ਸ਼੍ਰੀ ਦਸਮ ਗ੍ਰੰਥ

ਅੰਗ - 1010


ਤਬ ਹੀ ਸੈਨ ਕੈਰਵਨ ਭਾਜਿਯੋ ॥੩੬॥

ਤਦ ਹੀ ਕੌਰਵਾਂ ਦੀ ਸੈਨਾ ਭਜ ਗਈ ॥੩੬॥

ਦੋਹਰਾ ॥

ਦੋਹਰਾ:

ਤ੍ਰਿਯ ਕੌ ਜੁਧ ਬਿਲੌਕਿ ਕੈ ਪਾਰਥ ਭਯੋ ਪ੍ਰਸੰਨ੍ਯ ॥

ਇਸਤਰੀ ਦਾ ਯੁੱਧ ਵੇਖ ਕੇ ਅਰਜਨ ਬਹੁਤ ਖ਼ੁਸ਼ ਹੋਇਆ

ਕਹਿਯੋ ਆਜੁ ਤੈ ਦ੍ਰੋਪਤੀ ਧਰਨੀ ਤਲ ਮੈ ਧੰਨ੍ਯ ॥੩੭॥

ਅਤੇ ਕਿਹਾ, ਹੇ ਦ੍ਰੋਪਤੀ! ਤੂੰ ਅਜ ਧਰਤੀ ਉਤੇ ਧੰਨ ਹੈਂ ॥੩੭॥

ਚੌਪਈ ॥

ਚੌਪਈ:

ਮੈ ਅਬ ਬਿਕਿ ਦਾਮਨ ਬਿਨੁ ਗਯੋ ॥

ਮੈਂ ਹੁਣ ਬਿਨਾ ਦੰਮਾਂ ਦੇ ਵਿਕ ਗਿਆ ਹਾਂ।

ਜਨੁ ਤੈ ਦਾਸ ਮੋਲ ਕੋ ਲਯੋ ॥

(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਤੂੰ ਦਾਸ ਮੁੱਲ ਲੈ ਲਿਆ ਹੋਵੇ।

ਜੋ ਕਛੁ ਕਹੌ ਕਾਰਜ ਤਵ ਕਰਿਹੋ ॥

ਜੋ ਤੂੰ ਕਹੇਂਗੀ, ਉਹੀ ਕੰਮ (ਮੈਂ) ਕਰਾਂਗਾ।

ਪ੍ਰਾਨ ਜਾਨ ਤੇ ਨੈਕੁ ਨ ਡਰਿਹੋ ॥੩੮॥

ਪ੍ਰਾਣਾਂ ਦੀ ਬਾਜ਼ੀ ਲਗਾਣੋ ਵੀ ਸੰਕੋਚ ਨਹੀਂ ਕਰਾਂਗਾ ॥੩੮॥

ਦੋਹਰਾ ॥

ਦੋਹਰਾ:

ਤਰੁਨ ਬਿਧਾਤੈ ਤਵ ਕਰਿਯੋ ਤਰਨੀ ਕੀਨੋ ਮੋਹਿ ॥

(ਦ੍ਰੋਪਤੀ ਨੇ ਕਿਹਾ) ਵਿਧਾਤਾ ਨੇ ਤੈਨੂੰ ਮਰਦ ਅਤੇ ਮੈਨੂੰ ਇਸਤਰੀ ਬਣਾਇਆ ਹੈ।

ਕੇਲ ਕਰੇ ਬਿਨੁ ਜਾਤ ਲੈ ਲਾਜ ਨ ਲਾਗਤ ਤੋਹਿ ॥੩੯॥

(ਤੂੰ ਮੈਨੂੰ) ਕੇਲ ਕੀਤੇ ਬਿਨਾ ਲੈ ਜਾ ਰਿਹਾ ਹੈਂ, ਤੈਨੂੰ ਲਾਜ ਨਹੀਂ ਲਗਦੀ ॥੩੯॥

ਚੌਪਈ ॥

ਚੌਪਈ:

ਬਾਨਾਵਲੀ ਧਨੰਜੈ ਧਾਰੀ ॥

ਅਰਜਨ ਨੇ ਤੀਰਾਂ ਦੀ ਝੜੀ ਲਗਾ ਦਿੱਤੀ

ਮੁਰਛਿਤ ਸਕਲ ਸੈਨ ਕਰਿ ਡਾਰੀ ॥

ਅਤੇ ਸਾਰੀ ਸੈਨਾ ਨੂੰ ਮੂਰਛਿਤ ਕਰ ਦਿੱਤਾ।

ਦ੍ਰੁਪਤੀ ਸਾਥ ਬਿਹਾਰਿਯੋ ਸੋਊ ॥

ਉਸ ਨੇ ਦ੍ਰੋਪਤੀ ਨਾਲ ਰਮਣ ਕੀਤਾ।

ਤਾ ਕੋ ਦੇਖਤ ਭਯੋ ਨ ਕੋਊ ॥੪੦॥

ਉਨ੍ਹਾਂ ਨੂੰ ਕੋਈ ਵੀ ਨਹੀਂ ਵੇਖ ਸਕਿਆ ॥੪੦॥

ਦੋਹਰਾ ॥

ਦੋਹਰਾ:

ਚੁੰਬਨ ਆਸਨ ਲੈ ਘਨੇ ਰਤਿ ਮਾਨੀ ਦ੍ਰੁਪਤੀਸ ॥

ਬਹੁਤ ਅਧਿਕ ਚੁੰਬਨ ਅਤੇ ਆਸਨ ਲੈ ਕੇ ਦ੍ਰੋਪਤੀ ਦੇ ਪਤੀ (ਅਰਜਨ) ਨੇ ਰਤੀ ਮਨਾਈ।

ਤਾ ਪਰ ਕੋਊ ਨ ਪਰ ਸਕੇ ਠਟਕਿ ਰਹੇ ਅਵਨੀਸ ॥੪੧॥

ਉਸ (ਅਰਜਨ) ਉਤੇ ਕੋਈ ਵੀ ਨਾ ਪੈ ਸਕਿਆ, ਸਾਰੇ ਰਾਜੇ ਠਠੰਬਰ ਕੇ ਰਹਿ ਗਏ ॥੪੧॥

ਜੀਤਿ ਕੈਰਵਨ ਕੇ ਦਲਹਿ ਦ੍ਰੁਪਤਿਹ ਲਯੋ ਛਿਨਾਇ ॥

ਕੌਰਵਾਂ ਦੇ ਦਲ ਨੂੰ ਜਿਤ ਲਿਆ ਅਤੇ (ਉਨ੍ਹਾਂ ਤੋਂ) ਦ੍ਰੋਪਤੀ ਖੋਹ ਲਈ।

ਨ੍ਰਿਪ ਮਾਰੇ ਹਾਰੇ ਗਏ ਧੰਨ੍ਯ ਧਨੰਜੈ ਰਾਇ ॥੪੨॥

(ਸਾਰੇ) ਰਾਜੇ ਮਾਰ ਖਾ ਕੇ ਹਾਰ ਗਏ। (ਸਚਮੁਚ) ਅਰਜਨ ਰਾਜਾ ਧੰਨ ਹੈ ॥੪੨॥

ਚੌਪਈ ॥

ਚੌਪਈ:

ਪ੍ਰਥਮ ਸੂਰਮਾ ਸਕਲ ਨਿਵਾਰੇ ॥

ਪਹਿਲਾਂ ਸਾਰੇ ਸੂਰਮੇ ਦੂਰ ਕਰ ਦਿੱਤੇ।

ਬਚੇ ਭਾਜੇ ਭਿਰੇ ਤੇ ਮਾਰੇ ॥

ਜੋ ਲੜੇ ਉਹ ਮਾਰੇ ਗਏ, ਜੋ ਭਜੇ ਉਹ ਬਚ ਗਏ।

ਜੀਤਿ ਦ੍ਰੋਪਤੀ ਅਤਿ ਸੁਖ ਪਾਯੋ ॥

ਦ੍ਰੋਪਤੀ ਨੂੰ ਜਿਤ ਕੇ ਅਰਜਨ ਨੇ ਬਹੁਤ ਸੁਖ ਪ੍ਰਾਪਤ ਕੀਤਾ,

ਤਬ ਪਾਰਥ ਗ੍ਰਿਹ ਓਰ ਸਿਧਾਯੋ ॥੪੩॥

ਤਦ ਘਰ ਵਲ ਚਲ ਪਿਆ ॥੪੩॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਸੈਤੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੩੭॥੨੭੫੯॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੩੭ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੩੭॥੨੭੫੯॥ ਚਲਦਾ॥

ਚੌਪਈ ॥

ਚੌਪਈ:

ਆਭਾਵਤੀ ਓਡਛੇ ਰਾਨੀ ॥

ਓਡਛਾ (ਉੜੀਸਾ) ਦੇਸ ਦੀ ਆਭਾਵਤੀ ਨਾਂ ਦੀ ਰਾਣੀ

ਸੁੰਦਰੀ ਭਵਨ ਚੌਦਹੂੰ ਜਾਨੀ ॥

(ਆਪਣੀ) ਸੁੰਦਰਤਾ ਕਾਰਨ ਚੌਦਾਂ ਲੋਕਾਂ ਵਿਚ ਪ੍ਰਸਿੱਧ ਸੀ।

ਤਾ ਕੌ ਅਤਿ ਹੀ ਰੂਪ ਬਿਰਾਜੈ ॥

ਉਸ ਨੂੰ ਅਤਿ ਸੁੰਦਰ ਰੂਪ ਬਿਰਾਜਿਆ (ਵੇਖ ਕੇ)

