ਸ਼੍ਰੀ ਦਸਮ ਗ੍ਰੰਥ

ਅੰਗ - 77


ਦੋਹਰਾ ॥

ਦੋਹਰਾ:

ਅਗਨਤ ਮਾਰੇ ਗਨੈ ਕੋ ਭਜੈ ਜੁ ਸੁਰ ਕਰਿ ਤ੍ਰਾਸ ॥

ਅਣਗਿਣਤ (ਦੇਵਤੇ) ਮਾਰੇ ਗਏ, (ਉਨ੍ਹਾਂ ਨੂੰ) ਕੌਣ ਗਿਣੇ? ਜਿਹੜੇ ਦੇਵਤੇ ਡਰ ਕੇ ਭਜੇ ਸਨ

ਧਾਰਿ ਧਿਆਨ ਮਨ ਸਿਵਾ ਕੋ ਤਕੀ ਪੁਰੀ ਕੈਲਾਸ ॥੧੯॥

(ਉਨ੍ਹਾਂ ਨੇ) ਮਨ ਵਿਚ ਦੁਰਗਾ ('ਸਿਵਾ') ਦਾ ਧਿਆਨ ਧਰ ਕੇ ਕੈਲਾਸ਼-ਪੁਰੀ ਜਾ ਤਕੀ ॥੧੯॥

ਦੇਵਨ ਕੋ ਧਨੁ ਧਾਮ ਸਭ ਦੈਤਨ ਲੀਓ ਛਿਨਾਇ ॥

ਦੇਵਤਿਆਂ ਦੇ ਸਾਰੇ ਧਨ ਅਤੇ ਧਾਮ ਨੂੰ ਦੈਂਤਾਂ ਨੇ ਖੋਹ ਲਿਆ।

ਦਏ ਕਾਢਿ ਸੁਰ ਧਾਮ ਤੇ ਬਸੇ ਸਿਵ ਪੁਰੀ ਜਾਇ ॥੨੦॥

(ਉਨ੍ਹਾਂ ਨੂੰ) ਸੁਅਰਗ ਵਿਚੋਂ ਕਢ ਦਿੱਤਾ ਅਤੇ ਉਹ ਕੈਲਾਸ਼ ('ਸਿਵਪੁਰੀ') ਵਿਚ ਰਹਿਣ ਲਗੇ ॥੨੦॥

ਕਿਤਕਿ ਦਿਵਸ ਬੀਤੇ ਤਹਾ ਨ੍ਰਹਾਵਨ ਨਿਕਸੀ ਦੇਵਿ ॥

(ਦੈਂਤਾਂ ਦੁਆਰਾ ਭਜਾਏ ਹੋਏ) ਦੇਵਤਿਆਂ ਨੂੰ (ਸ਼ਿਵ ਪੁਰੀ ਵਿਚ ਟਿਕਿਆਂ) ਜਦੋਂ ਕੁਝ ਦਿਨ ਬੀਤ ਗਏ, (ਤਦੋਂ ਇਕ ਦਿਨ) ਇਸ਼ਨਾਨ ਕਰਨ ਲਈ ਦੇਵੀ (ਨਦੀ ਉਪਰ) ਆ ਨਿਕਲੀ।

ਬਿਧਿ ਪੂਰਬ ਸਭ ਦੇਵਤਨ ਕਰੀ ਦੇਵਿ ਕੀ ਸੇਵ ॥੨੧॥

ਸਭ ਦੇਵਤਿਆਂ ਨੇ ਮਿਲ ਕੇ ਵਿਧੀ ਪੂਰਵਕ ਦੇਵੀ ਦੀ ਸੇਵਾ ਕੀਤੀ ॥੨੧॥

ਰੇਖਤਾ ॥

ਰੇਖਤਾ:

