ਸ਼੍ਰੀ ਦਸਮ ਗ੍ਰੰਥ

ਅੰਗ - 890


ਨ੍ਰਿਪ ਕੋ ਬਚਨ ਭ੍ਰਿਤ ਸੁਨਿ ਧਾਏ ॥

ਰਾਜੇ ਦੀ ਆਗਿਆ ਸੁਣਾ ਕੇ ਨੌਕਰ ਭਜੇ ਆਏ

ਮੰਤ੍ਰੀ ਕੀ ਦੁਹਿਤਾ ਢਿਗ ਆਏ ॥

ਅਤੇ ਮੰਤ੍ਰੀ ਦੀ ਪੁੱਤਰੀ (ਰੋਸਨਿ ਰਾਇ) ਕੋਲ ਆਏ।

ਕੌਨ ਦੇਸ ਏਸ੍ਵਰ ਤੁਹਿ ਜਾਯੋ ॥

(ਆ ਕੇ ਕਹਿਣ ਲਗੇ-) ਕਿਹੜੇ ਦੇਸ ਦੇ ਰਾਜੇ ਦਾ ਤੂੰ ਪੁੱਤਰ ਹੈਂ'।

ਚਲੋ ਰਾਵ ਜੂ ਬੋਲਿ ਪਠਾਯੋ ॥੧੭॥

ਚਲੋ, (ਸਾਡੇ) ਰਾਜਾ ਜੀ ਨੇ (ਤੈਨੂੰ) ਬੁਲਾਣ ਲਈ ਭੇਜਿਆ ਹੈ ॥੧੭॥

ਦੋਹਰਾ ॥

ਦੋਹਰਾ:

ਕੌਨ ਨ੍ਰਿਪਤਿ ਕੋ ਪੁਤ੍ਰ ਤੈ ਕ੍ਯੋ ਆਯੋ ਇਹ ਦੇਸ ॥

(ਰਾਜੇ ਕੋਲ ਆਣ ਤੇ ਉਸ ਨੂੰ ਪੁਛਿਆ-) ਤੂੰ ਕਿਸ ਰਾਜੇ ਦਾ ਪੁੱਤਰ ਹੈਂ ਅਤੇ ਇਸ ਦੇਸ ਵਿਚ ਕਿਉਂ ਆਇਆ ਹੈਂ।

ਕ੍ਯੋ ਮੁਸਕੀ ਘੋਰਾ ਚਰਿਯੋ ਧਰਿਯੋ ਅਸਿਤ ਕ੍ਯੋ ਭੇਸ ॥੧੮॥

(ਤੂੰ) ਮੁਸ਼ਕੀ ਰੰਗ ਦੇ ਘੋੜੇ ਉਤੇ ਕਿਉਂ ਚੜ੍ਹਿਆ ਹੈਂ ਅਤੇ ਕਾਲੇ ਬਸਤ੍ਰ ਕਿਉਂ ਪਾਏ ਹਨ? ॥੧੮॥

ਛਪੈ ਛੰਦ ॥

ਛਪੈ ਛੰਦ:

ਨ ਹੈ ਨ੍ਰਿਪਤਿ ਕੋ ਪੁਤ੍ਰ ਨ ਹੈ ਦੇਸਨ ਕੋ ਰਾਈ ॥

(ਮੈਂ) ਨਾ ਕਿਸੇ ਦੇਸ ਦੇ ਰਾਜੇ ਦਾ ਪੁੱਤਰ ਹਾਂ ਅਤੇ ਨਾ ਹੀ ਕਿਸੇ ਦੇਸ਼ ਦਾ ਰਾਜਾ ਹਾਂ।

ਤਵ ਮੰਤ੍ਰੀ ਕੀ ਸੁਤਾ ਲਖਨ ਕੌਤਕ ਕੌ ਆਈ ॥

(ਮੈਂ ਤਾਂ) ਤੁਹਾਡੇ ਮੰਤ੍ਰੀ ਦੀ ਪੁੱਤਰੀ ਹਾਂ ਅਤੇ ਕੌਤਕ ਵੇਖਣ ਆਈ ਹਾਂ।

ਸਾਸਤ੍ਰ ਸਿਮ੍ਰਿਤਨ ਮਾਹਿ ਸਦਾ ਸ੍ਰਵਨਨ ਸੁਨਿ ਪਾਯੋ ॥

ਸ਼ਾਸਤ੍ਰਾਂ ਸਮ੍ਰਿਤੀਆਂ ਵਿਚ (ਲਿਖੇ ਸਿੱਧਾਂਤਾਂ ਨੂੰ) ਮੈਂ ਸਦਾ ਕੰਨਾਂ ਨਾਲ ਸੁਣਿਆ ਹੈ।

ਤਤੁ ਲਖਨ ਕੇ ਹੇਤ ਮੋਰ ਹਿਯਰਾ ਉਮਗਾਯੋ ॥

(ਉਨ੍ਹਾਂ ਦੇ) ਤੱਤ ਨੂੰ ਸਮਝਣ ਲਈ ਮੇਰਾ ਮਨ ਉਮਡਿਆ ਹੈ।

ਤਬੈ ਉਚਰਿਹੌ ਬੈਨ ਜਬੈ ਨੇਤ੍ਰਨ ਸੋ ਲਹਿਹੋ ॥

ਮੈਂ ਤਦ ਹੀ (ਕੁਝ) ਬੋਲਾਂਗਾ ਜਦ ਨੇਤਰਾਂ ਨਾਲ ਕੁਝ ਵੇਖ ਲਵਾਂਗਾ।

ਬਿਨੁ ਨੇਤ੍ਰਨ ਕੇ ਲਹੇ ਭੇਦ ਨ੍ਰਿਪ ਤੁਮੈ ਨ ਕਹਿਹੋ ॥੧੯॥

ਹੇ ਰਾਜਨ! ਨੇਤਰਾਂ ਨਾਲ ਵੇਖੇ ਬਿਨਾ ਤੁਹਾਨੂੰ ਕੋਈ ਭੇਦ ਨਹੀਂ ਦਸਾਂਗਾ ॥੧੯॥

ਚੌਪਈ ॥

ਚੌਪਈ:

ਕਹਿਯੋ ਨ੍ਰਿਪਤਿ ਮੁਹਿ ਭੇਦ ਬਤਾਵਹੁ ॥

ਰਾਜੇ ਨੇ ਕਿਹਾ, ਮੈਨੂੰ ਭੇਦ ਦੀ ਗੱਲ ਦਸੋ।

ਰੋਸਨ ਰਾਇ ਨ ਹ੍ਰਿਦੈ ਲਜਾਵਹੁ ॥

ਹੇ ਰੋਸ਼ਨਿ ਰਾਇ! ਹਿਰਦੇ ਵਿਚ ਜ਼ਰਾ ਵੀ ਸੰਕੋਚ ਨਾ ਕਰੋ।

ਤੁਮਰੀ ਕਹੀ ਹ੍ਰਿਦੈ ਮੈ ਰਾਖੋ ॥

(ਮੈਂ) ਤੁਹਾਡੀ ਕਹੀ ਗੱਲ ਹਿਰਦੇ ਵਿਚ ਰਖਾਂਗਾ

ਭੇਦ ਔਰ ਤਨ ਕਛੂ ਨ ਭਾਖੋ ॥੨੦॥

ਅਤੇ ਕਿਸੇ ਨੂੰ (ਤੁਹਾਡਾ) ਭੇਦ ਨਹੀਂ ਦਸਾਂਗਾ ॥੨੦॥

ਦੋਹਰਾ ॥

ਦੋਹਰਾ:

ਸੁਨ ਰਾਜਾ ਜੂ ਮੈ ਕਹੋਂ ਕਿਸੂ ਨ ਦੀਜਹੁ ਭੇਦ ॥

ਹੇ ਰਾਜਨ! ਸੁਣੋ, ਮੈਂ (ਜੋ ਕੁਝ) ਕਹਾਂਗਾ, ਇਹ ਭੇਦ ਕਿਸੇ ਨੂੰ ਨਹੀਂ ਦਸਣਾ।

ਜੁ ਕਛੁ ਸਾਸਤ੍ਰ ਸਿਮ੍ਰਿਤਿ ਕਹਤ ਔਰ ਉਚਾਰਤ ਬੇਦ ॥੨੧॥

ਜੋ ਕੁਝ ਸ਼ਾਸਤ੍ਰਾਂ ਅਤੇ ਸਮ੍ਰਿਤੀਆਂ ਵਿਚ ਕਿਹਾ ਗਿਆ ਹੈ ਅਤੇ ਵੇਦਾਂ ਵਿਚ ਉਚਾਰਿਆ ਗਿਆ ਹੈ (ਉਹੀ ਦਸਾਂਗਾ) ॥੨੧॥

