ਸ਼੍ਰੀ ਦਸਮ ਗ੍ਰੰਥ

ਅੰਗ - 1200


ਕਾਲ ਡੰਡ ਬਿਨ ਬਚਾ ਨ ਕੋਈ ॥

ਕਾਲ ਦੇ ਡੰਡੇ ਤੋਂ ਸ਼ਿਵ, ਬ੍ਰਹਮਾ, ਵਿਸ਼ਣੂ, ਇੰਦਰ ਆਦਿ

ਸਿਵ ਬਿਰੰਚ ਬਿਸਨਿੰਦ੍ਰ ਨ ਸੋਈ ॥੧੦੨॥

ਕੋਈ ਵੀ ਬਚ ਨਹੀਂ ਸਕਿਆ ॥੧੦੨॥

ਜੈਸਿ ਜੂਨਿ ਇਕ ਦੈਤ ਬਖਨਿਯਤ ॥

ਜਿਵੇਂ ਇਕ ਦੈਂਤ ਜੂਨ ਕਹੀ ਜਾਂਦੀ ਹੈ,

ਤ੍ਰਯੋ ਇਕ ਜੂਨਿ ਦੇਵਤਾ ਜਨਿਯਤ ॥

ਉਸੇ ਤਰ੍ਹਾਂ ਇਕ ਦੇਵਤਾ ਜੂਨ ਵੀ ਜਾਣੀ ਜਾਂਦੀ ਹੈ।

ਜੈਸੇ ਹਿੰਦੂਆਨੋ ਤੁਰਕਾਨਾ ॥

ਜਿਵੇਂ ਕੋਈ ਹਿੰਦੂ ਜਾਂ ਮੁਸਲਮਾਨ ਹੈ,

ਸਭਹਿਨ ਸੀਸ ਕਾਲ ਜਰਵਾਨਾ ॥੧੦੩॥

ਪਰ ਉਨ੍ਹਾਂ ਸਾਰਿਆਂ ਦੇ ਸਿਰ ਉਤੇ ਕਾਲ ਮਹਾਬਲੀ ਹੈ ॥੧੦੩॥

ਕਬਹੂੰ ਦੈਤ ਦੇਵਤਨ ਮਾਰੈਂ ॥

ਕਦੀ ਦੇਵਤਿਆਂ ਨੇ ਦੈਂਤਾਂ ਨੂੰ ਮਾਰਿਆ ਹੈ

ਕਬਹੂੰ ਦੈਤਨ ਦੇਵ ਸੰਘਾਰੈਂ ॥

ਅਤੇ ਕਦੇ ਦੈਂਤਾਂ ਨੇ ਦੇਵਤਿਆਂ ਨੂੰ ਸੰਘਾਰਿਆ ਹੈ।

ਦੇਵ ਦੈਤ ਜਿਨ ਦੋਊ ਸੰਘਾਰਾ ॥

ਜਿਸ ਨੇ ਦੇਵਤਿਆਂ ਅਤੇ ਦੈਂਤਾਂ ਦੋਹਾਂ ਨੂੰ ਮਾਰਿਆ ਹੈ,

ਵਹੈ ਪੁਰਖ ਪ੍ਰਤਿਪਾਲ ਹਮਾਰਾ ॥੧੦੪॥

ਉਹ (ਕਾਲ) ਪੁਰਖ ਮੇਰਾ ਪ੍ਰਤਿਪਾਲਕ ਹੈ ॥੧੦੪॥

ਅੜਿਲ ॥

ਅੜਿਲ:

ਇੰਦ੍ਰ ਉਪਿੰਦ੍ਰ ਦਿਨਿੰਦ੍ਰਹਿ ਜੌਨ ਸੰਘਾਰਿਯੋ ॥

ਜਿਸ ਨੇ ਇੰਦਰ, ਉਪਿੰਦਰ (ਵਾਮਨ) ਸੂਰਜ,

ਚੰਦ੍ਰ ਕੁਬੇਰ ਜਲਿੰਦ੍ਰ ਅਹਿੰਦ੍ਰਹਿ ਮਾਰਿਯੋ ॥

ਚੰਦ੍ਰਮਾ, ਕੁਬੇਰ, ਵਰੁਣ ਅਤੇ ਸ਼ੇਸ਼ਨਾਗ ਨੂੰ ਮਾਰ ਦਿੱਤਾ ਹੈ।

ਪੁਰੀ ਚੌਦਹੂੰ ਚਕ੍ਰ ਜਵਨ ਸੁਨਿ ਲੀਜਿਯੈ ॥

ਜਿਸ ਦਾ ਚੌਦਾਂ ਲੋਕਾਂ ਵਿਚ ਚੱਕਰ ਚਲਦਾ ਸੁਣੀਂਦਾ ਹੈ,

ਹੋ ਨਮਸਕਾਰ ਤਾਹੀ ਕੋ ਗੁਰ ਕਰਿ ਕੀਜਿਯੈ ॥੧੦੫॥

ਉਸੇ ਨੂੰ ਪ੍ਰਨਾਮ ਕਰ ਕੇ ਗੁਰੂ ਧਾਰਨ ਕਰਨਾ ਚਾਹੀਦਾ ਹੈ ॥੧੦੫॥

ਦਿਜ ਬਾਚ ॥

ਬ੍ਰਾਹਮਣ ਨੇ ਕਿਹਾ:

ਚੌਪਈ ॥

ਚੌਪਈ:

ਬਹੁ ਬਿਧਿ ਬਿਪ੍ਰਹਿ ਕੋ ਸਮਝਾਯੋ ॥

(ਰਾਜ ਕੁਮਾਰੀ ਨੇ) ਕਈ ਤਰ੍ਹਾਂ ਨਾਲ ਬ੍ਰਾਹਮਣ ਨੂੰ ਸਮਝਾਇਆ।

ਪੁਨਿ ਮਿਸ੍ਰਹਿ ਅਸ ਭਾਖਿ ਸੁਨਾਯੋ ॥

ਫਿਰ ਬ੍ਰਾਹਮਣ ਨੇ ਇਸ ਤਰ੍ਹਾਂ ਕਿਹਾ,

ਜੇ ਪਾਹਨ ਕੀ ਪੂਜਾ ਕਰਿ ਹੈ ॥

ਜੋ ਪੱਥਰ ਦੀ ਪੂਜਾ ਕਰਦਾ ਹੈ,

ਤਾ ਕੇ ਪਾਪ ਸਕਲ ਸਿਵ ਹਰਿ ਹੈ ॥੧੦੬॥

ਉਨ੍ਹਾਂ ਦੇ ਸਾਰੇ ਪਾਪ ਸ਼ਿਵ ਖ਼ੁਦ ਦੂਰ ਕਰ ਦਿੰਦਾ ਹੈ ॥੧੦੬॥

ਜੇ ਨਰ ਸਾਲਿਗ੍ਰਾਮ ਕਹ ਧਯੈਹੈ ॥

ਜੋ ਵਿਅਕਤੀ ਸਾਲਿਗ੍ਰਾਮ ਨੂੰ ਧਿਆਏਗਾ,

ਤਾ ਕੇ ਸਕਲ ਪਾਪ ਕੋ ਛੈਹੈ ॥

ਉਸ ਦੇ ਸਾਰੇ ਪਾਪ ਖ਼ਤਮ ਹੈ ਜਾਣਗੇ।

ਜੋ ਇਹ ਛਾਡਿ ਅਵਰ ਕਹ ਧਯੈ ਹੈ ॥

ਜੋ ਇਸ ਨੂੰ ਛਡ ਕੇ ਹੋਰ ਕਿਸੇ ਦਾ ਧਿਆਨ ਕਰੇਗਾ

ਤੇ ਨਰ ਮਹਾ ਨਰਕ ਮਹਿ ਜੈ ਹੈ ॥੧੦੭॥

ਉਹ ਪੁਰਸ਼ ਮਹਾ ਨਰਕ ਵਿਚ ਪਵੇਗਾ ॥੧੦੭॥

ਜੇ ਨਰ ਕਛੁ ਧਨ ਬਿਪ੍ਰਹਿ ਦੈ ਹੈ ॥

ਜੋ ਵਿਅਕਤੀ ਬ੍ਰਾਹਮਣ ਨੂੰ ਕੁਝ ਧਨ ਦੇਵੇਗਾ,

ਆਗੇ ਮਾਗ ਦਸ ਗੁਨੋ ਲੈਹੈ ॥

ਉਹ ਅਗਲੇ ਜਨਮ ਵਿਚ ਦਸ ਗੁਣਾਂ ਮੰਗ ਲਵੇਗਾ।

ਜੋ ਬਿਪ੍ਰਨ ਬਿਨੁ ਅਨਤੈ ਦੇਹੀ ॥

ਜੋ ਬ੍ਰਾਹਮਣ ਤੋਂ ਬਿਨਾ ਕਿਸੇ ਹੋਰ ਨੂੰ ਦੇਵੇਗਾ,

ਤਾ ਕੌ ਕਛੁ ਸੁ ਫਲੈ ਨਹਿ ਸੇਈ ॥੧੦੮॥

ਉਸ ਨੂੰ ਉਸ ਦਾ ਕੋਈ ਫਲ ਪ੍ਰਾਪਤ ਨਹੀਂ ਹੋਵੇਗਾ ॥੧੦੮॥

ਅੜਿਲ ॥

ਅੜਿਲ:

ਤਬੈ ਕੁਅਰਿ ਪ੍ਰਤਿਮਾ ਸਿਵ ਕੀ ਕਰ ਮੈ ਲਈ ॥

ਤਦ ਰਾਜ ਕੁਮਾਰੀ ਨੇ ਸ਼ਿਵ ਦੀ ਮੂਰਤੀ ਹੱਥ ਵਿਚ ਲੈ ਲਈ

ਹਸਿ ਹਸਿ ਕਰਿ ਦਿਜ ਕੇ ਮੁਖ ਕਸਿ ਕਸਿ ਕੈ ਦਈ ॥

ਅਤੇ ਹਸ ਹਸ ਕੇ ਬ੍ਰਾਹਮਣ ਦੇ ਮੂੰਹ ਉਤੇ ਕਸ ਕਸ ਕੇ ਮਾਰੀ।

ਸਾਲਿਗ੍ਰਾਮ ਭੇ ਦਾਤਿ ਫੋਰਿ ਸਭ ਹੀ ਦੀਏ ॥

ਸਾਲਿਗ੍ਰਾਮ ਨਾਲ (ਬ੍ਰਾਹਮਣ ਦੇ) ਸਾਰੇ ਦੰਦ ਭੰਨ ਦਿੱਤੇ

ਹੋ ਛੀਨਿ ਛਾਨਿ ਕਰਿ ਬਸਤ੍ਰ ਮਿਸ੍ਰ ਕੇ ਸਭ ਲੀਏ ॥੧੦੯॥

ਅਤੇ ਬ੍ਰਾਹਮਣ ਦੇ ਸਾਰੇ ਬਸਤ੍ਰ (ਅਤੇ ਦਰਬ) ਖੋਹ ਖਾਹ ਲਏ ॥੧੦੯॥

ਕਹੋ ਮਿਸ੍ਰ ਅਬ ਰੁਦ੍ਰ ਤਿਹਾਰੋ ਕਹ ਗਯੋ ॥

(ਅਤੇ ਕਹਿਣ ਲਗੀ) ਹੇ ਬ੍ਰਾਹਮਣ! ਦਸ, ਹੁਣ ਤੇਰਾ ਸ਼ਿਵ ਕਿਥੇ ਗਿਆ ਹੈ।

ਜਿਹ ਸੇਵਤ ਥੋ ਸਦਾ ਦਾਤਿ ਛੈ ਤਿਨ ਕਿਯੋ ॥

ਜਿਸ ਨੂੰ (ਤੂੰ) ਸਦਾ ਪੂਜਦਾ ਸੈਂ, ਉਸ ਨੇ (ਤੇਰੇ) ਦੰਦ ਭੰਨ ਦਿੱਤੇ ਹਨ।

ਜਿਹ ਲਿੰਗਹਿ ਕੌ ਜਪਤੇ ਕਾਲ ਬਤਾਇਯੋ ॥

ਜਿਸ ਲਿੰਗ ਦੀ ਪੂਜਾ ਕਰਦਿਆਂ (ਤੂੰ ਇਤਨਾ) ਸਮਾਂ ਬਿਤਾਇਆ ਹੈ,

ਹੋ ਅੰਤ ਕਾਲ ਸੋ ਤੁਮਰੇ ਮੁਖ ਮਹਿ ਆਇਯੋ ॥੧੧੦॥

ਉਹੀ ਅੰਤ ਨੂੰ ਤੇਰੇ ਮੂੰਹ ਵਿਚ ਆਇਆ ਹੈ (ਅਰਥਾਤ ਤੇਰੇ ਮੂੰਹ ਉਤੇ ਆ ਕੇ ਵਜਿਆ ਹੈ) ॥੧੧੦॥

ਚੌਪਈ ॥

ਚੌਪਈ:

ਤਾ ਕੋ ਦਰਬੁ ਛੀਨਿ ਜੋ ਲਿਯੋ ॥

ਉਸ (ਬ੍ਰਾਹਮਣ) ਦਾ ਜੋ ਦਰਬ (ਦੌਲਤ) ਧਨ ਖੋਹਿਆ ਸੀ,

ਜੋ ਸਭ ਦਾਨ ਦਿਜਨ ਕਰਿ ਦਿਯੋ ॥

ਉਹ ਸਭ ਬ੍ਰਾਹਮਣਾਂ ਨੂੰ ਦਾਨ ਕਰ ਦਿੱਤਾ।

ਕਹਿਯੋ ਮਿਸ੍ਰ ਕਛੁ ਚਿੰਤ ਨ ਕਰਹੂੰ ॥

ਅਤੇ ਕਿਹਾ ਹੇ ਬ੍ਰਾਹਮਣ! (ਧਨ ਦੀ) ਕੁਝ ਵੀ ਚਿੰਤਾ ਨਾ ਕਰੋ

ਦਾਨ ਦਸ ਗੁਨੋ ਆਗੈ ਫਰਹੂੰ ॥੧੧੧॥

(ਕਿਉਂਕਿ) ਅਗਲੇ ਜਨਮ ਵਿਚ ਇਹ ਦਸ ਗੁਣਾਂ ਹੋ ਕੇ ਫਲੇਗਾ ॥੧੧੧॥

ਕਬਿਤੁ ॥

ਕਬਿੱਤ:

ਔਰਨ ਕੋ ਕਹਤ ਲੁਟਾਵੋ ਤੁਮ ਖਾਹੁ ਧਨ ਆਪੁ ਪਹਿਤੀ ਮੈ ਡਾਰਿ ਖਾਤ ਨ ਬਿਸਾਰ ਹੈਂ ॥

ਹੋਰਨਾਂ ਨੂੰ ਕਹਿੰਦੇ ਹਨ ਕਿ ਤੁਸੀਂ ਖੂਬ ਧਨ ਲੁਟਾਓ, ਪਰ ਆਪ ਧਨ ਨੂੰ ਖਾਉਂਦੇ ਹਨ (ਅਰਥਾਤ-ਮੌਜ ਨਾਲ ਵਰਤਦੇ ਹਨ) (ਅਤੇ ਕੰਜੂਸ ਇਤਨੇ ਹਨ ਕਿ) ਦਾਲ ('ਪਹਿਤੀ') ਵਿਚ ਹਲਦੀ ('ਬਿਸਾਰ') ਪਾ ਕੇ ਨਹੀਂ ਖਾਉਂਦੇ।

ਬਡੇ ਹੀ ਪ੍ਰਪੰਚੀ ਪਰਪਚੰਨ ਕੋ ਲੀਏ ਫਿਰੈ ਦਿਨ ਹੀ ਮੈ ਲੋਗਨ ਕੋ ਲੂਟਤ ਬਜਾਰ ਹੈਂ ॥

ਬਹੁਤ ਵੱਡੇ ਪ੍ਰਪੰਚੀ ਹਨ ਅਤੇ ਪ੍ਰਪੰਚਾਂ (ਪਾਖੰਡਾਂ) ਦਾ ਹੀ ਪ੍ਰਦਰਸ਼ਨ ਕਰਦੇ ਫਿਰਦੇ ਹਨ ਅਤੇ ਦਿਨ ਵਿਚ ਹੀ ਲੋਕਾਂ ਨੂੰ ਬਾਜ਼ਾਰ ਵਿਚ ਲੁਟ ਲੈਂਦੇ ਹਨ।

ਹਾਥ ਤੇ ਨ ਕੌਡੀ ਦੇਤ ਕੌਡੀ ਕੌਡੀ ਮਾਗ ਲੇਤ ਪੁਤ੍ਰੀ ਕਹਤ ਤਾ ਸੋ ਕਰੈ ਬਿਭਚਾਰ ਹੈਂ ॥

ਹੱਥੋਂ ਕੌਡੀ ਨਹੀਂ ਦਿੰਦੇ, (ਪਰ ਸਭ ਤੋਂ) ਕੌਡੀ ਕੌਡੀ ਮੰਗ ਲੈਂਦੇ ਹਨ। (ਜਿਸ ਨੂੰ) ਪੁੱਤਰੀ ਕਹਿੰਦੇ ਹਨ, ਉਸ ਨਾਲ ਵਿਭਚਾਰ ਕਰਦੇ ਹਨ।