ਕਰੀ ਹੈ ਹਕੀਕਤਿ ਮਾਲੂਮ ਖੁਦ ਦੇਵੀ ਸੇਤੀ ਲੀਆ ਮਹਖਾਸੁਰ ਹਮਾਰਾ ਛੀਨ ਧਾਮ ਹੈ ॥

(ਦੇਵਤਿਆਂ ਨੇ) ਖੁਦ ਦੇਵੀ ਨੂੰ ਸਾਰੀ ਅਸਲੀਅਤ ਦਸੀ ਕਿ ਮਹਿਖਾਸੁਰ ਨੇ ਸਾਡਾ ਘਰ ਖੋਹ ਲਿਆ ਹੈ।

ਕੀਜੈ ਸੋਈ ਬਾਤ ਮਾਤ ਤੁਮ ਕਉ ਸੁਹਾਤ ਸਭ ਸੇਵਕਿ ਕਦੀਮ ਤਕਿ ਆਏ ਤੇਰੀ ਸਾਮ ਹੈ ॥

ਹੇ ਮਾਤਾ! ਓਹੀ ਗੱਲ ਕਰੋ ਜੋ ਤੁਹਾਨੂੰ ਚੰਗੀ ਲਗਦੀ ਹੈ। (ਅਸੀਂ) ਸਾਰੇ (ਤੁਹਾਡੇ) ਮੁੱਢ ਕਦੀਮ ਦੇ ਸੇਵਕ ਤੁਹਾਡੀ ਸ਼ਰਨ ਤਕ ਕੇ ਆਏ ਹਾਂ।

ਦੀਜੈ ਬਾਜਿ ਦੇਸ ਹਮੈ ਮੇਟੀਐ ਕਲੇਸ ਲੇਸ ਕੀਜੀਏ ਅਭੇਸ ਉਨੈ ਬਡੋ ਯਹ ਕਾਮ ਹੈ ॥

ਸਾਨੂੰ (ਸਾਡਾ) ਦੇਸ਼ ਅਤੇ ਘਰ-ਬਾਰ ਵਾਪਸ ਕਰਾ ਦਿਉ ਅਤੇ ਕਲੇਸ਼ ਮਿਟਾ ਦਿਉ ਅਤੇ ਉਨ੍ਹਾਂ (ਦੈਂਤਾਂ ਨੂੰ) ਬੇਹਾਲ (ਅਭੇਸ) ਕਰ ਦਿਉ, ਇਹੀ (ਸਾਡਾ) ਬਹੁਤ ਵੱਡਾ ਕੰਮ ਹੈ।

ਕੂਕਰ ਕੋ ਮਾਰਤ ਨ ਕੋਊ ਨਾਮ ਲੈ ਕੇ ਤਾਹਿ ਮਾਰਤ ਹੈ ਤਾ ਕੋ ਲੈ ਕੇ ਖਾਵੰਦ ਕੋ ਨਾਮ ਹੈ ॥੨੨॥

ਕੁੱਤੇ ਨੂੰ ਮਾਰਦਿਆਂ ਕੋਈ ਉਸ ਦਾ ਨਾਂ ਨਹੀਂ ਲੈਂਦਾ ਸਗੋਂ ਉਸ ਨੂੰ ਮਾਰਦਿਆਂ (ਉਸ ਦੇ) ਮਾਲਕ ਦਾ ਨਾਂ ਲਿਆ ਜਾਂਦਾ ਹੈ ॥੨੨॥

ਦੋਹਰਾ ॥

ਦੋਹਰਾ:

ਸੁਨਤ ਬਚਨ ਏ ਚੰਡਿਕਾ ਮਨ ਮੈ ਉਠੀ ਰਿਸਾਇ ॥

ਇਹ ਬਚਨ ਸੁਣ ਕੇ ਚੰਡੀ ਮਨ ਵਿਚ ਕ੍ਰੋਧਿਤ ਹੋ ਉਠੀ (ਅਤੇ ਕਹਿਣ ਲਗੀ)