ਜਹਾ ਸਾਧ ਕਹ ਚੋਰ ਕਰਿ ਮਾਰਤ ਲੋਗ ਰਿਸਾਇ ॥

ਜਿਥੇ ਸਾਧ ਨੂੰ ਚੋਰ ਕਹਿ ਕੇ ਲੋਕ ਕ੍ਰੋਧਿਤ ਹੋ ਕੇ ਮਾਰ ਦਿੰਦੇ ਹੋਣ,

ਤੁਰਤ ਧਰਨਿ ਤਿਹ ਠੌਰ ਕੀ ਧਸਕਿ ਰਸਾਤਲ ਜਾਇ ॥੨੨॥

ਉਸ ਸਥਾਨ ਦੀ ਧਰਤੀ ਧਸ ਕੇ ਪਾਤਾਲ ਨੂੰ ਚਲੀ ਜਾਏਗੀ ॥੨੨॥

ਚੌਪਈ ॥

ਚੌਪਈ:

ਜੋ ਸਾਸਤ੍ਰ ਸਿੰਮ੍ਰਤਨ ਸੁਨਿ ਪਾਈ ॥

ਜੋ ਸ਼ਾਸਤ੍ਰਾਂ ਸਿਮ੍ਰਤੀਆਂ ਵਿਚ (ਲਿਖਿਆ ਹੋਇਆ) ਸੁਣਿਆ ਹੈ,

ਸੋ ਕੌਤਕ ਦੇਖਨ ਕਹ ਆਈ ॥

ਉਸ ਕੌਤਕ ਨੂੰ ਵੇਖਣ ਲਈ ਆਇਆ ਹਾਂ।

ਦੇਖੋ ਕਹਾ ਇਹ ਠਾ ਅਬ ਹ੍ਵੈ ਹੈ ॥

ਵੇਖਦਾ ਹਾਂ, ਇਸ ਸਥਾਨ ਉਤੇ ਕੀ ਹੁੰਦਾ ਹੈ

ਫਟਿ ਹੈ ਧਰਨਿ ਕਿ ਨਾਹਿ ਫਟਿ ਜੈ ਹੈ ॥੨੩॥

ਕਿ ਧਰਤੀ ਫਟਦੀ ਹੈ ਕਿ ਨਹੀਂ ਫਟਦੀ ॥੨੩॥

ਦੋਹਰਾ ॥

ਦੋਹਰਾ:

ਜੁ ਕਛੁ ਕਥਾ ਸ੍ਰਵਨਨ ਸੁਨੀ ਸੁ ਕਛੁ ਕਹੀ ਤੁਯ ਦੇਵ ॥

ਹੇ ਰਾਜਨ! ਜੋ ਕੁਝ ਕਥਾ (ਮੈਂ) ਕੰਨਾਂ ਨਾਲ ਸੁਣੀ ਹੈ, ਉਹੀ ਕੁਝ ਤੁਹਾਨੂੰ ਕਹਿ ਦਿੱਤੀ ਹੈ।

ਅਪਨੇ ਚਿਤ ਮੈ ਰਾਖਿਯੋ ਕਿਸੂ ਨ ਦੀਜਹੁ ਭੇਵ ॥੨੪॥

(ਇਸ ਗੱਲ ਨੂੰ) ਆਪਣੇ ਚਿਤ ਵਿਚ ਰਖੋ ਅਤੇ ਕਿਸੇ ਨੂੰ ਭੇਦ ਨਾ ਦਿਓ ॥੨੪॥

ਸੁਨਤ ਬਚਨ ਤਾ ਕੇ ਨ੍ਰਿਪਤਿ ਨਿਕਟਿ ਬੋਲਿ ਤਿਹ ਲੀਨ ॥

ਰਾਜੇ ਨੇ ਉਸ ਦੇ ਬਚਨ ਸੁਣ ਕੇ ਉਸ ਨੂੰ ਕੋਲ ਬੁਲਾ ਲਿਆ

ਸ੍ਯਾਮ ਸਾਹ ਕੋ ਪੁਤ੍ਰ ਲਖਿ ਤੁਰਤ ਬਿਦਾ ਕਰਿ ਦੀਨ ॥੨੫॥

ਅਤੇ ਸ਼ਾਮ ਦੇਸ ਦੇ ਰਾਜੇ ਦੇ ਪੁੱਤਰ ਨੂੰ ਵੇਖ ਕੇ ਉਸ ਨੂੰ ਤੁਰਤ ਛਡ ਦਿੱਤਾ ॥੨੫॥

ਦੁਹਿਤਾ ਦਈ ਵਜੀਰ ਕੀ ਹੈ ਗੈ ਦਏ ਅਨੇਕ ॥

ਉਸ ਨੂੰ ਵਜ਼ੀਰ ਦੀ ਕੁੜੀ (ਵਿਆਹ ਦਿੱਤੀ) ਅਤੇ ਅਨੇਕ ਹਾਥੀ ਅਤੇ ਘੋੜੇ ਦਿੱਤੇ।

ਪਤਿ ਕੀਨੋ ਛਲਿ ਕੈ ਤੁਰਤ ਬਾਰ ਨ ਬਾਕਯੋ ਏਕ ॥੨੬॥

(ਰੋਸ਼ਨਿ ਰਾਇ ਨੇ) ਤੁਰਤ ਛੱਲ ਪੂਰਵਕ ਉਸ ਨੂੰ ਪਤੀ ਬਣਾਇਆ ਅਤੇ ਉਸ ਦਾ ਇਕ ਵਾਲ ਵੀ ਵਿੰਗਾ ਨਾ ਹੋਣ ਦਿੱਤਾ ॥੨੬॥

ਚੌਪਈ ॥

ਚੌਪਈ:

ਝੂਠਾ ਤੇ ਸਾਚਾ ਕਰਿ ਡਾਰਿਯੋ ॥

ਝੂਠੇ ਨੂੰ ਸੱਚਾ ਸਿੱਧ ਕਰ ਦਿੱਤਾ।

ਕਿਨਹੂੰ ਭੇਦ ਨ ਹ੍ਰਿਦੈ ਬਿਚਾਰਿਯੋ ॥

ਕਿਸੇ ਨੇ ਵੀ ਹਿਰਦੇ ਵਿਚ ਇਸ ਭੇਦ ਨੂੰ ਨਾ ਵਿਚਾਰਿਆ।

ਸਾਮ ਦੇਸ ਲੈ ਤਾਹਿ ਸਿਧਾਈ ॥

ਉਹ (ਰੋਸ਼ਨਿ ਰਾਇ) (ਆਪਣੇ ਪਤੀ ਨੂੰ) ਲੈ ਕੇ ਸਾਮ ਦੇਸ ਚਲੀ ਗਈ

ਤੇਗ ਤਰੇ ਤੇ ਲਯੋ ਬਚਾਈ ॥੨੭॥

ਅਤੇ (ਉਸ ਨੂੰ) ਤਲਵਾਰ (ਦੀ ਧਾਰ) ਹੇਠੋਂ ਬਚਾ ਲਿਆ ॥੨੭॥

ਦੋਹਰਾ ॥

ਦੋਹਰਾ:

ਅਤਿਭੁਤ ਗਤਿ ਬਨਿਤਾਨ ਕੀ ਜਿਹ ਨ ਸਕਤ ਕੋਉ ਪਾਇ ॥

ਇਸਤਰੀਆਂ ਦੀ ਅਜੀਬ ਗਤੀ ਹੈ, ਜਿਸ ਨੂੰ ਕੋਈ ਸਮਝ ਨਹੀਂ ਸਕਦਾ।

ਭੇਦ ਹਾਥ ਆਵੈ ਨਹੀ ਕੋਟਿਨ ਕਿਯੇ ਉਪਾਇ ॥੨੮॥

ਬੇਹਿਸਾਬੇ ਉਪਾ ਕਰਨ ਤੇ ਵੀ (ਇਨ੍ਹਾਂ ਦਾ) ਭੇਦ ਪਾਇਆ ਨਹੀਂ ਜਾ ਸਕਦਾ ॥੨੮॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਛਿਆਸਠਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੬੬॥੧੧੭੨॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਤ੍ਰੀਆ ਚਰਿਤ੍ਰ ਦੇ ਮੰਤੀ ਭੂਪ ਸੰਬਾਦ ਦੇ ੬੬ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੬੬॥੧੧੭੨॥ ਚਲਦਾ॥