ਲੋਭਤਾ ਕੇ ਜਏ ਹੈਂ ਕਿ ਮਮਤਾ ਕੇ ਭਏ ਹੈਂ ਏ ਸੂਮਤਾ ਕੇ ਪੁਤ੍ਰ ਕੈਧੌ ਦਰਿਦ੍ਰਾਵਤਾਰ ਹੈਂ ॥੧੧੨॥

(ਇਸ ਤਰ੍ਹਾਂ ਇਹ) ਲੋਭ ਦੇ ਪੈਦਾ ਕੀਤੇ ਹੋਏ ਸੁਆਰਥੀ ਬਣੇ ਫਿਰਦੇ ਹਨ। (ਇਹ) ਕੰਜੂਸੀ ਦੇ ਪੁੱਤਰ ਜਾਂ ਦਰਿਦ੍ਰਤਾ ਦੇ ਅਵਤਾਰ ਹਨ ॥੧੧੨॥

ਚੌਪਈ ॥

ਚੌਪਈ:

ਪਹਤੀ ਬਿਖੈ ਬਿਸਾਰ ਨ ਡਾਰਹਿ ॥

(ਆਪ ਤਾਂ) ਦਾਲ ਵਿਚ ਹਲਦੀ ਨਹੀਂ ਪਾਉਂਦੇ,

ਔਰਨ ਪਾਸ ਗਾਲ ਕੋ ਮਾਰਹਿ ॥

ਪਰ ਹੋਰਨਾਂ ਪਾਸ ਸ਼ੇਖੀ ਮਾਰਦੇ ਹਨ।

ਜਨਿਯਤ ਕਿਸੀ ਦੇਸ ਕੇ ਰਾਜਾ ॥

ਲਗਦੇ ਤਾਂ ਕਿਸੇ ਦੇਸ਼ ਦੇ ਰਾਜੇ ਹਨ,

ਕੌਡੀ ਕੇ ਆਵਤ ਨਹਿ ਕਾਜਾ ॥੧੧੩॥

ਪਰ ਕੌਡੀ ਦੇ ਕੰਮ ਵੀ ਨਹੀਂ ਆਉਂਦੇ ॥੧੧੩॥

ਜੌ ਇਨ ਮੰਤ੍ਰ ਜੰਤ੍ਰ ਸਿਧਿ ਹੋਈ ॥

ਜੇ ਇਨ੍ਹਾਂ ਮੰਤ੍ਰਾਂ ਜੰਤ੍ਰਾਂ ਤੋਂ ਸਿੱਧੀ ਪ੍ਰਾਪਤ ਹੁੰਦੀ,

ਦਰ ਦਰ ਭੀਖਿ ਨ ਮਾਗੈ ਕੋਈ ॥

ਤਾਂ ਕੋਈ ਦਰ ਦਰ ਭਿਖ ਨਾ ਮੰਗਦਾ ਫਿਰਦਾ।

ਏਕੈ ਮੁਖ ਤੇ ਮੰਤ੍ਰ ਉਚਾਰੈ ॥

ਮੁਖ ਤੋਂ ਇਕੋ ਮੰਤ੍ਰ ਉਚਾਰਨ ਕਰ ਕੇ

ਧਨ ਸੌ ਸਕਲ ਧਾਮ ਭਰਿ ਡਾਰੈ ॥੧੧੪॥

ਸਾਰੇ ਘਰ ਨੂੰ ਧਨ ਨਾਲ ਭਰ ਲੈਂਦੇ ਹਨ ॥੧੧੪॥

ਰਾਮ ਕ੍ਰਿਸਨ ਏ ਜਿਨੈ ਬਖਾਨੈ ॥

ਰਾਮ, ਕ੍ਰਿਸ਼ਨ, ਇਹ ਜਿਤਨੇ ਹੀ ਦਸੇ ਜਾਂਦੇ ਹਨ

ਸਿਵ ਬ੍ਰਹਮਾ ਏ ਜਾਹਿ ਪ੍ਰਮਾਨੈ ॥

ਸ਼ਿਵ, ਬ੍ਰਹਮਾ ਆਦਿ।

ਤੇ ਸਭ ਹੀ ਸ੍ਰੀ ਕਾਲ ਸੰਘਾਰੇ ॥