ਸਭ ਦੈਤਨ ਕੋ ਛੈ ਕਰਉ ਬਸਉ ਸਿਵਪੁਰੀ ਜਾਇ ॥੨੩॥

ਸਾਰਿਆਂ ਦੈਂਤਾਂ ਨੂੰ ਨਾਸ਼ ਕਰਕੇ ਹੀ ਸ਼ਿਵ-ਪੁਰੀ ਵਿਚ ਵਸਾਂਗੀ ॥੨੩॥

ਦੈਤਨ ਕੇ ਬਧ ਕੋ ਜਬੈ ਚੰਡੀ ਕੀਓ ਪ੍ਰਕਾਸ ॥

ਦੈਂਤਾਂ ਨੂੰ ਮਾਰਨ ਦੀ ਜਦੋਂ ਚੰਡੀ ਨੇ (ਪ੍ਰਤਿਗਿਆ) ਪ੍ਰਗਟ ਕੀਤੀ

ਸਿੰਘ ਸੰਖ ਅਉ ਅਸਤ੍ਰ ਸਭ ਸਸਤ੍ਰ ਆਇਗੇ ਪਾਸਿ ॥੨੪॥

(ਤਦੋਂ) ਸਿੰਘ, ਸੰਖ ਅਤੇ ਹੋਰ ਸਾਰੇ ਅਸਤ੍ਰ ਅਤੇ ਸ਼ਸਤ੍ਰ (ਉਸ) ਕੋਲ ਆ ਗਏ ॥੨੪॥

ਦੈਤ ਸੰਘਾਰਨ ਕੇ ਨਮਿਤ ਕਾਲ ਜਨਮੁ ਇਹ ਲੀਨ ॥

ਦੈਂਤਾਂ ਨੂੰ ਨਸ਼ਟ ਕਰਨ ਲਈ ਕਾਲ ਹੀ ਨੇ ਇਹ ਜਨਮ ਲਿਆ ਹੋਵੇ।

ਸਿੰਘ ਚੰਡਿ ਬਾਹਨ ਭਇਓ ਸਤ੍ਰਨ ਕਉ ਦੁਖੁ ਦੀਨ ॥੨੫॥

ਵੈਰੀਆਂ ਨੂੰ ਦੁਖ ਦੇਣ ਲਈ ਸਿੰਘ ਚੰਡੀ ਦਾ ਵਾਹਨ ਬਣਿਆ ॥੨੫॥

ਸ੍ਵੈਯਾ ॥

ਸ੍ਵੈਯਾ:

ਦਾਰੁਨ ਦੀਰਘੁ ਦਿਗਜ ਸੇ ਬਲਿ ਸਿੰਘਹਿ ਕੇ ਬਲ ਸਿੰਘ ਧਰੇ ਹੈ ॥

(ਦੇਵੀ ਦਾ ਵਾਹਨ) ਸ਼ੇਰ ਦਿਗਜ (ਦਿਸ਼ਾਵਾਂ ਦੇ ਹਾਥੀ) ਜਿੰਨਾ ਭਿਆਨਕ ਅਤੇ ਵਡੇ ਆਕਾਰ ਵਾਲਾ ਹੈ ਅਤੇ ਬੱਬਰ ਸ਼ੇਰ ਜਿਤਨਾ ਉਸ ਵਿਚ ਬਲ ਹੈ।

ਰੋਮ ਮਨੋ ਸਰ ਕਾਲਹਿ ਕੇ ਜਨ ਪਾਹਨ ਪੀਤ ਪੈ ਬ੍ਰਿਛ ਹਰੇ ਹੈ ॥

(ਉਸ ਦੇ) ਵਾਲ ਮਾਨੋ ਕਾਲ ਦੇ ਤੀਰ ਹੋਣ ਅਥਵਾ ਪੀਲੇ ਪਹਾੜ ਉਤੇ ਬ੍ਰਿਛ ਖੜੋਤੇ ਹੋਣ।

ਮੇਰ ਕੇ ਮਧਿ ਮਨੋ ਜਮਨਾ ਲਰਿ ਕੇਤਕੀ ਪੁੰਜ ਪੈ ਭ੍ਰਿੰਗ ਢਰੇ ਹੈ ॥

(ਪਿਠ ਉਤੇ ਕਾਲੇ ਵਾਲਾਂ ਦੀ ਲਕੀਰ ਇੰਜ ਪ੍ਰਤੀਤ ਹੁੰਦੀ ਹੈ) ਮਾਨੋ ਸੁਮੇਰ ਪਰਬਤ ਵਿਚੋਂ ਯਮਨਾ ਦੀ ਧਾਰ (ਨਿਕਲਦੀ ਹੋਵੇ) ਅਤੇ (ਸ਼ਰੀਰ ਉੱਤੇ ਕਾਲੇ ਦਾਗ਼) ਮਾਨੋ ਪੀਲੀ ਚਮੇਲੀ ਦੇ ਫੁੱਲਾਂ ਦੇ ਗੁਛਿਆਂ ਉਤੇ ਭੌਰੇ ਲਿਪਟੇ ਹੋਏ ਹੋਣ।

