ ਤੇ ਕਰਿਯੋ ਪਿਯਾਨ ॥

ਇਸ ਤਰ੍ਹਾਂ ਦਾ ਭੇਸ ਬਣਾ ਕੇ (ਉਸ ਨੇ) ਉਥੋਂ ਕੂਚ ਕੀਤਾ

ਪਲਕ ਏਕ ਬੀਤੀ ਨਹੀ ਤਹਾ ਪਹੂੰਚੀ ਆਨਿ ॥੨੧॥

ਅਤੇ ਇਕ ਪਲਕਾਰੇ ਵਿਚ ਉਥੇ ਆ ਪਹੁੰਚੀ ॥੨੧॥

ਚੌਪਈ ॥

ਚੌਪਈ:

ਏਤੀ ਕਥਾ ਸੁ ਯਾ ਪੈ ਭਈ ॥

ਇੰਨੀ ਕਥਾ ਤਾਂ ਇਥੇ ਹੋਈ,

ਅਬ ਕਥ ਚਲਿ ਤਿਹ ਤ੍ਰਿਯ ਪੈ ਗਈ ॥

ਹੁਣ ਕਥਾ ਉਸ ਇਸਤਰੀ ਵਲ ਮੁੜਦੀ ਹੈ

ਨਿਜੁ ਪਤਿ ਮਾਰਿ ਰਾਜ ਜਿਨ ਲਯੋ ॥

ਜਿਸ ਨੇ ਆਪਣਾ ਪਤੀ ਮਾਰ ਕੇ ਰਾਜ ਪ੍ਰਾਪਤ ਕੀਤਾ

ਲੈ ਸੁ ਛਤ੍ਰੁ ਨਿਜੁ ਸੁਤ ਸਿਰ ਦਯੋ ॥੨੨॥

ਅਤੇ ਰਾਜ-ਛਤ੍ਰ ਲੈ ਕੇ ਆਪਣੇ ਪੁੱਤਰ ਦੇ ਸਿਰ ਉਤੇ ਧਰ ਦਿੱਤਾ ॥੨੨॥

ਮੁਖੁ ਫੀਕੋ ਕਰਿ ਸਭਨ ਦਿਖਾਵੈ ॥

ਉਹ (ਉਪਰੋਂ) ਫਿਕਾ ਮੂੰਹ ਕਰ ਕੇ (ਭਾਵ ਉਦਾਸ ਹੋ ਕੇ) ਸਭ ਨੂੰ ਵਿਖਾਉਂਦੀ ਹੈ

ਚਿਤ ਅਪਨੇ ਮੈ ਮੋਦ ਬਢਾਵੈ ॥

(ਪਰ) ਆਪਣੇ ਅੰਦਰੋਂ ਬਹੁਤ ਖ਼ੁਸ਼ ਹੁੰਦੀ ਹੈ।

ਸੋ ਪੁੰਨੂ ਨਿਜੁ ਸਿਰ ਤੇ ਟਾਰੋ ॥

ਇਸ ਤਰ੍ਹਾਂ (ਸੋਚਦੀ ਹੈ ਕਿ) ਪੁੰਨੂੰ ਨੂੰ ਸਿਰੋਂ ਲਾਹ ਦਿੱਤਾ ਹੈ,

ਰਾਜ ਕਮੈਹੈ ਪੁਤ੍ਰ ਹਮਾਰੋ ॥੨੩॥

(ਹੁਣ) ਮੇਰਾ ਪੁੱਤਰ ਰਾਜ ਕਰੇਗਾ ॥੨੩॥

ਦੋਹਰਾ ॥

ਦੋਹਰਾ:

ਸਵਤਿ ਸਾਲ ਤੇ ਮੈ ਜਰੀ ਨਿਜੁ ਪਤਿ ਦਯੋ ਸੰਘਾਰ ॥

(ਸੋਚਦੀ ਸੀ ਕਿ) ਸੌਂਕਣ-ਸਾੜੇ ਤੋਂ ਦੁਖੀ ਹੋ ਕੇ ਮੈਂ ਆਪਣੇ ਪਤੀ ਨੂੰ ਮਰਵਾ ਦਿੱਤਾ।

ਬਿਧਵਾ ਹੀ ਹ੍ਵੈ ਜੀਵਿ ਹੌ ਜੌ ਰਾਖੇ ਕਰਤਾਰ ॥੨੪॥

(ਹੁਣ) ਵਿਧਵਾ ਹੋ ਕੇ ਜੀਵਾਂਗੀ, ਜਿਵੇਂ ਕਰਤਾਰ ਰਖੇਗਾ (ਉਸੇ ਤਰ੍ਹਾਂ ਰਹਾਂਗੀ) ॥੨੪॥

ਚੌਪਈ ॥

ਚੌਪਈ:

ਸਵਤਿ ਸਾਲ ਸਿਰ ਪੈ ਤਹਿ ਸਹਿਯੈ ॥

ਉਸ ਨੇ ਸੌਂਕਣ ਸਾੜਾ ਸਿਰ ਉਤੇ ਸਹਿਆ ਹੈ

ਬਿਧਵਾ ਹੀ ਹ੍ਵੈ ਕੈ ਜਗ ਰਹਿਯੈ ॥

(ਅਤੇ ਹੁਣ) ਵਿਧਵਾ ਹੋ ਕੇ ਜਗਤ ਵਿਚ ਰਹੇਗੀ।

ਧਨ ਕੋ ਟੋਟਿ ਕਛੂ ਮੁਹਿ ਨਾਹੀ ॥

'ਮੈਨੂੰ ਧਨ ਦੀ ਕੋਈ ਘਾਟ ਨਹੀਂ ਹੈ'

ਐਸੇ ਕਹੈ ਅਬਲਾ ਮਨ ਮਾਹੀ ॥੨੫॥

ਇਸ ਤਰ੍ਹਾਂ ਇਸਤਰੀ ਆਪਣੇ ਮਨ ਵਿਚ ਕਹਿੰਦੀ ਹੈ ॥੨੫॥

ਦੋਹਰਾ ॥

ਦੋਹਰਾ:

ਮਨ ਭਾਵਤ ਕੋ ਭੋਗ ਮੁਹਿ ਕਰਨਿ ਨ ਦੇਤੋ ਰਾਇ ॥

ਮੈਨੂੰ (ਜੀਉਂਦੇ ਜੀ) ਰਾਜਾ ਮਨ ਚਾਹੇ ਭੋਗ ਨਹੀਂ ਕਰਨ ਦਿੰਦਾ ਸੀ।

ਅਬਿ ਚਿਤ ਮੈ ਜਿਹ ਚਾਹਿ ਹੋ ਲੈਹੋ ਨਿਕਟਿ ਬੁਲਾਇ ॥੨੬॥

ਹੁਣ ਮੈਂ ਚਿਤ ਵਿਚ ਜਿਸ ਨੂੰ ਚਾਹਾਂਗੀ, (ਉਸੇ ਨੂੰ) ਕੋਲ ਬੁਲਾ ਲਵਾਂਗੀ ॥੨੬॥

ਚੌਪਈ ॥

ਚੌਪਈ:

ਬੈਠਿ ਝਰੋਖੇ ਮੁਜਰਾ ਲੇਵੈ ॥

(ਉਹ) ਝਰੋਖੇ ਵਿਚ ਬੈਠ ਕੇ (ਲੋਕਾਂ ਦੀ) ਸਲਾਮੀ ਲੈਂਦੀ ਸੀ

ਜਿਹ ਭਾਵੈ ਤਾ ਕੋ ਧਨੁ ਦੇਵੈ ॥

ਅਤੇ ਜਿਸ ਨੂੰ ਚਾਹੁੰਦੀ, ਉਸ ਨੂੰ ਧਨ ਪ੍ਰਦਾਨ ਕਰਦੀ ਸੀ।

ਰਾਜ ਕਾਜ ਕਛੁ ਬਾਲ ਨ ਪਾਵੈ ॥

ਰਾਜ ਕਾਜ ਦੀ (ਉਸ) ਇਸਤਰੀ ਨੂੰ ਕੁਝ ਸਮਝ ਨਹੀਂ ਸੀ

ਖੇਲ ਬਿਖੈ ਦਿਨੁ ਰੈਨਿ ਗਵਾਵੈ ॥੨੭॥

ਅਤੇ ਖੇਡ ਤਮਾਸਿਆਂ ਵਿਚ ਹੀ ਦਿਨ ਰਾਤ ਬਤੀਤ ਕਰਦੀ ਸੀ ॥੨੭॥

ਏਕ ਦਿਵਸ ਤਿਨ ਤ੍ਰਿਯ ਯੌ ਕੀਯੋ ॥

ਇਕ ਦਿਨ ਉਸ ਇਸਤਰੀ ਨੇ ਇਉਂ ਕੀਤਾ।

ਬੈਠਿ ਝਰੋਖੇ ਮੁਜਰਾ ਲੀਯੋ ॥

ਝਰੋਖੇ ਵਿਚ ਬੈਠ ਕੇ ਸਲਾਮੀ ਲਈ।

ਸਭ ਸੂਰਨ ਕੋ ਬੋਲਿ ਪਠਾਯੋ ॥

ਸਭ ਸੂਰਮਿਆਂ ਨੂੰ ਬੁਲਾ ਲਿਆ।

ਯਹ ਸੁਨਿ ਭੇਵ ਉਰਬਸੀ ਪਾਯੋ ॥੨੮॥

ਇਹ (ਗੱਲ) ਸੁਣ ਕੇ ਉਰਬਸੀ ਨੇ ਵੀ ਭੇਦ ਪਾ ਲਿਆ ॥੨੮॥

ਭੂਖਨ ਵਹੈ ਅੰਗ ਤਿਨ ਧਰੇ ॥

(ਉਸ ਨੇ) ਉਹੀ ਗਹਿਣੇ ਸ਼ਰੀਰ ਉਤੇ ਸਜਾ ਲਏ

ਨਿਜੁ ਆਲੈ ਤੈ ਨਿਕਸਨਿ ਕਰੇ ॥

ਅਤੇ ਆਪਣੇ ਘਰ ਵਿਚੋਂ ਨਿਕਲ ਪਈ।

ਮੁਸਕੀ ਤਾਜੀ ਚੜੀ ਬਿਰਾਜੈ ॥

(ਉਹ) ਕਾਲੇ ਘੋੜੇ ਉਤੇ ਚੜ੍ਹੀ ਇੰਜ ਸ਼ੋਭ ਰਹੀ ਸੀ

ਨਿਸ ਕੋ ਮਨੋ ਚੰਦ੍ਰਮਾ ਲਾਜੈ ॥੨੯॥

ਮਾਨੋ ਰਾਤ ਨੂੰ ਚੰਦ੍ਰਮਾ ਵੀ ਲਜਾ ਰਿਹਾ ਹੋਵੇ ॥੨੯॥

ਸਵੈਯਾ ॥

ਸਵੈਯਾ:

ਸ੍ਯਾਮ ਛੁਟੇ ਕਚ ਕਾਧਨ ਊਪਰਿ ਸੋਭਿਤ ਹੈ ਅਤਿ ਹੀ ਘੁੰਘਰਾਰੇ ॥

(ਉਸ ਦੇ) ਮੋਢਿਆਂ ਉਤੇ ਸੁੰਦਰ ਕਾਲੇ ਅਤੇ ਬਹੁਤ ਘੁੰਘਰਾਲੇ ਵਾਲ ਸ਼ੋਭ ਰਹੇ ਹਨ।

ਹਾਰ ਸਿੰਗਾਰ ਦਿਪੈ ਅਤਿ ਚਾਰੁ ਸੁ ਮੋ ਪਹਿ ਤੇ ਨਹਿ ਜਾਤ ਉਚਾਰੇ ॥

ਹਾਰ ਸ਼ਿੰਗਾਰ ਬਹੁਤ ਸੁੰਦਰ ਲਿਸ਼ਕਦਾ ਹੈ, ਉਸ ਦਾ ਮੇਰੇ ਤੋਂ ਵਰਣਨ ਨਹੀਂ ਕੀਤਾ ਜਾ ਸਕਦਾ।

ਰੀਝਤ ਦੇਵ ਅਦੇਵ ਸਭੈ ਸੁ ਕਹਾ ਬਪੁਰੇ ਨਰ ਦੇਵ ਬਿਚਾਰੇ ॥

(ਉਸ ਉਤੇ) ਸਭ ਦੇਵਤੇ ਅਤੇ ਦੈਂਤ ਰੀਝੇ ਪਏ ਹਨ, ਵਿਚਾਰੇ ਰਾਜਿਆਂ ('ਨਰ-ਦੇਵ') ਦੀ ਗੱਲ ਹੀ ਕੀ ਹੈ।

ਬਾਲ ਕੌ ਰੋਕ ਸਭੈ ਤਜਿ ਸੋਕ ਤ੍ਰਿਲੋਕ ਕੋ ਲੋਕ ਬਿਲੋਕਿਤ ਸਾਰੇ ॥੩੦॥

ਇਸਤਰੀ ਨੂੰ ਰੋਕ ਕੇ ਅਤੇ ਤਿੰਨਾਂ ਲੋਕਾਂ ਦੇ ਦੁਖਾਂ ਨੂੰ ਛਡ ਕੇ ਸਾਰੇ ਲੋਕ ਵੇਖ ਰਹੇ ਹਨ ॥੩੦॥

ਹਾਰ ਸਿੰਗਾਰ ਬਨਾਇ ਕੈ ਸੁੰਦਰਿ ਅੰਜਨ ਆਖਿਨ ਆਂਜਿ ਦੀਯੋ ॥

ਉਸ ਸੁੰਦਰੀ ਨੇ ਹਾਰ ਸ਼ਿੰਗਾਰ ਬਣਾ ਕੇ ਅੱਖਾਂ ਵਿਚ ਸੁਰਮਾ ਪਾਇਆ ਹੋਇਆ ਹੈ।

ਅਤਿ ਹੀ ਤਨ ਬਸਤ੍ਰ ਅਨੂਪ ਧਰੇ ਜਨ ਕੰਦ੍ਰਪ ਕੋ ਬਿਨੁ ਦ੍ਰਪ ਕੀਯੋ ॥

ਸ਼ਰੀਰ ਉਤੇ ਅਤਿ ਸੁੰਦਰ ਬਸਤ੍ਰ ਧਾਰਨ ਕਰ ਕੇ, ਮਾਨੋ ਕਾਮ ਦੇਵ ਨੂੰ ਬਿਨਾ ਹੰਕਾਰ ਦੇ ਕਰ ਦਿੱਤਾ ਹੋਵੇ।