ਉਨ੍ਹਾਂ ਸਭ ਨੂੰ ਕਾਲ ਨੇ ਮਾਰ ਦਿੱਤਾ ਹੈ

ਕਾਲ ਪਾਇ ਕੈ ਬਹੁਰਿ ਸਵਾਰੇ ॥੧੧੫॥

ਅਤੇ ਕਾਲ ਨੇ ਹੀ ਉਨ੍ਹਾਂ ਨੂੰ ਫਿਰ ਸਾਜਿਆ ਹੈ ॥੧੧੫॥

ਕੇਤੇ ਰਾਮਚੰਦ ਅਰੁ ਕ੍ਰਿਸਨਾ ॥

ਕਿਤਨੇ ਹੀ ਰਾਮ ਚੰਦ੍ਰ, ਕ੍ਰਿਸ਼ਨ,

ਕੇਤੇ ਚਤੁਰਾਨਨ ਸਿਵ ਬਿਸਨਾ ॥

ਬ੍ਰਹਮਾ, ਸ਼ਿਵ ਅਤੇ ਵਿਸ਼ਣੂ ਹਨ।

ਚੰਦ ਸੂਰਜ ਏ ਕਵਨ ਬਿਚਾਰੇ ॥

ਚੰਦ੍ਰਮਾ ਅਤੇ ਸੂਰਜ ਵਿਚਾਰੇ ਕੀ ਹਨ।

ਪਾਨੀ ਭਰਤ ਕਾਲ ਕੇ ਦ੍ਵਾਰੇ ॥੧੧੬॥

ਇਹ ਸਾਰੇ ਕਾਲ ਦੇ ਦੁਆਰ ਉਤੇ ਪਾਣੀ ਭਰਦੇ ਹਨ ॥੧੧੬॥

ਕਾਲ ਪਾਇ ਸਭ ਹੀ ਏ ਭਏ ॥

ਕਾਲ ਦੇ ਪ੍ਰਾਪਤ ਹੋਣ ਤੇ ਹੀ ਇਹ ਸਭ ਹੋਂਦ ਵਿਚ ਆਏ

ਕਾਲੋ ਪਾਇ ਕਾਲ ਹ੍ਵੈ ਗਏ ॥

ਅਤੇ ਕਾਲ ਦੇ ਪ੍ਰਾਪਤ ਹੋਣ ਤੇ ਇਹ ਕਾਲ-ਵਸ ਹੋ ਗਏ।

ਕਾਲਹਿ ਪਾਇ ਬਹੁਰਿ ਅਵਤਰਿ ਹੈ ॥

ਕਾਲ ਦੇ ਪ੍ਰਾਪਤ ਹੋਣ ਤੇ ਫਿਰ ਪ੍ਰਗਟ ਹੁੰਦੇ ਹਨ।

ਕਾਲਹਿ ਕਾਲ ਪਾਇ ਸੰਘਰਿ ਹੈ ॥੧੧੭॥

ਕਾਲ ਦੇ ਪ੍ਰਾਪਤ ਹੋਣ ਤੇ ਫਿਰ ਕਾਲ ਦੁਆਰਾ ਮਾਰੇ ਜਾਂਦੇ ਹਨ ॥੧੧੭॥

ਦੋਹਰਾ ॥

ਦੋਹਰਾ:

ਸ੍ਰਾਪ ਰਾਛਸੀ ਕੇ ਦਏ ਜੋ ਭਯੋ ਪਾਹਨ ਜਾਇ ॥

(ਇਕ) ਰਾਖਸ਼ੀ ਦੇ ਸ੍ਰਾਪ ਦੇਣ ਤੇ ਜੋ ਪੱਥਰ ਬਣ ਜਾਂਦਾ ਹੈ,

ਤਾਹਿ ਕਹਤ ਪਰਮੇਸ੍ਰ ਤੈ ਮਨ ਮਹਿ ਨਹੀ ਲਜਾਇ ॥੧੧੮॥

ਉਸ ਨੂੰ ਪਰਮੇਸ਼੍ਵਰ ਕਹਿੰਦਿਆਂ (ਇਹ) ਮਨ ਵਿਚ ਨਹੀਂ ਲਜਾਉਂਦੇ ॥੧੧੮॥


Flag Counter