ਮਾਨੋ ਮਹਾ ਪ੍ਰਿਥ ਲੈ ਕੇ ਕਮਾਨ ਸੁ ਭੂਧਰ ਭੂਮ ਤੇ ਨਿਆਰੇ ਕਰੇ ਹੈ ॥੨੬॥

(ਸ਼ੇਰ ਦੇ ਸੁਡੌਲ ਅੰਗ ਇੰਜ ਪ੍ਰਤੀਤ ਹੁੰਦੇ ਹਨ) ਮਾਨੋ ਮਹਾਰਾਜ ਪ੍ਰਿਥੂ ਨੇ ਕਮਾਨ ਲੈ ਕੇ ਧਰਤੀ ਉਤੇ ਪਰਬਤ ਵਖਰੇ ਕਰ ਕੇ ਰਖੇ ਹੋਣ ॥੨੬॥

ਦੋਹਰਾ ॥

ਦੋਹਰਾ:

ਘੰਟਾ ਗਦਾ ਤ੍ਰਿਸੂਲ ਅਸਿ ਸੰਖ ਸਰਾਸਨ ਬਾਨ ॥

(ਚੰਡੀ ਨੇ) ਘੰਟਾ, ਗਦਾ, ਤ੍ਰਿਸ਼ੂਲ, ਤਲਵਾਰ, ਸੰਖ, ਕਮਾਨ, ਬਾਣ

ਚਕ੍ਰ ਬਕ੍ਰ ਕਰ ਮੈ ਲੀਏ ਜਨੁ ਗ੍ਰੀਖਮ ਰਿਤੁ ਭਾਨੁ ॥੨੭॥

ਅਤੇ ਭਿਆਨਕ ਚੱਕਰ (ਆਦਿ ਸ਼ਸਤ੍ਰ ਅਤੇ ਅਸਤ੍ਰ) ਆਪਣੇ ਹੱਥਾਂ ਵਿਚ ਫੜ ਲਏ ਹਨ ਅਤੇ (ਉਸ ਦਾ ਸਰੂਪ ਇਤਨਾ ਪ੍ਰਚੰਡ ਪ੍ਰਤੀਤ ਹੋਣ ਲਗਿਆ ਹੈ) ਮਾਨੋ ਗਰਮੀ ਦੀ ਰੁਤ ਦਾ ਸੂਰਜ ਹੋਵੇ ॥੨੭॥