ਕਲਗੀ ਗਜਗਾਹ ਬਨੀ ਘੁੰਘਰਾਰ ਚੜੀ ਹਯ ਕੈ ਹੁਲਸਾਤ ਹੀਯੋ ॥

(ਉਸ ਨੇ) ਕਲਗੀ ਅਤੇ 'ਗਜਗਾਹ' (ਸਿਰ ਦਾ ਇਕ ਭੂਸ਼ਣ) ਸਜਾ ਕੇ ਘੁੰਘਰਾਲੇ ਵਾਲਾਂ ਨਾਲ ਉਹ ਪ੍ਰਸੰਨਤਾ ਪੂਰਵਕ ਘੋੜੇ ਉਤੇ ਚੜ੍ਹੀ ਹੈ।

ਬਿਨੁ ਦਾਮਨ ਹੀ ਇਹ ਕਾਮਨਿ ਯੌ ਸਭ ਭਾਮਿਨਿ ਕੋ ਮਨ ਮੋਲ ਲੀਯੋ ॥੩੧॥

ਬਿਨਾ ਦੰਮਾਂ ਦੇ ਇਸ ਇਸਤਰੀ ਨੇ ਸਾਰੀਆਂ ਇਸਤਰੀਆਂ ਦਾ ਮਨ ਮੁੱਲ ਲੈ ਲਿਆ ਹੈ ॥੩੧॥

ਸੀਸ ਫਬੈ ਕਲਗੀ ਤੁਰਰੋ ਸੁਭ ਲਾਲਨ ਕੋ ਸਰਪੇਚ ਸੁਹਾਯੋ ॥

ਸਿਰ ਉਤੇ ਕਲਗੀ ਅਤੇ ਤੁੱਰਾ ਫਬ ਰਿਹਾ ਹੈ ਅਤੇ ਲਾਲਾਂ ਨਾਲ ਜੜ੍ਹਿਆ ਹੋਇਆ 'ਸਰਪੇਚ' (ਸਿਰ ਦਾ ਇਕ ਭੂਸ਼ਣ) ਸ਼ੋਭ ਰਿਹਾ ਹੈ।

ਹਾਰ ਅਪਾਰ ਧਰੇ ਉਰ ਮੈ ਮਨੁ ਦੇਖਿ ਮਨੋਜਵ ਕੋ ਬਿਰਮਾਯੋ ॥

ਗਲ ਵਿਚ ਬਹੁਤ ਹਾਰ ਪਾਏ ਹੋਏ ਹਨ (ਜਿਨ੍ਹਾਂ ਨੂੰ) ਵੇਖ ਕੇ ਕਾਮ ਦੇਵ ਦਾ ਮਨ ਵੀ ਭਰਮਾ ਜਾਂਦਾ ਹੈ।

ਬੀਰੀ ਚਬਾਤ ਕਛੂ ਮੁਸਕਾਤ ਬੰਧੇ ਗਜਗਾਹ ਤੁਰੰਗ ਨਚਾਯੋ ॥

ਪਾਨ ਨੂੰ ਚਬਾਉਂਦੇ ਹੋਇਆਂ ਕੁਝ ਮੁਸਕਰਾ ਕੇ 'ਗਜਗਾਹ' ਨਾਲ ਸਜੇ ਹੋਏ ਘੋੜੇ ਨੂੰ ਨਚਾਂਦੀ ਹੈ।

ਸ੍ਯਾਮ ਭਨੈ ਮਹਿ ਲੋਕ ਕੀ ਮਾਨਹੁ ਮਾਨਨਿ ਕੋ ਮਨੁ ਮੋਹਨੁ ਆਯੋ ॥੩੨॥

ਕਵੀ ਸਿਆਮ ਕਹਿੰਦਾ ਹੈ ਮਾਨੋ (ਇਹ) ਮਾਤ ਲੋਕ ਦੀਆਂ ਇਸਤਰੀਆਂ ਦੇ ਮਨ ਨੂੰ ਮੋਹਣ ਆਈ ਹੋਵੇ ॥੩੨॥


Flag Counter