ਚੌਪਈ ॥

ਚੌਪਈ:

ਦਛਿਨ ਦੇਸ ਬਿਚਛਨ ਨਾਰੀ ॥

ਦੱਖਣ ਦੇਸ ਦੀਆਂ ਇਸਤਰੀਆਂ (ਬਹੁਤ) ਸੂਝਵਾਨ ਹਨ,

ਜੋਗੀ ਗਏ ਭਏ ਘਰ ਬਾਰੀ ॥

(ਜਿਥੇ) ਗਏ ਜੋਗੀ ਵੀ ਘਰਬਾਰੀ ਬਣ ਜਾਂਦੇ ਹਨ।

ਚਤੁਰ ਸਿੰਘ ਰਾਜ ਤਹ ਭਾਰੋ ॥

ਉਥੇ ਇਕ ਬਲਵਾਨ ਰਾਜਾ ਚਤੁਰ ਸਿੰਘ ਸੀ

ਚੰਦ੍ਰਬੰਸ ਮੈ ਰਹੈ ਉਜਿਯਾਰੋ ॥੧॥

ਜੋ ਚੰਦ੍ਰ ਬੰਸ ਵਿਚ ਬਹੁਤ ਪ੍ਰਸਿੱਧ ਸੀ ॥੧॥

ਹੈ ਗੈ ਰਥ ਪੈਦਲ ਬਹੁ ਵਾ ਕੇ ॥

ਉਸ ਕੋਲ ਘੋੜੇ, ਹਾਥੀ, ਰਥ ਅਤੇ ਪੈਦਲ (ਸਿਪਾਹੀ) ਬਹੁਤ ਸਨ।

ਔਰ ਭੂਪ ਕੋਊ ਤੁਲਿ ਨ ਤਾ ਕੇ ॥

ਉਸ ਦੇ ਬਰਾਬਰ ਕੋਈ ਹੋਰ ਰਾਜਾ ਨਹੀਂ ਸੀ।

ਰੂਪ ਕਲਾ ਤਾ ਕੀ ਬਰ ਨਾਰੀ ॥

ਉਸ ਦੀ ਰੂਪ ਕਲਾ ਨਾਂ ਦੀ ਸੁੰਦਰ ਇਸਤਰੀ ਸੀ।

ਜਨੁ ਰਤਿ ਪਤਿ ਤੇ ਭਈ ਕੁਮਾਰੀ ॥੨॥

(ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਰਤੀ ਦੇ ਪਤੀ (ਕਾਮ ਦੇਵ) ਦੀ ਪੁੱਤਰੀ ਹੋਵੇ ॥੨॥

ਅਧਿਕ ਰਾਵ ਤਾ ਕੇ ਬਸਿ ਰਹੈ ॥

ਰਾਜਾ ਅਧਿਕਤਰ ਉਸੇ ਦੇ ਵਸ ਵਿਚ ਰਹਿੰਦਾ ਸੀ।

ਜੋ ਵਹੁ ਮੁਖ ਤੇ ਕਹੈ ਸੁ ਕਹੈ ॥

ਜੋ ਉਹ ਮੂੰਹ ਵਿਚੋਂ ਕਹਿੰਦੀ ਸੀ, ਉਹੀ ਉਹ ਕਹਿੰਦਾ ਸੀ।

ਰੂਪ ਮਤੀ ਤਿਹ ਤ੍ਰਾਸ ਨ ਡਰੈ ॥

ਰੂਪ ਮਤੀ ਉਸ ਤੋਂ ਡਰਦੀ ਨਹੀਂ ਸੀ।

ਜੋ ਚਿਤ ਭਾਵੇ ਸੋਈ ਕਰੈ ॥੩॥

(ਉਸ ਦੇ) ਜੋ ਚਿਤ ਵਿਚ ਆਉਂਦਾ ਸੀ, ਉਹੀ ਕਰਦੀ ਸੀ ॥੩॥

ਦੋਹਰਾ ॥

ਦੋਹਰਾ:

ਇਕ ਦਿਨ ਬੈਠੇ ਤ੍ਰਿਯਨ ਮੈ ਹੋਡ ਪਰੀ ਤਿਨ ਮਾਹਿ ॥

ਇਕ ਦਿਨ ਇਸਤਰੀਆਂ ਵਿਚ ਬੈਠਿਆਂ ਉਨ੍ਹਾਂ ਵਿਚ ਇਹ ਸ਼ਰਤ ਲਗ ਗਈ

ਪਿਯ ਦੇਖਤ ਕੋਊ ਜਾਰ ਸੋ ਭੋਗ ਸਕਤ ਕਰਿ ਨਾਹਿ ॥੪॥

ਕਿ ਪਤੀ ਨੂੰ ਵੇਖਦਿਆਂ ਕੋਈ ਯਾਰ ਨਾਲ ਭੋਗ ਨਹੀਂ ਕਰ ਸਕਦੀ ॥੪॥

ਚੌਪਈ ॥

ਚੌਪਈ:

ਰਾਨੀ ਬਾਤ ਚਿਤ ਮੈ ਰਾਖੀ ॥

ਰਾਣੀ ਨੇ ਇਹ ਗੱਲ ਚਿਤ ਵਿਚ ਰਖ ਲਈ।

ਮੁਖ ਤੇ ਕਛੂ ਨ ਤਿਹ ਠਾ ਭਾਖੀ ॥

ਉਸ ਥਾਂ ਤੇ ਕੋਈ ਗੱਲ (ਉਸ ਨੇ) ਮੂੰਹੋਂ ਨਾ ਕਹੀ।

ਏਕ ਦੋਇ ਜਬ ਮਾਸ ਬਿਤਾਯੋ ॥

ਜਦੋਂ ਇਕ ਦੋ ਮਹੀਨੇ ਬੀਤ ਗਏ

ਆਨ ਰਾਵ ਸੋ ਬਚਨ ਸੁਨਾਯੋ ॥੫॥

(ਤਾਂ) ਆ ਕੇ ਰਾਜੇ ਨੂੰ ਕਿਹਾ ॥੫॥

ਸੁਨੁ ਨ੍ਰਿਪ ਮੈ ਸਿਵ ਪੂਜਨ ਗਈ ॥

ਹੇ ਰਾਜਨ! ਸੁਣੋ, ਮੈਂ ਸ਼ਿਵ ਜੀ ਦੀ ਪੂਜਾ ਕਰਨ ਗਈ ਸਾਂ।

ਬਾਨੀ ਮੋਹਿ ਤਹਾ ਤੈ ਭਈ ॥

ਉਥੇ ਮੈਨੂੰ (ਆਕਾਸ਼) ਬਾਣੀ ਹੋਈ।

ਏਕ ਬਾਤ ਐਸੀ ਬਹਿ ਜੈਹੈ ॥

ਇਕ ਗੱਲ ਇਹ ਹੋਈ ਕਿ (ਇਥੇ ਆ ਕੇ) ਜੋ ਬੈਠੇਗਾ

ਸਭ ਕੋ ਭੋਗ ਕਰਤ ਦ੍ਰਿਸਟੈ ਹੈ ॥੬॥

ਤਾਂ ਸਾਰੇ ਉਸ ਨੂੰ ਭੋਗ ਕਰਦੇ ਨਜ਼ਰ ਆਉਣਗੇ ॥੬॥

ਦੋਹਰਾ ॥

ਦੋਹਰਾ:

ਜੁ ਕਛੁ ਮੋਹਿ ਸਿਵਜੂ ਕਹਿਯੋ ਸੁ ਕਛੁ ਕਹਿਯੋ ਤੁਹਿ ਦੇਵ ॥

ਹੇ ਰਾਜਨ! ਜੋ ਕੁਝ ਮੈਨੂੰ ਸ਼ਿਵ ਜੀ ਨੇ ਕਿਹਾ ਸੀ, ਉਹੀ ਕੁਝ (ਮੈਂ) ਤੁਹਾਨੂੰ ਕਹਿ ਦਿੱਤਾ ਹੈ।


Flag Counter