ਚੰਡ ਕੋਪ ਕਰਿ ਚੰਡਿਕ ਾ ਏ ਆਯੁਧ ਕਰਿ ਲੀਨ ॥

ਪ੍ਰਚੰਡ ਕ੍ਰੋਧ ਕਰਕੇ ਚੰਡੀ ਨੇ ਇਨ੍ਹਾਂ ਹਥਿਆਰਾਂ ਨੂੰ ਆਪਣੇ ਹੱਥ ਵਿਚ ਲਿਆ

ਨਿਕਟਿ ਬਿਕਟਿ ਪੁਰ ਦੈਤ ਕੇ ਘੰਟਾ ਕੀ ਧੁਨਿ ਕੀਨ ॥੨੮॥

ਅਤੇ ਭਿਆਨਕ ਦੈਂਤ ਦੇ ਨਗਰ ਦੇ ਨੇੜੇ ਜਾ ਕੇ ਘੰਟੇ ਦੀ ਆਵਾਜ਼ ਕੀਤੀ ॥੨੮॥

ਸੁਨਿ ਘੰਟਾ ਕੇਹਰਿ ਸਬਦਿ ਅਸੁਰਨ ਅਸਿ ਰਨ ਲੀਨ ॥

ਘੰਟੇ ਅਤੇ ਸ਼ੇਰ ਦੇ (ਦਹਾੜਨ ਦੇ) ਸ਼ਬਦ ਸੁਣ ਕੇ ਦੈਂਤਾਂ ਨੇ ਰਣ ਵਿਚ ਤਲਵਾਰਾਂ ਖਿਚ ਲਈਆਂ।

ਚੜੇ ਕੋਪ ਕੈ ਜੂਥ ਹੁਇ ਜਤਨ ਜੁਧ ਕੋ ਕੀਨ ॥੨੯॥

ਕ੍ਰੋਧਵਾਨ ਹੋ ਕੇ (ਸਾਰੇ ਦੈਂਤ) ਇਕੱਠੇ ਹੋ ਗਏ ਅਤੇ ਯੁੱਧ ਦੀ ਵਿਵਸਥਾ ਕੀਤੀ ॥੨੯॥

ਪੈਤਾਲੀਸ ਪਦਮ ਅਸੁਰ ਸਜ੍ਰਯੋ ਕਟਕ ਚਤੁਰੰਗਿ ॥

ਮਹਿਖਾਸੁਰ ਨੇ ਦੈਂਤਾਂ ਦੀ ੪੫ ਪਦਮ ਚਤੁਰੰਗਣੀ ਸੈਨਾ ਇਕੱਠੀ ਕੀਤੀ।

ਕਛੁ ਬਾਏ ਕਛੁ ਦਾਹਨੈ ਕਛੁ ਭਟ ਨ੍ਰਿਪ ਕੇ ਸੰਗਿ ॥੩੦॥

ਕੁਝ ਖਬੇ, ਕੁਝ ਸਜੇ ਅਤੇ ਕੁਝ ਮਹਿਖਾਸੁਰ (ਯੋਧਿਆਂ ਦੇ ਰਾਜੇ) ਦੇ ਨਾਲ (ਚੜ੍ਹੇ ਹਨ) ॥੩੦॥

ਭਏ ਇਕਠੇ ਦਲ ਪਦਮ ਦਸ ਪੰਦ੍ਰਹ ਅਰੁ ਬੀਸ ॥

ਇਹ ਤਿੰਨੋਂ ਦਲ ਦਸ, ਪੰਦ੍ਰਹ ਅਤੇ ਵੀਹ ਪਦਮਾਂ ਦੇ ਹਨ

ਪੰਦ੍ਰਹ ਕੀਨੇ ਦਾਹਨੇ ਦਸ ਬਾਏ ਸੰਗਿ ਬੀਸ ॥੩੧॥

(ਜਿਨ੍ਹਾਂ ਵਿਚੋਂ) ਪੰਦ੍ਰਹ ਸਜੇ ਵਲ, ਦਸ ਖਬੇ ਪਾਸੇ ਅਤੇ ਵੀਹ (ਦੈਂਤਾਂ ਦੇ ਰਾਜੇ ਨੇ ਆਪਣੇ ਨਾਲ ਰਖੇ) ॥੩੧॥

ਸ੍ਵੈਯਾ ॥

ਸ੍ਵੈਯਾ:

ਦਉਰ ਸਬੈ ਇਕ ਬਾਰ ਹੀ ਦੈਤ ਸੁ ਆਏ ਹੈ ਚੰਡ ਕੇ ਸਾਮੁਹੇ ਕਾਰੇ ॥

ਉਹ ਸਾਰੇ ਕਾਲੇ ਦੈਂਤ ਇਕੋ ਵਾਰ ਹੀ ਭਜ ਕੇ ਚੰਡੀ ਦੇ ਸਾਹਮਣੇ ਆ ਗਏ।

ਲੈ ਕਰਿ ਬਾਨ ਕਮਾਨਨ ਤਾਨਿ ਘਨੇ ਅਰੁ ਕੋਪ ਸੋ ਸਿੰਘ ਪ੍ਰਹਾਰੇ ॥

ਬਹੁਤਿਆਂ ਨੇ ਹੱਥ ਵਿਚ ਕਮਾਨਾਂ ਅਤੇ ਤੀਰ ਕਸ ਕੇ ਕ੍ਰੋਧ ਨਾਲ ਸ਼ੇਰ ਨੂੰ ਮਾਰੇ।

ਚੰਡ ਸੰਭਾਰਿ ਤਬੈ ਕਰਵਾਰ ਹਕਾਰ ਕੈ ਸਤ੍ਰ ਸਮੂਹ ਨਿਵਾਰੇ ॥

ਚੰਡੀ ਨੇ ਤਦੋਂ ਤਲਵਾਰ ਲੈ ਕੇ ਅਤੇ ਲਲਕਾਰਾ ਮਾਰ ਕੇ ਸਾਰਿਆਂ ਵੈਰੀਆਂ ਨੂੰ ਦੂਰ ਕਰ ਦਿੱਤਾ

ਖਾਡਵ ਜਾਰਨ ਕੋ ਅਗਨੀ ਤਿਹ ਪਾਰਥ ਨੈ ਜਨੁ ਮੇਘ ਬਿਡਾਰੇ ॥੩੨॥

ਮਾਨੋ ਖਾਂਡਵ ਬਨ ਦੀ ਅਗਨੀ (ਨੂੰ ਬੁਝਾਉਣ ਲਈ ਆਏ) ਬਦਲਾਂ ਨੂੰ ਅਰਜਨ (ਪਾਰਥ) ਨੇ ਖਿੰਡਾ ਦਿੱਤਾ ਹੋਵੇ ॥੩੨॥