ਸੁਰੀ ਆਸੁਰਿਨਿ ਕੌ ਮਨੁ ਲਾਜੈ ॥੧॥

ਦੇਵਤਿਆਂ ਅਤੇ ਦੈਂਤਾਂ ਦੀਆਂ ਇਸਤਰੀਆਂ ਵੀ ਸ਼ਰਮਸਾਰ ਹੁੰਦੀਆਂ ਸਨ ॥੧॥

ਰੂਪਮਾਨ ਤਿਹ ਨੈਨ ਨਿਹਾਰਿਯੋ ॥

(ਇਕ ਵਾਰ) ਉਸ ਨੇ ਰੂਪਮਾਨ ਨੂੰ ਅੱਖਾਂ ਨਾਲ ਵੇਖਿਆ

ਤਾ ਕੋ ਚੀਤਿ ਮੀਤ ਕਰਿ ਡਾਰਿਯੋ ॥

ਅਤੇ ਉਸ ਨੂੰ ਦਿਲ ਦੇ ਕੇ ਮਿਤਰ ਬਣਾ ਲਿਆ।

ਵਾ ਕੇ ਧਾਮ ਬੁਲਾਵਨ ਕੀਨੋ ॥

ਉਸ ਨੂੰ ਘਰ ਬੁਲਾਇਆ

ਭਾਤਿ ਭਾਤਿ ਸੋ ਆਸਨ ਦੀਨੋ ॥੨॥

ਅਤੇ ਕਈ ਤਰ੍ਹਾਂ ਦੇ ਆਸਨ ਦਿੱਤੇ ॥੨॥

ਤਾਹਿ ਕੇਸਅਰਿ ਬਕਤ੍ਰ ਲਗਾਯੋ ॥

ਉਸ ਦੇ ਮੂੰਹ ਉਤੇ ਰੋਮਨਾਸਨੀ ਲਗਾਈ।

ਸਭ ਕੇਸਨ ਕੌ ਦੂਰਿ ਕਰਾਯੋ ॥

ਸਾਰੇ ਵਾਲ ਸਾਫ ਕਰ ਦਿੱਤੇ।

ਪੁਰਖਹੁ ਤੇ ਇਸਤ੍ਰੀ ਕਰਿ ਡਾਰੀ ॥

(ਉਸ ਨੂੰ) ਪੁਰਸ਼ ਤੋਂ ਇਸਤਰੀ ਬਣਾ ਦਿੱਤਾ।

ਮਿਤ ਪਤਿ ਲੈ ਤੀਰਥਨ ਸਿਧਾਰੀ ॥੩॥

ਮਿਤਰ ਅਤੇ ਪਤੀ ਨੂੰ ਲੈ ਕੇ ਤੀਰਥ-ਯਾਤ੍ਰਾ ਉਤੇ ਚਲੀ ਗਈ ॥੩॥

ਪਤਿ ਕੋ ਕਹੀ ਬਾਤ ਸਮੁਝਾਈ ॥

ਪਤੀ ਨੂੰ (ਇਹ) ਗੱਲ ਸਮਝਾ ਦਿੱਤੀ

ਮੋਰੀ ਹਿਯਾ ਬਹਿਨ ਇਕ ਆਈ ॥

ਕਿ ਮੇਰੀ ਇਥੇ ਇਕ ਭੈਣ ਆਈ ਹੈ।

ਤਾਹਿ ਸੰਗ ਲੈ ਤੀਰਥ ਲੈਹੋ ॥

ਉਸ ਨੂੰ ਨਾਲ ਲੈ ਕੇ ਤੀਰਥ-ਇਸ਼ਨਾਨ ਕਰਾਂਗੇ

ਸਭ ਹੀ ਪਾਪ ਬਿਦਾ ਕਰ ਦੈਹੋ ॥੪॥

ਅਤੇ ਸਾਰੇ ਹੀ ਪਾਪ ਧੋ ਦਿਆਂਗੇ ॥੪॥

ਅੜਿਲ ॥

ਅੜਿਲ:

ਪਤਿ ਮਿਤ ਲੈ ਕੇ ਸੰਗ ਸਿਧਾਈ ਤੀਰਥਨ ॥

(ਉਹ) ਪਤੀ ਅਤੇ ਮਿਤਰ ਨੂੰ ਨਾਲ ਲੈ ਕੇ ਤੀਰਥ-ਯਾਤ੍ਰਾ ਨੂੰ ਚਲੀ ਗਈ।

ਐਸ ਸਹੇਟ ਬਨਾਈ ਅਪਨੇ ਯਾਰ ਤਨ ॥

ਆਪਣੇ ਯਾਰ ਨੂੰ ਮਿਲਣ ਲਈ (ਉਸ ਨੇ) ਇਸ ਤਰ੍ਹਾਂ ਦੀ ਵਿਵਸਥਾ ਕੀਤੀ।