ਦੋਹਰਾ ॥

ਦੋਹਰਾ:

ਦੈਤ ਕੋਪ ਇਕ ਸਾਮੁਹੇ ਗਇਓ ਤੁਰੰਗਮ ਡਾਰਿ ॥

ਇਕ ਦੈਂਤ ਕ੍ਰੋਧਵਾਨ ਹੋ ਕੇ ਘੋੜਾ ਦੌੜਾਉਂਦਿਆਂ

ਸਨਮੁਖ ਦੇਵੀ ਕੇ ਭਇਓ ਸਲਭ ਦੀਪ ਅਨੁਹਾਰ ॥੩੩॥

(ਦੇਵੀ ਦੇ) ਸਾਹਮਣੇ ਗਿਆ ਜਿਵੇਂ ਦੀਪਕ ਦੇ ਸਾਹਮਣੇ ਪਤੰਗਾ ਜਾਂਦਾ ਹੈ ॥੩੩॥

ਸ੍ਵੈਯਾ ॥

ਸ੍ਵੈਯਾ:

ਬੀਰ ਬਲੀ ਸਿਰਦਾਰ ਦੈਈਤ ਸੁ ਕ੍ਰੋਧ ਕੈ ਮਿਯਾਨ ਤੇ ਖਗੁ ਨਿਕਾਰਿਓ ॥

ਦੈਂਤਾਂ ਦੇ ਬਲਵਾਨ ਸਰਦਾਰ ਸੂਰਵੀਰ ਨੇ ਕ੍ਰੋਧਿਤ ਹੋ ਕੇ ਮਿਆਨ ਵਿਚੋਂ ਤਲਵਾਰ ਕੱਢੀ।

ਏਕ ਦਇਓ ਤਨਿ ਚੰਡ ਪ੍ਰਚੰਡ ਕੈ ਦੂਸਰ ਕੇਹਰਿ ਕੇ ਸਿਰ ਝਾਰਿਓ ॥

(ਉਸ ਨੇ) ਇਕ ਵਾਰ ਪ੍ਰਚੰਡ ਚੰਡੀ ਦੇ ਸ਼ਰੀਰ ਉਤੇ ਕੀਤਾ ਅਤੇ ਦੂਜਾ ਸ਼ੇਰ ਦੇ ਸਿਰ ਉਤੇ।

ਚੰਡ ਸੰਭਾਰਿ ਤਬੈ ਬਲੁ ਧਾਰਿ ਲਇਓ ਗਹਿ ਨਾਰਿ ਧਰਾ ਪਰ ਮਾਰਿਓ ॥

ਚੰਡੀ ਨੇ ਸੰਭਲ ਕੇ ਅਤੇ ਬਲ ਧਾਰ ਕੇ (ਦੈਂਤ ਨੂੰ) ਧੌਣੋਂ ਪਕੜ ਕੇ ਧਰਤੀ ਉਤੇ ਪਟਕਾ ਮਾਰਿਆ,

ਜਿਉ ਧੁਬੀਆ ਸਰਤਾ ਤਟਿ ਜਾਇ ਕੇ ਲੈ ਪਟ ਕੋ ਪਟ ਸਾਥ ਪਛਾਰਿਓ ॥੩੪॥

ਜਿਵੇਂ ਧੋਬੀ ਨਦੀ ਦੇ ਕੰਢੇ ਜਾ ਕੇ ਬਸਤ੍ਰ ਨੂੰ ਲੈ ਕੇ ਪਟੜੇ ਨਾਲ ਪਛਾੜਦਾ ਹੈ ॥੩੪॥

ਦੋਹਰਾ ॥

ਦੋਹਰਾ:


Flag Counter